For the best experience, open
https://m.punjabitribuneonline.com
on your mobile browser.
Advertisement

ਪਰਵਾਸੀ ਜੀਵਨ ਦੀਆਂ ਅਣਛੋਹੀਆਂ ਪਰਤਾਂ ਦੀ ਥਾਹ ਪਾਉਂਦਾ ਨਾਵਲ

07:36 AM Sep 29, 2023 IST
ਪਰਵਾਸੀ ਜੀਵਨ ਦੀਆਂ ਅਣਛੋਹੀਆਂ ਪਰਤਾਂ ਦੀ ਥਾਹ ਪਾਉਂਦਾ ਨਾਵਲ
Advertisement

ਸੰਦੀਪ ਸ਼ਰਮਾ (ਡਾ.)*

Advertisement

ਇੱਕ ਪੁਸਤਕ - ਇੱਕ ਨਜ਼ਰ

ਪਰਵਾਸੀ ਪੰਜਾਬੀ ਗਲਪਕਾਰੀ ਦੇ ਖੇਤਰ ਵਿੱਚ ਬਲਦੇਵ ਸਿੰਘ ਗਰੇਵਾਲ ਦੀ ਵੱਖਰੀ ਪਹਿਚਾਣ ਹੈ। ਤਕਰੀਬਨ ਤਿੰਨ ਦਹਾਕੇ ਪਹਿਲਾਂ ਅਮਰੀਕਾ ਪੱਕੇ ਤੌਰ ’ਤੇ ਜਾ ਵੱਸਣ ਤੋਂ ਪਹਿਲਾਂ ਪੰਜਾਬ ਦੇ ਇੱਕ ਵੱਕਾਰੀ ਅਖ਼ਬਾਰ ਦੇ ਮੈਗਜ਼ੀਨ ਸੈਕਸ਼ਨ ਦੇ ਸੰਪਾਦਕ ਵਜੋਂ ਕਾਰਜ ਨਿਭਾਉਂਦਿਆਂ ਉਸ ਨੇ ਪੰਜਾਬੀ ਪੱਤਰਕਾਰੀ ਵਿੱਚ ਆਪਣੀ ਪਛਾਣ ਬਣਾਈ। ਅਮਰੀਕਾ ਵਿੱਚ ਸ਼ੇਰੇ ਪੰਜਾਬ ਅਖ਼ਬਾਰ ਕੱਢਣਾ ਸ਼ੁਰੂ ਕੀਤਾ ਤੇ ਪੱਤਰਕਾਰੀ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖਿਆ। ਅਮਰੀਕਾ ਰਹਿੰਦੇ ਪੰਜਾਬੀਆਂ ਲਈ ਇਹ ਅਖ਼ਬਾਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਪੱਤਰਕਾਰੀ ਦੀ ਦੁਨੀਆ ਵਿੱਚ ਵਿਚਰਦਿਆਂ ਹੀ ਉਸ ਦੇ ਮਨ ਵਿੱਚ ਸਾਹਿਤਕਾਰੀ ਦੇ ਬੀਜ ਪੁੰਗਰਨੇ ਸ਼ੁਰੂ ਹੋਏ ਸਨ। ਇੱਥੇ ਪੰਜਾਬ, ਭਾਰਤ ਵਿੱਚ ਰਹਿੰਦਿਆਂ ਹੀ ਉਸ ਦੀਆਂ ਕਹਾਣੀਆਂ ਵੱਖ-ਵੱਖ ਸਾਹਿਤਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਣ ਲੱਗੀਆਂ ਸਨ। ਇਸੇ ਵਰ੍ਹੇ ਛਪੇ ਉਸ ਦੇ ਨਵੇਂ ਨਾਵਲ ‘ਇੱਕ ਹੋਰ ਪੁਲ ਸਰਾਤ’ ਤੋਂ ਪਹਿਲਾਂ ਉਸ ਦਾ ਇੱਕ ਨਾਵਲ ‘ਪਰਿਕਰਮਾ’ ਪ੍ਰਕਾਸ਼ਿਤ ਹੋ ਚੁੱਕਿਆ ਹੈ ਜਿਸ ਦਾ ਛਪਣ ਵਰ੍ਹਾ 2004 ਸੀ। ਇਹ ਨਾਵਲ ਸ਼ਾਹਮੁਖੀ ਵਿੱਚ ਲਿਪੀਅੰਤਰ ਹੋ ਕੇ ਪਾਕਿਸਤਾਨ ਵਿੱਚ ਛਪਿਆ ਅਤੇ ਚਰਚਿਤ ਹੋਇਆ ਹੈ। ਇਸ ਤੋਂ ਇਲਾਵਾ ਇਹ ਹਿੰਦੀ ਵਿੱਚ ਵੀ ਅਨੁਵਾਦ ਹੋ ਕੇ ਛਪ ਚੁੱਕਾ ਹੈ। ਬਲਦੇਵ ਸਿੰਘ ਗਰੇਵਾਲ ਦੇ ਦੋ ਕਹਾਣੀ ਸੰਗ੍ਰਹਿ ‘ਰੌਸ਼ਨੀ ਦੀ ਦਸਤਕ’ ਤੇ ‘ਸੀਤੇ ਬੁੱਲ੍ਹਾਂ ਦਾ ਸੁਨੇਹਾ’ ਵੀ ਕ੍ਰਮਵਾਰ 2014 ਅਤੇ 2020 ਵਿੱਚ ਪ੍ਰਕਾਸ਼ਿਤ ਹੋਏ।
ਬਲਦੇਵ ਸਿੰਘ ਗਰੇਵਾਲ ਨੇ ਪੰਜਾਬੀ ਪਰਵਾਸ ਨਾਲ ਜੁੜੇ ਵਿਭਿੰਨ ਸਰੋਕਾਰਾਂ ਨੂੰ ਪੱਤਰਕਾਰ ਦੀ ਨਜ਼ਰ ਨਾਲ ਦੇਖਿਆ ਸਮਝਿਆ ਹੈ। ਇਸ ਅਨੁਭਵ ਦਾ ਆਪਣੀਆਂ ਲਿਖਤਾਂ ਰਾਹੀਂ ਬਾਖ਼ੂਬੀ ਚਿਤਰਣ ਵੀ ਕੀਤਾ ਹੈ। ਜਿੱਥੇ ਬਹੁਤਾ ਪੰਜਾਬੀ ਪਰਵਾਸੀ ਸਾਹਿਤ ਵਿਸ਼ੇ-ਵਸਤੂ ਅਤੇ ਅਭਵਿਿਅਕਤੀ ਪੱਖੋਂ ਉਦਰੇਵੇਂ ਅਤੇ ਉਲਾਰ ਭਾਵੁਕਤਾ ਦਾ ਪ੍ਰਭਾਵ ਛੱਡਦਾ ਹੈ, ਉੱਥੇ ਬਲਦੇਵ ਸਿੰਘ ਗਰੇਵਾਲ ਦੀਆਂ ਲਿਖਤਾਂ ਇਸ ਪੱਖੋਂ ਸੱਜਰੀਆਂ ਪ੍ਰਤੀਤ ਹੁੰਦੀਆਂ ਹਨ। ਨਾਵਲ ‘ਇੱਕ ਹੋਰ ਪੁਲ ਸਰਾਤ’ ਖਾੜਕੂ ਲਹਿਰ ਦੇ ਪੰਜਾਬ, ਡੌਂਕੀ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਪਲਾਇਨ, ਪਰਾਈਆਂ ਧਰਤੀਆਂ ਉੱਤੇ ਆਪਣੀ ਸਭਿਆਚਾਰਕ ਹੋਂਦ ਗੁਆ ਕੇ ਜਿਉਣ ਲਈ ਮਜਬੂਰ ਅਤੇ ਇਸ ਸਾਰੇ ਕੁਝ ਵਿੱਚ ਨਪੀੜੇ ਜਾ ਰਹੇ ਮਨੁੱਖ ਦੇ ਮਾਨਸਿਕ ਹਾਲਾਤ ਨੂੰ ਕਥਾ-ਵਸਤੂ ਬਣਾਉਂਦਾ ਹੈ। ਨਾਵਲ ਦਾ ਮੁੱਖ ਪਾਤਰ ਸੁਖਜੀਤ ਪੁਲੀਸ ਦੀ ਦਹਿਸ਼ਤ ਤੇ ਖ਼ੌਫ਼ ਤੋਂ ਬਚਣ ਲਈ ਅਣਇੱਛਿਤ ਪਰਵਾਸ ਦਾ ਰਾਹ ਚੁਣਦਾ ਹੈ। ਨਾਵਲ ਵਿੱਚ ਡੌਂਕੀ ਰਸਤਿਓਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਣ ਦੀ ਅਤਿ ਤਕਲੀਫ਼ਦੇਹ ਪ੍ਰਕਿਰਿਆ, ਏਜੰਟਾਂ ਦੀ ਲੁੱਟ, ਇਨ੍ਹਾਂ ਸਥਿਤੀਆਂ ਵਿੱਚ ਪਿਸ ਰਹੇ ਲੋਕਾਂ ਦੀ ਮਾਨਸਿਕ ਦਸ਼ਾ ਦਾ ਬਹੁਤ ਮਾਰਮਿਕ ਚਿਤਰਣ ਹੈ। ਇਸ ਪੱਖੋਂ ਨਾਵਲ ਦਾ ਸਿਰਲੇਖ ਬਹੁਤ ਢੁੱਕਵਾਂ ਤੇ ਪ੍ਰਤੀਕਾਤਮਕ ਹੈ। ਇਸਲਾਮ ਵਿੱਚ ਪੁਲ-ਏ-ਸਰਾਤ ਦੀ ਮਿੱਥ ਹੈ ਜਿਸ ਅਨੁਸਾਰ ਕਿਆਮਤ ਮੌਕੇ ਜਦੋਂ ਇਹ ਜ਼ਮੀਨ ਅਸਮਾਨ ਬਦਲ ਜਾਣਗੇ ਤਾਂ ਬੱਸ ਦੋ ਹੀ ਮੁਕਾਮ ਹੋਣਗੇ, ਜੰਨਤ ਤੇ ਜਹੰਨੁਮ। ਜੰਨਤ ਵਿੱਚ ਪਹੁੰਚਣ ਲਈ ਇਸ ਜਹੰਨਮ ਦੇ ਉੱਪਰੋਂ ਲੰਘਣਾ ਹੋਏਗਾ ਤੇ ਲੰਘਣ ਲਈ ਜਿਹੜਾ ਪੁਲ ਮਿਲੇਗਾ ਉਹੀ ਪੁਲ-ਅ-ਸਰਾਤ ਹੈ। ਇਸ ਮਿੱਥ ਅਨੁਸਾਰ ਇਹ ਪੁਲ ਵਾਲ ਤੋਂ ਵੀ ਬਾਰੀਕ ਅਤੇ ਤਲਵਾਰ ਤੋਂ ਵੀ ਤਿੱਖਾ ਹੈ ਅਤੇ ਹੇਠਾਂ ਜਹੰਨਮ ਦਾ ਦਰਿਆ ਹੈ। ਪੁਲ ਤੋਂ ਗੁਜ਼ਰਦਿਆਂ ਗੁਨਾਹਗਾਰ ਦੇ ਗੁਨਾਹ ਉਸ ਦੀ ਪਿੱਠ ’ਤੇ ਹੋਣਗੇ। ਜਿਸ ਦੇ ਗੁਨਾਹ ਵੱਧ ਹੋਣਗੇ, ਉਸ ਦਾ ਭਾਰ ਵੀ ਵੱਧ ਹੋਏਗਾ ਤੇ ਉਸ ਦੇ ਖਾਈ ਵਿੱਚ ਡਿੱਗਣ ਦੇ ਆਸਾਰ ਵੀ ਜ਼ਿਆਦਾ ਹੋਣਗੇ। ਨਾਵਲ ਇਸ ਮਿੱਥ ਦੀ ਪੁਨਰ-ਸਿਰਜਣਾ ਬਹੁਤ ਕਲਾਤਮਕ ਢੰਗ ਨਾਲ ਕਰਦਾ ਹੈ। ਆਪਣੇ ਹੀ ਲੋਕਾਂ ਅਤੇ ਆਪਣੀਆਂ ਹੀ ਸਰਕਾਰਾਂ ਦੇ ਸਤਾਏ ਲੋਕਾਂ ਲਈ ਆਪਣੀ ਜੰਮਣ ਭੋਇੰ ਹੀ ਜਹੰਨਮ ਦਾ ਰੂਪ ਹੋ ਜਾਂਦੀ ਹੈ। ਬੇਗਾਨੇ ਮੁਲਕ ਉਨ੍ਹਾਂ ਨੂੰ ਜੰਨਤ ਵਰਗੇ ਮਹਿਸੂਸ ਹੋਣ ਲੱਗਦੇ ਹਨ ਪਰ ਉੱਥੇ ਪਹੁੰਚਣ ’ਤੇ ਬੇਗਾਨੇਪਣ ਦਾ ਅਹਿਸਾਸ, ਰੋਜ਼ੀ ਰੋਟੀ ਲਈ ਸਮਝੌਤੇ ਅਤੇ ਹੋਂਦ ਮੂਲਕ ਸਮੱਸਿਆਵਾਂ ਉਨ੍ਹਾਂ ਦੀ ਹੋਣੀ ਬਣ ਜਾਂਦੀਆਂ ਹਨ। ਇੱਥੋਂ ਤੱਕ ਪਹੁੰਚਣ ਲਈ ਚੁਣਿਆ ਗ਼ੈਰ-ਕਾਨੂੰਨੀ ਰਸਤਾ ਮੁਸ਼ਕਿਲ ਅਤੇ ਦੁਸ਼ਵਾਰੀਆਂ ਭਰਿਆ ਹੋਣ ਕਰਕੇ ਪੁਲ ਸਰਾਤ ਬਣ ਜਾਂਦਾ ਹੈ। ਇਸ ਰਾਹ ਤੁਰ ਰਹੇ ਹਰੇਕ ਵਿਅਕਤੀ ਦੀ ਪਿੱਠ ਉੱਤੇ ਆਪਣਿਆਂ ਹੱਥੋਂ ਮਿਲੇ ਧੋਖੇ, ਫਰੇਬ, ਜ਼ੁਲਮ ਅਤੇ ਅਨਿਆਂ ਵਿੱਚੋਂ ਮਿਲਿਆ ਦੁਬਿਧਾ ਅਤੇ ਦੁਚਿੱਤੀ ਦਾ ਮਾਨਸਿਕ ਬੋਝ ਹੈ। ਨਾਵਲ ਇਸ ਪੱਖ ਨੂੰ ਵੀ ਉਭਾਰਦਾ ਹੈ ਕਿ ਇਹ ਸਮੱਸਿਆ ਦੁਨੀਆ ਦੇ ਕਿਸੇ ਇਕ ਖ਼ਿੱਤਾ ਵਿਸ਼ੇਸ਼ ਦੀ ਨਹੀਂ ਸਗੋਂ ਦੁਨੀਆ ਦੇ ਵੱਡੇ ਇਲਾਕੇ ਦੇ ਲੋਕ ਇਸ ਤਰ੍ਹਾਂ ਦੀ ਸਥਿਤੀਆਂ ਵਿੱਚ ਫਸੇ ਹੋਏ ਹਨ। ਹਿੰਸਾ ਦਾ ਢੰਗ ਤਰੀਕਾ ਹੋਰ ਹੋ ਸਕਦਾ ਹੈ ਪਰ ਇਹ ਸੁਭਾਅ ਇੱਕੋ ਹੈ। ਮਸਲਨ ਵਿਤਕਰਾ ਰੰਗ, ਨਸਲ, ਕੌਮ, ਧਰਮ, ਬੋਲੀ ਜਾਂ ਜਾਤ ਵਿੱਚੋਂ ਕਿਸੇ ਦਾ ਵੀ ਹੋ ਸਕਦਾ ਹੈ ਪਰ ਇਸ ਤੋਂ ਪੀੜਿਤ ਹਰ ਵਿਅਕਤੀ ਇੱਕੋ ਜਿਹੀ ਮਾਨਸਿਕ ਪੀੜਾ ਹੰਢਾਅ ਰਿਹਾ ਹੈ। ਪੰਜਾਬ ਵਿੱਚ ਖਾੜਕੂ ਲਹਿਰ ਸਮੇਂ ਉਤਪੰਨ ਹੋਈਆਂ ਪ੍ਰਸਥਿਤੀਆਂ ਸੁਖਜੀਤ ਤੇ ਜਿੰਦਰ ਵਰਗੇ ਪਾਤਰਾਂ ਨੂੰ ਪੰਜਾਬ ਤੋਂ ਪਲਾਇਨ ਕਰਨ ਲਈ ਮਜਬੂਰ ਕਰਦੀਆਂ ਹਨ। ਕੋਲੰਬੀਆ ਤੋਂ ਆਏ ਭੈਣ-ਭਰਾ ਅੰਨਤੋਨੀਆ ਤੇ ਐਂਡਰਸਨ, ਗੁਜਰਾਤ ਤੋਂ ਆਇਆ ਆਰਿਫ਼, ਪਾਕਿਸਤਾਨ ਤੋਂ ਆਇਆ ਮੁਸ਼ਤਾਕ ਬੇਸ਼ੱਕ ਵੱਖੋ-ਵੱਖਰੀਆਂ ਸਥਿਤੀਆਂ ਵਿੱਚੋਂ ਨਿਕਲ ਕੇ ਆਏ ਹਨ, ਪਰ ਉਨ੍ਹਾਂ ਸਭਨਾਂ ਦੀਆਂ ਮਾਨਸਿਕ ਸਥਿਤੀਆਂ ਇੱਕੋ ਜਿਹੀਆਂ ਹਨ। ਇਸ ਪ੍ਰਕਾਰ ਇਹ ਵੱਖ-ਵੱਖ ਸੱਭਿਆਚਾਰਾਂ, ਧਰਮਾਂ, ਕੌਮਾਂ ਤੇ ਮੁਲਕਾਂ ਨਾਲ ਸਬੰਧ ਰੱਖਣ ਵਾਲੇ ਲੋਕ ਇਕ ਸਾਂਝੀ ਕੜੀ ਰਾਹੀਂ ਇਕ ਦੂਜੇ ਨਾਲ ਜੁੜੇ ਵੀ ਹੋਏ ਹਨ। ਬੀਤੇ ਦੇ ਦਿਲ ਦਹਿਲਾ ਦੇਣ ਵਾਲੇ ਅਨੁਭਵ ਜ਼ਿੰਦਗੀ ਉੱਤੇ ਛਾਏ ਹੋਏ ਹਨ, ਪਰ ਇਹ ਮਾਨਵੀ ਸਾਂਝ ਉਨ੍ਹਾਂ ਸਾਰਿਆਂ ਲਈ ਵੱਡਾ ਸਹਾਰਾ ਬਣਦੀ ਹੈ। ਮੁੱਖ ਪਾਤਰ ਸੁਖਜੀਤ ਕੋਲੰਬੀਆ ਦੀ ਅੰਤੋਨੀਆ ਵਿੱਚ ਆਪਣੀ ਪਿੱਛੇ ਰਹਿ ਗਈ ਮਹਬਿੂਬ ਅੰਮ੍ਰਿਤਾ ਨੂੰ ਲੱਭ ਲੈਂਦਾ ਹੈ। ਐਂਡਰਸਨ ਦਾ ਦੁੱਖ ਉਸ ਨੂੰ ਆਪਣਾ ਦੁੱਖ ਲੱਗਦਾ ਹੈ। ਜਿੰਦਰ ਨਾਲ ਭਰਾਵਾਂ ਵਰਗਾ ਰਿਸ਼ਤਾ ਬਣਾਉਂਦਾ ਹੈ। ਆਰਿਫ਼ ਦੇ ਦੁੱਖ ਨੂੰ ਘੱਟਗਿਣਤੀ ਫ਼ਿਰਕੇ ਵਾਲੀ ਸਾਂਝ ਰਾਹੀਂ ਮਹਿਸੂਸ ਕਰਦਾ ਹੈ। ਨਾਵਲ ਇਹ ਸੁਨੇਹਾ ਵੀ ਦਿੰਦਾ ਹੈ ਕਿ ਅਜਿਹੇ ਰਿਸ਼ਤਿਆਂ ਦਾ ਨਿੱਘ ਵਿਪਰੀਤ ਪ੍ਰਸਥਿਤੀਆਂ ਵਿੱਚ ਵੀ ਜ਼ਿੰਦਗੀ ਵਿੱਚੋਂ ਜ਼ਿੰਦਗੀ ਮਨਫ਼ੀ ਨਹੀਂ ਹੋਣ ਦਿੰਦਾ।
ਨਾਵਲ ਦਾ ਪਹਿਲਾ ਵਾਕ ਹੈ, ‘‘ਕਾਲੀ ਰਾਤ ਦਾ ਸੱਨਾਟਾ।’’ ਜ਼ੁਲਮ ਅਤੇ ਅਨਿਆਂ ਦੀ ਇਹ ਕਾਲੀ ਰਾਤ ਬੇਕਸੂਰ ਲੋਕਾਂ ਦੇ ਜੀਵਨ ਨੂੰ ਦੁੱਖਾਂ ਦੇ ਹਨੇਰੇ ਨਾਲ ਭਰ ਰਹੀ ਹੈ। ਇਹ ਰਾਤ ਕਿੰਨੀ ਲੰਮੀ ਹੋਣ ਵਾਲੀ ਹੈ? ਕਦੇ ਮੁੱਕਣੀ ਵੀ ਹੈ ਜਾਂ ਨਹੀਂ? ਅਜਿਹੇ ਸਵਾਲ ਪੀੜਤ ਲੋਕਾਂ ਨੂੰ ਅਨਿਸ਼ਚਿਤਤਾ ਤੇ ਦੁਬਿਧਾ ਦੀ ਸਥਿਤੀ ਵਿੱਚ ਲੈ ਜਾਂਦੇ ਹਨ।
ਇਸ ਤਰ੍ਹਾਂ ਦੀ ਮਾਨਸਿਕ ਸਥਿਤੀ ਹੰਢਾਅ ਰਹੇ ਪਾਤਰ ਆਪਣੀ ਹੋਂਦ ਦੇ ਅਰਥ ਉਦੇਸ਼ ਗੁਆ ਬੈਠਦੇ ਹਨ। ਨਾਵਲ ਦੇ ਕਈ ਨਿੱਕੇ-ਨਿੱਕੇ ਬਿਰਤਾਂਤ ਅਜਿਹੀ ਹੋਣੀ ਹੰਢਾਅ ਰਹੇ ਪਾਤਰਾਂ ਦੀਆਂ ਗੁੰਝਲਦਾਰ ਮਾਨਸਿਕ ਸਥਿਤੀਆਂ ਨੂੰ ਫੜਦੇ ਹਨ।
