For the best experience, open
https://m.punjabitribuneonline.com
on your mobile browser.
Advertisement

ਚੁਭਦੀਆਂ ਸੂਲਾਂ ਨੂੰ ਖੁੰਢਾ ਕਰਨ ਦਾ ਸੁਨੇਹਾ ‘ਸੂਲਾਂ’

09:55 AM Sep 20, 2023 IST
ਚੁਭਦੀਆਂ ਸੂਲਾਂ ਨੂੰ ਖੁੰਢਾ ਕਰਨ ਦਾ ਸੁਨੇਹਾ ‘ਸੂਲਾਂ’
Advertisement

ਕ੍ਰਿਸ਼ਨ ਸਿੰਘ (ਪ੍ਰਿੰਸੀਪਲ)

ਗੁਰਚਰਨ ਕੌਰ ਥਿੰਦ ਦਾ ਕਹਾਣੀ ਸੰਗ੍ਰਹਿ ‘ਸੂਲਾਂ’ ਆਪਣੇ ਸਿਰਲੇਖਕ ਅਰਥਾਂ ਵਾਲਾ ਹੀ ਸਾਹਿਤਕ ਧਰਮ ਨਹੀਂ ਨਿਭਾਉਂਦਾ ਸਗੋਂ ਬਿਰਤਾਂਤ ਸਿਰਜਣਾ ਦੇ ਅਮਲ ਵਜੋਂ ਸ਼ਬਦ ਅਨੁਭਵ ਤੇ ਸ਼ਬਦ ਚੇਤਨਾ ਦੀ ਸੰਵੇਦਨਸ਼ੀਲਤਾ ਦਾ ਵੀ ਅਹਿਸਾਸ ਕਰਵਾਉਂਦਾ ਹੈ। ਕਹਾਣੀ ਸੰਗ੍ਰਹਿ ਦੀ ਆਖ਼ਰੀ ਕਹਾਣੀ ‘ਕਰੋਨਾ ਜੱਫੀ’ ਭਾਵੇਂ ਆਪਣੇ ਰਚਨਾ ਪਾਸਾਰ ਵਜੋਂ ਦੋ ਪੰਨਿਆਂ ਤੱਕ ਸੀਮਿਤ ਹੈ, ਪਰ ਉਸ ਦੀ ਮਨੋਵਿਗਿਆਨਕ ਤੇ ਪਰਿਵਾਰਕ ਸਬੰਧਾਂ/ ਰਿਸ਼ਤਿਆਂ ਦੀ ਵਰਣਮਾਲਾ/ ਵਿਆਖਿਆ ਜੀਵਨ ਦੇ ਸਦੀਵੀ ਸੱਚ ਦੀ ਲਖਾਇਕ ਹੈ। ਇਹ ਮਨੁੱਖ ਦੇ ਵਿਸ਼ਵਵਿਆਪੀ ਸੰਕਟ ਵਿੱਚੋਂ ਵੀ ਸੁੱਖਾਂ ਦੀ ਚਿਣਗ ਦਾ ਬੜਾ ਕ੍ਰਾਂਤੀਕਾਰੀ ਮਾਹੌਲ ਸਿਰਜਦੀ ਹੈ, ਹੇਠਾਂ ਅੰਕਿਤ ਲਫ਼ਜ਼ਾਂ ਦਾ ਕੋਈ ਮੁਕਾਬਲਾ ਨਹੀਂ।
‘ਉਹਦੀ ਮੰਮੀ ਨੇ ਉਦੇਸ਼ ਨੂੰ ਦੱਸਿਆ, ‘‘ਬੇਟੇ, ਤੈਨੂੰ ਵੀ ਕੋਵਿਡ ਹੋ ਗਿਆ ਹੈ, ਹੁਣ ਤੈਨੂੰ ਵੱਖਰੇ ਕਮਰੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ। ਤੂੰ ਘਰ ਵਿੱਚ ਜਿੱਥੇ ਮਰਜ਼ੀ ਆ ਜਾ ਸਕਦਾ ਹੈਂ।’’ ਜਦੋਂ ਉਸ ਨੇ ਰਸੋਈ ਵਿੱਚ ਮੇਰੇ ਆਉਣ ਦੀ ਆਹਟ ਸੁਣੀ ਤਾਂ ਉਹ ਉੱਪਰੋਂ ਇਹ ਕਹਿੰਦਾ ਭੱਜਾ ਆਇਆ, ‘‘ਦਾਦੀ ਮੈਨੂੰ ਵੀ ਕੋਵਿਡ ਹੋ ਗਿਆ। ਨਾਓ ਆਈ ਕੈਨ ਹੱਗ ਯੂ’’ ਅਤੇ ਉਹ ਦੋ ਦੋ ਪਾਉੜੀਆਂ ਇਕੱਠੀਆਂ ਉਤਰ ਕੇ ਮੇਰੇ ਗਲ਼ ਨੂੰ ਆ ਚੰਬੜਿਆ।’’
ਬਾਲ ਮਨੋਵਿਗਿਆਨ ਨੂੰ ਦਰਸਾਉਂਦੀ ਉਪਰੋਕਤ ਕਹਾਣੀ ਦੀ ਤਰ੍ਹਾਂ ਮਨੁੱਖੀ ਮਨ ਦੀਆਂ ਵੱਖ ਵੱਖ ਪਰਤਾਂ ਨੂੰ ਉਜਾਗਰ ਕਰਦੀਆਂ ਹੋਰ ਵੀ ਕਹਾਣੀਆਂ ਹਨ। ਲੇਖਿਕਾ ਦੇ ਜ਼ਿਹਨ ਵਿੱਚ ਕਰੋਨਾ ਜਾਂ ਨਸ਼ਿਆਂ ਦੇ ਕੋਹੜ ਦਾ ਨਕਾਰਾਤਮਕ ਪ੍ਰਤੀਕਰਮ ਹੋਇਆ ਤਾਂ ਉਸ ਮਾੜੇ ਵਕਤ ਉਸ ਨੂੰ ਦਰਬਾਰ ਸਾਹਿਬ ’ਤੇ ਹੋਇਆ ਹਮਲਾ ਵੀ ਯਾਦ ਆਇਆ। ‘ਪਰਛਾਵੇਂ’ ਕਹਾਣੀ ਵਿੱਚ ਇਤਿਹਾਸਕ ਤੌਰ ’ਤੇ ਇਨ੍ਹਾਂ ਵੱਖ- ਵੱਖ ਘਟਨਾਵਾਂ ਦਾ ਕੁਦਰਤੀ ਜਾਂ ਗ਼ੈਰ ਕੁਦਰਤੀ ਹੋਣਾ ਮਾਅਨੇ ਨਹੀਂ ਰੱਖਦਾ, ਪਰ ਇਨ੍ਹਾਂ ਦੀ ਦੁਖਾਂਤਕ ਸਾਂਝ ਬੜੀ ਅਰਥਪੂਰਨ ਹੈ ਜੋ ਕਿਸੇ ਵੀ ਤਰ੍ਹਾਂ ਮਨੁੱਖਤਾ ਦੇ ਹਿੱਤ ਵਿੱਚ ਨਹੀਂ।
ਗੁਰਚਰਨ ਥਿੰਦ ਦੇ ਇਸ ਕਹਾਣੀ ਸੰਗ੍ਰਹਿ ਦੇ ਸਿਰਲੇਖ ਨੂੰ ਨਿਆਂਪੂਰਨ ਤੇ ਤਰਕਸੰਗਤ ਪ੍ਰਭਾਵ ਦਿੰਦੀਆਂ ਇਹ ਤਿੰਨੋਂ ਵਿਚਾਰਧੀਨ ਕਹਾਣੀਆਂ ਜਿਵੇਂ ‘ਸੂਲ’, ‘ਕਮਜਾਤ’ ਤੇ ‘ਵਿਤਕਰਾ’ ਆਪਣੇ ਅਧਿਐਨ ਤੇ ਅਨੁਭਵ ਦੀ ਦ੍ਰਿਸ਼ਟੀ ਤੋਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ ਜੋ ਆਪਣੇ ਇਤਿਹਾਸਕ ਪਰਿਪੇਖ ਵਜੋਂ ਥੋੜ੍ਹਚਿਰੀ ਮਨੁੱਖੀ ਸਮੱਸਿਆ ਨਾਲ ਸਬੰਧਿਤ ਨਹੀਂ ਸਗੋਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਦਲਿਤ ਵਿਰੋਧੀ ਭਾਵਨਾਵਾਂ ’ਤੇ ਕੇਂਦਰਿਤ ਹਨ। ਇਸ ਸੰਗ੍ਰਹਿ ਤੋਂ ਇਹ ਸਾਰਾ ਕੁਝ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ ਜੋ ਜਾਤੀਗਤ, ਰੰਗ ਭੇਦ ਭਾਵ ਤੱਕ ਸੀਮਿਤ ਨਹੀਂ ਰਿਹਾ ਸਗੋਂ ਵਿਗਿਆਨ ਤੇ ਤਕਨਾਲੋਜੀ ਦੇ ਕ੍ਰਾਂਤੀਕਾਰੀ ਯੁੱਗ ਵਿੱਚ ਵੀ ਲਿੰਗ ਭੇਦਭਾਵ ਤੇ ਨਸਲਵਾਦ ਦੀ ਭੈੜੀ ਵਾਦੀ ਤੋਂ ਵੀ ਖਹਿੜਾ ਨਹੀਂ ਛੁਡਾ ਸਕਿਆ।
ਜਾਤਪਾਤ ਪ੍ਰਣਾਲੀ ਦੇ ਸੰਦਰਭ ਵਿੱਚ ‘ਕਮਜਾਤ’ ਕਹਾਣੀ ਦੀ ਪਾਤਰ ਸ਼ਿੰਦਰ ਵੱਲੋਂ ਬੋਲੇ ਲਫ਼ਜ਼ ਉਸ ਦੀ ਆਪਣੀ ਹੋਂਦ ਨੂੰ ਬਚਾਉਣ ਤੱਕ ਸੀਮਿਤ ਨਹੀਂ ਸਗੋਂ ਉਨ੍ਹਾਂ ਦਲਿਤ- ਸ਼੍ਰੇਣੀਆਂ ਦੇ ਮੂਲ ਸੰਕਲਪ ਨੂੰ ਵੀ ਚਿੱਟੇ ਦਿਨ ਵਾਂਗ ਮੂਰਤੀਮਾਨ ਕਰਦੇ ਹਨ। ਉਸ ਦਾ ਅੰਦਰਲਾ ਆਪਾ ਬੋਲ ਉੱਠਦਾ ਹੈ; ਆਪਣੀ ਹੈਸੀਅਤ ਅਨੁਸਾਰ ਉਹ (ਸ਼ਿੰਦਰ) ਉੱਚ ਜਾਤੀ ਦੇ ਮੁੱਖ ਪਾਤਰ ਨੂੰ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦੀ:
“ਸਾਡੇ ਵਰਗਿਆਂ ਨੂੰ ਕਮੀਣ ਬਣਾਇਆ ਥੋਡੇ ਵਰਗੀਆਂ ਲਹੂ ਪੀਣੀਆਂ ਜੋਕਾਂ ਨੇ! ਜੇ ਤੇਰੇ ਭਰਾ ਭਾਈਆਂ ਦੀ ਬਾਹਰਲੇ ਮੁਲਕਾਂ ਵਿੱਚ ਜਾ ਕੇ ਸਾਡੇ ਵਾਲੇ ਕੰਮ ਕਰਦਿਆਂ ਦੀ ਜਾਤ ਨੀਵੀਂ ਨ੍ਹੀਂ ਹੁੰਦੀ ਤਾਂ ਫਿਰ ਸਾਡੀ ਜਾਤ ਨੂੰ ਕੀ ਕੀੜੇ ਪਏ ਆ?... ਘਰ ਦੇ ਗੇਟ ਅੱਗੇ ਮੁੱਖੇ ਦੀ ਮਾਂ ਦੁਹੱਥੜੀ ਪਿੱਟਦੀ ਉਹਦਾ ਸਿਆਪਾ ਕਰਦੀ ਮੱਥੇ ਲੱਗੀ।’’ ਬੇਬੇ ਬੰਦ ਕਰ ਇਹ ਤਮਾਸ਼ਾ! ਪੁੱਤ ਤੇਰਾ ਹੁਣ ‘ਕੰਮੀਆਂ ਦਾ ਜੁਆਈ’ ਬਣ ਗਿਆ। ਮੈਂ ਇਹਦੀ ਜਾਤ ਬਦਲਤੀ।” ਜਾਤਪਾਤ ਦਾ ਇਹ ਮਾਨਵ ਵਿਰੋਧੀ ਕੋਹੜ ਭਾਰਤੀ ਸੱਭਿਆਚਾਰ ਤੱਕ ਸੀਮਿਤ ਨਾ ਰਿਹਾ, ਸਗੋਂ ਵਿਦੇਸ਼ਾਂ ਵਿੱਚ ਵੀ ਫੈਲ ਗਿਆ। ‘ਸੂਲਾਂ’ ਕਹਾਣੀ ਵਿੱਚ ਗੁਰਚਰਨ ਥਿੰਦ ਨੇ ਪਿੰਡਾਂ ਵਿੱਚ ਇਨ੍ਹਾਂ ਦਲਿਤਾਂ ਦੇ ਰਿਹਾਇਸ਼ੀ ਇਲਾਕਿਆਂ ਤੋਂ ਵੀ ਪ੍ਰਤੱਖ ਕਰ ਦਿੱਤਾ ਹੈ ਕਿ ਇਨ੍ਹਾਂ ਦੇ ਘਰ/ ਵਿਹੜੇ/ ਗੁਰਦੁਆਰੇ ਵੀ ਇਨ੍ਹਾਂ ਦੀ ਜਾਤੀਗਤ ਪਛਾਣ ਕਿਵੇਂ ਬਣਦੇ ਹਨ :
‘‘ਹੁਣ ਮੈਂ ਸਮਝੀ, ਉੱਥੇ ਕਿਉਂ ਲੋਕੀਂ ਤੁਹਾਡਾ ਪਿਛਲਾ ਪਿੰਡ ਪੁੱਛਦੇ ਨੇ। ਪਿੰਡ ਤੋਂ ਤੇ ਪਿੰਡ ਵਿਚਲੇ ਤੁਹਾਡੇ ਘਰ ਤੋਂ, ਬਿਨਾਂ ਪੁੱਛੇ ਪਤਾ ਜੁ ਲੱਗ ਜਾਣਾ ਹੁੰਦਾ ਜੋ ਸਾਹਮਣੇ ਵਾਲਾ ਸਿੱਧਾ ਨਹੀਂ ਪੁੱਛ ਸਕਦਾ।’’....‘‘ਡੈਡ ਤੁਹਾਨੂੰ
ਪਤਾ ਬਾਹਰ ਕੈਨੇਡਾ ਵਿੱਚ ਗੁਰਦੁਆਰੇ ਵੀ ਵੱਖਰੇ ਵੱਖਰੇ ਬਣੇ ਹੋਏ ਨੇ। ਮੈਨੂੰ ਤਾਂ ਪਤਾ ਈ ਨਹੀਂ ਸੀ ਇਹ ਕਿਉਂ ਤੇ ਕੀ ਆ।’’
ਜਾਤਪਾਤ ਸਬੰਧੀ ‘ਵਿਤਕਰਾ’ ਕਹਾਣੀ ਵਿੱਚ ਲਿਖੇ ਇਹ ਭਾਵਪੂਰਤ ਵਿਚਾਰ ਵੀ ਸਮਝਣਯੋਗ ਹਨ:
‘‘ਕਿਉਂ ਲੋਕੀਂ ਆਪੋ ਆਪਣੀਆਂ ਜਾਤਾਂ ਦੇ ਗੁਰਦੁਆਰਿਆਂ ਤੱਕ ਸੀਮਿਤ ਹੋ ਰਹੇ ਹਨ। ਕਿਉਂ ਕਈਆਂ ਲਈ ਮੰਦਰਾਂ ’ਚ ਪੈਰ ਧਰਨਾ ਵਰਜਿਤ ਹੈ? ਆਪਣੇ ਆਪ ਨੂੰ ਸਵਰਨਜਾਤੀ ਕਹਾਉਣ ਵਾਲਿਆਂ ਨੂੰ ਕੀ ਵੱਖਰੀਆਂ ਲੂਲ੍ਹਾਂ ਲੱਗੀਆਂ ਨੇ।’’
