ਧਾਰਮਿਕ ਪੋਥੀਆਂ ਚੋਰੀ ਕਰਨ ਵਾਲੇ ਮਾਮਲੇ ਵਿੱਚ ਆਇਆ ਨਵਾਂ ਮੋੜ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 22 ਮਾਰਚ
ਗੁਰਦੁਆਰਾ ਬਾਉਲੀ ਸਾਹਿਬ ਵਿੱਚ ਸਥਿਤ ਗੁਰੂ ਗ੍ਰੰਥ ਸਾਹਿਬ ਭਵਨ ਵਿੱਚੋਂ ਪੋਥੀਆ ਚੋਰੀ ਕਰਨ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਕਿਸੇ ਸ਼ੱਕੀ ਵਿਅਕਤੀ ਨੇ ਐਸਜੀਪੀਸੀ ਪ੍ਰਬੰਧਕਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਸੰਨ੍ਹ ਲਾ ਕੇ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਦਾਖ਼ਲ ਹੁੰਦੇ ਹੋਏ ਧਾਰਮਿਕ ਪੋਥੀਆਂ ਤੇ ਪੁਸਤਕਾਂ ਬੋਰੀ ਵਿੱਚ ਪਾ ਕੇ ਚੋਰੀ ਕਰ ਲਈਆਂ ਸਨ, ਜਿਸ ਨੂੰ ਕਾਬੂ ਕਰ ਲਿਆ ਗਿਆ ਸੀ। ਐੱਸਜੀਪੀਸੀ ਅਧਿਕਾਰੀਆ ਨੇ ਆਪਣੀ ਅਣਗਹਿਲੀ ਛੁਪਾਉਣ ਲਈ ਸਬੰਧਤ ਵਿਅਕਤੀ ਨੂੰ ਬਿਨਾਂ ਕਿਸੇ ਕਾਰਵਾਈ ਦੇ ਪੁਲੀਸ ਕੋਲੋਂ ਛੁਡਾ ਲਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਕੁਤਾਹੀ ਜ਼ਰੂਰ ਹੋਈ ਹੈ ਪਰ ਇਹ ਕੋਈ ਵੱਡੀ ਗੱਲ ਨਹੀਂ। ਉਧਰ, ਡੀਐਸਪੀ ਰਵੀਸ਼ੇਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਧਾਰਮਿਕ ਪੋਥੀਆਂ ਚੋਰੀ ਕਰਨ ਵਾਲੇ ਨੂੰ ਪ੍ਰਬੰਧਕਾਂ ਵੱਲੋਂ ਪੁਲੀਸ ਹਵਾਲੇ ਜ਼ਰੂਰ ਕੀਤਾ ਗਿਆ ਸੀ ਪਰ ਕੁੱਝ ਦੇਰ ਬਾਅਦ ਹੀ ਪ੍ਰਬੰਧਕਾਂ ਵੱਲੋਂ ਛੁਡਾ ਲਿਆ ਗਿਆ ਜਿਸ ਦੇ ਚੱਲਦਿਆ ਕੋਈ ਕਾਰਵਾਈ ਨਹੀਂ ਕੀਤੀ ਗਈ।