For the best experience, open
https://m.punjabitribuneonline.com
on your mobile browser.
Advertisement

ਜੋਸ਼ੀਮੱਠ ਦੀ ਰਿਹਾਇਸ਼ੀ ਇਮਾਰਤ ਨੇਡ਼ੇ ਨਵੀਂ ਦਰਾਰ ਉੱਭਰੀ

06:50 AM Jul 04, 2023 IST
ਜੋਸ਼ੀਮੱਠ ਦੀ ਰਿਹਾਇਸ਼ੀ ਇਮਾਰਤ ਨੇਡ਼ੇ ਨਵੀਂ ਦਰਾਰ ਉੱਭਰੀ
Advertisement

* ਲੋਕਾਂ ਅਤੇ ਪ੍ਰਸ਼ਾਸਨ ਦੀ ਚਿੰਤਾ ਵਧੀ
* ‘ਜੋਸ਼ੀਮੱਠ ਬਚਾਓ ਸੰਘਰਸ਼ ਸਮਿਤੀ’ ਨੇ ਤਹਿਸੀਲ ਦਫ਼ਤਰ ਵਿੱਚ ਧਰਨਾ ਦਿੱਤਾ

ਗੋਪੇਸ਼ਵਰ (ਉੱਤਰਾਖੰਡ), 3 ਜੁਲਾਈ
ਜ਼ਮੀਨ ਧਸਣ ਕਾਰਨ ਪ੍ਰਭਾਵਿਤ ਜੋਸ਼ੀਮੱਠ ਵਿੱਚ ਹੁਣ ਇੱਕ ਰਿਹਾਇਸ਼ੀ ਇਮਾਰਤ ਨੇਡ਼ੇ ਨਵੀਂ ਦਰਾਰ ਉਭਰੀ ਹੈ, ਜਿਸਨੇ ਉੱਥੋਂ ਦੇ ਸਥਾਨਕ ਵਸਨੀਕਾਂ ਤੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਇਹ ਦਰਾਰ ਸੁਨੀਲ ਵਾਰਡ ਵਿੱਚ ਇੱਕ ਰਿਹਾਇਸ਼ੀ ਇਮਾਰਤ ਤੇ ਜੋਸ਼ੀਮੱਠ-ਅੌਲੀ ਮੋਟਰ ਰੋਡ ਦੀ ਕੰਧ ਵਿਚਕਾਰ ਦੋ ਕੁ ਦਿਨ ਪਹਿਲਾਂ ਦਿਖਾਈ ਦਿੱਤੀ ਸੀ ਜਿਸਦਾ ਮੁਆਇਨਾ ਕਰਨ ਲਈ ਜੋਸ਼ੀਮੱਠ ਦੇ ਤਹਿਸੀਲਦਾਰ ਰਵੀ ਸ਼ਾਹ ਪੀਡਬਲਿਊਡੀ ਵਿਭਾਗ ਦੇ ਇੰਜਨੀਅਰਾਂ ਦੀ ਟੀਮ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਇਸ ਸਬੰਧੀ ਪੀਟੀਆਈ ਨਾਲ ਫੋਨ ’ਤੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਮੌਕੇ ’ਤੇ ਪੁੱਜਣ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਨੇ ਉਸ ਦਰਾਰ ਨੂੰ ਮਿੱਟੀ ਨਾਲ ਭਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟੀਮ ਵੱਲੋਂ ਇਸ ਮਾਮਲੇ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਸਥਾਨਕ ਲੋਕਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਮੌਨਸੂਨ ਆਉਣ ਨਾਲ ਜ਼ਮੀਨ ਧਸਣ ਦੀ ਸਮੱਸਿਆ ਹੋਰ ਵਧ ਜਾਵੇਗੀ। ‘ਜੋਸ਼ੀਮੱਠ ਬਚਾਓ ਸੰਘਰਸ਼ ਸਮਿਤੀ’ ਦੇ ਬੁਲਾਰੇ ਕਮਲ ਰਾਤੂਰੀ ਨੇ ਦੱਸਿਆ ਕਿ ਇਹ ਤਾਜ਼ਾ ਦਰਾਰ ਵਿਨੋਦ ਸਕਲਾਨੀ ਦੇ ਘਰ ਨੇਡ਼ੇ ਦਿਖਾਈ ਦਿੱਤੀ ਹੈ, ਜੋ ਲਗਪਗ ਛੇ ਫੁੱਟ ਡੂੰਘੀ ਹੈ। ਇਸ ਦੌਰਾਨ ਸਮਿਤੀ ਮੈਂਬਰਾਂ ਨੇ ਜੋਸ਼ੀਮੱਠ ਵਿੱਚ ਜ਼ਮੀਨ ਧਸਣ ਦੇ ਮਾਮਲੇ ’ਚ ਛੇ ਮਹੀਨਿਆਂ ਬਾਅਦ ਵੀ ਵਿਗਿਆਨੀਆਂ ਦੀ ਰਿਪੋਰਟ ਜਨਤਕ ਨਾ ਕੀਤੇ ਜਾਣ ਦੇ ਰੋਸ ਵਜੋਂ ਤਹਿਸੀਲ ਦਫ਼ਤਰ ’ਚ ਧਰਨਾ ਦਿੱਤਾ। ਸਮਿਤੀ ਦੇ ਕਨਵੀਨਰ ਅਤੁਲ ਸੱਤੀ ਨੇ ਮੰਗ ਕੀਤੀ ਕਿ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਤਾਂ ਕਿ ਲੋਕ ਇਹ ਗੱਲ ਜਾਣ ਸਕਣ ਕਿ ਆਪਣੇ ਘਰ ਛੱਡ ਕੇ ਦੂਜੀਆਂ ਥਾਵਾਂ ’ਤੇ ਜਾਣ ਤੋਂ ਬਾਅਦ ਉਹ ਕਿੰਨੇ ਕੁ ਸੁਰੱਖਿਅਤ ਹਨ। -ਪੀਟੀਆਈ

Advertisement

ਮਹਾਰਾਸ਼ਟਰ: ਪਾਲਘਰ ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਸਡ਼ਕ ਧਸੀ

ਠਾਣੇ/ਪਾਲਘਰ (ਪੀਟੀਆੲੀ): ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਸਡ਼ਕ ਦਾ ਇੱਕ ਹਿੱਸਾ ਧਸ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਡ਼ਕ ਦਾ ਇਹ ਹਿੱਸਾ ਜਾਵਹਰ ਤੇ ਧਾਬੇਰੀ ਇਲਾਕੇ ਵਿਚਾਲੇ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਸੇ ਤਰ੍ਹਾਂ ਗੁਆਂਢੀ ਜ਼ਿਲ੍ਹੇ ਠਾਣੇ ਦੇ ਅੰਬਰਨਾਥ ਸ਼ਹਿਰ ’ਚ ਭਾਰੀ ਮੀਂਹ ਕਾਰਨ ਇੱਕ ਇਮਾਰਤ ਦੀ ਛੱਤ ਡਿੱਗ ਗਈ। ਜ਼ਿਲ੍ਹਾ ਆਫਤ ਕੰਟਰੋਲ ਅਧਿਕਾਰੀ ਨੇ ਦੱਸਿਆ ਕਿ ਇੱਥੇ ਇੱਕ 30 ਸਾਲ ਪੁਰਾਣੀ ਚਾਰ ਮੰਜ਼ਿਲਾ ਇਮਾਰਤ ਦੀ ਛੱਤ ਡਿੱਗੀ ਹੈ। ਉਨ੍ਹਾਂ ਦੱਸਿਆ ਕਿ ਅੰਬਰਨਾਥ ਨਗਰ ਕੌਂਸਲ ਨੇ ਪਹਿਲਾਂ ਹੀ ਸ਼ਹਿਰ ਵਿਚਲੀਆਂ 210 ਖਤਰਨਾਕ ਤੇ 13 ਸਭ ਤੋਂ ਖਤਰਨਾਕ ਇਮਾਰਤਾਂ ਦੀ ਸੂਚੀ ਜਾਰੀ ਕੀਤੀ ਜਾਰੀ ਸੀ ਤੇ ਜਿਸ ਇਮਾਰਤ ਦੀ ਛੱਤ ਡਿੱਗੀ ਹੈ, ਉਹ ਇਸੇ ਸੂਚੀ ’ਚ ਸ਼ਾਮਲ ਇਮਾਰਤਾਂ ’ਚੋਂ ਇੱਕ ਹੈ। ਠਾਣੇ ਜ਼ਿਲ੍ਹੇ ਦੇ ਹੀ ਭਾਨਯਾਂਦਰ ਸ਼ਹਿਰ ’ਚ ਇੱਕ ਪਖਾਨੇ ਦੀ ਛੱਤ ਦਾ ਹਿੱਸਾ ਡਿੱਗਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗੲੇ ਹਨ। ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤਦਵੀ ਨੇ ਦੱਸਿਆ ਕਿ ਅੱਜ ਸਵੇਰੇ 8.30 ਵਜੇ ਤੱਕ ਠਾਣੇ ਸ਼ਹਿਰ ’ਚ 56.84 ਮਿਲੀਮੀਟਰ ਮੀਂਹ ਪਿਆ ਹੈ। ਉਨ੍ਹਾਂ ਦੱਸਿਆ ਕਿ ਮੌਨਸੂਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇੱਥੇ 742.29 ਮਿਲੀਮੀਟਰ ਮੀਂਹ ਪਿਆ ਹੈ ਜੋ ਕਿ ਪਿਛਲੇ ਸਾਲ ਇਸੇ ਸਮੇਂ ਪਏ ਮੀਂਹ ਨਾਲੋਂ 73.50 ਫੀਸਦ ਵੱਧ ਹੈ। -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×