ਅਜੋਕੀ ਨਾਰੀ ਆਪਣੇ ਹੱਕਾਂ- ਹਕੂਕਾਂ ਤੋਂ ਭਾਵੇਂ ਜਾਗਰੂਕ ਹੋ ਚੁੱਕੀ ਹੈ, ਪਰ ਉਨ੍ਹਾਂ ਨੂੰ ਹੱਕਾਂ/ਅਧਿਕਾਰਾਂ ਲਈ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਮਰਦ- ਇਸਤਰੀ ਦੀ ਬਰਾਬਰੀ ਦਾ ਇਹ ਅਧਿਕਾਰ ਸਹੀ ਮਾਅਨਿਆਂ ਵਿੱਚ ਕਿਵੇਂ ਅਮਲ ਵਿੱਚ ਆ ਸਕਦਾ ਹੈ, ਲੇਖਿਕਾ ਨੇ ਆਪਣਾ ਇਹ ਵਿਅਕਤੀਗਤ ਨਿਰਣਾ ਆਪਣੀ ‘ਲਾਲਾ ਲਾਲਾ ਹੋਗੀ!’’ ਨਾਮਕ ਕਹਾਣੀ ਵਿੱਚ ਪੇਸ਼ ਕੀਤਾ ਹੈ। ‘‘ਮਸਲਾ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਦਾ ਵੀ ਨਹੀਂ। ਉਹ ਤਾਂ ਕਾਗਜ਼ਾਂ ਵਿੱਚ ਪਹਿਲਾਂ ਦੇ ਦਿੱਤਾ ਗਿਆ ਤੇ ਇਸ ਬਰਾਬਰੀ ਦੇ ਨਾਂ ’ਤੇ ਬਥੇਰਾ ਸ਼ੋਸ਼ਣ ਵੀ ਹੋ ਰਿਹਾ। ਮਸਲਾ ਤਾਂ ਬਰਾਬਰ ਦਾ ਸਮਝਣ ਅਤੇ ਬਰਾਬਰ ਹੋਣ ਦਾ ਅਹਿਸਾਸ ਕਰਨ ਅਤੇ ਕਰਵਾਉਣ ਦਾ ਹੈ।’’ ਕੈਨੇਡਾ ਵਿੱਚ ਰਹਿ ਰਹੇ ਕੁਝ ਸਵਾਰਥੀ ਬੱਚੇ ਜੋ ਆਪਣੇ ਮਾਪਿਆਂ ਪ੍ਰਤੀ ਬੜੀ ਨਾਂਹਪੱਖੀ ਜ਼ਿੰਮੇਵਾਰੀ ਨਿਭਾਉਂਦੇ ਹਨ, ਉਨ੍ਹਾਂ ਦੇ ਅਜਿਹੇ ਵਰਤਾਰੇ ਨੂੰ ਵੀ ਲੇਖਿਕਾ ਨੇ ਅੱਖੋਂ- ਪਰੋਖੇ ਨਹੀਂ ਕੀਤਾ। ਅਜਿਹੇ ਗੰਭੀਰ ਵਿਸ਼ੇ ਨੂੰ ਉਸ ਨੇ ਆਪਣੀ ‘ਨਿੱਘਰੇ’ ਨਾਮਕ ਕਹਾਣੀ ਵਿੱਚ ਬੜੇ ਸੁਹਜਮਈ ਢੰਗ ਨਾਲ ਸਾਂਝਾ ਕੀਤਾ ਹੈ।
ਵਿਚਾਰਧੀਨ ‘ਸੂਲਾਂ’ ਦਾ ਸੰਕਲਪ/ ਅਹਿਸਾਸ ਵਿਅਕਤੀਗਤ ਨਹੀਂ ਸਗੋਂ ਜ਼ਿੰਦਗੀ ਦੇ ਵਿਭਿੰਨ ਪਾਸਾਰਾਂ ਨੂੰ ਆਪਣੇ ਆਪ ਵਿੱਚ ਸਮੋਈ ਬੈਠਾ ਹੈ; ਬਤੌਰ ਕਹਾਣੀਕਾਰਾ ਹਜ਼ਾਰਾਂ ਮੀਲ ਦੂਰ ਵਿਦੇਸ਼ਾਂ ਵਿੱਚ ਰਹਿੰਦਿਆਂ ਵੀ ਉਹ ਆਪਣੇ ਬੀਤੇ ਦੇ ਪੰਜਾਬ ਇਤਿਹਾਸ ਦੇ ਹੋਏ ਡੂੰਘੇ ਜ਼ਖ਼ਮਾਂ ਨੂੰ ਨਹੀਂ ਭੁੱਲੀ, ਉਨ੍ਹਾਂ ਨਾ ਭੁੱਲਣਯੋਗ ਤ੍ਰਾਸਦਿਕ ਘਟਨਾਵਾਂ ਨੂੰ ਵੀ ਸਾਹਿਤ ਦਾ ਅੰਗ ਬਣਾਉਣਾ ਉਸ ਨੇ ਆਪਣਾ ਪਰਮ ਧਰਮ ਸਮਝਿਆ ਹੈ। 