For the best experience, open
https://m.punjabitribuneonline.com
on your mobile browser.
Advertisement

ਸਵਾਲ ਪੁੱਛਣ ਦੀ ਪ੍ਰੇਰਨਾ ਦਿੰਦਾ ਨਾਵਲ

08:37 AM Jul 28, 2023 IST
ਸਵਾਲ ਪੁੱਛਣ ਦੀ ਪ੍ਰੇਰਨਾ ਦਿੰਦਾ ਨਾਵਲ
Advertisement

ਇੱਕ ਪੁਸਤਕ - ਇੱਕ ਨਜ਼ਰ

Advertisement

ਪਰਮਜੀਤ ਢੀਂਗਰਾ

ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ। ਸਾਹਿਤ ਦਾ ਉਦੇਸ਼ ਇਹ ਹੈ ਕਿ ਉਹ ਸਮਕਾਲੀ ਯਥਾਰਥ ਨੂੰ ਆਲੋਚਨਾਤਮਕ ਤਰੀਕੇ ਨਾਲ ਪੇਸ਼ ਕਰੇ। ਲੇਖਕ ਕੋਲ ਸਮਾਜ ਨੂੰ ਦੇਖਣ/ਪਛਾਣਨ ਦੀ ਇੱਕ ਤੀਸਰੀ ਅੱਖ ਹੁੰਦੀ ਹੈ। ਇਸ ਵਿੱਚੋਂ ਆਪਣਾ ਅਨੁਭਵ ਕਸ਼ੀਦ ਕੇ ਸਿਰਜਣਾ ਲਈ ਜ਼ਮੀਨ ਤਿਆਰ ਕਰਦਾ ਹੈ। ਪੰਜਾਬੀ ਨਾਵਲਕਾਰੀ ਵਿੱਚ ਅੱਜਕੱਲ੍ਹ ਲੇਖਕ ਨਵੇਂ ਨਵੇਂ ਪ੍ਰਯੋਗ ਕਰਕੇ ਸਮਕਾਲ ਨੂੰ ਵਿਭਿੰਨ ਦ੍ਰਿਸ਼ਟੀਆਂ ਰਾਹੀਂ ਪਰਿਭਾਸ਼ਤ ਕਰ ਰਹੇ ਹਨ। ਸਮਕਾਲ ਨੂੰ ਅੱਜ ਦੇ ਯੁੱਗ ਵਿੱਚ ਸਮਝਣਾ/ਦੇਖਣਾ/ਪਰਖਣਾ ਕਾਫ਼ੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਦੁਨੀਆ ਦੇ ਬਦਲਣ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਹੈ। ਅੱਜ ਦੀ ਗੱਲ ਜਾਂ ਵਾਪਰੀ ਘਟਨਾ, ਵਰਤਾਰਾ ਕੁਝ ਦੇਰ ਬਾਅਦ ਹੀ ਹੋਰ ਹੋ ਜਾਂਦਾ ਹੈ, ਪਰ ਲੇਖਕ ਫਿਰ ਵੀ ਇਸ ਨੂੰ ਸਮਝਣ ਤੇ ਕਲਾ ਵਿੱਚ ਢਾਲਣ ਲਈ ਯਤਨਸ਼ੀਲ ਹਨ। ਇਸੇ ਪ੍ਰਸੰਗ ਵਿੱਚ ਨਾਵਲ ‘ਮੈਂ ਮਿੱਟੀ ਨਹੀਂ’ (ਲੇਖਕ: ਬਲਦੇਵ ਸਿੰਘ; ਕੀਮਤ: 350 ਰੁਪਏ; ਯੂਨੀਸਟਾਰ ਬੁਕਸ, ਮੁਹਾਲੀ) ਦੀ ਗੱਲ ਕੀਤੀ ਜਾ ਸਕਦੀ ਹੈ।
ਬਲਦੇਵ ਸਿੰਘ ਪੰਜਾਬੀ ਦਾ ਪ੍ਰਮੁੱਖ ਨਾਵਲਕਾਰ ਹੈ। ਉਹਨੇ ਇਸ ਖੇਤਰ ਵਿੱਚ ਕਾਫ਼ੀ ਪ੍ਰਯੋਗ ਕੀਤੇ ਹਨ। ਇਤਿਹਾਸਕ, ਮਿਥਿਹਾਸਕ, ਲੋਕਧਾਰਾਈ ਤੇ ਸਮਕਾਲੀ ਵਰਤਾਰਿਆਂ ਨੂੰ ਕੇਂਦਰ ਵਿੱਚ ਰੱਖ ਕੇ ਉਹਨੇ ਨਾਵਲ ਸਿਰਜੇ ਹਨ। ਉਹਦੇ ਇਤਿਹਾਸਕ ਨਾਵਲ ਬੜੇ ਖੋਜ ਭਰਪੂਰ ਤੇ ਗਲਪੀ ਸਰੋਕਾਰਾਂ ਵਾਲੇ ਹਨ।
ਪੰਜਾਬ ਇਸ ਵੇਲੇ ਇੱਕ ਤੋਂ ਵੱਧ ਸੰਕਟਾਂ ਵਿੱਚ ਘਿਰਿਆ ਨਜ਼ਰ ਆਉਂਦਾ ਹੈ। ਇਹ ਸੰਕਟ ਇੱਕ ਵੇਲੇ ਇਕਹਿਰੇ ਤੇ ਥੋੜ੍ਹਚਿਰੇ ਜਾਪਦੇ ਹਨ, ਪਰ ਦੂਸਰੇ ਪਲ ਬਹੁਪਰਤੀ ਤੇ ਬਹੁ-ਦਿਸ਼ਾਵੀ ਨਜ਼ਰ ਆਉਂਦੇ ਹਨ। ਇਨ੍ਹਾਂ ਵਿੱਚੋਂ ਇੱਕ ਸੰਕਟ ਪੰਜਾਬ ਵਿੱਚ ਪੈਦਾ ਹੋ ਰਹੇ ਨਵੇਂ ਕੁਲੀਨ ਵਰਗ ਦਾ ਹੈ ਜੋ ਨਸ਼ਿਆਂ ਦੀ ਵਪਾਰੀ ਹੈ। ਦੂਸਰਾ ਸੰਕਟ ਉਸ ਬਲਾਤਕਾਰੀ ਚੇਤਨਾ ਦਾ ਹੈ ਜਿੱਥੇ ਔਰਤ ਸਿਰਫ਼ ਭੋਗਣ ਵਾਲੀ ਵਸਤੂ ਸਮਝੀ ਜਾਂਦੀ ਹੈ।
ਇਸ ਨਾਵਲ ਦਾ ਧਰਾਤਲ ਕਾਲਜ ਹੈ ਜਿੱਥੇ ਵੱਖ ਵੱਖ ਵਰਗਾਂ ਦੇ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਕਾਲਜਾਂ ਵਿਚਲੀ ਯੂਨੀਅਨ ਦੀ ਰਾਜਨੀਤੀ ਤੋਂ ਪ੍ਰਵਚਨ ਉਸਰਦਾ ਹੈ ਜੋ ਹੌਲੀ ਹੌਲੀ ਬਿਰਤਾਂਤਕ ਘਟਨਾਵਾਂ ਦੀ ਲੜੀ ਵਿੱਚ ਫੈਲਦਾ ਹੈ। ਕਾਲਜ ਵਿੱਚ ਯੂਨੀਅਨ ਦੇ ਦੋ ਧੜੇ ਹਨ। ਦੋਵਾਂ ਦੇ ਲੀਡਰ ਖਾਂਦੀ ਪੀਂਦੀ ਬੁਰਜੂਆ ਜਮਾਤ ਨਾਲ ਸੰਬੰਧ ਰੱਖਦੇ ਹਨ। ਇੱਕ ਧੜਾ ਅਸ਼ੋਕ ਬੱਤਰੇ ਦਾ ਹੈ, ਦੂਜਾ ਧੜਾ ਗੋਲਡੀ ਰੰਧਾਵੇ ਦਾ ਹੈ। ਇਨ੍ਹਾਂ ਦੋਹਾਂ ਦੀ ਖਹਬਿਾਜ਼ੀ ਵਿੱਚ ਸੁਰਮਣੀ ਰੇਪ ਦਾ ਸ਼ਿਕਾਰ ਹੁੰਦੀ ਹੈ। ਇਸ ਵਿੱਚ ਇੱਕ ਬੜਾ ਮਜ਼ਬੂਤ ਪੱਖ ਦਲਿਤ ਸ਼੍ਰੇਣੀ ਨਾਲ ਜੁੜਿਆ ਹੋਇਆ ਹੈ। ਇਸ ਦਾ ਪ੍ਰਤੀਨਿਧ ਮੇਘਰਾਜ ਹੈ ਜੋ ਪੜ੍ਹ ਲਿਖ ਕੇ ਐੱਸਡੀਐਮ ਬਣ ਜਾਂਦਾ ਹੈ ਜਦੋਂਕਿ ਬਾਕੀ ਦੋਵੇਂ ਧੜੇ ਆਪਸੀ ਖਹਬਿਾਜ਼ੀ ਵਿੱਚ ਹਿੰਸਾ ਦਾ ਸ਼ਿਕਾਰ ਹੋ ਕੇ ਬਰਬਾਦ ਹੋ ਜਾਂਦੇ ਹਨ।
ਨਾਵਲ ਦੇ ਮੁੱਢ ਵਿੱਚ ਅਸ਼ੋਕ ਬਤਰਾ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਉਹ ਸੁਰਮਣੀ ’ਤੇ ਲੱਟੂ ਹੈ, ਪਰ ਸੁਰਮਣੀ ਦੀ ਸੁਰ ਮੇਘਰਾਜ ਨਾਲ ਰਲਦੀ ਹੈ ਜਿਸ ਨੂੰ ਇਹ ਸਾਰੇ ਡਰਾ ਧਮਕਾ ਕੇ ਪਾਸੇ ਕਰ ਦਿੰਦੇ ਹਨ। ਉਹ ਗ਼ਰੀਬ ਪਰਿਵਾਰ ਦਾ ਬੱਚਾ ਹੈ ਜਿਸ ਨੇ ਜ਼ਿੰਦਗੀ ਵਿੱਚ ਕੁਝ ਬਣਨ ਲਈ ਵੱਖਰਾ ਰਾਹ ਚੁਣਿਆ ਹੈ। ਇੱਥੇ ਲੇਖਕ ਇਸ ਗੱਲ ਨੂੰ ਦ੍ਰਿੜ੍ਹ ਕਰਾ ਰਿਹਾ ਹੈ ਕਿ ਕਾਲਜਾਂ ਦੀ ਰਾਜਨੀਤੀ ਕਿੰਨੀ ਭ੍ਰਿਸ਼ਟ ਹੋ ਚੁੱਕੀ ਹੈ ਤੇ ਇਸੇ ਵਿੱਚੋਂ ਪੰਜਾਬ ਦੀ ਵੱਡੀ ਰਾਜਨੀਤੀ ਉਸਰਨੀ ਹੈ। ਇਸ ਸਾਰੇ ਪਾਸਾਰੇ ਵਿੱਚੋਂ ਪੰਜਾਬ ਦੇ ਸੰਕਟਾਂ ਦੀ ਤਸਵੀਰ ਨਜ਼ਰ ਆਉਂਦੀ ਹੈ।
