ਫਰੀਦਕੋਟ ’ਚ ਅੱਠ ਕਰੋੜ ਦੀ ਲਾਗਤ ਨਾਲ ਬਣੇਗਾ ਮਿਨੀ ਸਕੱਤਰੇਤ
ਜਸਵੰਤ ਜੱਸ
ਫ਼ਰੀਦਕੋਟ, 9 ਜੁਲਾਈ
ਇੱਥੇ ਮਿਨੀ ਸਕੱਤਰੇਤ ਦੇ ਨਾਲ ਇੱਕ ਹੋਰ ਬਣ ਰਹੀ ਇਮਾਰਤ ਦੀ ਉਸਾਰੀ ਦਾ ਕੰਮ ਅੱਜ ਸ਼ੁਰੂ ਹੋ ਗਿਆ। ਇਹ ਨਿਰਮਾਣ ਕਾਰਜ ਅੱਜ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸ਼ੁਰੂ ਕਰਵਾਇਆ। ਪੰਜਾਬ ਸਰਕਾਰ ਵੱਲੋਂ 30 ਸਾਲ ਬਾਅਦ ਫ਼ਰੀਦਕੋਟ ਦੇ ਮਿਨੀ ਸਕੱਤਰੇਤ ਦਾ ਅਧੂਰਾ ਪਿਆ ਕੰਮ ਨੇਪਰੇ ਚਾੜ੍ਹਨ ਲਈ 8 ਕਰੋੜ 21 ਲੱਖ ਰੁਪਏ ਜਾਰੀ ਕੀਤੇ ਹਨ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਕਿਹਾ ਕਿ 8 ਕਰੋੜ 21 ਲੱਖ ਦੀ ਲਾਗਤ ਨਾਲ ਸਕੱਤਰੇਤ ਦੇ ਨਵੇਂ ਬਣਨ ਵਾਲੇ ਬਲਾਕ ਵਿੱਚ ਸਰਕਾਰੀ ਦਫਤਰ ਖੋਲ੍ਹੇ ਜਾਣਗੇ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਇੱਕ ਦਰਜਨ ਤੋਂ ਵੱਧ ਦਫਤਰ ਕਿਰਾਏ ਦੀਆਂ ਇਮਾਰਤਾਂ ਵਿੱਚ ਚਲਦੇ ਹਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਦਫਤਰ ਸਕੱਤਰੇਤ ਦੀ ਬੇਸਮੈਂਟ ਵਿੱਚ ਚੱਲ ਰਿਹਾ ਹੈ ਜਦਕਿ ਬਹੁਤੇ ਦਫਤਰ ਸਕੱਤਰੇਤ ਦੇ ਬਰਾਂਡਿਆਂ ਵਿੱਚ ਚੱਲ ਰਹੇ ਹਨ। ਪੰਜਾਬ ਸਰਕਾਰ ਨੂੰ ਹਰ ਸਾਲ ਕਿਰਾਏ ਦੇ ਦਫ਼ਤਰਾਂ ਲਈ ਕਰੀਬ 3 ਕਰੋੜ ਰੁਪਏ ਖਰਚਾ ਕਰਨਾ ਪੈਂਦਾ ਹੈ ਪ੍ਰੰਤੂ ਹੁਣ ਸਕੱਤਰੇਤ ਦੇ ਨਵੇਂ ਬਲਾਕ ਬਣਨ ਨਾਲ ਜ਼ਿਲ੍ਹੇ ਦੇ ਸਾਰੇ ਦਫਤਰ ਇੱਕ ਥਾਂ ਤੇ ਹੋ ਜਾਣਗੇ। ਵਿਧਾਇਕ ਗੁਰਦਿਤ ਸਿੰਘ ਸੇਖੋਂ ਨੇ ਕਿਹਾ ਕਿ 1995 ਵਿੱਚ ਬਣੇ ਸਕੱਤਰੇਤ ਦੀ ਸਾਂਭ ਸੰਭਾਲ ਮੁਰੰਮਤ ਅਤੇ ਰੰਗ ਰੋਗਨ ਲਈ ਪੰਜਾਬ ਸਰਕਾਰ ਇਸ ਤੋਂ ਪਹਿਲਾਂ 40 ਲੱਖ ਰੁਪਏ ਜਾਰੀ ਕਰ ਚੁੱਕੀ ਹੈ ਅਤੇ ਹੁਣ ਨਵੇਂ ਬਲਾਕ ਬਣਨ ਨਾਲ ਲੋਕਾਂ ਨੂੰ ਸ਼ਹਿਰ ਵਿੱਚ ਗੇੜੇ ਕੱਢਣ ਦੀ ਥਾਂ ਸਾਰੇ ਦਫਤਰ ਇੱਕੋ ਥਾਂ ਤੇ ਮਿਲਣਗੇ। ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਇੱਕ ਸਾਲ ਵਿੱਚ ਇਹ ਇਮਾਰਤ ਬਣ ਕੇ ਤਿਆਰ ਹੋ ਜਾਵੇਗੀ। ਅਤੇ ਪੰਜਾਬ ਸਰਕਾਰ ਦੇ ਸਾਰੇ ਦਫਤਰ ਇਸ ਨਵੇਂ ਬਲਾਕ ਵਿੱਚ ਤਬਦੀਲ ਕਰ ਦਿੱਤੇ ਜਾਣਗੇ।