ਸੜਕ ’ਤੇ ਹੋਈ ਅਣਬਣ ਦੌਰਾਨ ਭਾਰਤੀ ਮੂਲ ਦੇ ਨਵਵਿਆਹੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
02:10 PM Jul 21, 2024 IST
Advertisement
ਵਾਸ਼ਿੰਗਟਨ, 21 ਜੁਲਾਈ
ਅਮਰੀਕਾ ਦੇ ਇੰਡਿਆਨਾ ਸੂਬੇ ਵਿਚ ਸੜਕ ’ਤੇ ਦੋ ਧਿਰਾਂ ਵਿਚ ਹੋਈ ਅਣਬਣ ਦੀ ਸ਼ੱਕੀ ਘਟਨਾ ਵਿਚ ਭਾਰਤੀ ਮੂਲ ਦੇ 29 ਸਾਲਾ ਨਵਵਿਆਹੇ ਨੌਜਵਾਨ ਦੀ ਉਸ ਦੀ ਪਤਨੀ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲੀਸ ਤੇ ਮੀਡੀਆ ਰਿਪੋਰਟਾਂ ਵਿਚ ਨੌਜਵਾਨ ਦੀ ਪਛਾਣ ਗੈਵਿਨ ਦਾਸੌਰ ਵਜੋਂ ਦੱਸੀ ਗਈ ਹੈ, ਜੋ ਆਪਣੀ ਮੈਕਸੀਕਨ ਮੂਲ ਦੀ ਪਤਨੀ ਨਾਲ ਵਾਪਸ ਘਰ ਜਾ ਰਿਹਾ ਸੀ। ਇੰਡਿਆਨਾ ਪੁਲੀਸ ਵਿਭਾਗ ਦੀ ਅਧਿਕਾਰੀ ਆਮੰਡਾ ਹਿਬਸ਼ਮੈਨ ਨੇ ਕਿਹਾ ਕਿ ਇਹ ਘਟਨਾ ਪਿਛਲੇ ਹਫ਼ਤੇ ਮੰਗਲਵਾਰ ਰਾਤ 8 ਵਜੇ ਤੋ ਬਾਅਦ ਦੀ ਹੈ। ਦਾਸੌਰ ਪਿੱਛੋਂ ਆਗਰਾ ਨਾਲ ਸਬੰਧਤ ਸੀ ਤੇ ਉਸ ਦਾ 29 ਜੂਨ ਨੂੰ ਵਿਵਿਆਨਾ ਜ਼ਾਮੋਰਾ ਨਾਲ ਵਿਆਹ ਹੋਇਆ ਸੀ। ਸ਼ੱਕੀ ਸ਼ੂਟਰ ਨੂੰ ਪੁਲੀਸ ਨੇ ਮੌਕੇ ਤੋਂ ਹੀ ਹਿਰਾਸਤ ਵਿਚ ਲੈ ਲਿਆ ਸੀ ਹਾਲਾਂਕਿ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ। ਪੁਲੀਸ ਤਰਜਮਾਨ ਮੁਤਾਬਕ ਸ਼ੂਟਰ ਨੇ ਸ਼ਾਇਦ ਆਪਣੀ ਸਵੈ-ਰੱਖਿਆ ’ਚ ਗੋਲੀ ਚਲਾਈ ਸੀ। ਉਂਜ ਪੁਲੀਸ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement
Advertisement