ਪ੍ਰਾਈਵੇਟ ਸੈਕਟਰ ਦੇ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਿੱਚ ਨਿਗੂਣਾ ਵਾਧਾ
ਆਤਿਸ਼ ਗੁਪਤਾ
ਚੰਡੀਗੜ੍ਹ, 4 ਅਕਤੂਬਰ
ਚੰਡੀਗੜ੍ਹ ਪ੍ਰਸ਼ਾਸਨ ਦੇ ਕਿਰਤ ਵਿਭਾਗ ਨੇ ਨਿੱਜੀ ਸੈਕਟਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਘੱਟੋ-ਘੱਟ ਉਜਰਤ ਵਧਾਉਣ ਦੀ ਮੰਗ ਨੂੰ ਮਨਜ਼ੂਰ ਕਰਦਿਆਂ ਘੱਟੋ-ਘੱਟ ਉਜਰਤ ਵਿੱਚ ਨਿਗੂਣਾ ਵਾਧਾ ਕਰ ਦਿੱਤਾ ਹੈ। ਕਿਰਤ ਵਿਭਾਗ ਨੇ ਨਿੱਜੀ ਸੈਕਟਰ ਵਿੱਚ ਕੰਮ ਕਰਨ ਵਾਲੇ ਗੈਰ ਹੁਨਰਮੰਦ ਕਾਮਿਆਂ ਦੀ ਉਜਰਤ ਵਿੱਚ ਸਿਰਫ਼ 7 ਰੁਪਏ ਦਿਹਾੜੀ ਅਤੇ ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਉਜਰਤ ਵਿੱਚ 6 ਰੁਪਏ ਦਿਹਾੜੀ ਦਾ ਵਾਧਾ ਕੀਤਾ ਹੈ। ਇਹ ਵਾਧਾ ਪਹਿਲੀ ਅਪਰੈਲ 2024 ਤੋਂ ਲਾਗੂ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਧੇ ਨਾਲ ਗੈਰ ਹੁਨਰਮੰਦ ਕਾਮਿਆਂ ਦੀ ਆਮਦਨ 525 ਰੁਪਏ ਦਿਹਾੜੀ ਤੋਂ ਵਧਾ ਕੇ 532 ਰੁਪਏ ਕਰ ਦਿੱਤੀ ਹੈ। ਇਸ ਤਰ੍ਹਾਂ ਇਕ ਮਜ਼ਦੂਰ ਦੀ ਆਮਦਨ 13,659 ਰੁਪਏ ਮਹੀਨਾ ਤੋਂ ਵਧ ਕੇ 13,834 ਰੁਪਏ ਹੋ ਗਈ ਹੈ। ਮੱਧਮ ਹੁਨਰਮੰਦ ਮਜ਼ਦੂਰਾਂ ਦੀ ਆਮਦਨ 13,809 ਰੁਪਏ ਮਹੀਨਾ ਤੋਂ ਵਧ ਕੇ 13,984, ਹੁਨਰਮੰਦ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ 14,109 ਰੁਪਏ ਮਹੀਨੇ ਤੋਂ ਵੱਧ ਕੇ 14,284 ਅਤੇ ਵਾਧੂ ਹੁਨਰਮੰਦ ਮਜ਼ਦੂਰਾਂ ਦੀ ਉਜਰਤ 14,737 ਰੁਪਏ ਤੋਂ ਵਧ ਕੇ 14,909 ਹੋ ਗਈ ਹੈ।
ਇਸੇ ਤਰ੍ਹਾਂ ਕਲਾਸ-3 ਸਟਾਫ ਦੀ ਉਜਰਤ 13,934 ਤੋਂ ਵੱਧ ਕੇ 14,109, ਕਲਾਸ-2 ਸਟਾਫ ਦੀ ਉਜਰਤ 14,084 ਤੋਂ ਵੱਧ ਕੇ 14,259 ਅਤੇ ਕਲਾਸ-1 ਸਟਾਫ ਦੀ ਉਜਰਤ 14,444 ਤੋਂ ਵਧਾ ਕੇ 14,619 ਰੁਪਏ ਮਹੀਨਾ ਕਰ ਦਿੱਤੀ ਗਈ ਹੈ। ਕਿਰਤ ਵਿਭਾਗ ਦੇ ਕਮਿਸ਼ਨਰ ਨੇ ਯੂਟੀ ਦੀ ਹੱਦ ਵਿੱਚ ਆਉਂਦੀਆਂ ਸਾਰੀਆਂ ਨਿੱਜੀ ਫੈਕਟਰੀਆਂ, ਦੁਕਾਨਾਂ ਨੂੰ ਇਨ੍ਹਾਂ ਆਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ।