ਟਰਾਲੇ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਅਕਤੂਬਰ
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਢੰਡਾਰੀ ਪੁਲ ’ਤੇ ਇੱਕ ਟਰਾਲੇ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮੁਹੱਲਾ ਗੁਰੂ ਨਾਨਕ ਨਗਰ ਸ਼ਿਮਲਾਪੁਰੀ ਵਾਸੀ ਸ਼ੁਭਮ ਕੁਮਾਰ ਨੇ ਦੱਸਿਆ ਕਿ ਉਸਦਾ ਭਰਾ ਸੁਨੀਲ ਕੁਮਾਰ (30) ਆਪਣੇ ਮੋਟਰਸਾਈਕਲ ਹੀਰੋ ਸਪਲੈਂਡਰ ’ਤੇ ਢੰਡਾਰੀ ਪੁੱਲ ਤੋਂ ਹੁੰਦੇ ਹੋਏ ਸ਼ਿਮਲਾਪੁਰੀ ਵੱਲ ਜਾ ਰਿਹਾ ਸੀ ਜਦਕਿ ਉਹ ਵੀ ਆਪਣੇ ਮੋਟਰਸਾਈਕਲ ’ਤੇ ਉਸਦੇ ਪਿੱਛੇ ਜਾ ਰਿਹਾ ਸੀ। ਇਸ ਦੌਰਾਨ ਢੰਡਾਰੀ ਪੁੱਲ ਉੱਪਰ ਪਿਛਿਓਂ ਦੀ ਇੱਕ ਟਰਾਲੇ ਦੇ ਅਣਪਛਾਤੇ ਡਰਾਈਵਰ ਨੇ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਆਪਣਾ ਟਰਾਲਾ ਚਲਾ ਕੇ ਉਸਦੇ ਮੋਟਰਸਾਈਕਲ ਨੂੰ ਫੇਟ ਮਾਰੀ, ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਪਹਿਲਾਂ ਕਿ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾਂਦਾ, ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਮੌਕੇ ’ਤੇ ਦਮ ਤੋੜ ਦਿੱਤਾ।
ਇਸ ਦੌਰਾਨ ਟਰਾਲਾ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣੇਦਾਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਟਰਾਲਾ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸਦੀ ਭਾਲ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।