ਸ਼ਰਾਬ ਪੀ ਕੇ ਹੋਏ ਝਗੜੇ ਦੌਰਾਨ ਪਰਵਾਸੀ ਮਜ਼ਦੂਰ ਦਾ ਸਾਥੀ ਵੱਲੋਂ ਕਤਲ
ਪੱਤਰ ਪ੍ਰੇਰਕ
ਖਰੜ, 30 ਜੂਨ
ਪਿੰਡ ਹਰਲਾਲਪੁਰ ਵਿੱਚ ਸਥਿਤ ਗਲੋਬਲ ਸਿਟੀ ਦੀਆਂ ਝੁੰਗੀਆਂ ਵਿੱਚ ਰਹਿੰਦੇ ਅਜੈ ਕੁਮਾਰ ਨਾਂ ਦੇ ਇੱਕ ਪਰਵਾਸੀ ਮਜ਼ਦੂਰ ਦਾ ਉਸ ਦੇ ਸਾਥੀ ਵੱਲੋਂ ਕਤਲ ਕਰ ਦਿੱਤਾ ਗਿਆ।
ਰਾਜੇਸ਼ ਕੁਮਾਰ ਨਾਂ ਦੇ ਇੱਕ ਰਾਜ ਮਿਸਤਰੀ ਠੇਕੇਦਾਰ ਨੇ ਦੱਸਿਆ ਕਿ ਉਸ ਨੇ ਆਪਣੇ ਨਾਲ ਕੁਝ ਬੰਦੇ ਰੱਖੇ ਹੋਏ ਹਨ ਜਿਨ੍ਹਾਂ ਵਿੱਚ ਅਜੈ ਕੁਮਾਰ ਉਰਫ਼ ਲੰਬੂ (35 ਸਾਲ) ਬਿਹਾਰ ਦਾ ਵਸਨੀਕ ਹੈ ਅਤੇ ਵਿਜੈ ਕੁਮਾਰ (32 ਸਾਲ) ਝਾਰਖੰਡ ਦਾ ਰਹਿਣ ਵਾਲਾ ਹੈ। ਇਨ੍ਹਾਂ ਦੋਹਾਂ ਨੇ ਬੀਤੇ ਦਿਨ ਦੁਪਹਿਰ ਵੇਲੇ ਹੀ ਆਪਣੀ ਝੋਪਡ਼ੀ ਵਿੱਚ ਸ਼ਰਾਬ ਪੀਤੀ ਅਤੇ ਸ਼ਾਮ ਵੇਲੇ ਇਨ੍ਹਾਂ ਵਿਚਾਲੇ ਗਾਲ੍ਹੀ-ਗਲੋਚ ਅਤੇ ਹੱਥੋਪਾਈ ਹੋ ਗਈ। ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਵਿੱਚ ਪੈ ਕੇ ਛੁਡਵਾ ਦਿੱਤਾ ਅਤੇ ਵਿਜੈ ਕੁਮਾਰ ਉੱਥੇ ਹੀ ਦੂਜੇ ਨੂੰ ਧਮਕੀਆਂ ਦੇਣ ਲੱਗ ਪਿਆ। ਅਗਲੇ ਦਿਨ ਜਦੋਂ ਸ਼ਿਕਾਇਤਕਰਤਾ ਪਿੰਡ ਹਰਲਾਲਪੁਰ ਨੂੰ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਵਿਜੈ ਕੁਮਾਰ ਪੈਦਲ ਆ ਰਿਹਾ ਸੀ ਅਤੇ ਉਸ ਦੇ ਕੱਪੜੇ ਖੂਨ ਨਾਲ ਲਿਬੜੇ ਹੋਏ ਸਨ। ਜਦੋਂ ਉਹ ਉਨ੍ਹਾਂ ਦੀ ਝੋਪਡ਼ੀ ਕੋਲ ਪਹੁੰਚਿਆ ਤਾਂ ਦੇਖਿਆ ਕਿ ਉੱਥੇ ਅਜੈ ਕੁਮਾਰ ਦਾ ਕਤਲ ਹੋ ਚੁੱਕਿਆ ਸੀ। ਖਰੜ ਦੇ ਥਾਣਾ ਸਦਰ ਦੇ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਵਿਜੈ ਕੁਮਾਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।