For the best experience, open
https://m.punjabitribuneonline.com
on your mobile browser.
Advertisement

ਮਹੀਨੇ ਮਗਰੋਂ ਕਿਸਾਨਾਂ ਨੇ ਸ਼ੰਭੂ ਰੇਲਵੇ ਟਰੈਕ ਤੋਂ ਧਰਨਾ ਚੁੱਕਿਆ

07:52 AM May 21, 2024 IST
ਮਹੀਨੇ ਮਗਰੋਂ ਕਿਸਾਨਾਂ ਨੇ ਸ਼ੰਭੂ ਰੇਲਵੇ ਟਰੈਕ ਤੋਂ ਧਰਨਾ ਚੁੱਕਿਆ
ਸ਼ੰਭੂ ਰੇਲਵੇ ਲਾਈਨ ਨੂੰ ਖਾਲੀ ਕਰਦੇ ਹੋਏ ਕਿਸਾਨ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਮਈ
ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਿਸਾਨਾਂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 17 ਅਪਰੈਲ ਤੋਂ ਸ਼ੰਭੂ ਰੇਲਵੇ ਸਟੇਸ਼ਨ ਕੋਲ ਰੇਲਵੇ ਟਰੈਕ ’ਤੇ ਲਾਇਆ ਪੱਕਾ ਧਰਨਾ ਅੱਜ ਸਮਾਪਤ ਕਰ ਦਿੱਤਾ ਗਿਆ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਢਾਬੀ ਗੁੱਜਰਾਂ ਤੇ ਸ਼ੰਭੂ ਬਾਰਡਰ ’ਤੇ 98 ਦਿਨਾਂ ਤੋਂ ਜਾਰੀ ਧਰਨੇ ਮੰਗਾਂ ਦੀ ਪੂਰਤੀ ਤੱਕ ਚੱਲਦੇ ਰਹਿਣਗੇ।
ਕਿਸਾਨ ਮੋਰਚਾ ਤਿੰਨੋਂ ਕਿਸਾਨਾਂ ਦੀ ਰਿਹਾਈ ਤੱਕ ਰੇਲਵੇ ਟਰੈਕ ਖਾਲੀ ਨਾ ਕਰਨ ਲਈ ਬਜ਼ਿੱਦ ਸੀ ਪਰ ਵਪਾਰੀਆਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਹੀ ਕਿਸਾਨਾਂ ਨੇ ਅੱਜ ਖੁਦ ਹੀ ਇਹ ਧਰਨਾ ਚੁੱਕ ਲਿਆ। ਕਿਸਾਨ ਆਗੂਆਂ ਨਾਲ ਹੋਈ ਗੱਲਬਾਤ ਮੁਤਾਬਿਕ ਰੇਲਵੇ ਟਰੈਕ ਖਾਲੀ ਕਰਨ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਇੱਕ ਤਾਂ ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਦੇ ਵਪਾਰੀ ਵਰਗ ਵੱਲੋਂ ਇਹ ਧਰਨਾ ਚੁਕਵਾਉਣ ਲਈ ਕਿਸਾਨ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਝੋਨੇ ਦੇ ਸੀਜ਼ਨ ਦੌਰਾਨ ਖਾਦ ਅਤੇ ਬਾਹਰੋਂ ਆਉਣ ਵਾਲੀ ਲੇਬਰ ਅਤੇ ਬਿਜਲੀ ਥਰਮਲਾਂ ਲਈ ਲੋੜੀਂਦੇ ਕੋਲੇ ਦੀ ਸਪਲਾਈ ਆਦਿ ਸਬੰਧੀ ਸਮੱਸਿਆਵਾਂ ਕਾਰਨ ਵੀ ਕਿਸਾਨਾਂ ਨੇ ਇਹ ਧਰਨਾ ਚੁੱਕਣ ਦਾ ਫੈਸਲਾ ਲਿਆ ਹੈ। ਇਕ ਕਿਸਾਨ ਜਥੇਬੰਦੀ ਦੇ ਆਗੂ ਸੁੁਖਜੀਤ ਬਘੌਰਾ ਦੀ ਵੀ ਧਰਨਾ ਸਮਾਪਤ ਕਰਵਾਉਣ ’ਚ ਭੂਮਿਕਾ ਰਹੀ ਹੈ। ਉਨ੍ਹਾਂ ਗੁਰਧਾਮਾਂ ’ਤੇ ਜਾਣ ਵਾਲੀ ਸੰਗਤ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਕਿਸਾਨ ਆਗੂਆਂ ਅਤੇ ਅਧਿਕਾਰੀਆਂ ਦਰਮਿਆਨ ਗੱਲਬਾਤ ਚਲਾਈ ਸੀ। ਦੂਜੇ ਪਾਸੇ ਕਿਸਾਨਾਂ ਨੇ ਅੱਜ ਸ਼ਾਮੀਂ ਰੇਲਵੇ ਟਰੈਕ ਖਾਲੀ ਕਰ ਦਿੱਤਾ। ਇਸ ਮੌਕੇ ਕਿਸਾਨ ਆਗੂ ਜਗਜੀਤ ਡੱਲੇਵਾਲ, ਸੁਰਜੀਤ ਫੂਲ, ਸਰਵਣ ਪੰਧੇਰ, ਮਨਜੀਤ ਘੁਮਾਣਾ, ਜਸਵਿੰਦਰ ਲੌਂਗੋਵਾਲ, ਮਲਕੀਤ ਗੁਲਾਮੀਵਾਲ, ਕਾਕਾ ਸਿੰਘ ਕੋਟਲਾ, ਅੰਗਰੇਜ਼ ਰੰਧਾਵਾ, ਗੁਰਵਿੰਦਰ ਭੰਗੂ ਤੇ ਬਲਕਾਰ ਬੈਂਸ ਸਮੇਤ ਕਈ ਹੋਰ ਕਿਸਾਨ ਆਗੂ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਹੀ ਟਰੈਕ ਖਾਲੀ ਹੋਣ ਨਾਲ ਪੁਲੀਸ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ ਹੈ।

Advertisement

ਸ਼ੰਭੂ ਬਾਰਡਰ ’ਤੇ ਧਰਨੇ ਦੇ ਸੌ ਦਿਨ ਮੁਕੰਮਲ ਹੋਣ ’ਤੇ ਸਮਾਗਮ ਭਲਕੇ

ਪਟਿਆਲਾ ਜ਼ਿਲ੍ਹੇ ਵਿਚਲੇ ਢਾਬੀ ਗੁੱਜਰਾਂ ਅਤੇ ਸ਼ੰਭੂ ਬਾਰਡਰਾਂ ’ਤੇ ਪੱਕੇ ਮੋਰਚੇ ਲਾ ਕੇ ਬੈਠੇ ਕਿਸਾਨਾਂ ਨੂੰ ਅੱਜ 98 ਦਿਨ ਹੋ ਗਏ ਹਨ। ਇਸ ਮੋਰਚੇ ਦੇ ਸੌ ਦਿਨ ਪੂਰੇ ਹੋਣ ’ਤੇ 22 ਮਈ ਨੂੰ ਸ਼ੰਭੂ, ਢਾਬੀ ਗੁੱਜਰਾਂ, ਡੱਬਵਾਲੀ ਅਤੇ ਰਤਨਪੁਰਾ ਬਾਰਡਰ ’ਤੇ ਸਮਾਗਮ ਕੀਤੇ ਜਾ ਰਹੇ ਹਨ ਜਿਸ ਦੌਰਾਨ ਦੇਸ਼ ਭਰ ਵਿੱਚੋਂ ਵੱਡੀ ਗਿਣਤੀ ਕਿਸਾਨ ਪੁੱਜਣਗੇ। ਇਸ ਸਮਾਗਮ ਦੀਆਂ ਤਿਆਰੀਆਂ ਸਿਖਰਾਂ ’ਤੇ ਹਨ। ਇਸ ਸਬੰਧੀ ਸ਼ੰਭੂ ਬਾਰਡਰ ’ਤੇ ਪੱਕਾ ਸ਼ੈੱਡ ਬਣਾਇਆ ਜਾ ਰਿਹਾ ਹੈ। ਇਸ ਦੌਰਾਨ 22 ਮਈ ਦੇ ਸਮਾਗਮਾਂ ਸਬੰਧੀ ਕਿਸਾਨ ਆਗੂਆਂ ਵੱਲੋਂ ਜਾਇਜ਼ਾ ਮੀਟਿੰਗ ਵੀ ਕੀਤੀ ਗਈ ਜਿਸ ਦੌਰਾਨ ਹੀ 23 ਮਈ ਨੂੰ ਪਟਿਆਲਾ ਆਉਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਵਿਧਾਨਕ ਤੇ ਜਮਹੂਰੀ ਢੰਗ ਨਾਲ ਸਵਾਲ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਪੁੱਛਿਆ ਜਾਵੇਗਾ ਕਿ ਪਿਛਲੇ ਅੰਦੋਲਨ ਵਿੱਚ ਕਿਸਾਨਾਂ ਨਾਲ ਧੋਖਾ ਕਿਉਂ ਕੀਤਾ ਗਿਆ।

Advertisement

ਅੰਦੋਲਨ ਸਮਾਪਤ ਹੋਣ ਮਗਰੋਂ ਰੇਲ ਆਵਾਜਾਈ ਬਹਾਲ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸ਼ੰਭੂ ਰੇਲਵੇ ਸਟੇਸ਼ਨ ’ਤੇ 17 ਅਪਰੈਲ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਅੱਜ ਸ਼ਾਮ 4 ਵਜੇ ਸਮਾਪਤ ਹੋਣ ਮਗਰੋਂ ਸਾਰੀਆਂ ਪ੍ਰਭਾਵਿਤ ਰੇਲ ਗੱਡੀਆਂ ਤੁਰੰਤ ਪ੍ਰਭਾਵ ਨਾਲ ਢੁਕਵੇਂ ਰੂਟਾਂ ’ਤੇ ਬਹਾਲ ਕਰ ਦਿੱਤੀਆਂ ਗਈਆਂ ਹਨ। ਰੇਲ ਸੇਵਾ ਮੁੜ ਸ਼ੁਰੂ ਹੋਣ ਤੋਂ ਬਾਅਦ ਪ੍ਰਭਾਵਿਤ ਰੂਟ ’ਤੇ ਪਹਿਲੀ ਰੇਲ ਗੱਡੀ ਅਕਾਲ-ਤਖ਼ਤ ਐਕਸਪ੍ਰੈੱਸ (ਟਰੇਨ ਨੰਬਰ 12317) ਚਲਾਈ ਗਈ। ਉੱਤਰੀ ਰੇਲਵੇ ਅੰਬਾਲਾ ਦੇ ਸੀਨੀਅਰ ਡੀਸੀਐੱਮ ਨਵੀਨ ਕੁਮਾਰ ਨੇ ਦੱਸਿਆ ਕਿ ਅੰਦੋਲਨ ਸਮਾਪਤ ਹੋਣ ਮਗਰੋਂ ਅੰਬਾਲਾ ਸਿਟੀ-ਸ਼ੰਭੂ ਅਤੇ ਸ਼ੰਭੂ-ਰਾਜਪੁਰਾ ਜੰਕਸ਼ਨ ਵਿਚਾਲੇ ਰੇਲਵੇ ਟਰੈਕ, ਸਿਗਨਲ ਅਤੇ ਓਵਰ-ਹੈੱਡ ਉਪਕਰਨਾਂ ਦੀ ਜਾਂਚ ਕੀਤੀ ਗਈ। 4:35 ਵਜੇ ਟਰੈਕ ਫਿੱਟ ਐਲਾਨੇ ਜਾਣ ਮਗਰੋਂ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ।

Advertisement
Author Image

joginder kumar

View all posts

Advertisement