ਸਕਾਲਰਜ਼ ਪਬਲਿਕ ਸਕੂਲ ਵਿੱਚ ਮਾਡਲ ਪ੍ਰਦਰਸ਼ਨੀ ਲਗਾਈ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 26 ਅਕਤੂਬਰ
ਰਾਜਪੁਰਾ ਸਕੂਲ ਸਹੋਦਿਆ ਕੰਪਲੈਕਸ ਵੱਲੋਂ ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਵਿੱਚ ਲਗਾਈ ਅੰਤਰ-ਸਕੂਲ ਗਣਿਤ ਮਾਡਲ ਪ੍ਰਦਰਸ਼ਨੀ-2024 ਵਿੱਚ ਰਾਜਪੁਰਾ ਦੇ 13 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੇ ਮਾਡਲ ਪੇਸ਼ ਕੀਤੇ। ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪ੍ਰਿੰਸੀਪਲ ਭਾਰਤੀ ਨੇ ਸਾਂਝੇ ਤੌਰ ’ਤੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਹਨੀਸ਼ਾ ਸੁਖੇਜਾ (ਪੀਜੀਟੀ ਗਣਿਤ), ਜੋਤੀ ਪਹੂਜਾ (ਪੀਜੀਟੀ ਗਣਿਤ) ਅਤੇ ਇੰਦਰਜੀਤ ਸਿੰਘ (ਪੀਜੀਟੀ ਸਾਇੰਸ) ਨੇ ਜੱਜਾਂ ਦੀ ਭੂਮਿਕਾ ਨਿਭਾਈ। ਨਤੀਜਿਆਂ ਅਨੁਸਾਰ ਡੀ ਪਬਲਿਕ ਸਕੂਲ ਨੇ ਪਹਿਲਾ, ਓਪਨ ਪਬਲਿਕ ਸਕੂਲ ਨੇ ਦੂਜਾ ਅਤੇ ਐਂਜਲਸ ਵੈਲੀ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਮੇਜ਼ਬਾਨ ਹੋਣ ਕਾਰਨ ਸਕਾਲਰਜ਼ ਪਬਲਿਕ ਸਕੂਲ ਨੇ ਨਿਯਮਾਂ ਅਨੁਸਾਰ ਪ੍ਰਦਰਸ਼ਨੀ ਵਿੱਚ ਹਿੱਸਾ ਨਹੀਂ ਲਿਆ।
ਸਕੂਲ ਦੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਸਾਰੇ ਸਕੂਲਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਅੰਤ ਵਿੱਚ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪ੍ਰਿੰਸੀਪਲ ਭਾਰਤੀ ਨੇ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਵੰਡੇ।