ਇਜ਼ਰਾਇਲੀ ਹਵਾਈ ਹਮਲੇ ਵਿੱਚ ਬੇਰੂਤ ’ਚ ਬਹੁਮੰਜ਼ਿਲਾ ਇਮਾਰਤ ਢਹਿ-ਢੇਰੀ
ਯੇਰੂਸ਼ਲਮ, 30 ਸਤੰਬਰ
ਇਜ਼ਰਾਇਲੀ ਫ਼ੌਜ ਵੱਲੋਂ ਮੱਧ ਬੇਰੂਤ ’ਚ ਕੀਤੇ ਹਵਾਈ ਹਮਲੇ ਦੌਰਾਨ ਬਹੁਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ। ਫਲਸਤੀਨੀ ਦਹਿਸ਼ਤੀ ਗੁੱਟ ਹਮਾਸ ਨੇ ਕਿਹਾ ਹੈ ਕਿ ਲਿਬਨਾਨ ’ਚ ਇਜ਼ਰਾਇਲੀ ਹਮਲੇ ’ਚ ਉਨ੍ਹਾਂ ਦੇ ਕਮਾਂਡਰ ਫ਼ਤਿਹ ਸ਼ਰੀਫ਼ ਦੀ ਮੌਤ ਹੋ ਗਈ ਹੈ। ਹਮਲੇ ’ਚ ਉਸ ਦੀ ਪਤਨੀ, ਪੁੱਤਰ ਅਤੇ ਧੀ ਵੀ ਮਾਰੇ ਗਏ ਹਨ। ਉਧਰ ਇਜ਼ਰਾਈਲ ਨੇ ਮੱਧ ਗਾਜ਼ਾ ’ਚ ਹਮਲਾ ਕੀਤਾ, ਜਿਸ ’ਚ ਪਰਿਵਾਰ ਦੇ ਚਾਰ ਜੀਆਂ ਸਮੇਤ 6 ਵਿਅਕਤੀ ਮਾਰੇ ਗਏ।
ਲਿਬਨਾਨ ’ਚ ਅੱਜ ਤੜਕੇ ਹੋਏ ਹਵਾਈ ਹਮਲੇ ਮਗਰੋਂ ਬਚਾਅ ਕਾਰਜ ਜਾਰੀ ਸਨ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਮੁਲਕ ’ਤੇ ਹੋਏ ਹਵਾਈ ਹਮਲਿਆਂ ’ਚ 105 ਵਿਅਕਤੀ ਮਾਰੇ ਗਏ ਸਨ। ਮੰਤਰਾਲੇ ਨੇ ਕਿਹਾ ਕਿ ਦੋ ਹਮਲੇ ਬੇਰੂਤ ਦੇ ਦੱਖਣ ’ਚ ਸਿਡੋਨ ਸ਼ਹਿਰ ਨੇੜੇ ਹੋਏ ਜਿਨ੍ਹਾਂ ’ਚ 32 ਵਿਅਕਤੀ ਮਾਰੇ ਗਏ। ਬਾਲਬੇਕ ਹੇਰਮੇਲ ’ਚ ਹੋਏ ਵੱਖਰੇ ਹਮਲੇ ’ਚ 21 ਵਿਅਕਤੀ ਮਾਰੇ ਗਏ ਜਦਕਿ 47 ਹੋਰ ਜ਼ਖ਼ਮੀ ਹੋ ਗਏ ਸਨ। ਲਿਬਨਾਨ ਨੇ ਹਮਲਿਆਂ ’ਚ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਡੀਐੱਨਏ ਨਮੂਨੇ ਦੇਣ ਲਈ ਕਿਹਾ ਹੈ। ਲੋਕਾਂ ਨੂੰ ਪੁਲੀਸ ਸਟੇਸ਼ਨਾਂ ’ਚ ਪਹੁੰਚ ਕੇ ਨਮੂਨੇ ਦੇਣ ਲਈ ਕਿਹਾ ਗਿਆ ਹੈ। ਇਸ ਦੌਰਾਨ ਫਰਾਂਸ ਨੇ ਲਿਬਨਾਨ ਨੂੰ 12 ਟਨ ਮੈਡੀਕਲ ਸਹਾਇਤਾ ਭੇਜੀ ਹੈ। ਬੇਰੂਤ ਦੇ ਦੌਰੇ ਦੌਰਾਨ ਫਰਾਂਸ ਦੇ ਵਿਦੇਸ਼ ਮੰਤਰੀ ਜਯਾਂ-ਨੋਇਲ ਬੈਰੋ ਨੇ ਕਿਹਾ ਕਿ ਪੈਰਿਸ ਮਾਨਵੀ ਸੰਸਥਾਵਾਂ ਨੂੰ ਇਕ ਕਰੋੜ ਯੂਰੋ ਜਾਰੀ ਕਰ ਰਿਹਾ ਹੈ ਤਾਂ ਜੋ ਰਾਹਤ ਕਾਰਜ ਚਲਾਏ ਜਾ ਸਕਣ। -ਏਪੀ
ਹਿਜ਼ਬੁੱਲਾ ਉਪ ਮੁਖੀ ਵੱਲੋਂ ਨਸਰੱਲ੍ਹਾ ਦੀ ਮੌਤ ਮਗਰੋਂ ਜੰਗ ਜਾਰੀ ਰੱਖਣ ਦਾ ਅਹਿਦ
ਬੇਰੂਤ:
ਹਿਜ਼ਬੁੱਲਾ ਦੇ ਉਪ ਮੁਖੀ ਨਈਮ ਕਾਸਿਮ ਨੇ ਹਸਨ ਨਸਰੱਲ੍ਹਾ ਸਣੇ ਗਰੁੱਪ ਦੇ ਜ਼ਿਆਦਾਤਰ ਸਿਖਰਲੇ ਕਮਾਂਡਰਾਂ ਦੇ ਮਾਰੇ ਜਾਣ ਦੇ ਬਾਵਜੂਦ ਇਜ਼ਰਾਈਲ ਖ਼ਿਲਾਫ਼ ਜੰਗ ਜਾਰੀ ਰੱਖਣ ਦਾ ਅਹਿਦ ਲੈਂਦਿਆਂ ਕਿਹਾ ਕਿ ਅਤਿਵਾਦੀ ਗੁੱਟ ਲੰਬੀ ਜੰਗ ਲਈ ਤਿਆਰ ਹੈ। ਕਾਸਿਮ ਨੇ ਟੀਵੀ ’ਤੇ ਆਪਣੇ ਪਹਿਲੇ ਬਿਆਨ ’ਚ ਕਿਹਾ ਕਿ ਜੇ ਇਜ਼ਰਾਈਲ ਜ਼ਮੀਨੀ ਹਮਲਾ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਹਿਜ਼ਬੁੱਲਾ ਦੇ ਲੜਾਕੇ ਲਿਬਨਾਨ ਦੀ ਰੱਖਿਆ ਕਰਨ ਅਤੇ ਜੰਗ ਲਈ ਪੂਰੀ ਤਰ੍ਹਾਂ ਤਿਆਰ ਹਨ। ਨਸਰੱਲਾ ਦੇ ਜਾਨਸ਼ੀਨ ਦਾ ਫ਼ੈਸਲਾ ਹੋਣ ਤੱਕ ਉਪ ਸਕੱਤਰ ਜਨਰਲ ਵਜੋਂ ਨਈਮ ਕਾਸਿਮ ਹੁਣ ਹਿਜ਼ਬੁੱਲਾ ਦੇ ਕਾਰਜਕਾਰੀ ਮੁਖੀ ਵਜੋਂ ਸੇਵਾਵਾਂ ਨਿਭਾਏਗਾ। ਕਾਸਿਮ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਹਿਜ਼ਬੁੱਲਾ ਦੇ ਸਿਖਰਲੇ ਕਮਾਂਡਰਾਂ ਦੀ ਮੌਤ ਦੇ ਬਾਵਜੂਦ ਗਰੁੱਪ ਹੁਣ ਨਵੇਂ ਕਮਾਂਡਰਾਂ ’ਤੇ ਨਿਰਭਰ ਹੈ। -ਏਪੀ