For the best experience, open
https://m.punjabitribuneonline.com
on your mobile browser.
Advertisement

ਚਾਹ ਵਾਲੇ ਤੋਂ ਕਰੋੜਪਤੀ ਬਣਿਆ ਨਸ਼ਾ ਤਸਕਰ ਹੱਥੇ ਚੜ੍ਹਿਆ

07:27 AM Aug 18, 2024 IST
ਚਾਹ ਵਾਲੇ ਤੋਂ ਕਰੋੜਪਤੀ ਬਣਿਆ ਨਸ਼ਾ ਤਸਕਰ ਹੱਥੇ ਚੜ੍ਹਿਆ
Advertisement

ਜੁਪਿੰਦਰਜੀਤ ਸਿਘ
ਚੰਡੀਗੜ੍ਹ, 17 ਅਗਸਤ
ਤਿੰਨ ਸਾਲਾਂ ’ਚ ਚਾਹ ਵੇਚਣ ਵਾਲੇ ਤੋਂ 100 ਕਰੋੜ ਦੀ ਜਾਇਦਾਦ ਦੇ ਮਾਲਕ ਬਣੇ ਲੁਧਿਆਣਾ ਦੇ ਨਸ਼ਾ ਤਸਕਰ ਅਕਸ਼ੈ ਛਾਬੜਾ ਦੀਆਂ ਤਸਕਰੀ ਸਬੰਧੀ ਸਰਗਰਮੀਆਂ ਰੋਕਣ ਲਈ ਉਸ ਨੂੰ ਇੱਕ ਸਹਿਯੋਗੀ ਸਣੇ ਇੱਕ ਸਾਲ ਲਈ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਭੇਜਿਆ ਗਿਆ ਹੈ। ਕਲਮ ਦੇ ਇੱਕ ਝਟਕੇ ਨੇ ਹੀ ਅਕਸ਼ੈ ਵੱਲੋਂ ਇੰਨੇ ਘੱਟ ਸਮੇਂ ’ਚ ਬਣਾਈ ਵੱਡੀ ਜਾਇਦਾਦ, ਗਲਤ ਤਰੀਕੇ ਨਾਲ ਕਮਾਏ ਪੈਸੇ, ਲੁਧਿਆਣਾ ਦੇ ਰਸੂਖਦਾਰ ਵਿਅਕਤੀਆਂ ਨਾਲ ਮੇਲਜੋਲ ਤੋਂ ਇਲਾਵਾ ਉਸ ਦਾ ਸਮਾਜਿਕ ਰੁਤਬਾ ਵੀ ਖੋਹ ਲਿਆ ਹੈ, ਜੋ ਕਿ ਨਸ਼ਾ ਤਸਕਰਾਂ ਲਈ ਇੱਕ ਵੱਡਾ ਸਬਕ ਹੈ। ਉਸ ਦੀ ਸਾਰੀ ਜਾਇਦਾਦ ਅਤੇ ਕਈ ਵਾਹਨਾਂ ਨੂੰ ਨਿਲਾਮ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਐੱਨਸੀਬੀ ਨੇ ਇਨ੍ਹਾਂ ਦੋਵਾਂ ਨੂੰ ਪੀਆਈਟੀ-ਐੱਨਡੀਪੀਐੱਸ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾਕ੍ਰਮ ਐੱਨਸੀਬੀ ਵੱਲੋਂ ਤਸਕਰ ਬਲਵਿੰਦਰ ਸਿੰਘ ਉਰਫ਼ ਬਿੱਲਾ ਹਵੇਲੀਆਂ ਨੂੰ ਹਿਰਾਸਤ ’ਚ ਲੈਣ ਦੇ ਚਾਰ ਦਿਨ ਬਾਅਦ ਸਾਹਮਣੇ ਆਇਆ ਹੈ।
ਅਕਸ਼ੈ ਛਾਬੜਾ ਉੱਤੇ ਕੌਮਾਂਤਰੀ ਨਸ਼ਾ ਤਸਕਰੀ ਸਿੰਡੀਕੇਟ ਚਲਾਉਣ ਅਤੇ ਪੰਜਾਬ ਦੇ ਅਟਾਰੀ ਸਥਿਤ ਆਈਸੀਪੀ, ਗੁਜਰਾਤ ਦੀ ਮੁੰਦਰਾ ਬੰਦਰਗਾਹ ਅਤੇ ਜੰਮੂ-ਕਸ਼ਮੀਰ ਤੋਂ ਲਗਪਗ 1,400 ਕਿੱਲੋਂ ਹੈਰੋਇਨ ਦੀ ਤਸਕਰੀ ਕਰਨ ਦਾ ਦੋਸ਼ ਹੈ। ਇਹ ਗਰੋਹ ਅਫ਼ਗਾਨਿਸਤਾਨ ਤੋਂ ਦਰਾਮਦ ਟਮਾਟਰਾਂ ਦੀ ਚਟਣੀ ਵਾਲੇ ਕੈਨਾਂ ਅਤੇ ਅਨਾਰ ਦੇ ਜੂਸ ਵਾਲੀਆਂ ਬੋਤਲਾਂ ਰਾਹੀਂ ਹੈਰੋਇਨ ਮੰਗਵਾਉਂਦੇ ਸਨ, ਜਿਨ੍ਹਾਂ ਦੀ ਦਰਾਮਦ ਭਾਰਤੀ ਵਪਾਰੀਆਂ ਵੱਲੋਂ ਇਰਾਨ ਰਸਤੇ ਕੀਤੀ ਜਾਂਦੀ ਸੀ। ਦੱਸਣਯੋਗ ਹੈ ਕਿ ਛਾਬੜਾ ਪਹਿਲਾਂ ਅਨਾਜ ਮੰਡੀ ’ਚ ਖੋਖਾ ਚਲਾਉਂਦਾ ਸੀ ਜਿੱਥੇ ਉਹ ਆਪਣੇ ਮਾਪਿਆਂ ਨਾਲ ਚਾਹ ਤੇ ਸਨੈਕਸ ਵੇਚਦਾ ਸੀ। ਇਸ ਦੌਰਾਨ ਉਹ ਕੁਝ ਨਸ਼ਾ ਤਸਕਰਾਂ ਦੇ ਸੰਪਰਕ ’ਚ ਆਇਆ ਤੇ ਉਸ ਦੀ ਕਮਾਈ ਅਚਾਨਕ ਵਧ ਗਈ। ਛਾਬੜਾ ਦੇ ਸਹਿਯੋਗੀ ਜਸਪਾਲ ਸਿੰਘ ਉਰਫ਼ ਗੋਲਡੀ ਜੋ ਕਿ ਤਰਖਾਣ ਹੈ, ਨੂੰ ਵੀ ਉਸ ਨਾਲ ਹਿਰਾਸਤ ਭੇਜਿਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜਸਪਾਲ ਛਾਬੜਾ ਘਰਾਂ ਤੇ ਵਪਾਰਕ ਟਿਕਾਣਿਆਂ ’ਤੇ ਲੁਕਵੀਆਂ ਥਾਵਾਂ, ਅਲਮਾਰੀਆਂ ਤੇ ਹੋਰ ਟਿਕਾਣੇ ਤਿਆਰ ਕਰਦਾ ਸੀ, ਜਿਨ੍ਹਾਂ ਨੂੰ ਦੇਖ ਕੇ ਜਾਂਚ ਅਧਿਕਾਰੀ ਵੀ ਹੈਰਾਨ ਰਹਿ ਗਏ ਸਨ।
ਅਕਸ਼ੈ ਛਾਬੜਾ ਤੇ ਜਸਪਾਲ ਸਿੰਘ ਉਰਫ ਗੋਲਡੀ ਨੂੰ ਨਸ਼ਾ ਕੰਟਰੋਲ ਬਿਊਰੋ (ਐੱਨਸੀਬੀ), ਚੰਡੀਗੜ੍ਹ ਨੇ ਨਸ਼ਾ ਤਸਕਰੀ ਰੋਕੂ ਕਾਨੂੰਨ (ਪੀਆਈਟੀਐੱਨਡੀਪੀਐਸ) ਤਹਿਤ ਅੱਜ ਹਿਰਾਸਤ ’ਚ ਭੇਜਿਆ ਹੈ। ਕੇਂਦਰ ਅਧੀਨ ਆਉਂਦੀ ਐੱਨਸੀਬੀ ਦੀ ਇਹ ਅਜਿਹੀ ਤੀਜੀ ਕਾਰਵਾਈ ਹੈ ਜਦਕਿ ਪੰਜਾਬ ਪੁਲੀਸ ਨੂੰ 18 ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਪੰਜਾਬ ਸਰਕਾਰ ਤੋਂ ਮਨਜ਼ੂਰੀ ਦੀ ਉਡੀਕ ਹੈ। ਨਸ਼ਾ ਵਿਰੋਧੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਇਹ ਕੇਸ ਗ੍ਰਹਿ ਵਿਭਾਗ ਕੋਲ ਭੇਜੇ ਸਨ ਅਤੇ ਵਿਭਾਗ ਨੇ ਤਸਕਰਾਂ ਬਾਰੇ ਹੋਰ ਵੇਰਵੇ ਮੰਗੇ ਹਨ।
ਦੱਸਣਯੋਗ ਹੈ ਕਿ ਇਸ ਕੇਸ ’ਚ ਦੋ ਅਫ਼ਗਾਨ ਨਾਗਰਿਕਾਂ ਸਣੇ ਕੁੱਲ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਨਸੀਬੀ ਨੇ ਗਰੋਹ ਕੋਲੋਂ 40 ਕਿੱਲੋ ਹੈਰੋਇਨ, 557 ਗ੍ਰਾਮ ਅਫ਼ੀਮ, 23.645 ਕਿਲੋ ਨਸ਼ੀਲਾ ਪਾਊਡਰ, ਐੱਚਸੀਐੱਲ ਦੀਆਂ ਚਾਰ ਬੋਤਲਾਂ, 31 ਕਾਰਤੂਸ ਤੇ ਇੱਕ ਮੈਗਜ਼ੀਨ ਬਰਾਮਦ ਕੀਤਾ ਹੈ। ਤਸਕਰ ਮੁਨਾਫ਼ਾ ਕਮਾਉਣ ਲਈ ਅਫ਼ਗਾਨ ਨਾਗਰਿਕਾਂ ਨੂੰ ਵਰਤਦੇ ਸਨ।

Advertisement

ਤਸਕਰ ਦੀਪਾ ਦੀ ਗ੍ਰਿਫਤਾਰੀ ਮਗਰੋਂ ਖੁੱਲਿ੍ਹਆ ਭੇਤ

ਐੱਨਸੀਬੀ ਵੱਲੋਂ 15 ਨਵੰਬਰ 2022 ਨੂੰ ਲੁਧਿਆਣਾ ਵਾਸੀ ਸੰਦੀਪ ਸਿੰਘ ਉਰਫ਼ ਦੀਪਾ ਦੀ ਗ੍ਰਿਫ਼ਤਾਰੀ ਮਗਰੋਂ ਇਹ ਮਾਮਲਾ ਸਾਹਮਣੇ ਆਇਆ ਸੀ। ਮਾਮਲੇ ਦੀ ਜਾਂਚ ਤਹਿਤ ਐੱਨਸੀਬੀ ਨੇ ਛਾਬੜਾ ਤੇ ਉਸ ਦੇ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕਾਰਪੇਂਟਰ ਜਸਪਾਲ ਦੀ ਗ੍ਰਿਫ਼ਤਾਰੀ ਮਗਰੋਂ ਵੱਖ-ਵੱਖ ਟਿਕਾਣਿਆਂ ’ਤੇ ਨਸ਼ਾ ਲੁਕਾਉਣ ਲਈ ਬਣਾਏ ਗਏ ਲੁਕਵੇਂ ਕਮਰਿਆਂ ਦਾ ਪਤਾ ਲੱਗਾ ਸੀ। ਐੱਨਸੀਬੀ ਨੇ ਅਫਗਾਨਿਸਤਾਨ ਤੋਂ ਆਏ 39600 ਕੇਨਾਂ ਵਿਚੋਂ ਟਮਾਟਰਾਂ ਦੀ ਚਟਣੀ ਵਾਲੇ 612 ਕੇਨ ਅਤੇ ਅਨਾਰ ਦੇ ਜੂਸ ਵਾਲੀਆਂ 350 ਬੋਤਲਾਂ ਵਿਚੋਂ ਬਰਾਮਦ ਕੀਤੀਆਂ ਸਨ, ਜਿਨ੍ਹਾਂ ਵਿੱਚ ਹੈਰੋਇਨ ਲੁਕਾ ਕੇ ਰੱਖੀ ਗਈ ਸੀ।

Advertisement

Advertisement
Author Image

sukhwinder singh

View all posts

Advertisement