ਨਕਲੀ ਬੀਜਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਨਵੀਂ ਪਹਿਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਅਕਤੂਬਰ
ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਵਧੀਆ ਬੀਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕਿਊਆਰ ਕੋਡ ਸਿਸਟਮ ਦੀ ਸ਼ੁਰੂਆਤ ਕੀਤੀ ਹੈ। ਕਿਊਆਰ ਕੋਡ ਸਿਸਟਮ ਦੀ ਸ਼ੁਰੂਆਤ ਅੱਜ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ। ਉਨ੍ਹਾਂ ਕਿਹਾ ਕਿ ਕਿਊਆਰ ਕੋਡ ਪ੍ਰਣਾਲੀ ਨਕਲੀ ਬੀਜਾਂ ਦੀ ਮਾਰਕੀਟ ਖ਼ਤਮ ਕਰਦਿਆਂ ਬੀਜ ਸਪਲਾਈ ਚੇਨ ਦੀ ਇਕਸਾਰਤਾ ਤੇ ਮਿਆਰ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ। ਇਸ ਨਾਲ ਕਿਸਾਨ ਬੀਜਾਂ ਦੀ ਗੁਣਵੱਤਾ, ਸਰੋਤ ਅਤੇ ਪ੍ਰਮਾਣੀਕਰਣ ਬਾਰੇ ਆਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਦਾ ਹੈ।
ਖੁੱਡੀਆਂ ਨੇ ਕਿਹਾ ਕਿ ਕਿਸਾਨ ਬੀਜ ਖ਼ਰੀਦਣ ਤੋਂ ਪਹਿਲਾਂ ਬੀਜ ਦੇ ਥੈਲਿਆਂ ’ਤੇ ਲੱਗੇ ਕਿਊਆਰ ਕੋਡ ਟੈਗ ਨੂੰ ਸਕੈਨ ਕਰਕੇ ਉਸ ਬੀਜ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹਨ। ਕਿਊਆਰ ਕੋਡ ਸਕੈਨ ਕਰਕੇ ਬੀਜਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਹੋ ਜਾਵੇਗੀ। ਇਸ ਦੇ ਨਾਲ ਹੀ ਬੀਜ ਉਤਪਾਦਕ ਬਾਰੇ ਮੁਕੰਮਲ ਜਾਣਕਾਰੀ ਤੋਂ ਇਲਾਵਾ ਨਿਰੀਖਣ ਰਿਪੋਰਟਾਂ ਅਤੇ ਲੈਬ ਟੈਸਟਾਂ ਦੇ ਨਤੀਜਿਆਂ ਦੇ ਵੇਰਵੇ ਵੀ ਹੋਣਗੇ। ਇਸ ਨਾਲ ਲਾਇਸੰਸਸ਼ੁਦਾ ਡੀਲਰਾਂ ਵੱਲੋਂ ਕਿਸਾਨਾਂ ਨੂੰ ਸਰਟੀਫਾਈਡ ਬੀਜ ਹੀ ਵੇਚੇ ਜਾਣਗੇ, ਜਿਸ ਨਾਲ ਬੀਜਾਂ ਦੀ ਸਪਲਾਈ ਦੇ ਮਿਆਰ ਦੀ ਇਕਸਾਰਤਾ ਯਕੀਨੀ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਤੀਬਾੜੀ ਖੇਤਰ ਨੂੰ ਦਰਪੇਸ਼ ਚੁਣੌਤੀਆਂ ਅਤੇ ਮੁਸ਼ਕਲਾਂ ਦੇ ਹੱਲ ਲਈ ਲਗਾਤਾਰ ਯਤਨ ਕਰ ਰਹੀ ਹੈ। ਇਹ ਪ੍ਰਣਾਲੀ ਵਿਸ਼ੇਸ਼ ਤੌਰ ’ਤੇ ਬੀਜ ਉਤਪਾਦਨ, ਗੁਣਵੱਤਾ ਵਾਲੇ ਬੀਜ ਦੀ ਪਛਾਣ ਅਤੇ ਬੀਜ ਪ੍ਰਮਾਣੀਕਰਣ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣ ਲਈ ਤਿਆਰ ਕੀਤੀ ਗਈ ਹੈ।