ਝੋਨੇ ’ਚ ਕੱਟ ਖ਼ਿਲਾਫ਼ ਸੰਘਰਸ਼ ਲਈ ਨੌਂ ਮੈਂਬਰੀ ਕਮੇਟੀ ਬਣਾਈ
ਪੱਤਰ ਪ੍ਰੇਰਕ
ਸ਼ਾਹਕੋਟ, 6 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੀ ਸਾਂਝੀ ਮੀਟਿੰਗ ਗੁਰਮੇਲ ਸਿੰਘ ਰੇੜ੍ਹਵਾਂ ਦੀ ਪ੍ਰਧਾਨਗੀ ਹੇਠ ਹੋਈ।
ਇਸ ਸਬੰਧੀ ਮੋਹਨ ਸਿੰਘ ਬੱਲ, ਗੁਰਚਰਨ ਸਿੰਘ ਚਾਹਲ ਅਤੇ ਲਖਵੀਰ ਸਿੰਘ ਡੁਮਾਣਾ ਨੇ ਦੱਸਿਆ ਕਿ ਮੀਟਿੰਗ ਵਿੱਚ ਝੋਨਾ ਵੇਚਣ ਸਮੇਂ ਕਿਸਾਨਾਂ ਨੂੰ ਮੰਡੀਆਂ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ। ਚਰਚਾ ਦੌਰਾਨ ਸਾਰਿਆਂ ਦੀ ਬਣੀ ਸਾਂਝੀ ਰਾਇ ਮੁਤਾਬਕ ਝੋਨੇ ’ਤੇ ਇਕ ਕੁਇੰਟਲ ਮਗਰ ਚਾਰ ਕਿੱਲੋ ਦੀ ਲਗਾਏ ਜਾ ਰਹੇ ਕੱਟ ਅਤੇ ਖਰੀਦ ਏਜੰਸੀਆਂ ਵੱਲੋਂ ਕੁਝ ਚੋਣਵੀਆਂ ਦੁਕਾਨਾਂ ਤੋਂ ਝੋਨਾ ਖਰੀਦੇ ਜਾਣ ਦੀ ਨਿਖੇਧੀ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਐੱਸਡੀਐੱਮ ਸ਼ਾਹਕੋਟ ਸ਼ੁਭੀ ਆਂਗਰਾ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਲਿਆਂਦਾ ਸੀ, ਜਿਨ੍ਹਾਂ ਨੇ ਇਸ ਸਬੰਧੀ 6 ਨਵੰਬਰ ਨੂੰ ਖਰੀਦ ਏਜੰਸੀਆਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਜੇਕਰ 7 ਨਵੰਬਰ ਤੱਕ ਐੱਸਡੀਐੱਮ ਵੱਲੋਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੀਲ ਮੀਟਿੰਗ ਨਹੀਂ ਕਰਵਾਈ ਜਾਂਦੀ ਤਾਂ 8 ਨਵੰਬਰ ਤੋਂ ਝੋਨੇ ਦੀ ਵਿਕਰੀ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਐੱਸਡੀਐੱਮ ਦਫ਼ਤਰ ਸ਼ਾਹਕੋਟ ਅੱਗੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਸਲਵਿੰਦਰ ਸਿੰਘ ਜਾਣੀਆਂ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਰਾਜਿੰਦਰ ਸਿੰਘ, ਸ਼ੇਰ ਸਿੰਘ ਤੇ ਬਲਕਾਰ ਸਿੰਘ ਆਦਿ ਆਗੂ ਹਾਜ਼ਰ ਸਨ।