ਕੌਮਾਂਤਰੀ ਡਰੱਗ ਮਾਮਲੇ ’ਚ ਆਇਆ ਨਵਾਂ ਮੋੜ
ਹਤਿੰਦਰ ਮਹਿਤਾ
ਜਲੰਧਰ, 1 ਅਪਰੈਲ
ਕੌਮਾਂਤਰੀ ਡਰੱਗ ਕਾਰਟਲ ਮਾਮਲੇ ਵਿੱਚ ਇੱਕ ਨਾਟਕੀ ਮੋੜ ਆ ਗਿਆ ਹੈ। ਮਨੀਸ਼ ਉਰਫ਼ ਮਨੀ ਠਾਕੁਰ, ਜੋ ਜਲੰਧਰ ਦਾ ਰਹਿਣ ਵਾਲਾ ਹੈ ਪਰ ਹੁਣ ਯੂਕੇ ਵਿੱਚ ਰਹਿ ਰਿਹਾ ਹੈ, ਨੇ ਇਸ ਕੇਸ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਨ ਲਈ ਫੇਸਬੁੱਕ ਜ਼ਰੀਏ ਲੋਕਾਂ ਤਕ ਪਹੁੰਚ ਕੀਤੀ ਹੈ। ਉਸ ਦੀ ਪਛਾਣ ਕਾਰਟਲ ਦੇ ਪਿੱਛੇ ਕਥਿਤ ਮਾਸਟਰਮਾਈਂਡ ਵਜੋਂ ਕੀਤੀ ਗਈ ਹੈ, ਜਿਸ ਨੂੰ ਹਾਲ ਹੀ ਵਿੱਚ ਸਿਟੀ ਪੁਲੀਸ ਨੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਸੀ। ਵੀਡੀਓ ਵਿੱਚ ਮਨੀ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਇਸ ਕੇਸ ਵਿੱਚੋਂ ਹਰਮਨ ਨੂੰ ਬਰੀ ਕਰਨ ਲਈ ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਨੇ ਹਰਮਨ ਨੂੰ ਛੱਡਣ ਬਦਲੇ ਉਸ ਨੂੰ 20 ਕਿੱਲੋ ਅਫੀਮ ਦਾ ਪ੍ਰਬੰਧ ਕਰਨ ਲਈ ਮਜਬੂਰ ਕੀਤਾ ਸੀ। ਮਨੀ ਨੇ ਵਿਧਾਇਕ ਦੇ ਪੀਏ ’ਤੇ ਹਰਮਨ ਦੀ ਮਦਦ ਕਰਨ ਦਾ ਦੋਸ਼ ਲਗਾਇਆ। ਉਸ ਨੇ ਇਸ ਸਬੰਧੀ ਵੀਡੀਓ ਅਤੇ ਕਾਲ ਰਿਕਾਰਡਿੰਗਾਂ ਸਣੇ ਠੋਸ ਸਬੂਤ ਰੱਖਣ ਦਾ ਦਾਅਵਾ ਕੀਤਾ। ਉਧਰ, ਸੀਆਈਏ ਇੰਚਾਰਜ ਸੁਰਿੰਦਰ ਕੁਮਾਰ ਨੇ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਸੀ, ਜਿਸ ਵਿਚ ਮਨੀ ਠਾਕੁਰ ਖ਼ਿਲਾਫ਼ ਪੁਖਤਾ ਸਬੂਤ ਹਨ। ਉਨ੍ਹਾਂ ਹਰਮਨ ਦੇ ਸਬੰਧ ਵਿੱਚ, ਉਸ ਦੀ ਜਾਂਚ ਦੀ ਸ਼ੁਰੂਆਤ ਤੋਂ ਹੀ ਸ਼ੱਕੀ ਵਜੋਂ ਪੁਸ਼ਟੀ ਕੀਤੀ। ਇਸ ਸਬੰਧੀ ਹੁਣ ਤੱਕ ਕੁੱਲ 29 ਕਿੱਲੋ ਅਫੀਮ ਬਰਾਮਦ ਹੋਈ ਅਤੇ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ ਕਸਟਮ ਵਿਭਾਗ ਦੇ 6 ਅਧਿਕਾਰੀਆਂ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ।