ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਨਤਕ ਹਿੱਤਾਂ ਦੇ ਜੁਝਾਰੂ ਲੋਕ-ਨਾਇਕ

06:02 AM Feb 12, 2025 IST

ਗੁਰਦੇਵ ਸਿੰਘ ਸਿੱਧੂ

Advertisement

‘‘ਮੈਂ ਅੱਜ ਵੀ ਸਮਝਦਾ ਹਾਂ ਕਿ ਪਾਰਟੀ ਕਾਰਕੁਨਾਂ ਦੇ ਸੁਖੀ ਅਤੇ ਖੁਸ਼ਹਾਲ ਜੀਵਨ ਜਿਊਣ ਦਾ ਸਮਾਂ ਅਜੇ ਵੀ ਨਹੀਂ ਆਇਆ। ਅਸੀਂ ਸਮੁੱਚੀ ਜਨਤਾ ਦੇ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਣ ਲਈ ਸੰਘਰਸ਼ ਕਰ ਰਹੇ ਹਾਂ।ਯਕੀਨਨ, ਇਹ ਸੰਘਰਸ਼ ਆਰਾਮ-ਕੁਰਸੀਆਂ ’ਤੇ ਬੈਠ ਕੇ ਨਹੀਂ ਲੜਿਆ ਜਾ ਸਕਦਾ। ... ਜਨਤਾ ਦੇ ਇਹ ਸਿਆਣੇ ਪੁੱਤਰ (ਪਾਰਟੀ ਕਾਰਕੁਨ) ਸੁਖੀ ਤੇ ਖੁਸ਼ਹਾਲ ਜੀਵਨ ਦੇ ਮੋਹ ਵਿੱਚ ਜਿੰਨਾ ਫਸਣਗੇ, ਆਪਣੇ ਮਕਸਦ ਤੋਂ ਓਨਾ ਹੀ ਦੂਰ ਹੁੰਦੇ ਜਾਣਗੇ।’’ ਇਹ ਕਥਨ ਸ਼ਿਵ ਕੁਮਾਰ ਮਿਸ਼ਰ (ਜਨਮ 17 ਅਕਤੂਬਰ 1914) ਦਾ ਹੈ ਜੋ ਸੰਯੋਗਵੱਸ ਬਚਪਨ ਵਿੱਚ ਹੀ ਇਨਕਲਾਬੀਆਂ ਦੇ ਸੰਪਰਕ ਵਿੱਚ ਆ ਕੇ ਉਨ੍ਹਾਂ ਦੀ ਵਿਚਾਰਧਾਰਾ ਨਾਲ ਜੁੜਿਆ ਅਤੇ ਫਿਰ ਜਿਸ ਨੇ ਕਾਕੋਰੀ ਸਾਜ਼ਿਸ਼ ਤੋਂ ਲੈ ਕੇ ਚਾਰੂ ਮਜੂਮਦਾਰ ਅਤੇ ਕਾਨੂ ਸਾਨਿਆਲ ਨਾਲ ਰਲ ਕੇ ਨਕਸਲਬਾੜੀ ਲਹਿਰ ਵਿੱਚ ਸਰਗਰਮ ਭੂਮਿਕਾ ਨਿਭਾਈ। ਇਸ ਅਰਸੇ ਦੌਰਾਨ ਉਹ 1931 ਵਿੱਚ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੀ ਇਨਕਲਾਬੀ ਜਥੇਬੰਦੀ ਅਤੇ 1938-39 ਵਿੱਚ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਿਆ। ਉਪਰੰਤ ਪਹਿਲਾਂ ਸੀ.ਪੀ.ਆਈ. (ਐੱਮ.) ਅਤੇ ਫਿਰ ਸੀ.ਪੀ.ਆਈ. (ਐੱਮ.ਐੱਲ.) ਵਿੱਚ ਰਿਹਾ ਅਤੇ ਦੋਵਾਂ ਵਿੱਚ ਜ਼ਿੰਮੇਵਾਰੀ ਵਾਲੇ ਅਹੁਦੇ ਸੰਭਾਲੇ। ਸ਼ਿਵ ਕੁਮਾਰ ਮਿਸ਼ਰ ਦੇ ਜੀਵਨ ਪੰਧ ਦੇ ਦੋ ਨਿੱਖੜਵੇਂ ਭਾਗ ਬਣਦੇ ਹਨ, ਪਹਿਲਾ ਬਰਤਾਨਵੀ ਰਾਜ ਦਾ ਅਤੇ ਦੂਜਾ ਆਜ਼ਾਦੀ ਮਿਲਣ ਪਿੱਛੋਂ ਆਜ਼ਾਦ ਭਾਰਤ ਵਿੱਚ। ਬਰਤਾਨਵੀ ਰਾਜ ਸਮੇਂ ਵੀ ਅਤੇ ਆਜ਼ਾਦੀ ਤੋਂ ਪਿੱਛੋਂ ਵੀ ਜੇਲ੍ਹ ਜਾਣ ਜਾਂ ਰੂਪੋਸ਼ ਹੋਣ ਦੀ ਕਾਰਵਾਈ ਚੱਲਦੀ ਰਹੀ। ਕਾਰਨ ਇਹ ਕਿ ਦੋਵਾਂ ਹਕੂਮਤਾਂ ਦਾ ਜਨਤਕ ਸੰਘਰਸ਼ਾਂ ਪ੍ਰਤੀ ਰਵੱਈਆ ਇੱਕ ਸਮਾਨ ਸੀ। ਇਸ ਸੰਗਰਾਮੀ ਸ਼ਖ਼ਸੀਅਤ ਦੀ ਸਵੈ-ਜੀਵਨੀ ਦਾ ਸੰਪਾਦਨ ਕੀਤਾ ਸੀ ਸੁਰੇਸ਼ ਸਲਿਲ ਨੇ ਜਿਸ ਦਾ ਪੰਜਾਬੀ ਵਿੱਚ ਅਨੁਵਾਦ ਬਲਬੀਰ ਲੌਂਗੋਵਾਲ ਨੇ ਸਿਰਲੇਖ ‘ਕਾਕੋਰੀ ਤੋਂ ਨਕਸਲਬਾੜੀ’ (ਕੀਮਤ 300 ਰੁੁੁਪਏ; ਵ੍ਹਾਈਟ ਕਰੋਅ ਪਬਲਿਸ਼ਰਜ਼) ਤਹਿਤ ਕੀਤਾ ਹੈ।
ਸਰਕਾਰਾਂ ਵੱਲੋਂ ਜਮਹੂਰੀ ਅੰਦੋਲਨਾਂ ਨੂੰ ਅਸਫ਼ਲ ਕਰਨ ਵਾਸਤੇ ਵਰਤੇ ਜਾਂਦੇ ਹਥਕੰਡਿਆਂ ਦਾ ਜ਼ਿਕਰ ਤਾਂ ਇਨ੍ਹਾਂ ਅੰਦੋਲਨਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਹੋਰ ਦੇਸ਼ਭਗਤਾਂ ਦੀਆਂ ਲਿਖਤਾਂ ਵਿੱਚੋਂ ਵੀ ਮਿਲ ਜਾਂਦਾ ਹੈ, ਪਰ ਜਿਸ ਬੇਬਾਕੀ ਨਾਲ ਸ਼ਿਵ ਕੁਮਾਰ ਮਿਸ਼ਰ ਨੇ ਖੱਬੇਪੱਖੀ ਪਾਰਟੀਆਂ ਦੀਆਂ ਅੰਦਰੂਨੀ ਕਮਜ਼ੋਰੀਆਂ ਦਾ ਬਿਆਨ ਕੀਤਾ ਹੈ, ਉਹ ਵੇਰਵੇ ਬਹੁਤ ਘੱਟ ਲਿਖੇ ਮਿਲਦੇ ਹਨ। ਪੁਸਤਕ ਪੜ੍ਹਦਿਆਂ ਪਾਠਕ ਜਾਣ ਜਾਂਦਾ ਹੈ ਕਿ ਇਹ ਇੱਕ ਸੁਹਿਰਦ ਵਿਅਕਤੀ ਦੇ ਮਨ ਦੇ ਉਦਗਾਰ ਹਨ ਜਿਸ ਕਾਰਨ ਉਨ੍ਹਾਂ ਉੱਤੇ ਵਿਸ਼ਵਾਸ ਕਰਨ ਵਿੱਚ ਝਿਜਕ ਨਹੀਂ ਹੁੰਦੀ। ਉਸ ਦੇ ਅਨੇਕ ਕਥਨ ਲੋਕ-ਸੰਘਰਸ਼ ਦੇ ਯੋਧਿਆਂ ਲਈ ਮਾਰਗ-ਦਰਸ਼ਨ ਦਾ ਕੰਮ ਕਰਦੇ ਹਨ। ਵੰਨਗੀ ਮਾਤਰ ਅਜਿਹੇ ਕੁਝ ਕਥਨ ਹਨ:
* ਕੋਈ ਵੀ ਦੇਸ਼ ਜਦੋਂ ਕਿਸੇ ਨਵੇਂ ਮੋੜ ’ਤੇ ਪਹੁੰਚਦਾ ਹੈ ਤਾਂ ਰਾਹ ਦੇ ਪ੍ਰਸ਼ਨਾਂ ਨੂੰ ਲੈ ਕੇ ਕ੍ਰਾਂਤੀਕਾਰੀ ਸ਼ਕਤੀਆਂ ਵਿੱਚ ਤਿੱਖੇ ਮਤਭੇਦ ਖੜ੍ਹੇ ਹੋ ਜਾਂਦੇ ਹਨ।ਅਜਿਹੇ ਸਮੇਂ ਅਕਸਰ ਪੁਰਾਣੀਆਂ ਪਾਰਟੀਆਂ ਖੇਰੂੰ ਖੇਰੂੰ ਹੋ ਜਾਂਦੀਆਂ ਹਨ।ਉਨ੍ਹਾਂ ਵਿੱਚ ਆਪਸ ਵਿੱਚ ਤਿੱਖੀਆਂ ਲੜਾਈਆਂ ਵੀ ਹੁੰਦੀਆਂ ਹਨ। ਅੰਤ ਵਿੱਚ ਕ੍ਰਾਂਤੀ ਦਾ ਰਥ-ਚੱਕਰ ਤਾਂ ਹੀ ਅੱਗੇ ਵਧਦਾ ਹੈ ਜਦ ਕ੍ਰਾਂਤੀ ਦਾ ਕੋਈ ਧੜਾ ਜਾਂ ਕਈ ਧੜੇ ਮਿਲਕੇ ਯੁੱਗ ਦੀਆਂ ਜ਼ਰੂਰਤਾਂ ਦੇ ਅਨੁਸਾਰੀ ਅੱਗੇ ਵਧਣ ਦਾ ਰਸਤਾ ਕੱਢ ਲੈਂਦੇ ਹਨ।
* ਇੱਕ ਦੁਰਘਟਨਾ ਦੇ ਆਧਾਰ ’ਤੇ ਕਿਸੇ ਦੇ ਪੂਰੇ ਚਰਿੱਤਰ ਦਾ ਮੁਲਾਂਕਣ ਕਰਨਾ ਸਹੀ ਗੱਲ ਨਹੀਂ ਹੈ।
* ਵੇਖਣ ਵਿੱਚ ਬਹੁਤ ਸ਼ਾਂਤ ਅਤੇ ਜਬਰ ਸਹਿਣ ਦੇ ਆਦੀ ਲੱਗਣ ਵਾਲੇ ਕਿਸਾਨ ਹਾਲਤਾਂ ਅਤੇ ਢੁੱਕਵੀਂ ਅਗਵਾਈ ਪ੍ਰਾਪਤ ਹੋਣ ’ਤੇ ‘ਪਰਲੋ’ ਦਾ ਰੂਪ ਧਾਰਨ ਕਰ ਸਕਦੇ ਹਨ।
* ਜੇ ਜਨਤਾ ਨੂੰ ਕ੍ਰਾਂਤੀ ਲਈ ਤਿਆਰ ਕਰਨਾ ਹੈ ਤਾਂ ਸਿਰਫ਼ ਜਨਤਾ ਦੇ ਬੌਧਿਕ ਵਿਕਾਸ ਨੂੰ ਉੱਚਾ ਕਰਨਾ ਹੀ ਕਾਫ਼ੀ ਨਹੀਂ, ਉਨ੍ਹਾਂ ਦੇ ਮਨ (ਭਾਵਨਾਵਾਂ) ਨੂੰ ਛੂਹਣ ਵਾਲਾ ਸਸਤੇ ਤੋਂ ਸਸਤਾ ਸਾਹਿਤ ਵੀ ਬਾਜ਼ਾਰ ਵਿੱਚ ਝੋਕਣਾ ਪਵੇਗਾ।
* ਮੈਂ ਸਮਝਦਾ ਹਾਂ ਕਿ ਕੋਈ ਪਾਰਟੀ ਤਾਂ ਹੀ ਸ਼ਕਤੀਸ਼ਾਲੀ ਹੋ ਸਕਦੀ ਹੈ ਜੇ ਉਹ ਦੇਸ਼ ਅਤੇ ਜਨਤਾ ਦੇ ਹਿੱਤਾਂ ਨੂੰ ਪਾਰਟੀ ਹਿੱਤਾਂ ਤੋਂ ਉੱਪਰ ਸਮਝੇ।
* ਜੇ ਠੀਕ ਸਮੇਂ ’ਤੇ ਜਨਤਾ ਨੂੰ ਨਾਹਰੇ ਅਤੇ ਠੀਕ ਅਗਵਾਈ ਸ਼ਕਤੀ ਮਿਲ ਜਾਵੇ ਤਾਂ ਕਿਸਾਨ ਯੁੱਗ-ਤਬਦੀਲੀ ਦੀ ਸ਼ਕਤੀਸ਼ਾਲੀ ਤਾਕਤ ਬਣ ਸਕਦੇ ਹਨ।
* ਪੰਜਾਬੀ ਕਿਸੇ ਕੰਮ ਨੂੰ ਚੰਗਾ ਸਮਝਣ ਤਾਂ ਅੱਖਾਂ ਮੀਚ ਕੇ ਜੇਬ ਖਾਲੀ ਕਰ ਦਿੰਦੇ ਹਨ।
* ਜਬਰ ਨੂੰ ਚੁੱਪਚਾਪ ਸਹਿਣ ਦੀ ਥਾਂ ਉਸ ਨਾਲ ਟਕਰਾ ਕੇ ਮਿਟ ਜਾਣਾ ਚੰਗਾ ਹੈ।
* ਜੇਲ੍ਹ ਜਾਣ ਅਤੇ ਫਾਂਸੀ ਚੜ੍ਹਨ ਨਾਲੋਂ ਵੀ ਕਿਤੇ ਵੱਧ ਔਖਾ ਹੈ ਸੱਚ ਦੇ ਪੱਖ ਵਿੱਚ ਖੜ੍ਹੇ ਰਹਿ ਕੇ ਆਪਣੇ ਬਾਲ ਬੱਚਿਆਂ ਨੂੰ ਭੁੱਖੇ ਮਰਦੇ ਵੇਖਣਾ।
* ਜਦ ਤੱਕ ਕੋਈ ਪਾਰਟੀ ਜ਼ੁਲਮਾਂ ਦੇ ਵਿਰੋਧ ਦੇ ਪੱਖ ਵਿੱਚ ਖੜ੍ਹੀ ਰਹੇਗੀ, ਉਸ ਵਿੱਚ ਅੱਜ ਨਹੀਂ ਤਾਂ ਕੱਲ੍ਹ ਕ੍ਰਾਂਤੀ ਕਰਨ ਅਤੇ ਸਮਾਜ ਦਾ ਪ੍ਰਬੰਧ ਬਦਲਣ ਦੀ ਸਮਰੱਥਾ ਬਣੀ ਰਹੇਗੀ।
* ਫੂਕ ਫੂਕ ਕੇ ਕਦਮ ਰੱਖਣ ਵਾਲੇ ਕਦੇ ਇਸ ਸੰਸਾਰ ਨੂੰ ਬਦਲ ਨਹੀਂ ਸਕੇ, ਇਸ ਨੂੰ ‘ਉੱਚ-ਸਿਧਾਂਤਾਂ’ ਤੋਂ ਪ੍ਰੇਰਿਤ ‘ਪਾਗਲਾਂ’ ਨੇ ਹੀ ਬਦਲਿਆ ਹੈ ਅਤੇ ਸਜਾਇਆ-ਸੰਵਾਰਿਆ ਹੈ।
ਮਾਤ-ਭੂਮੀ ਨੂੰ ਵਿਦੇਸ਼ੀ ਜਰਵਾਣਿਆਂ ਦੇ ਸ਼ਿਕੰਜੇ ਵਿੱਚੋਂ ਮੁਕਤ ਕਰਵਾ ਕੇ ਇੱਥੇ ਸਹੀ ਅਰਥਾਂ ਵਿੱਚ ਲੋਕ ਰਾਜ ਸਥਾਪਤ ਕਰਨ ਦੀ ਇੱਛਾ ਲੈ ਕੇ ਜੂਝਣ ਵਾਲੇ ਚੋਣਵੇਂ ਦੇਸ਼ਭਗਤਾਂ ਬਾਰੇ ਲਗਭਗ ਦੋ ਦਰਜਨ ਪ੍ਰਮਾਣਿਕ ਪੁਸਤਕਾਂ ਦਾ ਅਨੁਵਾਦ ਕਰਨ ਵਾਲੇ ਬਲਬੀਰ ਲੌਗੋਵਾਲ ਦੀ ਇਹ ਨਵੀਂ ਅਨੁਵਾਦਿਤ ਪੁਸਤਕ ਅਗਾਂਹਵਧੂ ਵਿਚਾਰਧਾਰਾ ਨੂੰ ਪ੍ਰਣਾਏ ਹਰ ਪਾਠਕ ਦੇ ਪੜ੍ਹਨਯੋਗ ਹੈ।

Advertisement
Advertisement