For the best experience, open
https://m.punjabitribuneonline.com
on your mobile browser.
Advertisement

ਗੜ੍ਹਸ਼ੰਕਰ ਵਿੱਚ ਟਰੱਕ ਹੇਠ ਆਉਣ ਕਾਰਨ ਨਾਬਾਲਗ ਹਲਾਕ

06:44 AM Jun 14, 2024 IST
ਗੜ੍ਹਸ਼ੰਕਰ ਵਿੱਚ ਟਰੱਕ ਹੇਠ ਆਉਣ ਕਾਰਨ ਨਾਬਾਲਗ ਹਲਾਕ
Advertisement

ਜੋਗਿੰਦਰ ਕੁੱਲੇਵਾਲ/ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 13 ਜੂਨ
ਸ਼ਹਿਰ ਦੇ ਸ੍ਰੀ ਆਨੰਦਪੁਰ ਸਾਹਿਬ ਰੋਡ ’ਤੇ ਅੱਜ ਸਵੇਰ ਮਾਈਨਿੰਗ ਸਮੱਗਰੀ ਨਾਲ ਭਰੇ ਟਰੱਕ ਚਾਲਕ ਨੇ ਸਾਈਕਲ ’ਤੇ ਜਾ ਰਹੇ 16 ਸਾਲਾ ਦੇ ਲੜਕੇ ਨੂੰ ਦਰੜ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਟਰੱਕ ਚਾਲਕ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਲੜਕੇ ਦੀ ਪਛਾਣ ਅੰਕਿਤ ਕੁਮਾਰ ਪੁੱਤਰ ਸਵਰਗਵਾਸੀ ਸੁਰੇਸ਼ ਕੁਮਾਰ ਵਾਰਡ ਨੰਬਰ 11 ਅੰਬੇਡਕਰ ਨਗਰ ਗੜ੍ਹਸ਼ੰਕਰ ਵਜੋਂ ਹੋਈ ਹੈ। ਇਸ ਹਾਦਸੇ ਦੀ ਖਬਰ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਫੈਲੀ ਤਾਂ ਸਥਾਨਕ ਲੋਕਾਂ ਨੇ ਪੁਲੀਸ ਸਟੇਸ਼ਨ ਦੇ ਸਾਹਮਣੇ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਆਵਾਜਾਈ ਠੱਪ ਹੋ ਗਈ। ਇਸ ਮੌਕੇ ਧਰਨੇ ਦੀ ਅਗਵਾਈ ਕਰਦਿਆਂ ਐਡਵੋਕੇਟ ਪੰਕਜ ਕ੍ਰਿਪਾਲ, ਕਾਮਰੇਡ ਗੁਰਨੇਕ ਸਿੰਘ ਭੱਜਲ ਅਤੇ ਡਾ. ਅਵਤਾਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਓਵਰਲੋਡਿਡ ਟਿੱਪਰਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ, ਜਿਸ ਕਰਕੇ ਰੋਜ਼ਾਨਾ ਅਜਿਹੇ ਦਰਦਨਾਕ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਇਲਾਕਾ ਨਾਜਾਇਜ਼ ਖਣਨ ਦਾ ਗੜ੍ਹ ਬਣ ਗਿਆ ਹੈ ਅਤੇ ਸ਼ਹਿਰ ’ਚੋਂ ਲੰਘਦੇ ਓਵਰਲੋਡਿਡ ਟਿੱਪਰ ਲੋਕਾਂ ਦੀ ਜਾਨ ਦਾ ਖੌਅ ਬਣ ਗਏ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਵੱਲੋਂ ਮਾਈਨਿੰਗ ਮਾਫੀਆ ਖਿਲਾਫ਼ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਸਥਿਤੀ ਉਦੋਂ ਹੋਰ ਤਣਾਅ ਵਾਲੀ ਬਣ ਗਈ, ਜਦੋਂ ਪੁਲੀਸ ਵੱਲੋਂ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਪਰ ਪ੍ਰਦਰਸ਼ਨਕਾਰੀ ਹਾਦਸੇ ਦੇ ਦੋਸ਼ੀ ਟਰੱਕ ਚਾਲਕ ਅਤੇ ਟਰੱਕ ਮਾਲਕ ਵਿਰੁੱਧ ਸਜ਼ਾਯੋਗ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ’ਤੇ ਅੜ ਗਏ। ਅਤਿ ਦੀ ਗਰਮੀ ਵਿੱਚ ਕਰੀਬ ਤਿੰਨ ਘੰਟੇ ਚੱਲੇ ਇਸ ਰੋਸ ਧਰਨੇ ਦੌਰਾਨ ਬੁਲਾਰਿਆਂ ਨੇ ਇਲਾਕੇ ਵਿਚ ਚੱਲ ਰਹੇ ਨਾਜਾਇਜ਼ ਖਣਨ ਪ੍ਰਤੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਖੁੱਲ੍ਹ ਕੇ ਭੜਾਸ ਕੱਢੀ ਅਤੇ ‘ਆਪ’ ਸਰਕਾਰ ਦੇ ਆਗੂਆਂ ’ਤੇ ਅਜਿਹੀ ਨਾਜਾਇਜ਼ ਮਾਈਨਿੰਗ ਵਿੱਚ ਲਿਪਤ ਹੋਣ ਦਾ ਦੋਸ਼ ਲਾਇਆ। ਐੱਸਐੱਚਓ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਟਿੱਪਰ ਚਾਲਕ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Advertisement

ਟਰੱਕ ਦੀ ਲਪੇਟ ’ਚ ਆ ਕੇ ਮਹਿਲਾ ਹਲਾਕ

ਫਗਵਾੜਾ (ਜਸਬੀਰ ਸਿੰਘ ਚਾਨਾ): ਅੱਜ ਇਥੇ ਹਵੇਲੀ ਪੁਲ ’ਤੇ ਐਕਟਿਵਾ ’ਤੇ ਆ ਰਹੀਆਂ ਦੋ ਮਹਿਲਾਵਾਂ ਨੂੰ ਟਰੱਕ ਵੱਲੋਂ ਟੱਕਰ ਮਾਰਨ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ, ਜਦੋਂਕਿ ਇੱਕ ਗੰਭੀਰ ਜ਼ਖਮੀ ਹੋ ਗਈ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਹੈ। ਮ੍ਰਿਤਕ ਮਹਿਲਾ ਦੀ ਪਛਾਣ ਜਗਦੀਸ਼ ਕੌਰ (50) ਪਤਨੀ ਕਸ਼ਮੀਰ ਲਾਲ ਵਾਸੀ ਕੋਟ ਕਲਾਂ ਵਜੋਂ ਹੋਈ ਹੈ, ਜਦੋਂਕਿ ਜ਼ਖ਼ਮੀ ਮਹਿਲਾ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਲਵਜੀਤ ਵਾਸੀ ਪੰਡੋਰੀ ਰਾਜਪੂਤਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਇਹ ਮਹਿਲਾਵਾ ਮੱਥਾ ਟੇਕਣ ਲਈ ਮੰਢਾਲੀ ਨੂੰ ਜਾ ਰਹੀਆ ਸਨ ਤੇ ਜਦੋਂ ਇਹ ਹਵੇਲੀ ਪੁਲ ’ਤੇ ਪੁੱਜੀਆ ਤਾਂ ਇਨ੍ਹਾਂ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਪੁਲੀਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Author Image

sukhwinder singh

View all posts

Advertisement
Advertisement
×