ਕਾਲਜ ਦੀ ਮੱਛਰੀ ਮੁੰਡ੍ਹੀਰ ਜਿਵੇਂ ਸੁਰਮਣੀ ਨੂੰ ਹੋਛਾਪਣ ਦਿਖਾਉਂਦੀ ਹੈ, ਉਹ ਬੜੀ ਡਰਾਉਣੀ ਹੈ, ਪਰ ਸੁਰਮਣੀ ਉਨ੍ਹਾਂ ਕੋਲੋਂ ਡਰਦੀ ਨਹੀਂ ਉਲਟਾ ਉਨ੍ਹਾਂ ਨੂੰ ਵੰਗਾਰਦੀ ਹੈ। ਰੈਗਿੰਗ ਹਾਲਾਂਕਿ ਕਾਨੂੰਨੀ ਤੌਰ ਉੱਤੇ ਬੰਦ ਹੋ ਚੁੱਕੀ ਹੈ, ਪਰ ਲੇਖਕ ਇਸ ਤੋਂ ਹੀ ਘਟਨਾਵੀ ਚੱਕਰ ਸ਼ੁਰੂ ਕਰਦਾ ਹੈ ਜੋ ਅੱਗੇ ਜਾ ਕੇ ਫੈਲਦਾ ਹੈ। ਅਸਲ ਵਿੱਚ ਸੁਰਮਣੀ ਦੀ ਵੰਗਾਰ ਹੀ ਉਹਦੇ ਦੁਖਾਂਤ ਦਾ ਕਾਰਨ ਬਣਦੀ ਹੈ। ਗੋਲਡੀ ਰੰਧਾਵੇ ਕੋਲੋਂ ਉਹਨੂੰ ਮੁਆਫ਼ੀ ਦਿਵਾਉਣ ਵਾਲਾ ਮੋਟਿਫ਼ ਗੋਲਡੀ ਦੇ ਦਿਮਾਗ਼ ਵਿੱਚ ਅੜ ਜਾਂਦਾ ਹੈ। ਹੁਣ ਉਹਦੇ ਦਿਮਾਗ਼ ਵਿੱਚ ਇੱਕੋ ਗੱਲ ਘੁੰਮਦੀ ਹੈ ਕਿ ਕਿਵੇਂ ਸੁਰਮਣੀ ਨੂੰ ਨੀਵਾਂ ਦਿਖਾ ਕੇ ਉਸ ਕੋਲੋਂ ਮੰਗੀ ਮੁਆਫ਼ੀ ਦਾ ਬਦਲਾ ਲਵੇ।
ਸੁਰਮਣੀ ਪੂਰੇ ਸਵੈਮਾਣ ਤੇ ਜਬ੍ਹੇ ਵਾਲੀ ਕੁੜੀ ਹੈ। ਇਹਦਾ ਇੱਕ ਕਾਰਨ ਉਹਦਾ ਘਰ ਪਰਿਵਾਰ ਹੈ। ਉਹ ਗੋਲਡੀ ਦੀ ਬਦਤਮੀਜ਼ੀ ਲਈ ਉਹਨੂੰ ਥੱਪੜ ਮਾਰਦੀ ਹੈ। ਉਹ ਬਲੈਕੀਆਂ ਦੀ ਕੁੜੀ ਹੈ ਜਿਨ੍ਹਾਂ ਦਾ ਇਲਾਕੇ ਵਿੱਚ ਚੰਗਾ ਰੋਹਬ ਦਾਬ ਹੈ। ਦੂਸਰੇ ਪਾਸੇ ਗੋਲਡੀ ਵੀ ਰੱਜੇ ਪੁੱਜੇ ਪਰਿਵਾਰ ਦਾ ਜੀਅ ਹੈ। ਉਹਦੇ ਬੋਲਾਂ ਵਿੱਚੋਂ ਉਹਦੀ ਹਓਂ ਬੋਲਦੀ ਹੈ:
‘‘ਜੇ ਉਹ ਬਲੈਕੀਆਂ ਦੀ ਧੀ ਹੈ ਤਾਂ ਸੇਰ ਅੰਨ ਅਸੀਂ ਵੀ ਖਾਣੇ ਆਂ। 25 ਕਿੱਲਿਆਂ ਦਾ ਟੱਕ ਜੀ.ਟੀ. ਰੋਡ ’ਤੇ ਲੱਗਦੈ। ਬਲੈਕੀਏ ਕੀ ਰੀਸ ਕਰ ਲੈਣਗੇ।’’
ਇਸ ਤਰ੍ਹਾਂ ਪੈਸੇ, ਬਲੈਕੀ, ਨਸ਼ਿਆਂ ਦੀ ਧੌਂਸ ਵਿੱਚ ਇਹ ਸਾਰਾ ਬਿਰਤਾਂਤ ਫੈਲਦਾ ਹੈ। ਇਸ ਵਿੱਚ ਦੁਖਾਂਤਕ ਮੋੜ ਓਦੋਂ ਆਉਂਦਾ ਹੈ ਜਦੋਂ ਮੇਘਰਾਜ ਤੇ ਸੁਰਮਣੀ ਯੂਥ ਫੈਸਟੀਵਲ ਵਿੱਚ ਹਿੱਸਾ ਲੈ ਕੇ ਚੰਡੀਗੜ੍ਹੋਂ ਵਾਪਸ ਪਰਤਦੇ ਹਨ। ਘਰ ਦੇ ਬਿਲਕੁਲ ਕੋਲੋਂ ਸੁਰਮਣੀ ਅਗਵਾ ਹੁੰਦੀ ਹੈ। ਨਕਾਬਪੋਸ਼ ਬੜੀ ਯੋਜਨਾਬੰਦੀ ਨਾਲ ਅਗਵਾ ਕਰਕੇ ਉਹਦੇ ਨਾਲ ਗੈਂਗਰੇਪ ਕਰਦੇ ਹਨ ਤੇ ਫਿਰ ਅਧਮੋਈ ਨੂੰ ਘਰ ਦੇ ਕੋਲ ਸੁੱਟ ਜਾਂਦੇ ਹਨ। ਪੁਲੀਸ ਦੀ ਗਸ਼ਤੀ ਟੋਲੀ ਉਹਨੂੰ ਹਸਪਤਾਲ ਪਹੁੰਚਾ ਕੇ ਘਰ ਸੂਚਿਤ ਕਰਦੀ ਹੈ। ਉਹਦੇ ਘਰ ਵਾਲੇ ਬਦਨਾਮੀ ਦੇ ਡਰੋਂ ਪੁਲੀਸ ਨਾਲ ਲੈਣਾ ਦੇਣਾ ਕਰਦੇ ਹਨ। ਇੱਥੇ ਪੁਲੀਸ ਤੰਤਰ ਦਾ ਭ੍ਰਿਸ਼ਟ ਚਿਹਰਾ ਵੀ ਬੇਨਕਾਬ ਕੀਤਾ ਹੈ।
ਜ਼ਾਹਰਾ ਤੌਰ ’ਤੇ ਬਲਾਤਕਾਰੀ ਫੜੇ ਨਹੀਂ ਜਾਂਦੇ, ਪਰ ਕਿਤੇ ਕਿਤੇ ਇਸ਼ਾਰੇ ਹਨ ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਕਾਰਾ ਗੋਲਡੀ ਨੇ ਬਦਲਾ ਲਊ ਭਾਵਨਾ ਨਾਲ ਕੀਤਾ ਹੈ। ਇਸ ਕਾਰੇ ਤੋਂ ਬਾਅਦ ਸੁਰਮਣੀ ਦੀ ਹੱਸਦੀ ਖੇਡਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਸਮਾਜ ਦੇ ਡਰੋਂ ਉਹਦੇ ਘਰ ਦੇ ਉਹਦਾ ਵਿਆਹ ਅਬੋਹਰ ਵੱਲ ਨਸ਼ਿਆਂ ਦੇ ਵਪਾਰੀ ਦੇ ਦਿਮਾਗ਼ੋਂ ਹੌਲੇ ਮੁੰਡੇ ਨਾਲ ਕਰ ਦਿੰਦੇ ਹਨ। ਓਥੇ ਵੀ ਸੁਰਮਣੀ ਨਰਕ ਭੋਗ ਕੇ ਤਲਾਕ ਲੈ ਲੈਂਦੀ ਹੈ ਕਿਉਂਕਿ ਉਹਦਾ ਘਰ ਵਾਲਾ ਉਹਨੂੰ ਦੇਖਦਿਆਂ ਹੀ ਹਿੰਸਕ ਪਸ਼ੂ ਵਾਂਗ ਉਹਦੇ ’ਤੇ ਟੁੱਟ ਪੈਂਦਾ ਹੈ। ਅਖੀਰ ਅਸ਼ੋਕ ਬੱਤਰਾ ਸਭ ਕੁਝ ਜਾਣਦਿਆਂ ਵੀ ਉਸ ਨਾਲ ਵਿਆਹ ਕਰਵਾ ਲੈਂਦਾ ਹੈ। ਪਰ ਇੱਕ ਵਿਆਹ ਵਿੱਚ ਹੋਈ ਲੜਾਈ ਵਿੱਚ ਗੋਲਡੀ ਗਰੁੱਪ ਹੱਥੋਂ ਮਾਰਿਆ ਜਾਂਦਾ ਹੈ ਤੇ ਸੁਰਮਣੀ ਫਿਰ ਇਕੱਲੀ ਦੁੱਖ ਭੋਗਣ ਜੋਗੀ ਰਹਿ ਜਾਂਦੀ ਹੈ।
ਅੰਤ ’ਤੇ ਉਹ ਚਾਹੁੰਦੀ ਹੈ ਆਪਣੇ ਪਹਿਲੇ ਪਿਆਰ ਮੇਘਰਾਜ ਦੇ ਲੜ ਲੱਗੇ, ਪਰ ਉਹ ਪੜ੍ਹ ਲਿਖ ਕੇ ਅਫ਼ਸਰ ਲੱਗ ਕੇ ਆਪਣਾ ਪਰਿਵਾਰ ਬਣਾ ਚੁੱਕਾ ਹੈ। ਇਸ ਸੰਕਟ ਦੀ ਘੜੀ ਵਿੱਚ ਉਹ ਸੁਰਮਣੀ ਦਾ ਸੰਕਟਮੋਚਕ ਬਣ ਕੇ ਉਹਨੂੰ ਸਲਾਹ ਦਿੰਦਾ ਹੈ ਕਿ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ’ਤੇ ਖੜ੍ਹੀ ਹੋਵੇ। ਇਸੇ ਵਿੱਚ ਨਾਵਲ ਦਾ ਸਿਰਲੇਖ ਛੁਪਿਆ ਹੋਇਆ ਹੈ ਕਿ ਉਹ ਮਿੱਟੀ ਨਹੀਂ ਸਗੋਂ ਆਪਣੀ ਕਿਸਮਤ ਬਦਲਣਹਾਰ ਹੈ।
