ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਨੀਆ ਵਿਚ ਲੋਕ ਘੋਲ਼ਾਂ ਦੀ ਨਵੀਂ ਲਹਿਰ

08:35 AM Jan 06, 2024 IST

ਜੋਬਨ

Advertisement

ਯੂਕੇ ਦੇ ਮਜ਼ਦੂਰ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਦਾ ਵਿਰੋਧ ਕਰ ਰਹੇ ਹਨ। ਹੜਤਾਲ ਕਾਨੂੰਨ ਜੋ 9 ਦਸੰਬਰ ਨੂੰ ਲਾਗੂ ਹੋਇਆ ਹੈ, ਅਸਲ ਵਿਚ ਹੜਤਾਲ ਵਿਰੋਧੀ ਕਾਨੂੰਨ ਹੈ। ਇਸ ਮੁਤਾਬਕ ਮਜ਼ਦੂਰਾਂ ਨੂੰ ਹੜਤਾਲ ਦੌਰਾਨ ਅੱਠ ਖੇਤਰਾਂ ਵਿਚ ਸੀਮਤ ਸਮੇਂ ਲਈ ਕੰਮ ਕਰਨਾ ਹੀ ਪਵੇਗਾ। ਅਜਿਹਾ ਨਾ ਕਰਨ ਦੀ ਹਾਲਤ ਵਿਚ ਮਾਲਕ ਕੋਲ਼ ਮਜ਼ਦੂਰ ’ਤੇ ਕਾਨੂੰਨੀ ਕਾਰਵਾਈ ਕਰਨ ਦਾ ਅਖਤਿਆਰ ਹੋਵੇਗਾ; ਭਾਵ, ਹੜਤਾਲ ਕਰਨਾ ਸਿਰਫ ਖਾਨਾਪੂਰਤੀ ਜਾਂ ਪ੍ਰਤੀਕਾਤਮਕ ਕਾਰਵਾਈ ਬਣ ਕੇ ਰਹਿ ਜਾਵੇਗਾ। ਬੈਲਜੀਅਮ ਵਿਚ ਵੀ ਅਜਿਹੇ ਹੀ ਬਿੱਲ ਦੇ ਵਿਰੋਧ ਵਿਚ ਮਜ਼ਦੂਰ ਸੜਕਾਂ ’ਤੇ ਹਨ।
ਇਹ ਲੋਕ ਵਿਰੋਧੀ ਕਾਨੂੰਨ ਅਤੇ ਇਨ੍ਹਾਂ ਦੇ ਜਵਾਬ ਵਿਚ ਉੱਠਿਆ ਸੰਘਰਸ਼, ਯੂਰੋਪ ਦੀ ਮੌਜੂਦਾ ਸਥਿਤੀ ਬਿਆਨਦਾ ਹੈ। ਆਖਿ਼ਰ ਅੰਗਰੇਜ਼ ਹਾਕਮਾਂ ਨੂੰ ਕੀ ਲੋੜ ਪੈ ਗਈ ਅਜਿਹੇ ਕਾਨੂੰਨ ਬਣਾਉਣ ਦੀ?