ਦੂਜੇ ਪਾਸੇ ਜਿਹੜੇ ਸੁਪਨੇ ਲੈ ਕੇ ਇਹ ਲੋਕ ਬੇਗਾਨੇ ਮੁਲਕਾਂ ਵੱਲ ਆਉਂਦੇ ਹਨ, ਛੇਤੀ ਹੀ ਇਸ ਭਰਮ-ਜਾਲ ਦੀ ਅਸਲੀਅਤ ਸਾਹਮਣੇ ਆਉਣੀ ਸ਼ੁਰੂ ਹੋ ਜਾਂਦੀ ਹੈ। ਫੁੱਟਬਾਲ ਦਾ ਵਧੀਆ ਖਿਡਾਰੀ ਤੇ ਪੜ੍ਹਾਈ ਵਿੱਚ ਅੱਵਲ ਰਹਿਣ ਵਾਲਾ, ਨਾਮੀਂ ਠੇਕੇਦਾਰ ਦਾ ਪੋਤਰਾ ਤੇ ਫ਼ੌਜੀ ਮੇਜਰ ਦਾ ਪੁੱਤਰ ਸੁਖਜੀਤ, ਅਮਰੀਕਾ ਆ ਕੇ ਇਕ ਕੰਟ੍ਰੈਕਟਰ ਕੰਪਨੀ ਵਿੱਚ ਹੈਲਪਰ ਦਾ ਕੰਮ ਕਰਨ ਲਈ ਮਜਬੂਰ ਹੋ ਗਿਆ ਸੀ:
‘‘ਕੰਧ ਉੱਪਰ ਸੀਮੈਂਟ ਲਿਪਦੇ ਦੋਵੇਂ ਸੱਜਣ, ਕੰਧ ’ਤੇ ਘੱਟ ਤੇ ਹੇਠਾਂ ਜ਼ਿਆਦਾ ਸੁੱਟ ਰਹੇ ਸਨ। ਸੁਖਜੀਤ ਦੀ ਬਣਾਈ ਘਾਣੀ ਉਹ ਮਿੰਟਾਂ ਵਿੱਚ ਮੁਕਾ ਦਿੰਦੇ ਸੀ। ਉੱਪਰੋਂ ਸਕਾਫੋਲਡ ਤੋਂ ਅਵਾਜ਼ ਮਾਰਦੇ ਤੇ ਸੀਮੈਂਟ ਦੀ ਮੰਗ ਕਰਦੇ। ਦੁਪਹਿਰ ਤੱਕ ਸੁਖਜੀਤ ਘਾਣੀਆਂ ਬਣਾ ਬਣਾ ਥੱਕ ਗਿਆ ਸੀ।
... ਉਸ ਦੇ ਬਾਬਾ ਜੀ ਹਮੇਸ਼ਾ ਉਸ ਨੂੰ ਸਵਿਲ ਅਫ਼ਸਰ ਬਣਨ ਲਈ ਪ੍ਰੇਰਦੇ ਰਹਿੰਦੇ ਸਨ। ਉਨ੍ਹਾਂ ਨੂੰ ਫ਼ੌਜ ਦੀ ਨੌਕਰੀ ਪਸੰਦ ਨਹੀਂ ਸੀ। ਸੁਖਜੀਤ ਵਿਚਾਰਾ ਨਾ ਸਵਿਲ ਅਫ਼ਸਰ ਬਣ ਸਕਿਆ, ਨਾ ਫ਼ੌਜੀ ਅਫ਼ਸਰ। ਉਹ ਤਾਂ ਨਿਰੋਲ ਮਜ਼ਦੂਰ ਬਣ ਕੇ ਰਹਿ ਗਿਆ ਸੀ।’’
ਮਾਨਵੀ ਹੋਂਦ ਦੇ ਇਸ ਸੰਕਟ ਨੂੰ ਨਾਵਲਕਾਰ ਵੱਡੇ ਪ੍ਰਸੰਗ ਵਿੱਚ ਚਿਤਰਦਾ ਹੈ। ਪੰਜਾਬ ਵਿਚਲੇ ਉਸ ਦੌਰ ਵਿੱਚ ਨਪੀੜੇ ਜਾ ਰਹੇ ਲੋਕ, ਭਾਰਤ ਵਿੱਚ ਮੂਲਵਾਦੀ ਕੱਟੜ ਸੱਜੇਪੱਖੀ ਵਿਚਾਰਧਾਰਾ ਦੇ ਸੱਤਾ ’ਤੇ ਕਾਬਜ਼ ਹੋਣ ਕਾਰਨ ਕਈ ਰਾਜਾਂ ਵਿੱਚ ਘੱਟਗਿਣਤੀਆਂ ਲਈ ਪੈਦਾ ਹੋਏ ਖ਼ਤਰੇ ਅਤੇ ਦੁਨੀਆ ਦੇ ਕਈ ਖ਼ਿੱਤਿਆਂ ਵਿਚਲੇ ਨਸਲੀ ਭੇਦ-ਭਾਵ ਨੂੰ ਇਸ ਨਾਵਲ ਵਿੱਚ ਉਭਾਰਿਆ ਗਿਆ ਹੈ। ਇਸ ਪੱਖੋਂ ਇਹ ਕੌਮੀ ਤੇ ਕੌਮਾਂਤਰੀ ਚੇਤਨਾ ਨਾਲ ਭਰਪੂਰ ਪ੍ਰਸੰਗ ਵਾਲਾ ਨਾਵਲ ਬਣਦਾ ਹੈ। ਇਸੇ ਤਰ੍ਹਾਂ ਉੱਤਰੀ ਤੇ ਦੱਖਣੀ ਅਮਰੀਕੀ ਉਪ-ਮਹਾਂਦੀਪ ਦੇ ਦੇਸ਼ਾਂ ਦੇ ਭੂਗੋਲ ਤੇ ਸਭਿਆਚਾਰਾਂ ਦੀ ਜਾਣਕਾਰੀ ਦਾ ਸੰਚਾਰ ਵੀ ਕਰਦਾ ਹੈ। ਨਾਵਲ ਦੀਆਂ ਕਲਾਤਮਿਕ ਛੋਹਾਂ ਕਮਾਲ ਹਨ। ਮਨਬਚਨੀ ਤੇ ਪਿੱਛਲਝਾਤ ਜਿਹੀਆਂ ਬਿਰਤਾਂਤਕ ਜੁਗਤਾਂ ਦੀ ਢੁਕਵੀਂ ਵਰਤੋਂ ਹੈ। ਕਈ ਵਾਕ ਕਿਸੇ ਕਵਿਤਾ ਦੀ ਸਤਰ ਵਾਂਗ ਪਾਠਕ ਨੂੰ ਰੋਕ ਲੈਂਦੇ ਹਨ। ਸਮੁੱਚੇ ਤੌਰ ’ਤੇ ਇਸ ਨਾਵਲ ਨੇ ਪੰਜਾਬੀ ਪਰਵਾਸ ਨਾਲ ਜੁੜੇ ਅਨੇਕ ਅਣਛੂਹੇ ਪਹਿਲੂਆਂ ਨੂੰ ਉਜਾਗਰ ਕੀਤਾ ਹੈ ਤੇ ਇਹ ਵਿਸ਼ਾ-ਵਸਤੂ ਦੇ ਨਿਭਾਅ ਪੱਖੋਂ ਵੀ ਸੱਜਰਾਪਣ ਕਾਇਮ ਰੱਖਦਾ ਹੈ।
* ਜ਼ਿਲ੍ਹਾ ਭਾਸ਼ਾ ਅਫ਼ਸਰ, ਪੰਜਾਬੀ ਭਵਨ, ਲੁਧਿਆਣਾ।

Advertisement
Author Image

sukhwinder singh

View all posts

Advertisement
Advertisement
×