ਨਾਵਲ ਦੀਆਂ ਕਈ ਪਰਤਾਂ ਹਨ ਜਿਨ੍ਹਾਂ ਵਿੱਚ ਘਟਨਾਵਾਂ ਦੀ ਲੜੀ ਕਥਾ ਨੂੰ ਅੱਗੇ ਤੋਰਦੀ ਹੈ। ਇਸ ਵਿਚਲੇ ਪਾਤਰ ਨੌਜਵਾਨ ਪੀੜ੍ਹੀ ਦੇ ਪ੍ਰਤੀਨਿਧ ਹਨ। ਇਸ ਨਾਵਲ ਵਿੱਚ ਇੱਕ ਸਵਾਲ ਬੜਾ ਉੱਭਰਵਾਂ ਹੈ ਕਿ ਕੀ ਅੱਜ ਦੀ ਪੀੜ੍ਹੀ ਨੂੰ ਸਮਝਿਆ ਨਹੀਂ ਜਾ ਰਿਹਾ? ਅੱਜ ਦੀ ਪੀੜ੍ਹੀ ਕੀ ਬਣਨਾ ਚਾਹੁੰਦੀ ਹੈ? ਉਹਦੇ ਕੋਲ ਨਸ਼ੇ, ਬਲੈਕੀ, ਫੋਕੀ ਚੌਧਰ, ਜ਼ਮੀਨਾਂ ਦੇ ਫੁਕਰੇਪਣ ਦਾ ਵਿਕਲਪ ਹੀ ਹੈ ਜਾਂ ਕੋਈ ਹੋਰ ਆਦਰਸ਼ ਵੀ ਹੈ ਜਿਸ ਤੋਂ ਉਹਨੂੰ ਪਰ੍ਹੇ ਧੱਕ ਦਿੱਤਾ ਗਿਆ ਹੈ। ਬਦਲੇ ਦੀ ਭਾਵਨਾ ਦਾ ਗੈਂਗਰੇਪੀ ਵਰਤਾਰਾ ਬੜਾ ਖ਼ਤਰਨਾਕ ਹੈ। ਮੇਘਰਾਜ ਦਾ ਪੜ੍ਹ ਲਿਖ ਕੇ ਅਫ਼ਸਰ ਬਣ ਜਾਣਾ ਦਲਿਤ ਸ਼੍ਰੇਣੀ ਲਈ ਮੁਕਤੀ ਦਾ ਸੁਨੇਹਾ ਹੈ। ਪੜ੍ਹਾਈ ਲਿਖਾਈ ’ਤੇ ਜ਼ੋਰ ਅਸਲ ਵਿੱਚ ਉਹ ਕੇਂਦਰ ਬਿੰਦੂ ਹੈ ਜਿਸ ਤੋਂ ਅਜੋਕੀ ਪੀੜ੍ਹੀ ਪਛੜਦੀ ਜਾ ਰਹੀ ਹੈ।
ਇਸ ਤਰ੍ਹਾਂ ਇਹ ਨਾਵਲ ਵਰਤਮਾਨ ਸੰਕਟਾਂ ਵਿੱਚੋਂ ਕੁਝ ਇੱਕ ਨੂੰ ਗਲਪੀ ਰੂਪ ਦਿੰਦਾ ਹੈ ਅਤੇ ਬਹੁਤ ਸਾਰੇ ਸਵਾਲ ਵੀ ਖੜ੍ਹੇ ਕਰਦਾ ਹੈ। ਰਚਨਾ ਦਾ ਇਹ ਕਰਮ ਹੈ ਕਿ ਉਹ ਸਵਾਲ ਖੜ੍ਹੇ ਕਰ ਕੇ ਆਲੋਚਨਾਤਮਕ ਸਮਝ ਪੈਦਾ ਕਰੇ। ਉਸ ਪੱਖੋਂ ਇਹ ਸ਼ਾਨਦਾਰ ਨਾਵਲ ਹੈ। ਇਹ ਪਾਠਕ ਨੂੰ ਜਵਾਬ ਲੱਭਣ ਤੇ ਖ਼ੁਦ ਸਵਾਲ ਖੜ੍ਹੇ ਕਰਨ ਦਾ ਹੌਂਸਲਾ ਦਿੰਦਾ ਹੈ।
ਸੰਪਰਕ: 94173-58120

Advertisement
Author Image

sukhwinder singh

View all posts

Advertisement
Advertisement
×