ਅਸਲ ਵਿਚ 2023 ਮਜ਼ਦੂਰ ਸੰਘਰਸ਼ਾਂ ਦੇ ਫੁਟਾਰਿਆਂ ਦਾ ਸਾਲ ਰਿਹਾ ਹੈ; ਤੇ ਇਹ ਇਕੱਲੇ ਯੂਰੋਪ ਦੀ ਗੱਲ ਨਹੀਂ ਸਗੋਂ ਅਮਰੀਕਾ, ਚੀਨ ਅਤੇ ਜਪਾਨ ਦੀ ਵੀ ਇਹੀ ਕਹਾਣੀ ਰਹੀ ਹੈ। ਸਰਮਾਏਦਾਰਾ ਢਾਂਚੇ ਦੇ ਸ਼ੀਸ਼ ਮਹਿਲ ਵਜੋਂ ਜਾਣੇ ਜਾਂਦੇ ਇਨ੍ਹਾਂ ਦੇਸ਼ਾਂ ਬਾਰੇ ਡੇਢ ਕੁ ਦਹਾਕਾ ਪਹਿਲਾਂ ਤੱਕ ਕਿਹਾ ਜਾਂਦਾ ਸੀ ਕਿ ਇੱਥੋਂ ਦਾ ਮਜ਼ਦੂਰ ਖੁਸ਼ਹਾਲ ਹੈ ਜਿਸ ਕੋਲ਼ ਸਥਾਈ ਨੌਕਰੀ ਅਤੇ ਵਾਧੂ ਤਨਖਾਹ ਹੈ; 1960-70ਵਿਆਂ ਦੇ ਸੰਕਟ ਤੇ ਮਜ਼ਦੂਰ ਸੰਘਰਸ਼ ਹੁਣ ਬੀਤੇ ਦੀ ਗੱਲ ਹੋ ਗਏ ਹਨ ਅਤੇ ਬੁਨਿਆਦੀ ਲੋੜਾਂ ਦੀ ਕੋਈ ਲੜਾਈ ਨਹੀਂ ਹੈ; ‘ਅਮਰੀਕੀ ਸੁਫ਼ਨਾ’ ਫਿਰ ਜੇਤੂ ਹੋ ਗਿਆ ਹੈ। ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਸਨ ਕਿ ਇੱਥੇ ਕੋਈ ਮਜ਼ਦੂਰ ਹੈ ਹੀ ਨਹੀਂ। ਮੰਨਿਆ ਜਾਂਦਾ ਸੀ ਕਿ ਮਜ਼ਦੂਰ ਯੂਨੀਅਨਾਂ ਦਬਾ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਮੁੜ ਜਥੇਬੰਦ ਹੋਣ ਦੀ ਕੋਈ ਸੰਭਾਵਨਾ ਨਹੀਂ ਪਰ ਇਨ੍ਹਾਂ ਦੇਸ਼ਾਂ ਵਿਚ ਉੱਠੇ ਸੰਘਰਸ਼ਾਂ ਨੇ ਖੁਸ਼ਹਾਲੀ ਦੇ ਇਸ ਭਰਮ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੈ।
ਡਾਕ ਮੁਲਾਜ਼ਮ, ਨਰਸਾਂ, ਰੇਲਵੇ ਮਜ਼ਦੂਰ ਆਦਿ ਹਰ ਵਿਭਾਗ ਦੇ ਕਾਮੇ, ਹੜਤਾਲਾਂ, ਧਰਨੇ, ਮੁਜ਼ਾਹਰੇ ਕਰ ਰਹੇ ਹਨ। ਇਕੱਲੇ ਅਮਰੀਕਾ ਦੀ ਗੱਲ ਕਰੀਏ ਤਾਂ ‘ਲੇਬਰ ਐਕਸ਼ਨ ਟਰੈਕਰ’ ਮੁਤਾਬਕ 31 ਅਕਤੂਬਰ 2023 ਤੱਕ 354 ਹੜਤਾਲਾਂ ਹੋਈਆਂ ਜਿਨ੍ਹਾਂ ਵਿਚ 4,92,000 ਮਜ਼ਦੂਰ ਸ਼ਾਮਲ ਹੋਏ। ਇਹ ਗਿਣਤੀ 2021 ਵਿਚ ਹੜਤਾਲਾਂ ਦਾ ਹਿੱਸਾ ਬਣੇ ਮਜ਼ਦੂਰਾਂ ਦੀ ਗਿਣਤੀ ਨਾਲ਼ੋਂ ਅੱਠ ਅਤੇ 2022 ਨਾਲ਼ੋਂ 4 ਗੁਣਾ ਸੀ। ਅਮਰੀਕਾ ਦੀਆਂ ਲੱਗਭੱਗ ਸਾਰੀਆਂ ਆਟੋ ਕੰਪਨੀਆਂ ਦੇ ਮਜ਼ਦੂਰ 14 ਸਤੰਬਰ 2023 ਤੋਂ ਤਨਖਾਹਾਂ ਵਿਚ ਵਾਧਿਆਂ ਲਈ ਲਗਾਤਾਰ ਹੜਤਾਲਾਂ ਕਰ ਰਹੇ ਹਨ। ਇਹ ਹੜਤਾਲਾਂ ਅਮਰੀਕਾ ਦੇ 88 ਸਾਲਾਂ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਹਨ ਜਿਨ੍ਹਾਂ ਨੇ ਆਟੋ ਕੰਪਨੀਆਂ ਦੇ ਮਾਲਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ‘ਯੂਨਾਈਟਿਡ ਆਟੋ ਵਰਕਰਜ਼’ ਇਸ ਵੇਲੇ ਅਮਰੀਕਾ ਦੀ ਸਭ ਤੋਂ ਵੱਡੀ ਯੂਨੀਅਨ ਹੈ ਜੋ ‘ਬਿਗ ਥਰੀ’ ਕਹੀਆਂ ਜਾਣ ਵਾਲ਼ੀਆਂ ਤਿੰਨ ਵੱਡੀਆਂ ਕੰਪਨੀਆਂ ਜਨਰਲ ਮੋਟਰਜ਼, ਫੋਰਡ ਤੇ ਸਟੇਲਾਂਸਿਸ ਖਿਲਾਫ ਸੰਘਰਸ਼ ਕਰ ਰਹੀ ਹੈ। ਹੋਰ ਖੇਤਰਾਂ ਦੀ ਗੱਲ ਕਰੀਏ ਤਾਂ 75,000 ਨਰਸਾਂ ਨੇ ਹੜਤਾਲ ਦੇ ਦਮ ’ਤੇ ਤਨਖਾਹ ’ਚ 21% ਵਾਧਾ ਕਰਵਾਇਆ। ਹਾਲੀਵੁੱਡ ਦੇ 11,500 ਲਿਖਾਰੀ ਅਤੇ 65,000 ਅਦਾਕਾਰ ਲਗਾਤਾਰ ਜੁਲਾਈ (2023) ਤੋਂ ਵੱਡੀਆਂ ਕੰਪਨੀਆਂ ਜਿਵੇਂ ਨੈੱਟਫਲਿਕਸ, ਵਾਲਟ ਡਿਜ਼ਨੀ ਆਦਿ ਖਿਲਾਫ ਸੰਘਰਸ਼ ਕਰ ਰਹੇ ਹਨ। ਦਸੰਬਰ 2022 ਵਿਚ 80,000 ਰੇਲਵੇ ਮੁਲਾਜ਼ਮਾਂ ਦੀ ਹੜਤਾਲ ਹੁੰਦੇ ਹੁੰਦੇ ਰਹਿ ਗਈ ਕਿਉਂਕਿ ਦਬਾਅ ਹੇਠ ਆਏ ਰਾਸ਼ਟਰਪਤੀ ਜੋਅ ਬਾਇਡਨ ਨੇ ਹੜਤਾਲ ਤੋਂ ਪਹਿਲਾਂ ਹੀ ਸਦਨ ਬੁਲਾ ਕੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ। ਅਕਤੂਬਰ 2021 ਵਿਚ ਜੌਹਨ ਡੀਅਰ ਕੰਪਨੀ ਦੇ 10,000 ਮਜ਼ਦੂਰ ਹੜਤਾਲ ’ਤੇ ਗਏ। ਕੈਲੋਗਸ ਦੇ ਮਜ਼ਦੂਰਾਂ ਦੀ ਹੜਤਾਲ ਅਕਤੂਬਰ 2021 ਤੋਂ ਮਾਰਚ 2022 ਤੱਕ ਚੱਲੀ। ਅਮਰੀਕਾ ਦੇ ਸਟਾਰਬਕਸ ਦੇ 200 ਸਟੋਰਾਂ ਦੇ ਮਜ਼ਦੂਰ ਦਸੰਬਰ 2021 ਤੋਂ ਤਨਖਾਹਾਂ ਵਿਚ ਵਾਧੇ ਅਤੇ ਬਿਹਤਰ ਕੰਮ ਹਾਲਤਾਂ ਲਈ ਲਗਾਤਾਰ ਹੜਤਾਲਾਂ ਕਰ ਰਹੇ ਹਨ। ਅਗਸਤ ’ਚ ਅਮਰੀਕੀ ਯੂਨਾਈਟਡ ਡਾਕ ਵਿਭਾਗ ਦੇ ਇੱਕ ਲੱਖ ਕਾਮਿਆਂ ਨੇ ਹੜਤਾਲ ਦਾ ਐਲਾਨ ਕੀਤਾ ਸੀ ਜਿਸ ਦੇ ਦਬਾਅ ਵਜੋਂ ਹੀ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣੀਆਂ ਪਈਆਂ। ਪਿਛਲੇ ਸਮੇਂ ਵਿਚ ਲੌਕਡਾਊਨ ਦੇ ਮਾੜੇ ਅਸਰ, ਸਰਮਾਏਦਾਰਾਂ ਦੇ ਵਧਦੇ ਮੁਨਾਫੇ ਬਨਾਮ ਕੰਮ ਹਾਲਤਾਂ ਦੇ ਡਿੱਗਦੇ ਪੱਧਰ, ਵਧਦੀਆਂ ਕੀਮਤਾਂ ਅਤੇ ਦਹਾਕਿਆਂ ਦੀ ਉਜਰਤਾਂ ’ਚ ਖੜੋਤ ਦੇ ਸਤਾਏ ਅਮਰੀਕੀ ਕਿਰਤੀਆਂ ਨੇ ਨਾ ਸਿਰਫ ਹੜਤਾਲਾਂ ਕੀਤੀਆਂ ਸਗੋਂ ਜਥੇਬੰਦ ਹੋ ਕੇ ਅੰਸ਼ਕ ਜਿੱਤਾਂ ਵੀ ਹਾਸਲ ਕੀਤੀਆਂ ਹਨ।
ਯੂਕੇ ਦੀ ਧਰਤੀ ਵੀ ਸੰਘਰਸ਼ਾਂ ਦੇ ਪੱਖ ਤੋਂ ਬਹੁਤ ਜ਼ਰਖੇਜ਼ ਰਹੀ। ਉੱਥੇ ਮੰਦਹਾਲੀ ਦਾ ਸਭ ਤੋਂ ਵੱਧ ਬੋਝ ਝੱਲ ਰਹੇ ਕਿਰਤੀ ਲੋਕ ਲੱਖਾਂ ਦੀ ਗਿਣਤੀ ਵਿਚ ਸੜਕਾਂ ’ਤੇ ਉੱਤਰ ਆਏ। ਦਸੰਬਰ 2022 ਤੋਂ ਜਨਵਰੀ 2023 ਤੱਕ ਯੂਕੇ ਦੇ ਕੌਮੀ ਸਿਹਤ ਵਿਭਾਗ ਦੀਆਂ 1 ਲੱਖ ਨਰਸਾਂ ਨੇ ਵੱਡੀ ਹੜਤਾਲ ਕੀਤੀ। 2023 ਵਿਚ 50,000 ਰੇਲਵੇ ਕਾਮਿਆਂ, ਡਾਕ ਵਿਭਾਗ ਦੇ 1,15,000 ਕਾਮਿਆਂ ਨੇ ਸਰਕਾਰਾਂ ਤੋਂ ਹੱਕ ਹਾਸਲ ਕਰਨ ਲਈ ਹੜਤਾਲਾਂ ਕੀਤੀਆਂ। ਜੇ ਬਾਕੀ ਯੂਰੋਪ ਦੀ ਗੱਲ ਕਰੀਏ ਤਾਂ ਪੈਨਸ਼ਨ ਸਕੀਮ ਨੂੰ ਵਾਪਸ ਕਰਵਾਉਣ ਲਈ ਫਰਾਂਸ ਦੀਆਂ ਸੜਕਾਂ ਜਾਮ ਕਰਨ ਵਾਲ਼ੇ ਲੱਖਾਂ ਕਾਮਿਆਂ ਨੂੰ ਕਿਵੇਂ ਭੁੱਲਿਆ ਜਾ ਸਕਦਾ ਹੈ। 2022 ਤੱਕ ਯੂਰੋਪੀਅਨ ਸੰਘ ਦੇ ਦੇਸ਼ਾਂ ਦੇ 9.53 ਕਰੋੜ ਲੋਕ ਅਤਿ ਗਰੀਬੀ ਦੇ ਮੁਹਾਣ ’ਤੇ ਖੜ੍ਹੇ ਸਨ। ਅਜਿਹੇ ਸਮੇਂ ਵਿਚ ਇਟਲੀ, ਸਪੇਨ, ਰੋਮਾਨੀਆ, ਬੈਲਜੀਅਮ, ਜਰਮਨੀ, ਪੁਰਤਗਾਲ, ਸਰਬੀਆ ਅਤੇ ਸਕਾਟਲੈਂਡ ਵਿਚ ਲੱਖਾਂ ਲੋਕ ਮਹਿੰਗਾਈ, ਬੇਰੁਜ਼ਗਾਰੀ, ਛਾਂਟੀਆਂ ਅਤੇ ਬਿਹਤਰ ਕੰਮ ਹਾਲਤਾਂ ਲਈ ਹੜਤਾਲਾਂ, ਧਰਨਿਆਂ, ਮੁਜ਼ਾਹਰਿਆਂ ਦਾ ਹਿੱਸਾ ਬਣੇ। ਇਹ ਸਾਰੇ ਵੇਰਵੇ ਸਰਮਾਏਦਾਰੀ ਦੇ ਇਨ੍ਹਾਂ ‘ਆਦਰਸ਼ ਮਹਿਲਾਂ’ ਦੇ ਭਰਮ ਨੂੰ ਖੇਰੂੰ ਖੇਰੂੰ ਕਰ ਰਹੇ ਹਨ; ਖਾਸਕਰ ਇਸ ਭਰਮ ਦਾ ਕਿ ਇਨ੍ਹਾਂ ਦੇਸ਼ਾਂ ਵਿਚੋਂ ਮਜ਼ਦੂਰ ਮੁੱਕ ਗਏ ਹਨ। ਇਸ ਝੂਠੇ ਦਾਅਵੇ ਦੀ ਫੂਕ ਕੱਢਦਾ ਸੱਚ ਸਾਡੇ ਸਾਹਮਣੇ ਹੈ। ਅਮਰੀਕਾ, ਯੂਰੋਪ ਦੇ ਅਰਥਚਾਰੇ ਨੂੰ ਹਿਲਾ ਕੇ ਰੱਖ ਦੇਣ ਵਾਲ਼ੀਆਂ ਹੜਤਾਲਾਂ ਕਰ ਰਹੇ ਇਹ ਲੋਕ ਕੀ ਮਜ਼ਦੂਰ ਨਹੀਂ ਹਨ?
ਏਸ਼ੀਆ ਦੀਆਂ ਮਹਾਂਸ਼ਕਤੀਆਂ ਵੀ ਇਸ ਸਾਲ ਇਸ ਅੱਗ ਤੋਂ ਨਹੀਂ ਬਚੀਆਂ। ਚੀਨ ਲੇਬਰ ਬਿਊਰੋ ਦੇ ਅੰਕੜੇ ਮੁਤਾਬਕ 2022 ਅਤੇ 2023 ਦੌਰਾਨ 1500 ਤੋਂ ਵੱਧ ਮਜ਼ਦੂਰ ਸੰਘਰਸ਼ ਹੋਏ। ਐਵਰਗਰਾਂਦੇ ਕੰਪਨੀ ਤੋਂ ਸ਼ੁਰੂ ਹੋਏ ਰੀਅਲ ਅਸਟੇਟ ਦੇ ਸੰਕਟ ਕਾਰਨ ਸਿਰਫ ਇਸੇ ਖੇਤਰ ਨਾਲ਼ ਸਬੰਧਿਤ ਹੀ 1,777 ਵਿਰੋਧ ਮੁਜ਼ਾਹਰੇ ਸਿਰਫ ਜੂਨ 2022 ਅਤੇ ਅਕਤੂਬਰ 2023 ਦਰਮਿਆਨ ਹੋਏ ਜਿਨ੍ਹਾਂ ਦੀ ਸ਼ੁਰੂਆਤ ਉਸਾਰੀ ਕਾਮਿਆਂ ਨੇ ਆਪਣੀਆਂ ਰੁਕੀਆਂ ਹੋਈਆਂ ਤਨਖਾਹਾਂ ਦੀ ਮੰਗ ਕਰ ਕੇ ਕੀਤੀ। ਹਰ ਮਹੀਨੇ 50 ਤੋਂ 70 ਸੰਘਰਸ਼ ਹੋਏ ਅਤੇ ਹੋ ਰਹੇ ਹਨ। ਅਗਸਤ 2023 ਵਿਚ ਸਭ ਤੋਂ ਵੱਧ ਹੋਏ ਜਿਨ੍ਹਾਂ ਵਿਚੋਂ 100 ਸੰਘਰਸ਼ ਮਜ਼ਦੂਰਾਂ ਦੀ ਅਗਵਾਈ ਵਿਚ ਹੋਏ। ਇਹ ਹੜਤਾਲਾਂ ਅਤੇ ਮੁਜ਼ਾਹਰੇ ਚੀਨ ਦੇ 297 ਸ਼ਹਿਰਾਂ ਤੱਕ ਫੈਲੇ ਹਨ। ਚੀਨੀ ਸੱਤਾ ਦੀਆਂ ਰੋਕਾਂ ਕਾਰਨ ਸਿਰਫ ਇੰਨੇ ਹੀ ਅੰਕੜੇ ਬਾਹਰ ਆ ਸਕੇ ਹਨ ਪਰ ਇਨ੍ਹਾਂ ਤੋਂ ਵੀ ਸਾਫ ਹੈ ਕਿ ਚੀਨ ਵਿਚ ਜਾਬਰ ਹਕੂਮਤ ਹੋਣ ਦੇ ਬਾਵਜੂਦ ਉਹ ਸੰਘਰਸ਼ਾਂ ਨੂੰ ਥੰਮ੍ਹ ਨਹੀਂ ਸਕੀ। ਸਰਮਾਏਦਾਰਾ ‘ਬੁੱਧੀਜੀਵੀ’ ਏਸ਼ੀਆ ਦੀ ਗੱਲ ਕਰਦਿਆਂ ਅਕਸਰ ਜਪਾਨ ਦੇ ਸੋਹਲੇ ਗਾਉਂਦੇ ਹਨ ਪਰ ਜਪਾਨ ਦੀ ਹਾਲਤ ਵੀ ਵੱਖਰੀ ਨਹੀਂ ਹੈ। ਪਿਛਲੇ ਦੋ ਸਾਲਾਂ ਅੰਦਰ ਦੇਸ਼ ਅੰਦਰ 4,000 ਤੋਂ ਵੱਧ ਛੋਟੀਆਂ-ਵੱਡੀਆਂ ਹੜਤਾਲਾਂ ਹੋਈਆਂ ਹਨ ਜਿਨ੍ਹਾਂ ਵਿਚ ਉਸਾਰੀ ਖੇਤਰ, ਸਿਹਤ ਸੇਵਾਵਾਂ, ਨਰਸਿੰਗ ਅਤੇ ਹੋਰ ਕਾਫੀ ਖੇਤਰ ਸ਼ਾਮਲ ਹਨ।
ਅਮਰੀਕਾ ਅਤੇ ਯੂਰੋਪੀਅਨ ਦੇਸ਼ਾਂ ਅੰਦਰ ਮਜ਼ਦੂਰਾਂ ਨੇ ਸਿਰਫ ਆਰਥਿਕ ਮਸਲਿਆਂ ’ਤੇ ਹੀ ਆਵਾਜ਼ ਬੁਲੰਦ ਨਹੀਂ ਕੀਤੀ ਸਗੋਂ ਆਪਣੀਆਂ ਸਰਕਾਰਾਂ ਨੂੰ ਸਿਆਸੀ ਮਸਲਿਆਂ ’ਤੇ ਵੀ ਘੇਰਿਆ ਹੈ। ਫਰਾਂਸ ਤੇ ਅਮਰੀਕਾ ਵਿਚ ਪੁਲੀਸ ਜਬਰ ਖਿਲਾਫ ਫੁੱਟਿਆ ਲੋਕ-ਰੋਹ ਇਸ ਦਾ ਸਬੂਤ ਹੈ। ਇਨ੍ਹਾਂ ਦੇਸ਼ਾਂ ਦੀਆਂ ਸੜਕਾਂ ’ਤੇ ਰੂਸ ਯੂਕਰੇਨ ਜੰਗ ਅਤੇ ਇਜ਼ਰਾਈਲ ਦੇ ਫ਼ਲਸਤੀਨ ਉੱਪਰ ਢਾਹੇ ਜਾ ਰਹੇ ਜਬਰ ਖਿਲਾਫ ਠਾਠਾਂ ਮਾਰਦਾ ਲੱਖਾਂ ਦਾ ਇਕੱਠ ਹੈ। ਜਮਹੂਰੀ ਹੱਕਾਂ ਲਈ ਉੱਠਦੀਆਂ ਇਹ ਆਵਾਜਾਂ ਅਜੇ ਭਾਵੇਂ ਸਾਮਰਾਜ ਵਿਰੋਧੀ ਲਹਿਰ ਦਾ ਭਰੂਣ ਹੀ ਹਨ ਪਰ ਇਨਕਲਾਬੀ ਲਹਿਰ ਲਈ ਇਹ ਸਵਾਗਤਯੋਗ ਵਰਤਾਰਾ ਹੈ।
ਸਰਮਾਏਦਾਰਾ ਅਰਥ ਸ਼ਾਸਤਰੀ ਮਜ਼ਦੂਰਾਂ ਦੀ ਇਨਕਲਾਬੀ ਪਹਿਲਕਦਮੀ ਦੀ ਜੜ੍ਹ ਅਖੌਤੀ ਕਰੋਨਾ ਮਹਾਮਾਰੀ ਕਰ ਕੇ ਆਈ ਮੰਦਹਾਲੀ ਨੂੰ ਦੱਸ ਰਹੇ ਹਨ। ਅਸਲ ਵਿਚ ਇਨ੍ਹਾਂ ਸੰਘਰਸ਼ਾਂ ਲਈ ਤਾਂ ਲੌਕਡਾਊਨ ਤੋਂ ਪਹਿਲਾਂ ਹੀ ਜ਼ਮੀਨ ਤਿਆਰ ਹੋ ਚੁੱਕੀ ਸੀ। ਮਿਸਾਲ ਵਜੋਂ 2018 ਵਿਚ ਅਮਰੀਕਾ ਅੰਦਰ 4,85,000 ਮਜ਼ਦੂਰਾਂ ਨੇ ਹੜਤਾਲਾਂ ਵਿਚ ਹਿੱਸਾ ਲਿਆ ਜੋ 1986 ਤੋਂ ਬਾਅਦ ਸਭ ਤੋਂ ਵੱਡਾ ਅੰਕੜਾ ਸੀ। ਕਰੋਨਾ ‘ਮਹਾਮਾਰੀ’ ਦਾ ਬਹਾਨਾ ਇਨ੍ਹਾਂ ਬੁੱਧੀਜੀਵੀਆਂ ਵੱਲੋਂ ਅਸਲੀ ਸਮੱਸਿਆ ਨੂੰ ਟਾਕੀਆਂ ਲਾਉਣ ਲਈ ਵਰਤਿਆ ਜਾ ਰਿਹਾ ਹੈ। ਅਸਲ ਵਿਚ ਇਹ ਸਰਮਾਏਦਾਰਾ ਢਾਂਚਾ ਮੁਨਾਫੇ ’ਤੇ ਟਿਕਿਆ ਢਾਂਚਾ ਹੈ ਜਿਹੜਾ ਆਪਣੇ ਅੰਦਰ ਹੀ ਆਪਣੀ ਤਬਾਹੀ ਦੇ ਬੀਅ ਲੈ ਕੇ ਤੁਰਦਾ ਹੈ। ਜਦੋਂ ਸਰਮਾਏਦਾਰਾਂ ਦੇ ਮੁਨਾਫੇ ਘਟਦੇ ਹਨ ਤਾਂ ਉਹ ਇਸ ਤੋਂ ਬਚਣ ਲਈ ਮਜ਼ਦੂਰਾਂ ਦੀ ਲੁੱਟ ਤੇਜ਼ ਕਰਦੇ ਹਨ ਜਿਸ ਵਿਚ ਕੰਮ ਘੰਟੇ ਵਧਾਉਣਾ, ਕੰਮ ਦਾ ਬੋਝ ਵਧਾਉਣਾ ਜਾਂ ਤਨਖਾਹਾਂ ਘਟਾਉਣਾ ਸ਼ਾਮਲ ਹੈ। ਮੁਨਾਫੇ ਦੀ ਇਹੀ ਹਵਸ ਬੇਰੁਜ਼ਗਾਰੀ, ਮਹਿੰਗਾਈ ਅਤੇ ਮਾੜੀਆਂ ਕੰਮ ਹਾਲਤਾਂ ਵਰਗੀਆਂ ਅਲਾਮਤਾਂ ਨੂੰ ਜਨਮ ਦਿੰਦੀ ਹੈ। ਮਜ਼ਦੂਰਾਂ ਦੀ ਇਨਕਲਾਬੀ ਪਹਿਲਕਦਮੀ ਇਨ੍ਹਾਂ ਅਲਾਮਤਾਂ ਦੇ ਵਿਰੋਧ ਵਿਚ ਸੰਘਰਸ਼ ਖੜ੍ਹੇ ਕਰਦੀ ਹੈ ਪਰ ਇਸ ਲੋਟੂ ਢਾਂਚੇ ਦੀਆਂ ਹੱਦਾਂ ਅੰਦਰ ਸਰਮਾਏਦਾਰੀ ਦੇ ਅਟੱਲ ਸੰਕਟ ਤੋਂ ਪਾਰ ਨਹੀਂ ਪਾਇਆ ਜਾ ਸਕਦਾ। ਇਸ ਲਈ ਮੌਜੂਦਾ ਲੋਕ ਪਹਿਲਕਦਮੀ, ਸਰਮਾਏਦਾਰਾ ਲੁੱਟ ਤੋਂ ਰਹਿਤ ਸਮਾਜ, ਭਾਵ, ਸਮਾਜਵਾਦੀ ਸਮਾਜ ਰਾਹੀਂ ਹੀ ਮਜ਼ਦੂਰਾਂ ਤੇ ਹੋਰ ਲੁਟੀਂਦੇ ਤਬਕਿਆਂ ਦੀ ਬੰਦ ਖਲਾਸੀ ਕਰਵਾ ਸਕਦੀ ਹੈ। ਇਸ ਲਈ ਅੱਜ ਇਨ੍ਹਾਂ ਸ਼ਾਨਦਾਰ ਲੋਕ ਪਹਿਲਕਦਮੀਆਂ ਨੂੰ ਮਜ਼ਦੂਰ ਜਮਾਤ ਦੀ ਅਗਵਾਈ ਵਿਚ ਇੱਕ ਸੂਤਰ ਵਿਚ ਪ੍ਰੋਣ, ਇਨ੍ਹਾਂ ਨੂੰ ਸਰਮਾਏਦਾਰਾ ਵਿਰੋਧੀ ਤੇ ਸਮਾਜਵਾਦੀ ਸੇਧ ਵੱਲ ਵਧਾਉਣ ਦੀ ਵੱਡੀ ਚੁਣੌਤੀ ਸਾਡੇ ਸਨਮੁਖ ਹੈ।
ਸੰਪਰਕ: 89689-29372

Advertisement
Advertisement