ਨਾਰੀ ਵੇਦਨਾ ਤੇ ਸਾਧਨਾ ਦਾ ਨਾਵਲੀ ਬਿਰਤਾਂਤ
ਡਾ. ਸੁਰਿੰਦਰ ਕੁਮਾਰ ਦਵੇਸ਼ਵਰ
ਇੱਕ ਪੁਸਤਕ - ਇੱਕ ਨਜ਼ਰ
ਬਲਦੇਵ ਸਿੰਘ ਪੰਜਾਬੀ ਦਾ ਚਿੰਤਨਸ਼ੀਲ ਨਾਵਲਕਾਰ ਹੈ। ਭਾਵੇਂ ਉਹ ਸਮਕਾਲੀ ਜੀਵਨ ਯਥਾਰਥ ਨੂੰ ਆਪਣੀ ਬਿਰਤਾਂਤਕਾਰੀ ਦੇ ਕਲਾਤਮਿਕ ਬਿੰਬਾਂ ਵਿੱਚ ਰੂਪਮਾਨ ਕਰ ਰਿਹਾ ਹੋਵੇ ਅਤੇ ਭਾਵੇਂ ਸਾਡੇ ਇਤਿਹਾਸ, ਲੋਕ-ਗਾਥਾਵਾਂ ਅਤੇ ਸੁਤੰਤਰਤਾ ਅੰਦੋਲਨ ਦੇ ਮਹਾਨ ਯੋਧਿਆਂ ਦੀਆਂ ਅਦੁੱਤੀ ਕੁਰਬਾਨੀਆਂ ਨੂੰ ਆਪਣੇ ਨਾਵਲਾਂ ਵਿੱਚ ਪੁਨਰ-ਸਿਰਜਤ ਕਰ ਰਿਹਾ ਹੋਵੇ, ਉਸ ਦੀ ਚਿੰਤਨੀ ਦ੍ਰਿਸ਼ਟੀ ਉਨ੍ਹਾਂ ਬਾਰੇ ਇਤਿਹਾਸ ਵਿੱਚ ਅਣਗੌਲੀਆਂ ਜਾਂ ਤੋੜ-ਮਰੋੜ ਕੇ ਪੇਸ਼ ਕੀਤੀਆਂ ਘਟਨਾਵਾਂ ਦੇ ਅਸਲ ਸੱਚ ਦੇ ਸਾਰ ਨੂੰ ਫੜਨ ਅਤੇ ਪੁਨਰ-ਦ੍ਰਿਸ਼ਮਾਨ ਕਰਨ ਦੇ ਸਮਰੱਥ ਹੈ।
ਬਲਦੇਵ ਸਿੰਘ ਦੇ ਲਗਭਗ ਸਾਰੇ ਨਾਵਲਾਂ ਵਿੱਚ ਔਰਤ ਜਾਤੀ ਦੇ ਯਥਾਰਥ ਦਾ ਕੋਈ ਨਾ ਕੋਈ ਪੱਖ ਸਮਾਜ-ਸੱਭਿਆਚਾਰ ਦੇ ਸੰਦਰਭ ਵਿੱਚ ਪੇਸ਼ ਹੋਇਆ ਹੈ। ਹੱਥਲੀ ਪੁਸਤਕ ‘ਯਸ਼ੋਧਰਾ’ (ਲੋਕਗੀਤ ਪ੍ਰਕਾਸ਼ਨ) ਉਸ ਦਾ ਪਹਿਲਾ ਅਜਿਹਾ ਨਾਵਲ ਹੈ ਜਿਸ ਦੀ ਬਿਰਤਾਂਤਕਾਰੀ ਦੇ ਕੇਂਦਰ ਵਿੱਚ ਇੱਕ ਔਰਤ ਹੈ। ਉਸ ਦਾ ਨਾਮ ਹੈ ਯਸ਼ੋਧਰਾ। ਇਸ ਨਾਵਲ ਵਿੱਚ ਯਸ਼ੋਧਰਾ ਦੀ ਵੇਦਨਾ, ਸੰਵੇਦਨਾ, ਸਾਧਨਾ ਅਤੇ ਕੁਰਬਾਨੀ ਦਾ ਚਿਤਰਣ ਕਰੁਣਾਭਾਵੀ ਤਾਂ ਹੈ, ਪਰ ਇਸ ਕਠਿਨ ਮਾਰਗ ਉੱਤੇ ਚਲਦਿਆਂ ਉਸ ਨੇ ਆਤਮ-ਚਿੰਤਨ ਵਿੱਚੋਂ ਜੋ ਬੋਧ ਗ੍ਰਹਿਣ ਕੀਤਾ, ਉਹ ਬੁੱਧ ਨੂੰ ਵੀ ਨਿਰਉੱਤਰ ਕਰਨ ਵਾਲਾ ਸੀ।
ਯਸ਼ੋਧਰਾ ਬਹੁਤ ਹੀ ਸੁਸ਼ੀਲ, ਸੂਝਵਾਨ ਤੇ ਸੁੰਦਰ ਸੀ। ਗੌਤਮ ਨਾਲ ਉਸ ਦਾ ਵਿਆਹ ਹੋਇਆ। ਉਹ ਇੱਕ ਚਾਨਣੀ ਰਾਤ ਆਪਣੇ ਬਾਲ ਰਾਹੁਲ ਨੂੰ ਆਪਣੀ ਛਾਤੀ ਨਾਲ ਲਗਾਈ ਸੁੱਤਿਆਂ ਰੰਗੀਨ ਸੁਪਨਿਆਂ ਦੀ ਦੁਨੀਆ ਵਿੱਚ ਗੁਆਚੀ ਸੀ ਤਾਂ ਬੁੱਧ ਬਣਨ ਲਈ ਗੌਤਮ ਇਨ੍ਹਾਂ ਦਾ ਆਖ਼ਰੀ ਦੀਦਾਰ ਕਰ ਕੇ ਜੰਗਲਵਾਸੀ ਹੋ ਗਿਆ। ਗੌਤਮ ਬੁੱਧ ਬਣਨ ਦੇ ਰਾਹ ਅਤੇ ਉਸ ਦੀ ਕਠਿਨ ਸਾਧਨਾ ਬਾਰੇ ਤਾਂ ਲੰਮੇ-ਚੌੜੇ ਵਿਖਿਆਨ ਪ੍ਰਾਪਤ ਹਨ, ਪਰ ਉਸ ਦੀ ਗ਼ੈਰਹਾਜ਼ਰੀ ਵਿੱਚ ਯਸ਼ੋਧਰਾ ਨੇ ਬਾਲ ਤੇ ਪਰਿਵਾਰ ਪ੍ਰਤਿ ਆਪਣਾ ਸਮਾਜਿਕ ਕਰਤੱਵ ਨਿਭਾਉਂਦਿਆਂ ਮੌਨ ਤਪੱਸਿਆ ਕੀਤੀ ਜਿਸ ਬਾਰੇ ਸਾਡੇ ਰਿਸ਼ੀਆਂ, ਤਪੱਸਵੀਆਂ, ਮਹਾਤਮਾਵਾਂ, ਸ਼ਾਸਤਰੀਆਂ ਜਾਂ ਧਾਰਮਿਕ ਜਗਤ ਵਿੱਚ ਨਾ ਤਾਂ ਕੋਈ ਬਹੁਤਾ ਜ਼ਿਕਰ ਹੈ ਅਤੇ ਨਾ ਹੀ ਉਸ ਨੂੰ ਉਹ ਸਥਾਨ ਮਿਲਿਆ ਜਿਸ ਦੀ ਉਹ ਹੱਕਦਾਰ ਸੀ। ਬਲਦੇਵ ਸਿੰਘ ਦਾ ਇਹ ਨਾਵਲ ਯਸ਼ੋਧਰਾ ਦੀਆਂ ਸਥਿਤੀਆਂ ਤੇ ਸੰਘਰਸ਼ ਦੇ ਸੰਦਰਭ ਵਿੱਚ ਉੱਭਰੇ ਉਸ ਦੇ ਕਿਰਦਾਰ ਦੀ ਸਿਰਜਣਕਾਰੀ ਰਾਹੀਂ ਉਸ ਦੇ ਹੱਕ-ਸੱਚ ਦੀ ਵਕਾਲਤ ਕਰਦਾ ਹੈ।
ਯਸ਼ੋਧਰਾ ਨਾਵਲ ਸਿਰਫ਼ ਗੌਤਮ ਬੁੱਧ ਦੀ ਪਤਨੀ ਯਸ਼ੋਧਰਾ ਦੀ ਆਂਤਰਿਕ ਵੇਦਨਾ ਦਾ ਵਿਰਲਾਪੀ ਰੁਦਨ ਨਹੀਂ ਸਗੋਂ ਉਨ੍ਹਾਂ ਔਰਤਾਂ ਦੇ ਪ੍ਰਤੀਨਿਧ ਰੂਪ ਦੀ ਤਰਜਮਾਨੀ ਕਰਦਾ ਹੈ ਜਿਹੜੀਆਂ ਸਾਡੀ ਪਿੱਤਰੀ ਸੱਤਾ ਦੇ ਦਾਬੇ ਵਾਲੇ ਸਮਾਜ-ਸੱਭਿਆਚਾਰ ਦੇ ਸਿਰਜੇ ਦਾਇਰਿਆਂ ਵਿੱਚ ਰਹਿੰਦੀਆਂ ਆਪਣੇ ਪਤੀਆਂ ਦੀ ਗ਼ੈਰ-ਮੌਜੂਦਗੀ ਵਿੱਚ ਇੱਕ ਪਾਸੇ ਇਕਲਾਪੇ ਦਾ ਸੰਤਾਪ ਭੋਗਦੀਆਂ ਹਨ ਅਤੇ ਦੂਜੇ ਪਾਸੇ ਆਪਣੇ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ। ਅਜਿਹੀ ਸਥਿਤੀ ਬੁੱਧ ਦੀ ਤਪੱਸਿਆ ਤੇ ਸਾਧਨਾ ਤੋਂ ਕਿਤੇ ਵੱਧ ਕਠੋਰ ਹੈ। ਪਤੀ ਦੇ ਜਿਉਂਦਿਆਂ ਕਿਸੇ ਔਰਤ ਦਾ ਵਿਧਵਾ ਦੀ ਜੂਨ ਹੰਢਾਉਣ ਨਾਲੋਂ ਵੱਡਾ ਕੋਈ ਸੰਤਾਪ ਨਹੀਂ ਹੋ ਸਕਦਾ। ਯਸ਼ੋਧਰਾ ਦੀ ਕਠਿਨ ਤਪੱਸਿਆ ਅੱਗੇ ਉਸ ਦੀ ਸੱਸ ਵੀ ਨਤਮਸਤਕ ਹੁੰਦੀ ਹੈ। ਬੁੱਧ ਜਦੋਂ ਆਖ਼ਰ ਵਿੱਚ ਯਸ਼ੋਧਰਾ ਨੂੰ ਮਿਲਦਾ ਹੈ, ਖ਼ੁਦ ਸਵੀਕਾਰ ਕਰਦਾ ਹੈ ਕਿ ‘‘ਤੇਰੀ ਸਾਧਨਾ, ਤੇਰਾ ਤਿਆਗ, ਕਿਸੇ ਵੀ ਤਰ੍ਹਾਂ ਮੇਰੇ ਨਾਲੋਂ ਘੱਟ ਨਹੀਂ ਹੈ... ਅਤੇ ਤੇਰਾ ਸਥਾਨ ਮੇਰੇ ਕਦਮਾਂ ’ਚ ਨਹੀਂ ਹੈ।’’ ਇਉਂ ਗੌਤਮ ਮਹਾਤਮਾ ਬੁੱਧ ਹੋ ਕੇ ਵੀ ਅਧੂਰਾ ਤੇ ਇਕੱਲਾ ਰਿਹਾ, ਪਰ ਯਸ਼ੋਧਰਾ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਅਤੇ ਰਾਜ-ਧਰਮ ਦਾ ਪਾਲਣ ਕਰਦਿਆਂ ਆਪਣੀਆਂ ਸੱਧਰਾਂ-ਤਾਘਾਂ ਨੂੰ ਤਿਆਗ ਆਤਮ ਦੀ ਨੈਤਿਕ ਸੁੱਚਤਾ ਨੂੰ ਕਾਇਮ ਰੱਖਣ ਦੀ ਅਗਨੀ-ਪ੍ਰੀਖਿਆ ਵਿੱਚ ਤਪ ਕੇ ਸ਼ੁੱਧ ਕੁੰਦਨ ਹੋ ਗਈ। ਉਸ ਦੀ ਪੀੜਾ, ਸੰਤਾਪ, ਸੰਘਰਸ਼, ਸਾਧਨਾ ਤੇ ਕੁਰਬਾਨੀ ਬੁੱਧ ਤੋਂ ਵੀ ਵਡੇਰੀ ਸੀ। ਇਸੇ ਲਈ ਉਹ ਬੁੱਧ ਤੋਂ ਵੀ ਵੱਡੀ ਬੁੱਧ ਸਾਬਤ ਹੋਈ। ਹੱਥਲਾ ਨਾਵਲ ਯਸ਼ੋਧਰਾ ਦੇ ਇਸ ਸੱਚ ਨੂੰ ਕਿਸੇ ਭਾਵੁਕ ਉਲਾਰਤਾ ਜਾਂ ਅਰੋਪਨੀ ਉਕਤੀਆਂ ਰਾਹੀਂ ਪ੍ਰਮਾਣਿਤ ਨਹੀਂ ਕਰਦਾ ਸਗੋਂ ਸਥਿਤੀਆਂ ਦੀ ਪ੍ਰਸੰਗਿਕਤਾ ਵਿੱਚ ਉਸ ਦੇ ਕਿਰਦਾਰ ਤੇ ਵਿਹਾਰ ਦੀ ਕਲਾਤਮਿਕ ਉਸਾਰੀ ਰਾਹੀਂ ਕਰਦਾ ਹੈ। ਇਹੀ ਇਸ ਨਾਵਲ ਦੀ ਵੱਡੀ ਪ੍ਰਾਪਤੀ ਹੈ।
ਇਸ ਨਾਵਲ ਦਾ ਕੇਂਦਰੀ ਥੀਮ ਯਸ਼ੋਧਰਾ ਤੇ ਗੌਤਮ ਦੇ ਜੀਵਨ-ਪ੍ਰਸੰਗਾਂ ਦੁਆਲੇ ਘੁੰਮਦਾ ਹੈ, ਪਰ ਇਨ੍ਹਾਂ ਦੇ ਪ੍ਰਸੰਗਾਂ ਨਾਲ ਜੁੜ ਕੇ ਕਈ ਹੋਰ ਉਪ-ਥੀਮ ਵੀ ਇਸ ਨਾਵਲ ਦੀ ਬਿਰਤਾਂਤਕਾਰੀ ਵਿੱਚ ਸਾਹਮਣੇ ਆਉਂਦੇ ਹਨ। ਇਹ ਉਪ-ਥੀਮ ਅੰਸ਼ਕ ਬਿੰਬਾਂ ਵਿੱਚ ਰੂਪਮਾਨ ਹੋਏ ਹਨ, ਪਰ ਰਾਜੇ-ਮਹਾਰਾਜਿਆਂ ਦੇ ਯੁੱਗ-ਕਾਲ ਦੇ ਯਥਾਰਥ ਵਿੱਚ ਪੈਦਾ ਹੋਏ ਅੰਤਰ-ਵਿਰੋਧਾਂ, ਵਿਗਾੜਾਂ ਅਤੇ ਵਿਸੰਗਤੀਆਂ ਨੂੰ ਦ੍ਰਿਸ਼ਮਾਨ ਜ਼ਰੂਰ ਕਰਦੇ ਹਨ। ਰਾਜਵਾੜਾਸ਼ਾਹੀ ਦੇ ਯੁੱਗ ਵਿੱਚ ਸਭ ਅੱਛਾ ਨਹੀਂ ਸੀ। ਉਤਪਾਦਨ ਦੇ ਸਮੂਹ ਸਰੋਤਾਂ ’ਤੇ ਰਾਜੇ-ਮਹਾਰਾਜਿਆਂ ਦੀ ਮਲਕੀਅਤ ਸੀ। ਮੁੱਖ ਸਰੋਤਾਂ ਵਿੱਚ ਜ਼ਮੀਨ ਤੇ ਉਸ ਦੀ ਉਪਜ ਦੇ ਮਾਲਕ ਵੀ ਉਹ ਸਨ, ਕਾਸ਼ਤਕਾਰ ਤਾਂ ਮਜ਼ਦੂਰ ਸਨ। ਗੌਤਮ ਆਪਣੇ ਨਗਰ ਵਿੱਚ ਗਿਆ ਤਾਂ ਸਾਧਾਰਨ ਲੋਕਾਂ ਦੀਆਂ ਸਮੱਸਿਆਵਾਂ, ਉਨ੍ਹਾਂ ਦੀ ਗ਼ੁਰਬਤ, ਕਲ੍ਹਾ-ਕਲੇਸ਼, ਭੋਜਨ ਦੀ ਘਾਟ ਕਾਰਨ ਪਿੰਜਰ ਬਣੇ ਸਰੀਰ ਅਤੇ ਕਿਸਾਨਾਂ ਦੀ ਅਤਿ ਮਾੜੀ ਹਾਲਤ ਉਸ ਦੇ ਸਾਹਮਣੇ ਆਈ। ਉਮਰ ਦੀ ਉਸ ਅਵਸਥਾ ਵਿੱਚ ਗੌਤਮ ਇਸ ਦੇ ਕਾਰਨਾਂ ਨੂੰ ਸਮਝਣ ਤੋਂ
ਅਸਮਰੱਥ ਸੀ। ਇਸੇ ਲਈ ਉਹ ਇਨ੍ਹਾਂ ਦੁੱਖਾਂ-ਕਲੇਸ਼ਾਂ ਤੋਂ ਛੁਟਕਾਰਾ ਪਾਉਣ ਦਾ ਰਾਹ ਤਿਆਗ ਤੇ ਸਾਧਨਾ ਵਿੱਚੋਂ ਤਲਾਸ਼ਦਾ ਹੈ। ਬੁੱਧ ਹੋ ਕੇ ਹੀ ਉਸ ਨੂੰ ਇਹ ਪ੍ਰਤੀਤ ਹੋਇਆ ਕਿ ਰੂਹਾਨੀ ਮਾਰਗ ਉੱਤੇ ਚੱਲਣ ਵਾਲੇ ਸਾਧਕਾਂ ਦੀਆਂ ਵੀ ਪਦਾਰਥਕ ਲੋੜਾਂ ਹੁੰਦੀਆਂ ਹਨ। ‘ਦੁੱਖ’ ਤੋਂ ਛੁਟਕਾਰਾ ਪਾਉਣ ਦਾ ਮਾਰਗ ਇੱਛਾਵਾਂ ਦਾ ਤਿਆਗ ਨਹੀਂ ਸਗੋਂ ਇਨ੍ਹਾਂ ਦੀ ਪੂਰਤੀ ਦਾ ਸੰਤੁਲਿਤ ਵਿਧਾਨ ਹੋਣਾ ਚਾਹੀਦਾ ਹੈ। ਉਸ ਦਾ ਮੱਧ-ਮਾਰਗ ਦਾ ਸਿਧਾਂਤ ਭੌਤਿਕਤਾ ਤੇ ਰੂਹਾਨੀਅਤ ਵਿਚਕਾਰ ਸੰਤੁਲਨ ਦਾ ਰਾਹ ਹੈ।
ਨਾਵਲ ਲਕੀਰੀ ਬਿਰਤਾਂਤ ਤੇ ਤੇਜ਼-ਗਤੀ ਵਿੱਚ ਯਸ਼ੋਧਰਾ ਅਤੇ ਗੌਤਮ ਦੇ ਸਮੁੱਚੇ ਕਾਲ-ਖੰਡ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਯਥਾਰਥਵਾਦੀ ਵਿਧੀ ਤੇ ਦ੍ਰਿਸ਼ਟੀ ਰਾਹੀਂ ਰੂਪਮਾਨ ਕਰਦਾ ਹੈ। ਬਲਦੇਵ ਸਿੰਘ ਦੀ ਭਾਸ਼ਾਈ-ਸੰਚਾਰ ਦੀ ਵੰਨ-ਸੁਵੰਨਤਾ, ਸਹਿਜ ਤੇ ਸੁਹਜ ਨਾਵਲੀ ਬਿਰਤਾਂਤ ਵਿੱਚ ਪਾਤਰਾਂ ਦੀ ਮਨੋ-ਸਥਿਤੀ, ਭਾਵ-ਸਥਿਤੀ ਤੇ ਦ੍ਰਿਸ਼-ਵਰਣਨ ਦੇ ਅਨੁਸਾਰੀ ਹੋ ਕੇ ਇਸ ਨੂੰ ਸਹਿਜਤਾ ਅਤੇ ਸਜੀਵਤਾ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਚਲੇ ਲੁਕੇ ਅਰਥਾਂ ਨੂੰ ਵੀ ਉਭਾਰਦੀ ਪ੍ਰਤੀਤ ਹੁੰਦੀ ਹੈ। ਵਿਅੰਗ, ਵਿਡੰਬਨਾ ਅਤੇ ਪ੍ਰਤੀਕਾਤਮਕਾ ਦੀਆਂ ਗਲਪੀ ਜੁਗਤਾਂ ਨਾਵਲੀ ਬਿਰਤਾਂਤ ਨੂੰ ਸੁਹਜ ਪ੍ਰਦਾਨ ਕਰਦੀਆਂ ਹਨ ਅਤੇ ਇਸ ਦੇ ਕਥਾ ਰਸ ਨੂੰ ਵੱਧ ਸੁਆਦਲਾ ਬਣਾਉਂਦੀਆਂ ਹਨ। ਸਮੁੱਚੇ ਰੂਪ ਵਿੱਚ ਬਲਦੇਵ ਸਿੰਘ ਦਾ ਨਾਵਲ ‘ਯਸ਼ੋਧਰਾ’ ਪੜ੍ਹਨਯੋਗ ਰਚਨਾ ਹੈ।
ਸੰਪਰਕ: 98550-59696