For the best experience, open
https://m.punjabitribuneonline.com
on your mobile browser.
Advertisement

ਜਿਨਸੀ ਹਿੰਸਾ ਰੋਕਣ ਲਈ ਬਹੁਪੱਖੀ ਪਹੁੰਚ ਦੀ ਲੋੜ

08:50 AM Sep 07, 2024 IST
ਜਿਨਸੀ ਹਿੰਸਾ ਰੋਕਣ ਲਈ ਬਹੁਪੱਖੀ ਪਹੁੰਚ ਦੀ ਲੋੜ
Advertisement

ਡਾ. ਅਰੁਣ ਮਿੱਤਰਾ

Advertisement

ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਨੇ ਨਾ ਸਿਰਫ਼ ਮੈਡੀਕਲ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਗੋਂ ਸਮਾਜ ਦੇ ਹਰ ਵਰਗ ਦੇ ਲੋਕ ਰੋਹ ਵਿੱਚ ਹਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਨ ਲਈ ਸੜਕਾਂ ’ਤੇ ਆ ਰਹੇ ਹਨ। ਉਹ ਜਾਂਚ ਦੀ ਪ੍ਰਗਤੀ ਵਿੱਚ ਦੇਰੀ ਤੋਂ ਨਾਖੁਸ਼ ਹਨ। ਇਹ ਰਿਪੋਰਟ ਕਿ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਨੇ ਲੋਕਾਂ ਨੂੰ ਹੋਰ ਗੁੱਸੇ ਵਿੱਚ ਲੈ ਆਂਦਾ ਹੈ।
ਹਾਲ ਹੀ ਦੇ ਸਮੇਂ ਵਿੱਚ ਇਹ ਇਕੱਲਾ ਮਾਮਲਾ ਨਹੀਂ ਹੈ ਕਿਉਂਕਿ ਕੋਲਕਾਤਾ ਮਾਮਲੇ ਤੋਂ ਬਾਅਦ ਪਿਛਲੇ ਦਿਨਾਂ ਦੌਰਾਨ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਜਿਨਸੀ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਕੋਲਕਾਤਾ ਮਾਮਲੇ ਦੇ ਪੰਜ ਦਿਨ ਬਾਅਦ ਹੀ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਪੰਜਾਬ ਦੀ ਇੱਕ ਨਾਬਾਲਗ ਲੜਕੀ ਨਾਲ ਇੱਕ ਬੱਸ ਵਿੱਚ ਬਲਾਤਕਾਰ ਕੀਤਾ ਗਿਆ। ਕੇਂਦਰੀ ਅਪਰਾਧ ਬਿਊਰੋ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਰੋਜ਼ ਲਗਭਗ 90 ਲੜਕੀਆਂ ਨਾਲ ਬਲਾਤਕਾਰ ਹੁੰਦਾ ਹੈ। ਗੈਰ-ਰਿਪੋਰਟ ਕੀਤੇ ਗਏ ਅੰਕੜੇ ਬਹੁਤ ਜ਼ਿਆਦਾ ਹੋਣੇ ਚਾਹੀਦੇ ਹਨ ਕਿਉਂਕਿ ਗ਼ਰੀਬ ਲੋਕਾਂ ਨੂੰ ਕੁਝ ਪੈਸੇ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਪੁਲੀਸ ’ਤੇ ਭਰੋਸਾ ਨਾ ਹੋਣ, ਦੋਸ਼ੀਆਂ ਦੇ ਡਰ ਅਤੇ ‘ਬਲਾਤਕਾਰ ਹੋਣ ਦੇ ਕਲੰਕ’ ਕਾਰਨ ਇਨ੍ਹਾਂ ’ਚੋਂ ਬਹੁਤ ਸਾਰੇ ਥਾਣੇ ਹੀ ਨਹੀਂ ਜਾਂਦੇ।
ਜਦੋਂ ਵੀ ਔਰਤਾਂ ’ਤੇ ਜਿਨਸੀ ਹਿੰਸਾ ਦਾ ਕਹਿਰ ਹੁੰਦਾ ਹੈ, ਇਸ ’ਤੇ ਪ੍ਰਤੀਕਿਰਿਆ ਕੁਝ ਦਿਨ ਰਹਿੰਦੀ ਹੈ ਅਤੇ ਫਿਰ ਜ਼ਿੰਦਗੀ ਆਮ ਵਾਂਗ ਹੋ ਜਾਂਦੀ ਹੈ। ਕੁਝ ਸਮੇਂ ਬਾਅਦ ਲੋਕ ਘਟਨਾ ਨੂੰ ਭੁੱਲ ਜਾਂਦੇ ਹਨ। ਪਰ ਪੀੜਤਾ (ਜੇਕਰ ਉਹ ਬਚ ਗਈ ਹੈ) ਅਤੇ ਪਰਿਵਾਰ ਲਈ ਜੇ ਉਹ ਮਾਰੀ ਗਈ ਹੈ, ਤਾਂ ਇਹ ਘਟਨਾ ਸਾਰੀ ਉਮਰ ਦੇ ਦੁੱਖ ਦਾ ਕਾਰਨ ਬਣ ਜਾਂਦੀ ਹੈ। ਕੁਝ ਮਾਮਲੇ ਮੀਡੀਆ ਵਿੱਚ ਉਜਾਗਰ ਕੀਤੇ ਜਾਂਦੇ ਹਨ ਅਤੇ ਇਸ ਲਈ ਉਹ ਵਧੇਰੇ ਧਿਆਨ ਖਿੱਚਦੇ ਹਨ ਪਰ ਸਾਡੇ ਦੇਸ਼ ਵਿੱਚ ਅਣਗਿਣਤ ਗ਼ਰੀਬ ਲੋਕਾਂ ਦੇ ਦੁੱਖਾਂ ਦੀ ਰਿਪੋਰਟ ਤਕ ਨਹੀਂ ਕੀਤੀ ਜਾਂਦੀ।
ਸਾਡੇ ਮਨ ਵਿੱਚ ਇਹ ਸਵਾਲ ਘੁੰਮ ਰਿਹਾ ਹੈ ਕਿ ਸਥਿਤੀ ਨੂੰ ਕਿਵੇਂ ਬਦਲਿਆ ਜਾਵੇ। ਇਹ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਹਰ ਔਰਤ ਕੰਮ ਵਾਲੀ ਥਾਂ, ਗਲੀ, ਬਾਜ਼ਾਰ ਜਾਂ ਘਰ ਵਿੱਚ ਵੀ ਸੁਰੱਖਿਅਤ ਮਹਿਸੂਸ ਕਰੇ?
ਜਿਨਸੀ ਹਿੰਸਾ ਵਿੱਚ ਕਈ ਕਾਰਕ ਸ਼ਾਮਲ ਹੁੰਦੇ ਹਨ। ਇਹ ਸਾਰੀ ਸਮੱਸਿਆ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਨਰ ਬੱਚੇ ਨੂੰ ਲਾਡ-ਪਿਆਰ ਕੀਤਾ ਜਾਂਦਾ ਹੈ ਅਤੇ ਕਈ ਵਾਰ ਮਾਦਾ ਜਨਮ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤੀ ਜਾਂਦੀ ਹੈ। ਕਿਸ਼ੋਰ ਉਮਰ ਵਿੱਚ ਵੀ, ਜ਼ਿਆਦਾਤਰ ਲੋਕ ਪੁਰਸ਼ ਬੱਚੇ ਦੀ ਸਿੱਖਿਆ ਨੂੰ ਤਰਜੀਹ ਦਿੰਦੇ ਹਨ। ਇਸ ਨਾਲ ਲੜਕਿਆਂ ਵਿੱਚ ਮਹਾਨਤਾ ਦੀ ਭਾਵਨਾ ਪੈਦਾ ਹੁੰਦੀ ਹੈ। ਮਰਦਾਨਗੀ ਅਤੇ ਸਰੀਰਕ ਤਾਕਤ ਦੀ ਭਾਵਨਾ ਕਾਰਨ ਬਹੁਤ ਸਾਰੇ ਪੁਰਸ਼ ਔਰਤਾਂ ਨੂੰ ਨੀਵਾਂ ਅਤੇ ਮਾਮੂਲੀ ਸਮਝਦੇ ਹਨ।
ਯੁੱਗਾਂ-ਯੁੱਗਾਂ ਤੋਂ ਸੰਸਥਾਗਤ ਤੌਰ ’ਤੇ ਬਣੀਆਂ ਪਿਤਾ-ਪੁਰਖੀ ਕਦਰਾਂ-ਕੀਮਤਾਂ ਨੂੰ ਬਦਲਣਾ ਆਸਾਨ ਨਹੀਂ ਹੈ। ਇਨ੍ਹਾਂ ਕਦਰਾਂ-ਕੀਮਤਾਂ ਨੂੰ ਬਦਲਣ ਵੇਲੇ ਪੁਰਸ਼ਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾਂਦਾ ਹੈ। ਭਾਵੇਂ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਹੀ ਹੁੰਦੀ ਹੈ, ਪਰ ਕੁਝ ਸਾਲ ਪਹਿਲਾਂ ਹੀ ਸਕੂਲ ਦੇ ਸਰਟੀਫਿਕੇਟਾਂ ਵਿੱਚ ਮਾਂ ਦਾ ਨਾਂ ਦਰਜ ਕੀਤਾ ਜਾਣਾ ਸ਼ੁਰੂ ਹੋਇਆ ਹੈ। ਇਸ ਦੇ ਬਾਵਜੂਦ ਔਰਤਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਅੱਜਕੱਲ੍ਹ ਲਗਭਗ 60-70 ਫ਼ੀਸਦੀ ਡਾਕਟਰ ਇਸਤਰੀਆਂ ਹਨ। ਹੱਥੀਂ ਕਿਰਤ ਕਰਨ ਵਿੱਚ ਵੀ ਉਹ ਪੁਰਸ਼ਾਂ ਤੋਂ ਪਿੱਛੇ ਨਹੀਂ ਰਹੀਆਂ, ਜਿਸ ਨੂੰ ਪੁਰਸ਼ ਸਿਰਫ਼ ਸਰੀਰਕ ਤਾਕਤ ਕਾਰਨ ਕੇਵਲ ਆਪਣਾ ਖੇਤਰ ਸਮਝਦੇ ਹਨ। ਬਹੁਤ ਸਾਰੇ ਪੁਰਸ਼ ਇਸ ਗੱਲ ਨਾਲ ਤਾਲਮੇਲ ਨਹੀਂ ਬਿਠਾ ਪਾਉਂਦੇ ਕਿ ਉਨ੍ਹਾਂ ਵਿੱਚ ਸਰੀਰਕ ਤਾਕਤ ਜ਼ਿਆਦਾ ਹੈ ਪਰ ਔਰਤਾਂ ਉਹ ਪ੍ਰਦਰਸ਼ਨ ਕਰਦੀਆਂ ਹਨ ਜੋ ਜੀਵ-ਵਿਗਿਆਨਕ ਅੰਤਰਾਂ ਕਾਰਨ ਪੁਰਸ਼ ਕਦੇ ਵੀ ਨਹੀਂ ਕਰ ਸਕਦੇ।
