ਸੱਜਰੇ ਅੰਦਾਜ਼ ਵਾਲੀ ਪੁਸਤਕ
ਆਤਮਜੀਤ
ਸੁਨਹਿਰੀ ਪੀਲੇ ਫੁੱਲਾਂ ਵਾਲੇ ਵੱਡ-ਆਕਾਰੀ ਦਰੱਖ਼ਤ ਅਮਲਤਾਸ ਨੂੰ ਸਵਰਨ ਰੁੱਖ ਵੀ ਕਿਹਾ ਜਾਂਦਾ ਹੈ ਅਤੇ ਆਯੁਰਵੇਦ ਵਿੱਚ ਇਹ ਰਾਜ-ਰੁੱਖ ਕਹਾਉਂਦਾ ਹੈ ਕਿਉਂਕਿ ਇਸ ਦੇ ਫੁੱਲਾਂ ਦੇ ਪਾਊਡਰ ਅਤੇ ਪੇਸਟ ਵਿੱਚ ਕਈ ਰੋਗਾਂ ਨਾਲ ਲੜਨ ਦੀ ਤਾਕਤ ਹੈ। ਅਮਲਤਾਸ ਦੇ ਫੁੱਲ ਗੱਜ-ਵੱਜ ਕੇ ਸੁਹਣੇ ਤੇ ਰੱਜ ਕੇ ਗੁਣਕਾਰੀ ਹੁੰਦੇ ਹਨ। ਦਿੱਲੀ ਅਤੇ ਕੇਰਲਾ ਨੇ ਇਸ ਨੂੰ ਆਪਣਾ ਸਟੇਟ ਰੁੱਖ ਐਲਾਨਿਆ ਹੋਇਆ ਹੈ। ਇਹ ਦੱਖਣ-ਪੂਰਬੀ ਏਸ਼ੀਆ ਵਿੱਚ ਮਿਲਦਾ ਹੈ ਪਰ ਗੁਰਿੰਦਰਜੀਤ ਨੇ ਇਸ ਨੂੰ ਉੱਤਰ ਅਮਰੀਕਾ ਦੀਆਂ ਬਰਫ਼ਾਂ ਵਿੱਚ ਉਗਾਇਆ ਹੈ। ‘ਬਰਫ਼ ’ਚ ਉੱਗੇ ਅਮਲਤਾਸ’ ਉਸਦੀ ਪਹਿਲੀ ਪੁਸਤਕ ਹੈ ਜਿਸ ਦੀ ਯਾਨਰ ਜਾਂ ਵਿਧਾ ਨੂੰ ਤੈਅ ਕਰਨਾ ਔਖਾ ਹੈ। ਇਸ ਵਿੱਚ ਵਾਰਤਕ ਹੈ, ਕਵਿਤਾ ਹੈ, ਸਵੈ-ਜੀਵਨੀ ਮੂਲਕ ਤੱਤ ਹਨ, ਨਿੱਕੀਆਂ-ਨਿੱਕੀਆਂ ਕਥਾਵਾਂ ਅਤੇ ਸਫ਼ਰਨਾਮੇ ਵਾਲੇ ਅੰਸ਼ ਵੀ। ਇਹ ਕਿਤਾਬ ਅਸਲੋਂ ਹੀ ਵੱਖਰੇ ਤੇਵਰ ਅਤੇ ਅੰਦਾਜ਼ ਵਿੱਚ ਲਿਖੀ ਗਈ ਹੈ। ਬਹੁਤ ਜ਼ਿਆਦਾ ਸਾਦਗੀ ਅਤੇ ਸੰਜੀਦਗੀ ਨਾਲ ਲਿਖੀ ਇਸ ਰਚਨਾ ਵਿੱਚ ਗੁਰਿੰਦਰਜੀਤ ਨੇ ਆਪਣੇ ਪਰਵਾਸ ਦੇ ਅਨੁਭਵ ਨੂੰ ਅਨੋਖੇ ਅਤੇ ਅਚੰਭਿਤ ਕਰ ਦੇਣ ਵਾਲੇ ਸੁਰ ’ਚ ਲਿਖਿਆ ਹੈ। ਦਰਅਸਲ ਉਸ ਨੇ ਲਿਖਿਆ ਕੁਝ ਵੀ ਨਹੀਂ, ਇਸ ਤਰ੍ਹਾਂ ਲਗਦਾ ਹੈ ਕਿ ਸਾਰਾ ਕੁਝ ਮਹਿਸੂਸਿਆ ਹੈ ਜੋ ਉਹ ਲਿਖਣੋਂ ਰਹਿ ਨਹੀਂ ਸਕਿਆ। ਉਹ ਸਕੂਲ ਜਾਂ ਕਾਲਜ ਦਾ ਅਧਿਆਪਕ ਨਹੀਂ, ਇਸ ਲਈ ਉਸਦੀ ਲਿਖਤ ਉਚੇਚ ਤੋਂ ਬਚੀ ਹੋਈ ਹੈ। ਉਹ ਇੰਜੀਨੀਅਰ ਹੈ, ਪੜ੍ਹਿਆ-ਲਿਖਿਆ, ਘੁੰਮਿਆ-ਫਿਰਿਆ ਅਤੇ ਸਚੇਤ ਹੈ; ਇਸ ਲਈ ਉਸਦੀ ਲਿਖਤ ਪੇਤਲੀ ਨਹੀਂ, ਬਹੁ-ਪਰਤੀ ਹੈ। ਅਤਿ ਦਾ ਸੰਵੇਦਨਸ਼ੀਲ ਅਤੇ ਇਨਸਾਨੀ ਕਦਰਾਂ-ਕੀਮਤਾਂ ਨਾਲ ਓਤ-ਪੋਤ ਹੋਣ ਕਾਰਨ ਉਹ ਆਪਣੀ ਰਚਨਾ ਨੂੰ ਭਾਵਾਤਮਕ ਤੌਰ ’ਤੇ ਸਾਧਾਰਨਤਾ ਤੋਂ ਬਹੁਤ ਉਤਾਂਹ ਉਠਾ ਲੈਂਦਾ ਹੈ। ਮੈਨੂੰ ਯਾਦ ਹੈ ਉਹ 1990 ਦੇ ਨੇੜ-ਤੇੜ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਯੁਵਕ ਮੇਲਿਆਂ ਵਿੱਚ ਬਹੁਤ ਸਰਗਰਮ ਹੁੰਦਾ ਸੀ। ਇਸੇ ਲਈ ਉਸ ਦੇ ਜੀਵਨ-ਅਨੁਭਵ ਵਿੱਚ ਭਾਸ਼ਾ ਅਤੇ ਕਲਾ ਕਈ ਤਰ੍ਹਾਂ ਨਾਲ ਗੁੰਨ੍ਹੀ ਹੋਈ ਹੈ; ਨਤੀਜੇ ਵਜੋਂ ਉਹ ਬੋਲੀ ਰਾਹੀਂ ਵੀ ਅਰਥਾਂ ਨੂੰ ਪੂਰੀ ਸ਼ਕਤੀ ਨਾਲ ਨਿਖਾਰਦਾ ਅਤੇ ਵਿਸਤਾਰਦਾ ਹੈ। ਉਦੋਂ ਉਸਦੀਆਂ ਮੰਚ ਪੇਸ਼ਕਾਰੀਆਂ ਰਵਾਇਤ ਨਾਲੋਂ ਬਹੁਤ ਵੱਖ ਹੁੰਦੀਆਂ ਸਨ ਅਤੇ ਮੈਂ ਬਤੌਰ ਜੱਜ ਉਸਦਾ ਪ੍ਰਸ਼ੰਸਕ ਸੀ। ਮੈਨੂੰ ਖ਼ੁਸ਼ੀ ਹੈ ਕਿ ਉਸਦੀ ਕਿਤਾਬ ਵੀ ਰਵਾਇਤੀ ਸਾਹਿਤ ਨਾਲੋਂ ਬਹੁਤ ਅੱਡਰੀ ਹੈ। ਸੁਰਜੀਤ ਪਾਤਰ ਨੇ ਸਹੀ ਕਿਹਾ ਹੈ ਕਿ ਇਹ ਪੰਜਾਬੀ ਦੀ ਆਪਣੀ ਕਿਸਮ ਦੀ ਪਹਿਲੀ ਪੁਸਤਕ ਹੈ। ਧੁੱਗਾ ਗੁਰਪ੍ਰੀਤ ਸਿੰਘ ਦੀ ਕਿਤਾਬ ‘ਚਾਲੀ ਦਿਨ’ ਵਾਂਗ ਇਸ ਪੁਸਤਕ ਦੀ ਆਮਦ ਵੀ ਸ਼ੁਭ ਸ਼ਗਨ ਹੈ।
ਪੁਸਤਕ ਦੇ ਕਾਂਡਾਂ ਦੇ ਕੁਝ ਨਾਵਾਂ ਨੂੰ ਪੜ੍ਹਦਿਆਂ ਵੀ ਇਸ ਵੱਖਰੇਪਣ ਦਾ ਅੰਦਾਜ਼ਾ ਹੋਣ ਲੱਗ ਪੈਂਦਾ ਹੈ: ‘ਬਿੰਬਾਵਲੀ’, ‘ਗੂਗਲ ਤੋਂ ਪਹਿਲਾਂ’, ‘ਕਾਵਿਆਲੋਜੀ’ ਆਦਿਕ ਅਜਿਹੇ ਸਿਰਲੇਖ ਹਨ ਜਿਹੜੇ ਸਾਧਾਰਨ ਵਾਰਤਕ ਜਾਂ ਨਜ਼ਮ ਦੀਆਂ ਕਿਤਾਬਾਂ ਵਿੱਚ ਨਹੀਂ ਹੁੰਦੇ। ਹਾਂ, ‘ਪਰਵਾਸ’ ਅਤੇ ‘ਟਿੱਕਰੀ ਬਾਰਡਰ’ ਵਰਗੇ ਜਲਦੀ ਸਮਝ ਆਉਣ ਵਾਲੇ ਸਿਰਲੇਖ ਵੀ ਹਨ। ਦਰਅਸਲ ਇਹ ਪੁਸਤਕ ਉਸ ਵਿਅਕਤੀ ਦੀ ਆਤਮ-ਬਿਰਥਾ ਹੈ ਜਿਹੜਾ ਰਹਿੰਦਾ ਤਾਂ ਕੈਨੇਡਾ ਵਿੱਚ ਹੈ ਪਰ ਆਪਣੇ ਅਤੀਤ, ਵਰਤਮਾਨ, ਇਤਿਹਾਸ, ਸਭਿਆਚਾਰ, ਰਿਸ਼ਤਿਆਂ, ਮਾਹੌਲ, ਬੋਲੀ ਅਤੇ ਸੰਸਕਾਰਾਂ ਵਿੱਚ ਏਨਾ ਖੁੱਭਾ ਹੋਇਆ ਹੈ ਕਿ ਪਰਵਾਸ ਦੀ ਧਰਤੀ ਉੱਤੇ ਪਦਾਰਥਕ ਸੰਪੰਨਤਾ ਭੋਗਦਿਆਂ ਵੀ ਉਸ ਪਾਸ ਇੱਛਿਤ ਸੁੱਖ, ਸ਼ਾਂਤੀ, ਆਨੰਦ ਅਤੇ ਤ੍ਰਿਪਤੀ ਨਹੀਂ। ਇਹ ਤ੍ਰਿਪਤੀ ਨਾ ਤਾਂ ਉਸਨੂੰ ਉਸਦਾ ਨਵਾਂ ਮੁਲਕ ਦੇ ਸਕਿਆ ਤੇ ਨਾ ਹੀ ਉਹ ਵਿਕਸਤ ਤਕਨਾਲੋਜੀ ਜਿਹੜਾ ਕਿ ਉਸਦਾ ਪੇਸ਼ਾ ਹੈੈ। ਉਹ ਕਹਿੰਦਾ ਹੈ ਕਿ ਜਦੋਂ ਪੁਰਾਣੇ ਵੇਲਿਆਂ ਵਿੱਚ ਕੁਝ ਗਵਾਚ ਜਾਂਦਾ ਤਾਂ ਉਹ ਲੱਭ ਵੀ ਜਾਂਦਾ ਸੀ; ਪਰ ਹੁਣ ਨਵੇਂ ਵਕਤਾਂ ਵਿੱਚ ਸਭ ਕੁਝ ਕੋਲ ਹੁੰਦਿਆਂ ਵੀ ‘ਅਸੀਂ ਗੁਆਚੇ ਜਿਹੇ ਆਂ’। ਉਹ ਲਿਖਦਾ ਹੈ: ‘‘ਵਧੀਆ ਰਾਹ ਦੀ ਤਲਾਸ਼ ਕਰਦਾ ਕਰਦਾ/ ਹੁਣ ਮੈਂ/ ਲਿਸ਼ਕਦੇ ਰਾਹਾਂ ਦੀ ਭੀੜ ’ਚ/ ਆਪਣੇ ਘਰਾਂ ਦਾ ਰਾਹ ਭੁੱਲ ਬੈਠਾਂ/ ਮਹਾਂਮਾਰਗੋ, ਸੈਟੇਲਾਈਟੋ/ ਜੀ ਪੀ ਐਸੋ, ਸੁਪਰਸੌਨਿਕੋ/ ਮੈਂ ਤੁਹਾਡੀ ਬੜੀ ਤਾਰੀਫ਼ ਸੁਣੀ ਹੈ/ ਕੋਈ ਤਾਂ ਦਿਖਾ ਦੇਵੇ ਮੈਨੂੰ/ ਮੇਰੇ ਘਰ ਦਾ ਰਾਹ/ ਮੈਂ ਘਰ ਵਾਪਸ ਜਾਣਾ ਹੈ।’’ ਜਦੋਂ ਸਭਿਆਚਾਰਕ ਵੈਰਾਗ ਵਿੱਚ ਉਹ ਆਪਣੀ ਛਟਪਟਾਹਟ ਉੱਤੇ ਆਪ ਹੀ ਵਿਅੰਗ ਕੱਸਦਾ ਹੈ ਤਾਂ ਪਰਵਾਸੀ ਹੋਣ ਦੀ ਬੇਵਸੀ ਅਤੇ ਪੀੜਾ ਦਾ ਅਨੁਭਵ ਬਹੁਤ ਤਿੱਖਾ ਹੋ ਜਾਂਦਾ ਹੈ। ਜਦੋਂ ਉਹ ਆਪਣੇ-ਆਪ ਨੂੰ ‘ਵੈੱਲ ਸੈਟਲਡ’ ਲਿਖਦਾ ਹੈ ਤਾਂ ਉਸਦੇ ਧੁਰ ਅੰਦਰਲੀ ਤੜਫ਼ਣੀ ਨੂੰ ਪਾਠਕ ਸਹਿਜੇ ਮਹਿਸੂਸ ਕਰ ਲੈਂਦਾ ਹੈ। ਤਨਜ਼ੀਆ ਲਹਿਜੇ ਵਿੱਚ ਆਪਣੇ ਵਰਤਮਾਨ ਤੋਂ ਮੁਕਰਨਾ ਉਸਦੇ ਦਰਦ ਦੇ ਦੀਦਾਰ ਕਰਾਉਂਦਾ ਹੈ: ‘‘ਮੈਨੂੰ ਮਹਿਕ ਤੋਂ ਬਗ਼ੈਰ ਵੀ ਗੁਲਾਬ ਚੰਗਾ ਲਗਦਾ ਹੈ/ ਮੈਂ ਫ਼ਰੋਜ਼ਨ ਦਰਿਆ ਤੋਂ ਸੰਗੀਤ ਦੀ ਆਸ ਨਹੀਂ ਕਰਦਾ/ ਮੈਂ ਰਹਿ ਸਕਦਾ ਹਾਂ ਸਰਦੀਆਂ ਵਿੱਚ ਪੰਛੀਆਂ ਤੋਂ ਬਗ਼ੈਰ/ ਮੈਂ ਨਹੀਂ ਸੁਣਨੀ ਬਲਦਾਂ ਦੀਆਂ ਟੱਲੀਆਂ ਦੀ ਟੁਣਕਾਰ/ ਮੈਂ ਤਾਂ ਕਨੇਡਾ ਵਿੱਚ ਸੈੱਟਲ ਹੋ ਗਿਆ ਹਾਂ/ ‘ਵੈੱਲ ਸੈਟਲਡ’।’’ ਜੰਮ ਚੁੱਕੇ ਰਿਸ਼ਤਿਆਂ ਦਾ ਮਸ਼ੀਨੀਕਰਨ ਹੋ ਰਿਹਾ ਹੈ: ‘‘ਬੈੱਡ ਰੂਮਾਂ ਦੇ ਬਾਰਡਰਾਂ ਦੀ ਹਉਮੈਂ ਨੇ ਘਰ ’ਚ ਕਈ ਨਵੇਂ ਮੁਲਕ ਜੰਮ ਛੱਡੇ ਹਨ’’। ਉਹ ਘਰ ਦੀ ਜੁਮੈਟਰੀ ਨੂੰ ਆਪ-ਹੁਦਰਾ ਆਖਦਾ ਹੈ, ਅਲਜਬਰੇ ਨੂੰ ਸੁਆਰਥੀ ਮੰਨਦਾ ਹੈ। ਜਦੋਂ ਵਿਆਹ ਵਿੱਚ ਸਾਰੇ ਜਸ਼ਨ ਮਨਾ ਰਹੇ ਹੁੰਦੇ ਹਨ, ਤਾਂ ਪਰਵਾਸੀ ਆਪਣੀ ਧੀ ਨੂੰ ਸ਼ੈਂਪੇਨ, ਕੇਕ ਆਦਿ ਨਾਲ ਪੱਛਮੀ ਸ਼ਗਨਾਂ ਵਿੱਚ ਮੁਗਧ ਦੇਖ ਕੇ ਖੂੰਜੇ ਵਾਲੇ ਟੇਬਲ ’ਤੇ ਬਹਿ ਜਾਂਦਾ ਹੈ ਅਤੇ ਸਵਰਗਵਾਸੀ ਮਾਂ ਨੂੰ ਮੁਖਾਤਿਬ ਹੁੰਦਾ ਹੈ: ‘‘ਮਾਂ... ਤੂੰ ਮੈਨੂੰ ਸੂਰਜ ਬਣਾ ਕੇ ਪੂਰਬ ਵਿੱਚ ਜਨਮਿਆ ਸੀ/ ਦੇਖ ਮਾਂ... ਮੈਂ ਪੱਛਮ ਵਿੱਚ ਡੁੱਬ ਰਿਹਾਂ/ ਅਗਲੀ ਵਾਰ, ਮੈਨੂੰ ਸੂਰਜ ਨਾ ਬਣਾਈਂ/ ਪੁੱਤ ਹੀ ਰਹਿਣ ਦੇਈਂ...ਮਾਂ/ ਮੈਂ ਵਾਰ ਵਾਰ ਪੱਛਮ ਵਿੱਚ ਨਹੀਂ ਡੁੱਬਣਾ।’’ ਬਹੁਤ ਸਾਰੇ ਹੋਰ ਸੰਵੇਦਨਸ਼ੀਲ ਲੋਕਾਂ ਵਾਂਗ ਗੁਰਿੰਦਰਜੀਤ ਵੀ ਆਪਣੇ ਅਤੀਤ ਦੇ ਬਿੰਬਾਂ ਦੇ ਵਿੱਚ ਕੈਦ ਹੈ; ਉਸਦੀ ਉਨ੍ਹਾਂ ਦ੍ਰਿਸ਼ਾਂ ਤੋਂ ਮੁਕਤੀ ਨਾਮੁਮਕਿਨ ਪ੍ਰਤੀਤ ਹੁੰਦੀ ਹੈ। ਪਰ ਉਸਦੀ ਅਸਲ ਤਾਕਤ ਉਸ ਤਾਰਕਿਕਤਾ ਵਿੱਚ ਹੈ ਜਿਸ ਨਾਲ ਉਹ ਭਾਵੁਕਤਾ ਵਿੱਚ ਭਿੱਜਦਾ ਤਾਂ ਹੈ ਪਰ ਡੁੱਬਦਾ ਜਾਂ ਰੁੜ੍ਹਦਾ ਨਹੀਂ। ਇਹ ਉਸਦੀ ਵੱਡੀ ਪ੍ਰਾਪਤੀ ਹੈ। ਆਪਣੇ ਦੇਸੀ ਸਭਿਆਚਾਰ ਨਾਲ ਕਹਿਰਾਂ ਦਾ ਮੋਹ ਹੈ ਪਰ ਉਹ ਉਸਦੇ ਗੁਣ-ਗਾਣ ਵਿੱਚ ਗਲਤਾਨ ਨਹੀਂ; ਉਹ ਤਾਂ ਸਗੋਂ ਅਤੀਤ ਦੇ ਬਿੰਬਾਂ ਨੂੰ ਸਾਕਾਰ ਕਰਦਿਆਂ ਉਨ੍ਹਾਂ ਦੀ ਹਕੀਕਤ ਉੱਤੇ ਨਾਲ ਦੀ ਨਾਲ ਉਂਗਲ ਵੀ ਧਰਦਾ ਹੈ:
1. ਅੰਮ੍ਰਿਤ ਵੇਲਾ/ ਇੱਕੋ ਸੁਖਮਨੀ/ ਚਾਰ ਸਪੀਕਰ
2. ਗਰਮੀਆਂ ਨੂੰ ਤਪਦਾ/ ਸਰਦੀਆਂ ਨੂੰ ਠਰਦਾ/ ਸੰਗਮਰਮਰ ਗੁਰੂ ਘਰ ਦਾ
3. ਪ੍ਰਾਹੁਣੇ ਆਉਣ ਘਰੇ/ ਚੁਬਾਰੇ ’ਚ ਪਾਠੀ/ ’ਕੱਲਾ ਪਾਠ ਕਰੇ
4. ਭਰੀ ਭੋਜਨਾਂ ਥਾਲੀ/ ਪ੍ਰਾਹੁਣਾ ਆਫ਼ਰਿਆ/ ਸੀਰੀ ਦਾ ਢਿੱਡ ਖਾਲੀ
5. ਪੁੱਤਾਂ ਕੱਢੀ ਕੰਧ/ ਬੇਬੇ ਬਾਪੂ ਦਾ/ ਲੰਮਾ ਹੋ ਗਿਆ ਪੰਧ
6. ਕੁੜੀ ਦਸਵੀਂ ਚੋਂ ਮਾਪਿਆਂ ਹਟਾਈ/ ਵਲੈਤੀਏ ਦਾ ਮੁੜ ਘਰ ਵੱਸਿਆ
ਗੁਰਿੰਦਰਜੀਤ 9-10 ਸ਼ਬਦਾਂ ਵਿੱਚ ਪੂਰੀ ਕਹਾਣੀ ਕਹਿ ਜਾਣ ਦਾ ਮਾਹਿਰ ਬਣ ਗਿਆ ਹੈ; ਅਜਿਹੀ ਕਹਾਣੀ ਜਿਹੜੀ ਸਾਡੇ ਸਾਹਮਣੇ ਰੋਜ਼ ਵਾਪਰਦੀ ਹੈ ਪਰ ਅਕਸਰ ਸਾਨੂੰ ਨਹੀਂ ਦਿੱਸਦੀ; ਜੇ ਦਿੱਸਦੀ ਹੈ ਤਾਂ ਅਸੀਂ ਉਸਨੂੰ ਅੱਖੋਂ ਪਰੋਖੇ ਕਰ ਦੇਂਦੇ ਹਾਂ। ਇਹ ਗੁਰਿੰਦਰਜੀਤ ਦੀ ਸਾਹਿਤਕ ਤਾਕਤ ਹੈ।
ਉਹ ਆਪਣੇ ਵਿਸ਼ਵ ਵਿਦਿਆਲੇ ਨੂੰ ਇਹ ਵੀ ਕਹਿ ਸਕਦਾ ਹੈ ਕਿ ‘‘ਤੂੰ ਮੈਨੂੰ ਪੜ੍ਹਾ-ਪੜ੍ਹਾ ਕੇ ਨਿਕੰਮਾ ਕਰ ਛੱਡਿਐ, ਮੇਰੇ ਦਿਮਾਗ ਵਿੱਚ ਤੂੰ ਹੋਰ ਕੀ ਤੁੰਨੇਂਗਾ? ਤੈਨੂੰ ਲਗਦੈ ਏਸ ਪੜ੍ਹਾਈ ਨਾਲ ਮੈਂ ਮੁਲਕ ਬਦਲ ਦਿਆਂਗਾ? ਜੇਕਰ ਤੂੰ ਸਚਮੁਚ ਸੰਜੀਦਾ ਏਂ ਤਾਂ ਸਿਲੇਬਸ ਬਦਲ ਦੇ। ਅਜਿਹਾ ਚੋਜੀ ਕੋਰਸ ਘੜ ਜਿਹੜਾ ਮੇਰੇ ਦਿਮਾਗ ਵਿੱਚ ਪਏ ਕਚਰੇ ਨੂੰ ਬਾਹਰ ਸੁੱਟ ਦਏ।’’ ਪਰ ਕਮਾਲ ਇਹ ਹੈ ਕਿ ਇੰਨਾ ਆਲੋਚਨਾਤਮਕ ਹੁੰਦਿਆਂ ਵੀ ਉਸਨੂੰ ਸੁਫ਼ਨੇ ਏਸੇ ਮੁਲਕ ਦੇ ਅਤੇ ਆਪਣੀ ਬੋਲੀ ਵਿੱਚ ਹੀ ਆਉਂਦੇ ਹਨ। ਉਹ ਵਿਹੜੇ ਦੇ ਬਾਗ, ਸ਼ਹਿਤੂਤ ਚੜ੍ਹੀਆਂ ਵੇਲਾਂ ਤੇ ਤੌੜੀ ਚੜ੍ਹੇ ਸਾਗ ਤੋਂ ਮੁਕਤ ਨਹੀਂ। ਉਸਨੂੰ ਡੱਬ ਖੜੱਬੀ ਧੁੱਪ ਵਿਚਲੇ ਡੱਬ ਖੜੱਬੇ ਫੁੱਲ ਅਤੇ ਚੁੰਨੀ ਸੁਕਾਉਂਦੀਆਂ ਰੰਗ-ਬਰੰਗੀਆਂ ਕੁੜੀਆਂ ਦਿੱਸਦੀਆਂ ਹਨ। ਉਹ ਗੁੜ, ਜਲੇਬੀਆਂ ਤੇ ਚਾਹ ਦੇ ਬਿਸਕੁਟਾਂ ਨੂੰ ਨਹੀਂ ਭੁੱਲਦਾ। ਗੂਗਲ ਉਸਦੀ ਤਾਕਤ ਹੈ ਪਰ ਗੂਗਲ ਨੂੰ ਬੇਬੇ ਦੀਆਂ ਝੁਰੜੀਆਂ ਹੇਠ ਲੁਕੇ ਨਿੱਕੇ-ਨਿੱਕੇ ਡਾਟਾ-ਬੇਸ ਪਛਾਨਣ ਦੀ ਜੁਗਤ ਨਹੀਂ। ਜਦੋਂ ਧੀ ਨੂੰ ਲਾਇਬਰੇਰੀ ਵਿੱਚ ਕਹਾਣੀ ਸੁਣਾਉਣ ਲਈ ਲੈ ਜਾਂਦਾ ਹੈ ਤਾਂ ਉਹ ਤਾਈ ਬਚਨੀ ਦੀਆਂ ਰਾਜੇ-ਰਾਣੀ ਦੀਆਂ ਬਾਤਾਂ ਵਿੱਚ ਗੁਆਚ ਜਾਂਦਾ ਹੈ। ਕਈ ਵਾਰੀ ਇਹ ਸਾਰੀਆਂ ਗੱਲਾਂ ਨਿਰੀ-ਪੁਰੀ ਭਾਵੁਕਤਾ ਲਗਦੀਆਂ ਹਨ, ਬਹੁਤ ਸਾਰੇ ਪਰਵਾਸੀ ਇਸੇ ਤਰ੍ਹਾਂ ਆਪਣੇ ਪਰਵਾਸ ਫ਼ੈਸਲੇ ਦੀ ਰੱਖਿਆ ਕਰਦੇ ਹਨ ਪਰ ਸਾਡਾ ਖ਼ਿਆਲ ਹੈ ਕਿ ਭਾਵੁਕਤਾ ਦੇ ਸੱਚ ਦਾ ਵੀ ਮੁੱਲ ਹੁੰਦਾ ਹੈ ਜਿਸਨੂੰ ਗੁਰਿੰਦਰ ਨੇ ਪੂਰੀ ਈਮਾਨਦਾਰੀ ਅਤੇ ਸ਼ਕਤੀ ਨਾਲ ਚਿਤਰਿਆ ਹੈ। ਉਹ ਆਪਣੀ ਪੁਸਤਕ ਵਿੱਚ ਵਾਰ-ਵਾਰ ਨਾਨਕ ਨੂੰ ਯਾਦ ਕਰਦਾ ਹੈ, ਉਨ੍ਹਾਂ ਦੀਆਂ ਤੁਕਾਂ, ਮੋਦੀਖਾਨੇ ਵਰਗੇ ਜੀਵਨ ਸਮਾਚਾਰ, ਜਪੁਜੀ ਦੀ ਬਾਣੀ ਆਦਿਕ ਉਸਦੀ ਰਚਨਾ ਦਾ ਅੰਗ ਬਣ ਜਾਂਦੇ ਹਨ। ਕਿੱਡੀ ਸੁਚੀ ਭਾਵੁਕਤਾ ਹੈ ਇਹ! ਉਹ ਬੀਚ ’ਤੇ ਬੈਠ ਕੇ ਉਦਾਸ ਪਾਣੀਆਂ ਦੀ ਗਾਥਾ ਸੁਣਦਾ ਹੈ, ਉਨ੍ਹਾਂ ਪਾਣੀਆਂ ਵਿੱਚ ਪੰਜ ਦਰਿਆਵਾਂ ਵਾਲੀ ਮਹਿਕ ਨਹੀਂ ਹੈ। ਉਹ ਚਾਹੁੰਦਾ ਹੈ ਕੋਈ ਸੁਨਾਮੀ ਆਵੇ ਤੇ ਰੋੜ੍ਹ ਕੇ ਉਸਦੇ ਘਰ ਪੁਚਾ ਦੇਵੇ ਪਰ ਉਹ ਆਪਣੀਆਂ ਦੋਵੇਂ ਅੱਖਾਂ ਦੇ ਹੰਝੂਆਂ ਨੂੰ ਸਤਲੁਜ ਅਤੇ ਬਿਆਸ ਸਮਝ ਆਪਣਾ ਦੁਆਬਾ ਕੈਨੇਡਾ ਵਿੱਚ ਹੀ ਘੜ ਲੈਂਦਾ ਹੈ। ਉਹ ਬੱਚਿਆਂ ਅਤੇ ਆਪਣੇ ਰਿਸ਼ਤੇ ਨੂੰ ਫ਼ਰੋਲਦਾ ਹੋਇਆ ਮਹਿਸੂਸ ਕਰਦਾ ਹੈ: ‘‘ਫ਼ਾਦਰਜ਼ ਡੇਅ ਦਾ ਇੰਤਜ਼ਾਰ ਕਰਦੇ-ਕਰਦੇ ਸਾਲ ਕੱਢ ਦਿੰਦੇ ਹਨ। ਮੈਂ ਗਾਰੇ ਵਿੱਚ ਫਸੇ ਟਰੈਕਟਰ ਵਾਂਗ ਜ਼ੋਰ ਲਾ-ਲਾ ਕੇ ਹੋਰ ਡੂੰਘਾ ਧਸਦਾ ਜਾ ਰਿਹਾ ਹਾਂ।’’
ਪਰ ‘ਬਰਫ਼ ’ਚ ਉੱਗੇ ਅਮਲਤਾਸ’ ਨਾਂ ਦੇ ਚੈਪਟਰ ਵਿੱਚ ਲੇਖਕ ਬਿਲਕੁਲ ਨਵਾਂ ਪੈਂਤੜਾ ਅਖਤਿਆਰ ਕਰਦਾ ਹੈ। ਉਹ ਨਾਨਕ ਦੇ ਬੋਲਾਂ ਤੇ ਉਦਾਸੀਆਂ ਵਿੱਚੋਂ ਧਰਵਾਸ ਲੱਭਦਾ ਹੈ। ਉਹ ਕਮਲਾ ਹੈਰਿਸ ਦੀ ਸਫ਼ਲ ਕਹਾਣੀ ਦਾ ਜ਼ਿਕਰ ਕਰਦਿਆਂ ਆਪਣੇ-ਆਪ ਨੂੰ ਸਮਝਾਉਂਦਾ ਹੈ ਕਿ ਪਰਵਾਸੀਆਂ ਦੇ ਬੱਚੇ ਪੁਰਾਣੀਆਂ ਲੀਹਾਂ ਉੱਤੇ ਨਹੀਂ ਤੁਰਨੇ ਚਾਹੀਦੇ। ਉਨ੍ਹਾਂ ਦੀਆਂ ਆਪਣੀਆਂ ਸੱਧਰਾਂ ਤੇ ਇੱਛਾਵਾਂ ਹਨ, ਜਿਵੇਂ ਸਾਡੀਆਂ ਵੀ ਉਸ ਉਮਰ ਵਿੱਚ ਸਨ। ਇਹ ਕੁਦਰਤ ਦਾ ਨੇਮ ਹੈ। ਉਹ ਮਾਂ ਬੋਲੀ ਦੇ ਨਾਲ-ਨਾਲ ਹੋਰ ਬੋਲੀਆਂ ਦੇ ਮਹੱਤਵ ਨੂੰ ਵੀ ਉਘਾੜਦਾ ਹੈ ਜਿਨ੍ਹਾਂ ਵਿੱਚ ਰੰਗ-ਬਰੰਗੀ ਦੁਨੀਆ ਵਿੱਚ ਰਚ-ਮਿਚ ਸਕਣ ਵਾਲੀ ‘ਬੋਲੀ’ ਵੀ ਹੁੰਦੀ ਹੈ। ਹੁਣ ਜਦੋਂਕਿ ਪੱਛਮ ਦੇ ਸਰਦੇ-ਪੁਜਦੇ ਪੰਜਾਬੀ ਦੁਰੇਡੇ ਮੁਲਕਾਂ ਦੇ ਬੀਚਾਂ ’ਤੇ ਜਾ ਕੇ ਡੈਸਟੀਨੇਸ਼ਨ ਵਿਆਹ ਕਰਦੇ ਹਨ ਤਾਂ ਲੇਖਕ ਨੂੰ ਲਗਦਾ ਹੈ ਕਿ ‘ਮਾਂ-ਧਰਤ’ ਪਾਣੀ ਵਾਰਦੀ ਹੈ, ‘ਮੱਛੀਆਂ’ ਸਿੱਠਣੀਆਂ ਗਾਉਂਦੀਆਂ ਹਨ, ‘ਸਮੁੰਦਰ’ ਢੋਲਕੀ ਵਜਾਉਂਦਾ ਹੈ ਤੇ ‘ਚੰਨ’ ਨੱਚਦਾ ਹੈ। ਜਦੋਂ ਜੰਬੋ ਜੈੱਟ ਵਿੱਚ ਜੰਜ ਬਹਿ ਜਾਂਦੀ ਹੈ ਤਾਂ ‘ਬੱਦਲ’ ਬੱਕਰੇ ਬੁਲਾਉਂਦੇ ਹਨ। ਦਰਅਸਲ ਗੁਰਿੰਦਰਜੀਤ ਆਪਣੀ ਨਵੀਂ ਪੀੜ੍ਹੀ ਲਈ ਇੱੱਕ ਇੱਛਿਤ ਯਥਾਰਥ ਸਿਰਜਦਾ ਹੈ। ਉਸ ਨੂੰ ਪਤਾ ਹੈ ਕਿ ਸਾਰੇ ਨੌਜਵਾਨ ਆਦਰਸ਼ ਵਿਅਕਤੀ ਨਹੀਂ ਹੋ ਸਕਦੇ ਪਰ ਉਸਨੂੰ ਜ਼ਿੰਮੇਵਾਰ ਲੋਕਾਂ ਕੋਲੋਂ ਇਹ ਉਮੀਦ ਜ਼ਰੂਰ ਹੈ। ਉਹ ਇਹ ਵੀ ਸਮਝਦਾ ਹੈ ਕਿ ਜਦੋਂ ਅਸੀਂ ਦੂਸਰੀ ਧਰਤੀ ਦੇ ਸਭਿਆਚਾਰ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਉਨ੍ਹਾਂ ਦੀ ਆਪੋ-ਵਿੱਚ ਮਿਲਣੀ ਵੀ ਹੁੰਦੀ ਹੈ। ਇਸੇ ਲਈ ਜਦੋਂ ਉਹ ਆਪਣੀਆਂ ਪੰਜਾਬੀ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਕਰਦਾ ਹੈ ਤਾਂ ਉਸ ਵਿੱਚ ਪੱਛਮੀ ਰੰਗ ਸਹਿਜੇ ਹੀ ਘੁਲ ਜਾਂਦਾ ਹੈ। ਇਸ ਕਾਂਡ ਰਾਹੀਂ ਉਹ ਪਰਵਾਸੀ ਅਨੁਭਵ ਨੂੰ ਦੋ ਸ਼੍ਰੇਣੀਆਂ ਵਿੱਚ ਵੰਡ ਲੈਂਦਾ ਹੈ, ਇੱਕ ਆਪਣਾ ਭੋਗਿਆ ਸੱਚ, ਦੂਜਾ ਅਗਲੀ ਪੀੜ੍ਹੀ ਦਾ ਸੱਚ। ਇਹ ਸਹੀ ਪਹੁੰਚ ਹੈ, ਉਂਜ ਹੋਰ ਵੀ ਬਹੁਤ ਸਾਰੀਆਂ ਸ਼੍ਰੇਣੀਆਂ ਘੜੀਆਂ ਜਾ ਸਕਦੀਆਂ ਹਨ।
ਭਾਵੇਂ ਪੁਸਤਕ ਦਾ ਦੂਜਾ ਅੱਧ ਸਿੱਧੇ ਤੌਰ ’ਤੇ ਉਸ ਥੀਮ ਦਾ ਹਿੱਸਾ ਨਹੀਂ ਜਿਹੜਾ ਪਹਿਲੇ ਅੱਧ ਵਿੱਚ ਹੈ ਪਰ ਲੇਖਕ ਦੇ ਨਜ਼ਰੀਏ ਅਤੇ ਸੰਵੇਦਨਾ ਵਿੱਚ ਕੋਈ ਫ਼ਰਕ ਨਹੀਂ। ਉਹ ਲਗਾਤਾਰ ਵਿਅਕਤੀਵਾਦ ਨੂੰ ਰੱਦ ਕਰਦਾ ਹੈ ਅਤੇ ਉਸ ਕੰਪੋਜ਼ਿਟ ਸਭਿਆਚਾਰ ਦੀ ਤਲਾਸ਼ ਵਿੱਚ ਹੈ ਜਿਹੜਾ ਪੱਛਮ ਵਿੱਚੋਂ ਪਹਿਲਾਂ ਹੀ ਲੋਪ ਹੋ ਚੁੱਕਾ ਹੈ ਤੇ ਹੁਣ ਪੂਰਬ ਵਿੱਚ ਵੀ ਆਧੁਨਿਕਤਾ ਦੀ ਭੇਟ ਚੜ੍ਹ ਰਿਹਾ ਹੈ। ਉਸਦੇ ਹੱਥਾਂ ਵਿੱਚ ‘ਨਲਕਾ’ ਜਿਊਂਦਾ ਜਾਗਦਾ ਮਨੁੱਖ ਬਣ ਜਾਂਦਾ ਹੈ, ‘ਛਬੀਲ’ ਗੱਲਾਂ ਕਰਦੀ ਹੈ, ‘ਬੰਦਾ’ ਰੋਟੀ ਨੂੰ ਤੇ ‘ਰੋਟੀ’ ਬੰਦੇ ਨੂੰ ਆਪਣੀ ਗੱਲ ਸੁਣਾਉਂਦੇ ਹਨ। ਉਹ ਇਹ ਵੀ ਕਹਿੰਦਾ ਹੈ ਕਿ ਮੈਂ ‘ਉੱਲੂ’ ਵਾਂਗ ਨਾਈਟ ਸ਼ਿਫ਼ਟ ਕਰਦਾ ਹਾਂ, ‘ਚਮਗਿੱਦੜ’ ਵਾਂਗ ਡਾਲਰਾਂ ਨੂੰ ਚੰਬੜਦਾ ਹਾਂ, ‘ਲੂੰਬੜ’, ‘ਇੱਲ’, ‘ਕਾਂ’ ਸਭ ਕੁਝ; ਬੱਸ ‘ਬੰਦਾ’ ਹੀ ਨਹੀਂ ਹਾਂ। ਉਹ ਪੱਤਿਆਂ ਪਾਸੋਂ ਜੀਵਨ ਦਾ ਸਬਕ ਲੈਂਦਾ ਹੈ: ‘‘ਛਾਂ ਵੰਡਣ-ਤਾਂ ਵੀ ’ਕੱਠੇ/ ਝੱਖੜ ਝੁੱਲ਼ਣ-ਤਾਂ ਵੀ ’ਕੱਠੇ/ ਪੁੰਗਰਨ-ਤਾਂ ਵੀ ’ਕੱਠੇ/ ਵਿਛੜਨ- ਤਾਂ ਵੀ ’ਕੱਠੇ/ ਇੱਕ ਆਹ ਬੰਦਾ/ ਆਉਂਦਾ ਵੀ ’ਕੱਲਾ/ ਜਾਂਦਾ ਵੀ ’ਕੱਲਾ/ ਕਿਸੇ ਵੀ ਰੁੱਤੇ/ ਬਿਨ ਦੱਸੇ।’’ ਉਸ ਦੀ ਕਵਿਤਾ ਵਿੱਚ ਕੁੱਕੜ, ਕਾਂ, ਕੀੜੀਆਂ, ਗਾਂ, ਕੁੱਤਾ, ਕੂੰਜਾਂ, ਡੱਡੂ, ਸੱਪ ਆਦਿ ਸਾਰੇ ਜਨੌਰ ਹਾਜ਼ਰ ਹਨ। ਉਸਨੂੰ ਆਪਣੇ ਬਾਪੂ ਦਾ ਸਾਈਕਲ ਬਹੁਤ ਪਿਆਰਾ ਲਗਦਾ ਹੈ: ‘‘ਮੇਰੇ ਬਾਲਾਂ ਨਾਲੋਂ/ ਸੈਕਲ ਵੱਧ ਜਾਣਦਾ/ ਮਿੱਠੇ ਕੌੜੇ ਰਿਸ਼ਤੇ/ ਹਮਸਫ਼ਰਾਂ ਦੇ ਰਸਤੇ/ ਦੌੜਾ ਜਾਂਦਾ/ ਅਫ਼ਸੋਸ ਵਿਆਹੀਂ/ ਸਭ ਨੂੰ ਮਿਲ ਕੇ ਆਉਂਦਾ/ ਦੁੱਖ ਸੁਖ ਸਭ ਹੰਢਾਉਂਦਾ’’।
‘ਬਰਫ਼ ’ਚ ਉੱਗੇ ਅਮਲਤਾਸ’ ਪੜ੍ਹਨਯੋਗ ਅਤੇ ਵਿਚਾਰਨਯੋਗ ਪੁਸਤਕ ਹੈ ਜਿਸ ਵਿੱਚ ਅਸੀਂ ਉਸ ਈਮਾਨਦਾਰ ਇਨਸਾਨ ਦੇ ਦੀਦਾਰ ਕਰਦੇ ਹਾਂ ਜਿਹੜਾ ਆਪਣੇ ਅਤੀਤ ਦੇ ਦ੍ਰਿਸ਼ਾਂ ਅਤੇ ਭਵਿੱਖ ਦੀਆਂ ਕਾਮਨਾਵਾਂ ਦੇ ਐਨ ਵਿਚਕਾਰ ਬੈਠਾ ਆਪਣੀ ਹੋਂਦ ਦਾ ਵਿਸ਼ਲੇਸ਼ਣ ਕਰ ਰਿਹਾ ਹੈ। ਉਹ ਸਾਨੂੰ ਕੁਝ ਵੀ ਨਹੀਂ ਸਮਝਾ ਰਿਹਾ, ਬਸ ਆਪਣੇ-ਆਪ ਨੂੰ ਸਮਝ ਰਿਹਾ ਹੈ। ਮੈਨੂੰ ਇਹ ਪੁਸਤਕ ਪੜ੍ਹਦਿਆਂ ਕਈ ਵਾਰ ਆਪਣੇ ਨਾਟਕ ‘ਕੈਮਲੂਪਸ ਦੀਆਂ ਮੱਛੀਆਂ’ ਦਾ ਚੇਤਾ ਆਇਆ। ਮੈਂ ਤਾਂ ਉਦੋਂ ਇੱਕ ਯਾਤਰੂ ਦੇ ਰੂਪ
ਵਿੱਚ ਕੈਨੇਡਾ ਦੇਖਿਆ ਸੀ ਪਰ ਤਿੰਨ ਦਹਾਕੇ
ਬਾਅਦ ਵੀ ਇੱਕ ਪਰਵਾਸੀ ਉਸੇ ਤਰ੍ਹਾਂ ਦੀ ਮਾਨਸਿਕਤਾ ਹੰਢਾ ਰਿਹਾ ਹੈ। ਪਰ ਸਾਡੇ ਵਿਚਾਰ ਵਿੱਚ ਕੈਨੇਡਾ ਦੀ ਨਵੀਂ ਪੀੜ੍ਹੀ ‘ਅਮਲਤਾਸ’ ਨਹੀਂ, ‘ਮੈਪਲ’ ਉਗਾਏਗੀ। ਉਹ ਵੀ ਉਨਾ ਹੀ ਮਨਮੋਹਕ ਅਤੇ ਗੁਣਕਾਰੀ ਰੁੱਖ
ਹੁੰਦਾ ਹੈ ਜਿੰਨਾ ਕਿ ਅਮਲਤਾਸ। ਪਰ ਆਪਣੇ ਅਤੀਤ ਨੂੰ ਲੱਭਣ ਵਾਲਾ ਗੁਰਿੰਦਰ ਤਾਂ ਮੈਪਲ ਨੂੰ ਵੀ ‘ਅਮਲਤਾਸ’ ਹੀ ਕਹੇਗਾ।