For the best experience, open
https://m.punjabitribuneonline.com
on your mobile browser.
Advertisement

ਬਰਵਾਲਾ ਰੋਡ ’ਤੇ ਉਸਾਰੀ ਜਾਏਗੀ ਨਗਰ ਕੌਂਸਲ ਦੀ ਨਵੀਂ ਇਮਾਰਤ

08:59 AM Oct 26, 2024 IST
ਬਰਵਾਲਾ ਰੋਡ ’ਤੇ ਉਸਾਰੀ ਜਾਏਗੀ ਨਗਰ ਕੌਂਸਲ ਦੀ ਨਵੀਂ ਇਮਾਰਤ
ਮੀਟਿੰਗ ਵਿੱਚ ਵਿਕਾਸ ਕਾਰਜਾਂ ਬਾਰੇ ਚਰਚਾ ਕਰਦੇ ਹੋਏ ਕੌਂਸਲਰ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 25 ਅਕਤੂਬਰ
ਨਗਰ ਕੌਂਸਲ ਡੇਰਾਬੱਸੀ ਦੀ ਮੀਟਿੰਗ ਪ੍ਰਧਾਨ ਆਸ਼ੂ ਉਪਨੇਜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਲਈ ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ਵਿੱਚ ਸ਼ਹਿਰ ’ਚ ਨਗਰ ਕੌਂਸਲ ਦਫ਼ਤਰ ਦੀ ਨਵੀਂ ਇਮਾਰਤ ਨੂੰ ਬਰਵਾਲਾ ਰੋਡ ’ਤੇ ਕੈਂਟਰ ਯੂਨੀਅਨ ਵਾਲੀ ਥਾਂ ’ਤੇ ਤਬਦੀਲ ਕਰਨ ਸਣੇ ਕਈ ਅਹਿਮ ਮਤੇ ਸ਼ਾਮਲ ਹਨ। ਇਸ ਤੋਂ ਪਹਿਲਾਂ ਬੱਸ ਸਟੈਂਡ ਦੀ ਇਮਾਰਤ ਵਿੱਚ ਨਗਰ ਕੌਂਸਲ ਦਫ਼ਤਰ ਬਣਾਉਣ ਦੀ ਤਜਵੀਜ਼ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ।
ਪ੍ਰਧਾਨ ਆਸ਼ੂ ਉਪਨੇਜਾ ਨੇ ਦੱਸਿਆ ਕਿ ਭਵਿੱਖ ਦੀਆਂ ਜ਼ਰੂਰਤਾਂ ਨੂੰ ਦੇਖਦਿਆਂ ਫੈਸਲਾ ਲਿਆ ਗਿਆ ਹੈ ਕਿ ਨਗਰ ਕੌਂਸਲ ਦਫ਼ਤਰ ਦੀ ਨਵੀਂ ਇਮਾਰਤ ਬਰਵਾਲਾ ਰੋਡ ’ਤੇ ਖੁੱਲ੍ਹੀ ਥਾਂ ’ਤੇ ਕੈਂਟਰ ਯੂਨੀਅਨ ਵਾਲੀ ਕਰੀਬ ਇਕ ਏਕੜ ਥਾਂ ’ਤੇ ਉਸਾਰੀ ਜਾਵੇਗੀ। ਇਸੇ ਤਰ੍ਹਾਂ ਬੱਸ ਸਟੈਂਡ ’ਤੇ ਇਕ ਖੂਬਸੂਰਤ ਪਾਰਕ ਬਣਾਉਣ ਦਾ ਮਤਾ ਪਾਸ ਕੀਤਾ ਗਿਆ। ਇਸ ਪਾਰਕ ਵਿੱਚ ਬੱਸ ਸਟੈਂਡ ਦੇ ਪਿੱਛੇ ਲੱਗਦੇ ਟੈਂਕੀ ਵਾਲੇ ਛੋਟੇ ਪਾਰਕ ਨੂੰ ਵੀ ਜੋੜ ਲਿਆ ਜਾਏਗਾ। ਇਸ ਤੋਂ ਇਲਾਵਾ ਪੁਰਾਣੀ ਨਗਰ ਕੌਂਸਲ ਦੀ ਇਮਾਰਤ ਵਾਲੀ ਥਾਂ ’ਤੇ ਤਿੰਨ ਮੰਜ਼ਿਲਾ ਕਾਮਰਸ਼ੀਅਲ ਪਲਾਜ਼ਾ ਉਸਾਰਿਆ ਜਾਏਗਾ ਜਿਸ ਦੀਆਂ ਦੁਕਾਨਾਂ ਨੂੰ ਕਿਰਾਏ ’ਤੇ ਚੜ੍ਹਾਇਆ ਜਾਏਗਾ। ਇਸੇ ਤਰ੍ਹਾਂ ਫਾਇਰ ਸਟੇਸ਼ਨ ਨੂੰ ਇੱਥੋਂ ਬਦਲ ਕੇ ਉਸ ਦੀ ਥਾਂ ’ਤੇ ਬੱਸ ਸਟੈਂਡ ਉਸਾਰਿਆ ਜਾਏਗਾ ਅਤੇ ਸਬਜ਼ੀ ਮੰਡੀ ਨੂੰ ਹਾਈਵੇਅ ਤੋਂ ਬਦਲ ਕੇ ਖੁੱਲ੍ਹੀ ਥਾਂ ’ਤੇ ਲਿਜਾਇਆ ਜਾਏਗਾ।
ਪ੍ਰਧਾਨ ਆਸ਼ੂ ਉਪਨੇਜਾ ਨੇ ਅੱਗੇ ਦੱਸਿਆ ਕਿ ਸ਼ਹਿਰ ਦੇ ਮੁੱਖ ਰਾਮਬਾਗ ਸ਼ਮਸ਼ਾਨਘਾਟ ਦੀ ਦੇਖਰੇਖ ਦਾ ਕੰਮ ਇਕ ਨਿੱਜੀ ਸੰਸਥਾਂ ਭਾਰਤ ਵਿਕਾਸ ਪ੍ਰੀਸ਼ਦ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਸਥਾ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਤੋਂ ਇਲਾਵਾ ਸੱਤ ਕੌਂਸਲਰ ਸ਼ਾਮਲ ਹੋਣਗੇ। ਨਗਰ ਕੌਂਸਲ ਵੱਲੋਂ ਇਸੇ ਸ਼ਮਸ਼ਾਨਘਾਟ ਦੇ ਵਿਕਾਸ ਕਾਰਜਾਂ ’ਤੇ 30 ਲੱਖ ਰੁਪਏ ਖਰਚ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਆਬਾਦੀ ਵਾਲੇ ਖੇਤਰ ਵਿੱਚ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਪੰਜਾਬ ਸਰਕਾਰ ਤੋਂ ਮੰਗ ਕਰਨ ਲਈ ਪੱਤਰ ਲਿਖਣ ਬਾਰੇ, ਓਵਰਲੋਡ ਟਿੱਪਰਾਂ ਕਾਰਨ ਸੜਕਾਂ ਦੇ ਹੋ ਰਹੇ ਨੁਕਸਾਨ ਲਈ ਇਨ੍ਹਾਂ ’ਤੇ ਟੈਕਸ ਲਾਉਣ ਬਾਰੇ ਅਤੇ ਜਾਮ ਨੂੰ ਠੱਲ੍ਹ ਪਾਉਣ ਲਈ ਟਿੱਪਰਾਂ ਲਈ ਸਮਾਂ ਤੈਅ ਕਰਨ ਵਾਸਤੇ ਟਰੈਫਿਕ ਪੁਲੀਸ ਨੂੰ ਲਿਖਣ ਸਣੇ ਹੋਰ ਅਹਿਮ ਮਤੇ ਪਾਸ ਕੀਤੇ ਗਏ।

Advertisement

Advertisement
Advertisement
Author Image

joginder kumar

View all posts

Advertisement