ਪਿਛਲੇ ਸਮੇਂ ਵਿੱਚ ਸਮਾਜਿਕ ਕੀਮਤਾਂ ਕਦਰਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਧਰਮ, ਜੋ ਸਮਾਜ ਵਿੱਚ ਕਦਰਾਂ-ਕੀਮਤਾਂ ਨੂੰ ਸਿਰਜਣ ਲਈ ਮਾਰਗ ਦਰਸ਼ਕ ਹੁੰਦਾ ਸੀ, ਹੁਣ ਵਪਾਰਕ ਅਖਾੜੇ ਵਿੱਚ ਬਦਲ ਗਿਆ ਹੈ। ਔਰਤਾਂ ਨੂੰ ਕਈ ਥਾਵਾਂ ’ਤੇ ਪ੍ਰਾਰਥਨਾ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਇਹ ਸਾਰੇ ਧਰਮਾਂ ਲਈ ਸੱਚ ਹੈ। ਉਨ੍ਹਾਂ ਨੂੰ ਕੁਝ ਮੰਦਰਾਂ ਵਿੱਚ ਗ਼ੈਰ ਵਿਗਿਆਨਕ ਬੇਤੁਕੇ ਆਧਾਰਾਂ ’ਤੇ ਦਾਖਲ ਹੋਣ ਦੀ ਮਨਾਹੀ ਹੈ। ਅਜਿਹੀ ਮਾਨਸਿਕਤਾ ਨਾ ਸਿਰਫ਼ ਔਰਤਾਂ ਵਿਰੋਧੀ ਹੈ ਸਗੋਂ ਇਹ ਸਮਾਜ ਦੇ ਸਾਰੇ ਕਮਜ਼ੋਰ ਵਰਗਾਂ ਪ੍ਰਤੀ ਵਿਰੋਧੀ ਭਾਵਨਾ ਪੈਦਾ ਕਰਦੀ ਹੈ।
ਸਾਡੇ ਦੇਸ਼ ਵਿੱਚ ‘ਕ੍ਰੋਨੀ ਪੂੰਜੀਵਾਦ’ ਦੇ ਉਭਾਰ ਨੇ ਪੈਸੇ ਦੀ ਪਾਗਲ ਦੌੜ ਨੂੰ ਜਨਮ ਦਿੱਤਾ ਹੈ ਜਿਸ ਨੇ ਇਸ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਵਿਡੰਬਨਾ ਇਹ ਹੈ ਕਿ ਅੱਜਕੱਲ੍ਹ ਸਿਆਸੀ ਢਾਂਚਾ ਇਨ੍ਹਾਂ ਕ੍ਰੋਨੀ ਪੂੰਜੀਪਤੀਆਂ ਦੇ ਕੰਟਰੋਲ ਵਿੱਚ ਹੈ। ਅਜਿਹੇ ਮਾਮਲਿਆਂ ਵਿੱਚ ਸਿਆਸੀ ਢਾਂਚੇ ਦੀ ਇੱਕ ਸ਼ਕਤੀਸ਼ਾਲੀ ਭੂਮਿਕਾ ਹੁੰਦੀ ਹੈ। ਅਜਿਹੀਆਂ ਕਈ ਉਦਾਹਰਣਾਂ ਹਨ ਜਦੋਂ ਬਲਾਤਕਾਰੀਆਂ ਅਤੇ ਕਾਤਲਾਂ ਸਮੇਤ ਅਪਰਾਧਿਕ ਤੱਤਾਂ ਨੂੰ ਰਾਜਨੀਤਿਕ ਸ਼ਕਤੀਆਂ ਦੁਆਰਾ ਸ਼ਹਿ ਦਿੱਤੀ ਗਈ ਹੈ। ਫਿਰ ਅਸੀਂ ਤਬਦੀਲੀ ਦੀ ਉਮੀਦ ਕਿਵੇਂ ਕਰ ਸਕਦੇ ਹਾਂ, ਜਦੋਂ ਪੀੜਤ ਕਿਸੇ ਹੋਰ ਸਮਾਜ ਜਾਂ ਅਖੌਤੀ ਨੀਵੀਂ ਜਾਤ ਦਾ ਹੋਵੇ ਤਾਂ ਕੇਸ ਦੀ ਜਾਂਚ ਵਿੱਚ ਵੀ ਪੱਖਪਾਤ ਸਾਫ਼ ਨਜ਼ਰ ਆਉਂਦਾ ਹੈ। ਮਨੀਪੁਰ ਵਿੱਚ ਔਰਤਾਂ ਵਿਰੁੱਧ ਅਤਿਅੰਤ ਜਿਨਸੀ ਹਿੰਸਾ ਪ੍ਰਤੀ ਸਰਕਾਰ ਦੀ ਉਦਾਸੀਨਤਾ ਆਪਣੇ ਆਪ ਨੂੰ ਬਿਆਨ ਕਰਦੀ ਹੈ। ਇਹ ਮੰਦਭਾਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਹਮੇਸ਼ਾ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੀ ਗੱਲ ਕਰਦੇ ਹਨ, ਨੇ ਇੱਕ ਵਾਰ ਵੀ ਇਨ੍ਹਾਂ ਘਟਨਾਵਾਂ ਦੀ ਨਿਖੇਧੀ ਨਹੀਂ ਕੀਤੀ ਤੇ ਨਾ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਸੂਬੇ ਦਾ ਦੌਰਾ ਕਰਨ ਦੀ ਖੇਚਲ ਕੀਤੀ। ਸਾਨੂੰ ਹਿੰਸਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਕਾਨੂੰਨ ਦੀ ਲੋੜ ਹੈ। ਕੰਮ ਵਾਲੀ ਥਾਂ ’ਤੇ ਔਰਤਾਂ ਦੀ ਸੁਰੱਖਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਉਣ ਦੀ ਲੋੜ ਹੈ। ਇੱਕ ਸਿਹਤ ਕਰਮਚਾਰੀ ਨੂੰ ਅਜੀਬ ਤੇ ਔਕੜ ਭਰੇ ਹਾਲਾਤ ਵਿੱਚ ਵੀ ਦਿਨ ਰਾਤ ਕੰਮ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਦੀ ਸੁਰੱਖਿਆ ਦੇ ਨਾਲ ਜੁੜੇ ਮਸਲੇ ਨੂੰ ਤੁਰੰਤ ਵਿਚਾਰਨ ਦੀ ਲੋੜ ਹੈ। ਜਿਨਸੀ ਸ਼ੋਸ਼ਣ ਕਮੇਟੀਆਂ ਬਣਾਉਣ ਵਰਗੇ ਪਹਿਲਾਂ ਤੋਂ ਹੀ ਮੌਜੂਦਾ ਕਾਨੂੰਨਾਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਸਿਵਲ ਸੁਸਾਇਟੀ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਪਵੇਗਾ। ਸਾਨੂੰ ਇੱਕ-ਦੂਜੇ ਦੇ ਨਾਲ ਖੜ੍ਹੇ ਹੋ ਕੇ ਇੱਕ ਦੂਸਰੇ ਦੇ ਮੁੱਦਿਆਂ ਨੂੰ ਸਮਝਣਾ ਹੋਵੇਗਾ ਅਤੇ ਸਮਾਜ ਵਿੱਚ ਖ਼ਾਸ ਤੌਰ ‘ਤੇ ਕਮਜ਼ੋਰ ਅਤੇ ਹਾਸ਼ੀਏ ’ਤੇ ਪਏ ਵਰਗਾਂ ਦਾ ਸਮਰਥਨ ਕਰਨਾ ਹੋਵੇਗਾ।
ਇਹ ਬਹੁਤ ਜ਼ਰੂਰੀ ਹੈ ਕਿ ਨਰ ਅਤੇ ਮਾਦਾ ਬੱਚੇ ਦੋਵਾਂ ਨੂੰ ਬਰਾਬਰ ਸਮਝਿਆ ਜਾਵੇ। ਲੜਕਿਆਂ ਨੂੰ ਛੋਟੀ ਉਮਰ ਤੋਂ ਹੀ ਸਮਝਾਇਆ ਜਾਣਾ ਚਾਹੀਦਾ ਹੈ ਕਿ ਉਹ ਆਪਣੀਆਂ ਸਖੀਆਂ ਅਤੇ ਨਜ਼ਦੀਕੀ ਦੇ ਰਿਸ਼ਤੇ ਦੀਆਂ ਭੈਣਾਂ ਅਤੇ ਸਮਾਜ ਦੀਆਂ ਹੋਰ ਕੁੜੀਆਂ ਦਾ ਸਤਿਕਾਰ ਕਰਨ। ਆਕ੍ਰਮਕਤਾ ਦਿਖਾਉਣ ਵਾਲਾ ਕੋਈ ਵੀ ਲੜਕਾ ਸ਼ੁਰੂ ਤੋਂ ਹੀ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਇਹ ਕਿਸੇ ਵੀ ਵਿਅਕਤੀ ਪ੍ਰਤੀ ਉਸ ਦਾ ਆਮ ਵਿਹਾਰ ਬਣ ਸਕਦਾ ਹੈ ਜਿਸ ਨੂੰ ਉਹ ਆਪਣੇ ਤੋਂ ਘਟੀਆ ਸਮਝਦਾ ਹੈ।
ਇਹ ਮਿੱਥ ‘ਕਿ ਮੋਕਸ਼ ਪ੍ਰਾਪਤ ਕਰਨ ਲਈ ਇਹ ਜ਼ਰੂਰੀ ਹੈ ਕਿ ਨਰ ਬੱਚੇ ਨੂੰ ਚਿਤਾ ਜਗਾਉਣੀ ਚਾਹੀਦੀ ਹੈ’ ਨੂੰ ਤੋੜਨਾ ਚਾਹੀਦਾ ਹੈ। ਵਿਆਹ ਦੀ ਸੰਸਥਾ ਨੂੰ ਦੋ ਪਰਿਵਾਰਾਂ ਦੇ ਮਿਲਣ ਦੇ ਰੂਪ ਵਿੱਚ ਸਮਝਿਆ ਜਾਣਾ ਚਾਹੀਦਾ ਹੈ ਨਾ ਕਿ ਲੜਕੀ ਦੇ ਪਰਿਵਾਰ ’ਤੇ ਲਾੜੇ ਦੇ ਪਰਿਵਾਰ ਦੇ ਦਬਦਬੇ ਵਜੋਂ।
ਇਹ ਸਭ ਤੋਂ ਵੱਧ ਮਹੱਤਵਪੂਰਨ ਹੈ ਕਿ ਸਮਾਜ ਘਰ ਤੋਂ ਲੈ ਕੇ ਵਿਧਾਨਪਾਲਿਕਾ, ਪੁਲੀਸ ਅਤੇ ਰਾਜਨੀਤੀ ਤੱਕ ਸਾਰੇ ਖੇਤਰਾਂ ਵਿੱਚ ਪਿਤਰਵਾਦੀ ਸੋਚ ਨੂੰ ਦੂਰ ਕਰਨ ਲਈ ਸੰਵੇਦਨਸ਼ੀਲ ਹੋਵੇ। ਜਗੀਰੂ ਸੋਚ ਨੂੰ ਰੱਦ ਕਰਨਾ ਹੋਵੇਗਾ। ਇਸ ਸਭ ਲਈ ਸਾਨੂੰ ਸਮਾਜਿਕ-ਰਾਜਨੀਤਕ ਲਹਿਰਾਂ ਦੀ ਲੋੜ ਹੈ।
ਸਮਾਜ ਵਿੱਚ ਖ਼ਾਸ ਤੌਰ ’ਤੇ ਡਾਕਟਰੀ ਪੇਸ਼ੇਵਰਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਉਨ੍ਹਾਂ ਦੀ ਸੁਰੱਖਿਆ ਅਤੇ ਸਿਹਤ ਪੇਸ਼ੇਵਰਾਂ ਵਿਰੁੱਧ ਹਿੰਸਾ ਦੀ ਰੋਕਥਾਮ ਲਈ ਤੁਰੰਤ ਉਪਾਅ ਤੇ ਕਾਨੂੰਨ ਕੇਂਦਰ ਸਰਕਾਰ ਦੇ ਪੱਧਰ ’ਤੇ ਲਾਗੂ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਵਿੱਚ ਪ੍ਰਸ਼ਾਸਨ ਤੇ ਸਰਕਾਰ ਪ੍ਰਤੀ ਵਿਸ਼ਵਾਸ ਪੈਦਾ ਹੋਵੇ। ਅਜਿਹਾ ਕਰਨ ਵਿੱਚ ਸਰਕਾਰ ਦੀ ਝਿਜਕ ਗ਼ਲਤ ਸੰਕੇਤ ਭੇਜ ਰਹੀ ਹੈ।

Advertisement

Advertisement
Author Image

joginder kumar

View all posts

Advertisement