ਇਜਾਰੇਦਾਰਾਂ ਦੀ ਨਵੀਂ ਪੀੜ੍ਹੀ ਨੇ ਈਸਟ ਇੰਡੀਆ ਕੰਪਨੀ ਦੀ ਥਾਂ ਮੱਲੀ: ਰਾਹੁਲ ਗਾਂਧੀ
ਨਵੀਂ ਦਿੱਲੀ, 6 ਨਵੰਬਰ
ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ‘ਈਸਟ ਇੰਡੀਆ ਕੰਪਨੀ’ ਭਾਵੇਂ 150 ਸਾਲ ਪਹਿਲਾਂ ਖਤਮ ਹੋ ਗਈ ਸੀ ਪਰ ਉਸ ਵੱਲੋਂ ਪੈਦਾ ਕੀਤਾ ਗਿਆ ਡਰ ਹੁਣ ਫਿਰ ਦਿਖਾਈ ਦੇਣ ਲੱਗਾ ਹੈ ਤੇ ਨਵੀਂ ਪੀੜ੍ਹੀ ਦੇ ਇਜਾਰੇਦਾਰਾਂ ਨੇ ਉਸ ਦੀ ਥਾਂ ਮੱਲ ਲਈ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ‘‘ਪ੍ਰਗਤੀਸ਼ੀਲ ਭਾਰਤੀ ਵਪਾਰ ਲਈ ਨਿਊ ਡੀਲ ਇੱਕ ਅਜਿਹੀ ਸੋਚ ਹੈ, ਜਿਸ ਦਾ ਸਮਾਂ ਆ ਗਿਆ ਹੈ।’’ ਇੱਕ ਇੰਟਰਵਿਊ ਦੌਰਾਨ ਰਾਹੁਲ ਗਾਂਧੀ ਨੇ ਕਿਹਾ, ‘‘ਇਜਾਰੇਦਾਰਾਂ ਦੀ ਨਵੀਂ ਪੀੜ੍ਹੀ ਨੇ ‘ਈਸਟ ਇੰਡੀਆ ਕੰਪਨੀ’ ਦੀ ਥਾਂ ਲੈ ਲਈ ਹੈ, ਜਿਸ ਦੇ ਨਤੀਜੇ ਵਜੋਂ ਜਿੱਥੇ ਭਾਰਤ ਵਿੱਚ ਹਰ ਕਿਸੇ ਲਈ ਗ਼ੈਰਬਰਾਬਰੀ ਤੇ ਅਨਿਆਂ ਵਧ ਰਿਹਾ ਹੈ, ਉੱਥੇ ਹੀ ਹਰ ਵਰਗ ਪੈਸਾ ਇਕੱਠਾ ਕਰਨ ’ਚ ਲੱਗਾ ਹੋਇਆ ਹੈ। ਸਾਡੇ ਅਦਾਰੇ ਹੁਣ ਸਾਡੇ ਲੋਕਾਂ ਦੇ ਨਹੀਂ ਰਹੇ। ਉਹ ਹੁਣ ਇਜਾਰੇਦਾਰਾਂ ਦਾ ਹੁਕਮ ਮੰਨਦੇ ਹਨ।’’ -ਪੀਟੀਆਈ
ਭਾਜਪਾ ਵੱਲੋਂ ਰਾਹੁਲ ਨੂੰ ਤੱਥਾਂ ਦੀ ਜਾਂਚ ਕਰਨ ਦੀ ਸਲਾਹ
ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਬੇਬੁਨਿਆਦ ਦੋਸ਼ ਲਾਉਣ ਲਈ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਤੇ ਉਨ੍ਹਾਂ ਨੂੰ ਕਿਸੇ ਸਿੱਟੇ ’ਤੇ ਪਹੁੰਚਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ। ਭਗਵਾ ਪਾਰਟੀ ਨੇ ਕਿਹਾ, ‘‘ਕਥਿਤ ‘ਮੈਚ ਫਿਕਸਿੰਗ ਇਜਾਰੇਦਾਰ ਗਰੁੱਪ ਬਨਾਮ ਸਾਫ ਸੁਥਰਾ ਕਾਰੋਬਾਰ’ ਰਾਹੀਂ ਮੋਦੀ ਸਰਕਾਰ ਵਿਰੁੱਧ ਇੱਕ ਹੋਰ ਬੇਬੁਨਿਆਦ ਦੋਸ਼ ਸਿਰਫ ਇਕ ਭਰਮਾਊ ਚਾਲ ਹੈ।’’ -ਪੀਟੀਆਈ