ਇਨਕਲਾਬ ਲਈ ਜ਼ਮੀਨ ਤਿਆਰ ਕਰਨ ਵਾਲਾ ਨਾਵਲ
ਨਿਰੰਜਣ ਬੋਹਾ
ਪੁਸਤਕ ਚਰਚਾ
ਨਿਕੋਲਾਈ ਵਸੀਲੀਵਿਚ ਗੋਗੋਲ ਦਾ ਸ਼ੁਮਾਰ ਰੂਸੀ ਸਾਹਿਤ ਦੇ ਉਨ੍ਹਾਂ ਮੋਢੀ ਲੇਖਕਾਂ ਵਿੱਚ ਕੀਤਾ ਜਾਂਦਾ ਹੈ ਜਿਸਦੀ ਲੇਖਣੀ ਦਾ ਪ੍ਰਭਾਵ ਰੂਸ ਦੇ ਵੱਡੇ ਤੋਂ ਵੱਡੇ ਲੇਖਕਾਂ ਨੇ ਵੀ ਕਬੂਲਿਆ ਹੈ। ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੇ ਆਪਣੇ ਸਮਕਾਲੀ ਰਾਜਸੀ ਤੇ ਆਰਥਿਕ ਪ੍ਰਬੰਧ ਦੀ ਜਿਹੜੀ ਤਸਵੀਰ ਉਸ ਦੇ ਨਾਵਲਾਂ ਨੇ ਪੇਸ਼ ਕੀਤੀ ਹੈ ਉਸ ਦੀ ਸਜ਼ਾ ਵਜੋਂ ਨਾਵਲਕਾਰ ਨੂੰ ਆਪਣਾ ਮੁਲਕ ਛੱਡ ਕੇ ਜਲਾਵਤਨ ਵੀ ਹੋਣਾ ਪਿਆ ਤੇ ਅਨੇਕਾਂ ਤਰ੍ਹਾਂ ਦੇ ਮਾਨਸਿਕ ਤਸੀਹੇ ਵੀ ਸਹਿਣੇ ਪਏ। ਆਪਣੇ ਹਥਲੇ ਨਾਵਲ ‘ਮੁਰਦਾ ਰੂਹਾਂ’ (ਡੈੱਡ ਸੋਲਜ਼) (ਪੰਜਾਬੀ ਅਨੁਵਾਦ: ਜਸਪਾਲ ਘਈ; ਕੀਮਤ: 300 ਰੁਪਏ; ਮਾਨ ਬੁੱਕ ਸਟੋਰ ਪਬਲੀਕੇਸ਼ਨਜ਼, ਤੁੰਗਵਾਲੀ, ਬਠਿੰਡਾ) ਰਾਹੀਂ ਉਸ ਨੇ ਰੂਸੀ ਇਨਕਲਾਬ ਤੋਂ ਪਹਿਲਾਂ ਦੀ ਜਾਗੀਰਦਾਰੀ ਵਿਵਸਥਾ ਵਿੱਚ ਗ਼ੁਲਾਮਾਂ ਦੀ ਹੋਣ ਵਾਲੀ ਦੁਰਦਸ਼ਾ ਬਾਰੇ ਸਜੀਵ ਬਿਰਤਾਂਤ ਸਿਰਜਿਆ ਹੈ ਜੋ ਪਾਠਕਾਂ ਦੇ ਲੂੰ-ਕੰਡੇ ਖੜ੍ਹੇ ਕਰਨ ਵਾਲਾ ਹੈ। ਇਸ ਤਰ੍ਹਾਂ ਕਰਕੇ ਉਹ ਲੋਕ ਹਿਤੈਸ਼ੀ ਸਾਹਿਤ ਦੀ ਨੀਂਹ ਰੱਖਣ ਵਾਲਾ ਮੋਢੀ ਲੇਖਕ ਤਾਂ ਬਣਿਆ ਹੀ ਹੈ ਸਗੋਂ ਰੂਸੀ ਇਨਕਲਾਬ ਲਈ ਜ਼ਮੀਨ ਤਿਆਰ ਕਰਨ ਵਿੱਚ ਵੀ ਉਸ ਨੇ ਅਹਿਮ ਭੂਮਿਕਾ ਨਿਭਾਈ ਹੈ। ਜਦੋਂ ਨਾਵਲ ਦੇ ਅੰਤ ’ਤੇ ਇਸ ਦੇ ਮੁੱਖ ਪਾਤਰ ਪਾਵੇਲ ਇਵਾਨੋਵਿਚ ਚਿਚਾਕੋਵ ਅੰਦਰਲੀ ਮੂਰਛਿਤ ਹੋਈ ਮਾਨਵੀ ਸੰਵੇਦਨਾ ਜਾਗਦੀ ਹੈ ਤਾਂ ਇਸ ਨਾਵਲ ਦੀ ਪਾਠ ਤਾਸੀਰ ਵੀ ਮਾਨਵਤਾਵਾਦੀ ਅਰਥ ਗ੍ਰਹਿਣ ਕਰ ਲੈਂਦੀ ਹੈ।
ਨਾਵਲ ਆਪਣੇ ਮੁੱਖ ਪਾਤਰ ਚਿਚਾਕੋਵ ਦੀ ਮੁੱਢਲੀ ਪਛਾਣ ਮੁਰਦਾ ਰੂਹਾਂ ਖਰੀਦਣ ਵਾਲੇ ਰਹੱਸਮਈ ਕਿਰਦਾਰ ਵਜੋਂ ਕਰਾਉਂਦਾ ਹੈ ਤਾਂ ਪਾਠਕ ਨਾਵਲ ਦੇ ਮੁੱਢ ਤੋਂ ਹੀ ਇਸ ਪਾਤਰ ਦੀ ਅਸਲੀਅਤ ਤੱਕ ਪਹੁੰਚਣ ਲਈ ਉਤਾਵਲਾ ਹੋ ਜਾਂਦਾ ਹੈ। ਉਹ ਮੁਰਦਾ ਰੂਹਾਂ ਖਰੀਦਣ ਲਈ ਹਰ ਉਸ ਜਗੀਰਦਾਰ ਤੱਕ ਪਹੁੰਚ ਕਰਦਾ ਹੈ ਜਿਸ ਦੀ ਮਾਲਕੀ ਹੇਠਲੇ ਗ਼ੁਲਾਮ ਇਲਾਜ ਦੀ ਘਾਟ ਜਾਂ ਹੋਰ ਕਾਰਨਾਂ ਕਰਕੇ ਅਸਲ ਵਿੱਚ ਤਾਂ ਮਰ ਚੁੱਕੇ ਹਨ ਪਰ ਮਰਦਮਸ਼ੁਮਾਰੀ ਦੇ ਦਸਤਾਵੇਜ਼ਾਂ ਵਿੱਚ ਜਿਉਂਦੇ ਵਿਖਾਏ ਗਏ ਹਨ। ਮੁਰਦਾ ਗ਼ੁਲਾਮ ਵੇਚਣ ਵਾਲੇ ਜਾਗੀਰਦਾਰਾਂ ਨੂੰ ਉਹ ਇਸ ਤਰ੍ਹਾਂ ਭਰਮਾਉਂਦਾ ਹੈ ਕਿ ਉਹ ਬਿਨਾਂ ਕੋਈ ਸ਼ੱਕ ਕੀਤੇ ਆਪਣੇ ਮਰੇ ਹੋਏ ਗ਼ੁਲਾਮ ਉਸ ਨੂੰ ਵੇਚਣ ਲਈ ਤਿਆਰ ਹੋ ਜਾਣ। ਇਸ ਮਕਸਦ ਲਈ ਉਹ ਆਪਣੇ ਆਪ ਨੂੰ ਕਾਲਜੀਏਟ ਕਾਊਂਸਲਰ ਜਗੀਰਦਾਰ ਦਰਸਾ ਕੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਨੌਕਰਸ਼ਾਹਾਂ, ਸੱਤਾਧਾਰੀ ਲੋਕਾਂ ਤੇ ਜਾਗੀਰਦਾਰਾਂ ਨਾਲ ਆਪਣੇ ਦੋਸਤਾਨਾ ਸਬੰਧ ਪੈਦਾ ਕਰਦਾ ਹੈ। ਕੁਝ ਜਾਗੀਰਦਾਰ ਉਸ ਦੇ ਇਸ ਰਹੱਸਮਈ ਕਾਰੋਬਾਰ ਬਾਰੇ ਸ਼ੰਕਾ ਕਰਦੇ ਹਨ ਤਾਂ ਸੱਚ ਲੱਗਣ ਵਾਲਾ ਝੂਠ ਬੋਲ ਕੇ ਉਨ੍ਹਾਂ ਦੀ ਤਸੱਲੀ ਕਰਵਾ ਦਿੰਦਾ ਹੈ। ਆਪਣਾ ਇਹ ਮਕਸਦ ਪੂਰਾ ਕਰਨ ਲਈ ਉਹ ਜਾਗੀਰਦਾਰਾਂ ਦਾ ਵਿਸ਼ਵਾਸ ਵੀ ਜਿੱਤਦਾ ਹੈ ਤੇ ਉਨ੍ਹਾਂ ਅੰਦਰਲੀਆਂ ਲੋਭ ਲਾਲਚ ਦੀਆਂ ਪ੍ਰਵਿਰਤੀਆਂ ਨੂੰ ਉਤਸ਼ਾਹਿਤ ਵੀ ਕਰਦਾ ਹੈ।
ਚਿਚਾਕੋਵ ਤੇ ਜਾਗੀਰਦਾਰਾਂ ਦੇ ਵਿਚਕਾਰ ਮਰੇ ਗ਼ੁਲਾਮਾਂ ਦੀ ਵੇਚ ਖਰੀਦ ਦੀ ਸਮੁੱਚੀ ਪ੍ਰਕਿਰਿਆ ਵਿੱਚੋਂ ਜਾਗੀਰਦਾਰਾਂ ਦੀ ਵਹਿਸ਼ਤ ਤੇ ਗ਼ੁਲਾਮਾਂ ਦੀ ਦੁਰਦਸ਼ਾ ਦੇ ਜਿਹੜੇ ਦ੍ਰਿਸ਼ ਉਭਰਦੇ ਹਨ ਉਹ ਪਾਠਕਾਂ ਨੂੰ ਬੇਚੈਨ ਕਰਨ ਵਾਲੇ ਹਨ। ਇਹ ਨਾਵਲ ਇਸ ਤਲਖ਼ ਸੱਚ ਨੂੰ ਦਸਤਾਵੇਜ਼ੀ ਰੂਪ ਵਿੱਚ ਜਿਉਂਦਾ ਰੱਖਣ ਦਾ ਕਾਰਜ ਕਰਦਾ ਹੈ ਕਿ ਜ਼ਾਰਸ਼ਾਹੀ ਦੌਰ ਵਿੱਚ ਕਿਸ ਤਰ੍ਹਾਂ ਗ਼ੁਲਾਮਾਂ ਦੀ ਘੱਟ ਜਾਂ ਵੱਧ ਗਿਣਤੀ ਕਿਸੇ ਜਾਗੀਰਦਾਰ ਦੀ ਸੰਪੰਨਤਾ ਦਾ ਮਾਪਦੰਡ ਸਮਝੀ ਜਾਂਦੀ ਸੀ ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਗ਼ੁਲਾਮਾਂ ਦੀ ਵੇਚ ਖਰੀਦ ਦਾ ਵਰਤਾਰਾ ਸਰਕਾਰੀ ਤੌਰ ’ਤੇ ਮਾਨਤਾ ਪ੍ਰਾਪਤ ਕਾਰੋਬਾਰ ਸੀ। ਉਸ ਵੇਲੇ ਜ਼ਮੀਨ ਤੇ ਹੋਰ ਵਸਤੂਆਂ ਵਾਂਗ ਕਿਸੇ ਗ਼ੁਲਾਮ ਦੀ ਖਰੀਦ ਦੀ ਸਰਕਾਰੀ ਰਜਿਸਟਰੀ ਵੀ ਹੁੰਦੀ ਸੀ ਤੇ ਜਗੀਰਦਾਰਾਂ ਨੂੰ ਆਪਣੇ ਖਰੀਦੇ ਗ਼ੁਲਾਮਾਂ ਨਾਲ ਜਿਵੇਂ ਮਰਜ਼ੀ ਦਾ ਵਿਹਾਰ ਕਰਨ ਦਾ ਅਧਿਕਾਰ ਵੀ ਹਾਸਿਲ ਸੀ। ਚਿਚਾਕੋਵ ਦੇ ਗ਼ੁਲਾਮ ਨੌਕਰ ਸ਼ੈਲੀਫਨ ਦੇ ਇਨ੍ਹਾਂ ਸ਼ਬਦਾਂ ਵਿੱਚ ਗ਼ੁਲਾਮਾਂ ਵੱਲੋਂ ਜਗੀਰਦਾਰਾਂ ਦਾ ਜਬਰ ਚੁੱਪਚਾਪ ਸਹਿਣ ਕਰਦੇ ਰਹਿਣ ਦੀ ਮਜਬੂਰੀ ਵੀ ਛੁਪੀ ਹੈ: “ਜੇ ਮੈਂ ਕੋਈ ਗਲਤ ਕੰਮ ਕੀਤਾ ਹੈ ਤਾਂ ਕੋੜੇ ਜ਼ਰੂਰ ਵਰ੍ਹਾਓ ਜਨਾਬ, ਜੇ ਕੰਮ ਵਿਚ ਕੋਈ ਗਲਤੀ ਨਹੀਂ ਤੇ ਮਾਲਕ ਕੋੜੇ ਵਰ੍ਹਾਉਣਾ ਚਾਹੁੰਦਾ ਹੈ ਤਾਂ ਵਰ੍ਹਾ ਲਵੇ। ਹਾਲਤ ਕੋਈ ਵੀ ਹੋਵੇ, ਕੋੜੇ ਜ਼ਰੂਰੀ ਹਨ, ਕਿਉਂਕਿ ਕੋੜੇ ਵਰ੍ਹਾਉਣ ਨਾਲ ਵਿਵਸਥਾ ਬਣੀ ਰਹਿੰਦੀ ਹੈ। ਕੋੜੇ ਨਾ ਵਰ੍ਹਨਗੇ ਤਾਂ ਗ਼ੁਲਾਮ ਬਾਗ਼ੀ ਹੋ ਜਾਣਗੇ, ਇਸ ਲਈ ਕੋੜੇ ਵਰ੍ਹਦੇ ਹੀ ਰਹਿਣੇ ਚਾਹੀਦੇ ਹਨ।’’
ਚਿਚਾਕੋਵ ਮਰੇ ਗ਼ੁਲਾਮਾਂ ਦੀ ਮਾਲਕੀ ਕਿਉਂ ਹਾਸਿਲ ਕਰਦਾ ਹੈ? ਇਹ ਜਾਣਨ ਦੀ ਉਤਸੁਕਤਾ ਨਾਵਲ ਦੇ ਪਾਠਕ ਵਿੱਚ ਲਗਾਤਾਰ ਬਣੀ ਰਹਿੰਦੀ ਹੈ। ਕਾਗਜ਼ਾਂ ਵਿੱਚ ਖਰੀਦੇ ਗ਼ੁਲਾਮਾਂ ਦੀ ਗਿਣਤੀ ਵਧਣ ’ਤੇ ਉਸ ਦੇ ਅਮੀਰ ਹੋਣ ਦਾ ਭਰਮ ਪੈਦਾ ਹੋਣ ਲੱਗਦਾ ਹੈ ਤਾਂ ਉਹ ਗਵਰਨਰ ਦੀ ਧੀ ਨਾਲ ਵਿਆਹ ਕਰਾਉਣ ਦੇ ਸੁਪਨੇ ਵੀ ਵੇਖਣ ਲੱਗ ਪੈਂਦਾ ਹੈ। ਨਾਵਲ ਦੀ ਕਹਾਣੀ ਵਿੱਚ ਤਿੱਖਾ ਮੋੜ ਉਸ ਵੇਲੇ ਆਉਂਦਾ ਹੈ ਜਦੋਂ ਇੱਕ ਸ਼ਰਾਬੀ ਤੇ ਜੁਆਰੀ ਜਾਗੀਰਦਾਰ ਨੋਜ਼ਦੋਰੋਵ ਗਵਰਨਰ ਦੀ ਪਾਰਟੀ ਵਿੱਚ ਪਹੁੰਚ ਕੇ ਇਸ ਰਾਜ਼ ਤੋਂ ਪਰਦਾ ਚੁੱਕ ਦਿੰਦਾ ਹੈ ਕਿ ਉਸ ਵੱਲੋਂ ਖਰੀਦੇ ਜਾ ਰਹੇ ਗ਼ੁਲਾਮ ਜਿਉਂਦੇ ਨਹੀਂ ਸਗੋਂ ਮੁਰਦਾ ਰੂਹਾਂ ਹਨ। ਕੁਝ ਲੋਕਾਂ ਦਾ ਉਸ ਬਾਰੇ ਇਹ ਖਿਆਲ ਵੀ ਬਣਦਾ ਹੈ ਕਿ ਇਹ ਸਰਕਾਰ ਦੇ ਖ਼ੁਫ਼ੀਆ ਵਿਭਾਗ ਦਾ ਬੰਦਾ ਹੈ ਜੋ ਗ਼ੁਲਾਮਾਂ ਬਾਰੇ ਗੁਪਤ ਜਾਣਕਾਰੀਆਂ ਹਾਸਲ ਕਰ ਕੇ ਜਾਗੀਰਦਾਰਾਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਸਕਦਾ ਹੈ। ਨਵੇਂ ਗਵਰਨਰ ਦੀ ਨਿਯੁਕਤੀ ਹੋਣ ’ਤੇ ਜਦੋਂ ਉਸ ਵੱਲ ਉੱਠਦੀਆਂ ਸ਼ੱਕੀ ਨਜ਼ਰਾਂ ਵਿੱਚ ਵਾਧਾ ਹੋ ਜਾਂਦਾ ਹੈ ਤਾਂ ਉਹ ਆਪਣਾ ਟਿਕਾਣਾ ਬਦਲ ਲੈਂਦਾ ਹੈ ਤੇ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਫਿਰ ਆਪਣੇ ਪੁਰਾਣੇ ਕਾਰੋਬਾਰ ਵੱਲ ਪਰਤ ਆਉਂਦਾ ਹੈ।
ਜਦੋਂ ਉਸ ਵੱਲੋਂ ਮੁਰਦਾ ਰੂਹਾਂ ਖਰੀਦਣ ਦਾ ਮਕਸਦ ਸਾਹਮਣੇ ਆਉਂਦਾ ਹੈ ਤਾਂ ਜ਼ਾਰਸ਼ਾਹੀ ਰਾਜਨੀਤਕ ਵਿਵਸਥਾ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਪਈ ਨਫ਼ਰਤ ਵੀ ਛੁਪਾਏ ਵੀ ਨਹੀਂ ਛੁਪਦੀ। ਚਿਚਾਕੋਵ ਅਸਲ ਵਿੱਚ ਮਰੇ ਪਰ ਕਾਗਜ਼ਾਂ ਵਿੱਚ ਜਿਉਂਦੇ ਗ਼ੁਲਾਮਾਂ ਨੂੰ ਸਰਕਾਰੀ ਬੈਂਕ ਕੋਲ ਗਹਿਣੇ ਰੱਖ ਕੇ ਵੱਡਾ ਕਰਜ਼ਾ ਪ੍ਰਾਪਤ ਕਰਨ ਚਾਹੁੰਦਾ ਹੈ ਤਾਂ ਜੋ ਉਸ ਦੀ ਗਿਣਤੀ ਰੂਸ ਦੇ ਚੋਣਵੇਂ ਅਮੀਰਾਂ ਵਿੱਚ ਹੋ ਸਕੇ। ਇਸ ਦਾ ਅਰਥ ਇਹ ਬਣਦਾ ਹੈ ਕਿ ਉਸ ਵੇਲੇ ਗ਼ੁਲਾਮਾਂ ਨੂੰ ਵੇਚਣ-ਖਰੀਦਣ ਦਾ ਅਣਮਨੁੱਖੀ ਕਾਰੋਬਾਰ ਜਾਗੀਰਦਾਰੀ ਪੱਧਰ ’ਤੇ ਹੀ ਨਹੀਂ ਸਗੋਂ ਸਰਕਾਰੀ ਪੱਧਰ ’ਤੇ ਵੀ ਕਾਨੂੰਨੀ ਮਾਨਤਾ ਪ੍ਰਾਪਤ ਕਾਰੋਬਾਰ ਸੀ। ਚਿਚਾਕੋਵ ਆਪ ਤਾਂ ਕੁਝ ਸਮੇਂ ਲਈ ਰੂਪੋਸ਼ ਰਹਿ ਕੇ ਆਪਣੀ ਗ੍ਰਿਫ਼ਤਾਰੀ ਤੋਂ ਬਚ ਜਾਂਦਾ ਹੈ ਪਰ ਉਸ ’ਤੇ ਵਿਸ਼ਵਾਸ ਕਰਨ ਵਾਲੇ ਸਰਕਾਰੀ ਕਰਮਚਾਰੀ ਵੱਡੀ ਮੁਸੀਬਤ ਵਿੱਚ ਫਸ ਜਾਂਦੇ ਹਨ। ਉਸ ਦੇ ਸ਼ਬਦਜਾਲ ਵਿੱਚ ਫਸਿਆ ਇੱਕ ਸਰਕਾਰੀ ਵਕੀਲ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਆਤਮ ਹੱਤਿਆ ਹੀ ਕਰ ਲੈਂਦਾ ਹੈ।
ਵਿਧਵਾ ਔਰਤ ਹੌਸਾਰੋਵਾ ਦੀ ਜਾਅਲੀ ਵਸੀਅਤ ਤਿਆਰ ਕਰਨ ਦੇ ਮਾਮਲੇ ਵਿੱਚ ਆਖ਼ਰ ਉਹ ਆਪਣੇ ਹੀ ਬੁਣੇ ਜਾਲ ਵਿੱਚ ਫਸ ਕੇ ਜੇਲ੍ਹ ਪਹੁੰਚ ਜਾਂਦਾ ਹੈ। ਰਿਆਸਤ ਦਾ ਹੁਕਮਰਾਨ ਪ੍ਰਿੰਸ ਉਸ ਦੇ ਗੁਨਾਹਾਂ ਨੂੰ ਵੇਖਦਿਆਂ ਉਸ ਨੂੰ ਸਖ਼ਤ ਸਜ਼ਾ ਦੇਣਾ ਚਾਹੁੰਦਾ ਹੈ ਪਰ ਇਸ ਸਮੇਂ ਬੁਰਾਈ ਨੂੰ ਚੰਗਿਆਈ ਨਾਲ ਮਾਤ ਦੇਣ ਦੀ ਧਾਰਨਾ ਰੱਖਦਾ ਧਾਰਮਿਕ ਤੇ ਸਮਾਜਸੇਵੀ ਪੁਰਸ਼ ਅਬਾਨਾਸੀ ਮੁਜ਼ਾਰੋਵ ਉਸ ਦੇ ਪੱਖ ਵਿੱਚ ਆ ਜਾਂਦਾ ਹੈ। ਚਾਹੇ ਹੁਕਮਰਾਨ ਪ੍ਰਿੰਸ ਚਿਚਾਕੋਵ ਨੂੰ ਨਫ਼ਰਤ ਕਰਨ ਦੀ ਹੱਦ ਤੱਕ ਨਾਪਸੰਦ ਕਰਦਾ ਹੈ ਪਰ ਮੁਜ਼ਾਰੋਵ ਦੇ ਪ੍ਰਭਾਵ ਵਿੱਚ ਹੋਣ ਕਾਰਨ ਉਸ ਨੂੰ ਇਸ ਦਲੀਲ ਨਾਲ ਸਹਿਮਤ ਹੋਣਾ ਹੀ ਪੈਂਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਘਿਰਣਾਯੋਗ ਅਪਰਾਧੀ ਸਮਝਦੇ ਹਾਂ ਉਹ ਵੀ ਆਖ਼ਰ ਮਨੁੱਖ ਹਨ ਤੇ ਹਰ ਮਨੁੱਖ ਨੂੰ ਜਾਣੇ ਜਾਂ ਅਣਜਾਣੇ ਵਿੱਚ ਹੋਈਆਂ ਗ਼ਲਤੀਆਂ ਦੇ ਸੁਧਾਰ ਦਾ ਮੌਕਾ ਮਿਲਣਾ ਚਾਹੀਦਾ ਹੈ।
ਅੱਜ ਦੇ ਸਮੇਂ ਦੀ ਪ੍ਰਸੰਗਿਕਤਾ ਵਿੱਚ ਚਾਹੇ ਨਾਵਲ ਦਾ ਅੰਤ ਲੋੜੋਂ ਵੱਧ ਆਦਰਸ਼ਕ ਰੰਗਤ ਵਾਲਾ ਲੱਗਦਾ ਹੈ ਪਰ ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਇਹ ਨਾਵਲ 19ਵੀਂ ਸਦੀ ਵਿੱਚ ਲਿਖਿਆ ਗਿਆ ਸੀ, ਜਦੋਂ ਆਦਰਸ਼ਵਾਦ ਮਨੁੱਖੀ ਜੀਵਨ ਜਾਚ ਦਾ ਅਹਿਮ ਤੇ ਜ਼ਰੂਰੀ ਹਿੱਸਾ ਸੀ। ਉਦੋਂ ਆਦਰਸ਼ਵਾਦੀ ਮਨੁੱਖ ਨੂੰ ਅੱਜ ਵਾਂਗ ਗ਼ੈਰ-ਯਥਾਰਥਕ ਨਹੀਂ ਸੀ ਗਰਦਾਨਿਆ ਜਾਂਦਾ ਸਗੋਂ ਸਤਿਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਪ੍ਰਿੰਸ ਵੱਲੋਂ ਅਬਾਨਾਸੀ ਮੁਜ਼ਾਰੋਵ ਦੀ ਸਿਫ਼ਾਰਿਸ਼ ’ਤੇ ਚਿਚਾਕੋਵ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਵੀ ਇਹ ਅਹਿਸਾਸ ਹੋਣ ਲੱਗਦਾ ਹੈ ਕਿ ਉਹ ਹੁਣ ਪੁਰਾਣਾ ਚਿਚਾਕੋਵ ਨਹੀਂ ਰਿਹਾ ਸਗੋਂ ਮੁਜ਼ਾਰੋਵ ਵਾਂਗ ਲੋਕਾਂ ਦੇ ਕੰਮ ਸੁਆਰਨ ਲਈ ਉਸ ਦਾ ਨਵਾਂ ਜਨਮ ਹੋ ਚੁੱਕਾ ਹੈ। 19ਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੌਰਾਨ ਅਜਿਹੇ ਮਨੁੱਖਤਾ ਹਿਤੂ ਆਦਰਸ਼ਵਾਦ ਤੋਂ ਇਲਾਵਾ ਲੇਖਕਾਂ ਕੋਲ ਬੁਰਾਈ ਦਾ ਕੋਈ ਢੁੱਕਵਾਂ ਬਦਲ ਵੀ ਨਹੀਂ ਸੀ। ਇਸ ਨਾਵਲ ਦਾ ਅਸਲ ਮਕਸਦ ਗ਼ੁਲਾਮ ਪ੍ਰਥਾ ਦੇ ਵਿਰੋਧ ਵਿੱਚ ਲੋਕ ਰਾਇ ਤਿਆਰ ਕਰਨ ਵਿੱਚ ਨਿਹਿਤ ਹੈ ਤੇ ਨਾਵਲਕਾਰ ਇਸ ਮਕਸਦ ਦੀ ਪੂਰਤੀ ਕਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ। ਜਾਗੀਰਦਾਰੀ ਤੇ ਰਜਵਾੜਾਸ਼ਾਹੀ ਖਿਲਾਫ਼ ਲੋਕਰਾਇ ਤਿਆਰ ਕਰਨ ਦੇ ਕਾਰਜ ਕਰਦੀਆਂ ਰਹੀਆਂ ਅਜਿਹੀਆਂ ਹੀ ਸਾਹਿਤਕ ਰਚਨਾਵਾਂ ਨੇ ਪੜਾਅ ਦਰ ਪੜਾਅ ਰੂਸ ਦੀ ਕ੍ਰਾਂਤੀ ਲਈ ਜ਼ਮੀਨ ਤਿਆਰ ਕੀਤੀ ਸੀ। ਇਸ ਨਾਵਲ ਵਿੱਚ ਕਹਾਣੀ ਰਸ ਕਮਾਲ ਦਾ ਹੈ। ਚਿਚਾਕੋਵ ਦੀ ਅਗਲੀ ਕਾਰਵਾਈ ਕਿਹੋ ਜਿਹੀ ਹੋਵੇਗੀ ਬਾਰੇ ਜਾਣਨ ਦੀ ਉਤਸੁਕਤਾ ਨਾਵਲ ਪਾਠ ਵਿੱਚ ਪਾਠਕਾਂ ਦੀ ਦਿਲਚਸਪੀ ਨੂੰ ਲਗਾਤਾਰ ਬਰਕਰਾਰ ਰੱਖਦੀ ਹੈ। ਸੰਸਾਰ ਪੱਧਰ ’ਤੇ ਕਲਾਸਿਕ ਨਾਵਲ ਵਜੋਂ ਮਾਨਤਾ ਰੱਖਣ ਵਾਲੇ ਇਸ ਨਾਵਲ ਦਾ ਬਹੁਤ ਹੀ ਸੁਚੱਜਾ ਅਨੁਵਾਦ ਨਾਮਵਰ ਗ਼ਜ਼ਲਗੋ ਤੇ ਅਨੁਵਾਦਕ ਪ੍ਰੋ. ਜਸਪਾਲ ਘਈ ਨੇ ਕੀਤਾ ਹੈ। ਮੈਂ ਪ੍ਰੋ. ਘਈ ਦੀ ਅਨੁਵਾਦ ਕਲਾ ਦਾ ਇਸ ਲਈ ਵੀ ਪ੍ਰਸੰਸਕ ਹਾਂ ਕਿ ਉਹ ਸਦੀਆਂ ਪਹਿਲਾਂ ਦੇ ਰੂਸੀ ਸਭਿਆਚਾਰ ਨੂੰ ਸਜੀਵ ਰੂਪ ਵਿੱਚ ਰੂਪਮਾਨ ਕਰਨ ਦੀ ਸਮਰੱਥਾ ਰੱਖਦਾ ਹੈ।
ਸੰਪਰਕ: 89682-82700