For the best experience, open
https://m.punjabitribuneonline.com
on your mobile browser.
Advertisement

ਨਸ਼ਿਆਂ ਦੇ ਮੱਕੜ ਜਾਲ ਵਿੱਚ ਜਕੜੀ ਮਾਂ ਖੇਡ ਕਬੱਡੀ

09:12 AM Jun 18, 2024 IST
ਨਸ਼ਿਆਂ ਦੇ ਮੱਕੜ ਜਾਲ ਵਿੱਚ ਜਕੜੀ ਮਾਂ ਖੇਡ ਕਬੱਡੀ
ਿਪੰਡ ਭਲੂਰ ਵਿੱਚ ਨਸ਼ੇ ਕਾਰਨ ਮਾਰੇ ਗਏ ਕਬੱਡੀ ਖਿਡਾਰੀ ਲਾਲਾ ਭਲੂਰ ਦੇ ਮਾਪੇ।
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 17 ਜੂਨ
ਸੂਬੇ ’ਚ ਨਸ਼ਿਆਂ ਕਾਰਨ ਖਾਸ ਕਰ ਕੇ ਕਬੱਡੀ ਖਿਡਾਰੀਆਂ ਦੀਆਂ ਹੋ ਰਹੀਆਂ ਮੌਤਾਂ ਨੇ ਪੰਜਾਬ ਦੀ ਜਵਾਨੀ ਦੇ ਇੱਕ ਹਿੱਸੇ ਨੂੰ ਧੁਰ ਅੰਦਰੋਂ ਖੋਖਲਾ ਕਰ ਦਿੱਤਾ ਹੈ। ਪਿੰਡ ਭਲੂਰ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਕਬੱਡੀ ਖਿਡਾਰੀ ਦੀ ਮੌਤ ਨੇ ਹਲੂਣ ਕੇ ਰੱਖ ਦਿੱਤਾ ਹੈ। ਖੇਡ ਪ੍ਰੇਮੀ ਸੇਵਾ ਮੁਕਤ ਐੱਸਪੀ ਨੇ ਸਰਕਾਰ ਨੂੰ ਕਬੱਡੀ ਖੇਡ ਉੱਤੇ ਕੁਝ ਸਮੇਂ ਲਈ ਪਾਬੰਦੀ ਲਗਾਉਣ ਦਾ ਸੁਝਾਅ ਦਿੱਤਾ ਹੈ। ਇਥੇ ਖੇਡ ਪ੍ਰੇਮੀ ਤੇ ਸੇਵਾ ਮੁਕਤ ਐੱਸਪੀ ਸਤਨਾਮ ਸਿੰਘ ਨੇ ਕਬੱਡੀ ਖਿਡਾਰੀਆਂ ਦੀਆਂ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਆਖਿਆ ਕਿ ਹੌਲੀ ਹੌਲੀ ਖਤਰਨਾਕ ਕਿਸਮ ਦਾ ਨਸ਼ਾ ਆਪਣੇ ਜੰਜਾਲ ਵਿੱਚ ਫਸਾ ਕੇ ਕਬੱਡੀ ਅੰਦਰ ਆਪਣੀ ਪੱਕੀ ਜਗ੍ਹਾ ਬਣਾ ਗਿਆ, ਨਸ਼ੇ ਦੀ ਮਾਰ ਨਾਲ ਹੁਣ ਤੱਕ ਕਾਫੀ ਸਾਰੇ ਖਿਡਾਰੀਆਂ ਦਾ ਨੁਕਸਾਨ ਹੋ ਚੁੱਕਾ ਹੈ। ਪੰਜਾਬ ਦੀ ਮਾਂ ਖੇਡ ਕਬੱਡੀ ਅੱਜ ਨਸ਼ੇ ਦੇ ਮੱਕੜ ਜਾਲ ਵਿੱਚ ਜਕੜੀ ਗਈ ਹੈ। ਨਸ਼ਾ ਹੌਲੀ ਹੌਲੀ ਕਬੱਡੀ ਨੂੰ ਖਤਮ ਕਰ ਰਿਹਾ ਹੈ। ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਉਨ੍ਹਾਂ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਨੂੰ ਸੁਝਾਅ ਦਿੱਤਾ ਕਿ ਕੁਝ ਸਮੇਂ ਲਈ ਕਬੱਡੀ ਖੇਡ ’ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਬੱਡੀ ਖਿਡਾਰੀਆਂ ਦੀਆਂ ਮੌਤਾਂ ਦੇ ਅੰਕੜੇ ਦੱਸਦੇ ਹਨ ਕਿ ਬਹੁਤੇ ਕਬੱਡੀ ਖਿਡਾਰੀ ਸਰੀਰ ਲਈ ਨੁਕਸਾਨਦੇਹ ਨਸ਼ੇ ਦੀ ਡੋਜ਼ ਲੈਣ ਲੱਗ ਪਏ ਹਨ, ਜੋ ਕਿ ਬਹੁਤ ਹੀ ਖਤਰਨਾਕ ਵੀ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਬੱਡੀ ਵਿੱਚੋਂ ਨਸ਼ੇ ਦੇ ਖਾਤਮੇ ਅਤੇ ਖੇਡ ਨੂੰ ਜਿਉਂਦਾ ਰੱਖਣ ਲਈ ਪਰਮੋਟਰਾਂ ਅਤੇ ਪ੍ਰਬੰਧਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਕਿ ਉਹ ਕਿਸੇ ਖਿਡਾਰੀ ਨੂੰ ਚੁਣਦੇ ਹਨ ਤਾਂ ਉਸ ਦਾ ਸਮੇਂ ਸਮੇਂ ’ਤੇ ਡੋਪ ਟੈਸਟ ਕਰਵਾਉਣ। ਇਸ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਖਿਡਾਰੀਆਂ ਦੇ ਖਾਲਸ ਹੋਣ ਦੀ ਪਰਖ ਸਮੇਂ ਕੋਈ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ’ਚ ਕਰੋੜਾਂ ਦੀ ਹੋਈ ਮਾਂ ਖੇਡ ਕਬੱਡੀ ਭਾਵ ਲੱਖਾਂ ’ਚ ਇਨਾਮ ਹਾਸਲ ਕਰਨ ਲਈ ਹੁਣ ਕਈ ਖਿਡਾਰੀਆਂ ਦਾ ਟੀਚਾ ਕੇਵਲ ਮੈਚ ਜਿੱਤਣਾ ਹੈ ਨਾ ਕਿ ਖੇਡਣਾ ਜਿਸ ਦੇ ਲਈ ਉਹ ਆਪਣੇ ਸਰੀਰ ਵਿਚ ਐਨਰਜੀ ਦੇ ਨਾਂ ਥੱਲੇ ਸਰੀਰ ਤੇ ਸਿਹਤ ਨੂੰ ਤਬਾਹ ਕਰਨ ਵਾਲੇ ਨਸ਼ਿਆਂ ਦੀ ਵਰਤੋਂ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਇਹ ਸਮਝਣਾ ਪਵੇਗਾ ਕਿ ਉਹ ਚੰਗੀ ਪੌਸ਼ਟਿਕ ਖੁਰਾਕ ਵਰਤ ਕੇ ਵੀ ਸਰੀਰ ਨੂੰ ਤਕੜਾ ਰੱਖ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੇਵਾ ਮੁਕਤ ਐੱਸਪੀ ਬਲਵਿੰਦਰ ਸਿੰਘ ਫਿੱਡੂ, ਹਰਜੀਤ ਬਰਾੜ ਤੇ ਹੋਰ ਬਹੁਤ ਸਾਰੇ ਨਾਮਵਰ ਕਬੱਡੀ ਖਿਡਾਰੀ ਯਾਦ ਆਉਂਦੇ ਹਨ, ਜਿਨ੍ਹਾਂ ਦੇ ਨਾਮ ਅੱਜ ਵੀ ਕਬੱਡੀ ਮੈਦਾਨ ਵਿੱਚ ਗੁੰਜਦੇ ਹਨ। ਉਹ ਖਿਡਾਰੀ ਨਸ਼ਿਆਂ ਤੋਂ ਰਹਿਤ ਬਿਲਕੁਲ ਖਾਲਸ ਸਨ ਅਤੇ ਉਨ੍ਹਾਂ ਦੀ ਖੇਡ ਵੀ ਦੇਖਣ ਵਾਲੀ ਹੁੰਦੀ ਸੀ।

Advertisement

Advertisement
Advertisement
Author Image

Advertisement