1978 ਤੋਂ ਬਾਅਦ ਦਾ ਪੰਜਾਬ ਦਾ ਖ਼ੂਨੀ ਇਤਿਹਾਸ, ਦਰਬਾਰ ਸਾਹਿਬ ’ਤੇ ਹੋਇਆ ਹਮਲਾ ਅਤੇ ਸਿੱਖ ਕੌਮ ਦੇ ਦੰਗਿਆਂ ਦੀ ਵਿਥਿਆ ਉਸ ਦੇ ਜ਼ਿਹਨ ਵਿੱਚ ਅੱਜ ਵੀ ਮੌਜੂਦ ਹੈ। ਇਸੇ ਤਰ੍ਹਾਂ ਖ਼ਾਲਿਸਤਾਨੀ ਲਹਿਰ ਦਾ ਕੌਮਾਂਤਰੀ ਪੱਧਰ ’ਤੇ ਕੀ ਪ੍ਰਤੀਕਰਮ ਹੋਇਆ? ਖ਼ਾਲਿਸਤਾਨ ਦੀ ਪਰਿਭਾਸ਼ਾਗਤ ਵਿਆਖਿਆ ਕੀ ਹੈ? ਤੇ ਇੱਥੋਂ ਤੱਕ ਕਿ ਉਹ ਉਸ ਦੇ ਅਮਲ ਬਾਰੇ ਨਿੱਤ ਉੱਠਦੇ ਸਵਾਲਾਂ ਬਾਰੇ ਵੀ ਭਲੀਭਾਂਤ ਵਾਕਿਫ਼ ਹੈ। ਸਾਹਿਤਕਾਰੀ ਦੇ ਖੇਤਰ ਵਿੱਚ ਅਜਿਹੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਵਿਚਾਰਨਾ/ ਛੋਹਣਾ ਭਾਵੇਂ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ, ਪਰ ਉਸ ਨੇ ‘ਪੰਜਾਬ’ ਕਹਾਣੀ ਵਿੱਚ ਬੜੇ ਸਹਿਜਭਾਵੀ ਰੂਪ ਵਿੱਚ ਤੇ ਬੜੇ ਸੰਤੁਲਨ ਵਿੱਚ ਰਹਿ ਕੇ ਬੜੇ ਠੋਸ ਨਿਰਣੇ ਦਿੱਤੇ ਹਨ।
ਕਹਾਣੀਕਾਰਾ ਨੇ ‘ਅੰਦੋਲਨ’ ਨਾਮਕ ਕਹਾਣੀ ਲਿਖ ਕੇ ਕੌਮਾਂਤਰੀ ਪੱਧਰ ਦੇ ਕਿਸਾਨੀ ਅੰਦੋਲਨ ਨੂੰ ਵੀ ਆਪਣੀ ਲੇਖਣੀ ਦਾ ਹਿੱਸਾ ਬਣਾਇਆ ਹੈ। ਉਸ ਨੇ ਆਪਣੀ ਹੈਸੀਅਤ ਮੁਤਾਬਿਕ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਉਸ ਇਤਿਹਾਸਕ ਅੰਦੋਲਨ ਨੂੰ ਆਪਣੀ ਰਚਨਾ ਦ੍ਰਿਸ਼ਟੀ ਤੋਂ ਵੀ ਅੱਖੋਂ ਪਰੋਖੇ ਨਹੀਂ ਕੀਤਾ। ਅੰਦੋਲਨ ਦੌਰਾਨ ਵਸੀਹ ਗਿਆਨ ਲਈ ਕਿਤਾਬਾਂ ਦੇ ਲੱਗੇ ਲੰਗਰ ਬਾਰੇ ਉਸ ਦੀ ਹੇਠਲੀ ਲਿਖਤ ਜ਼ਿਕਰਯੋਗ ਹੈ;
‘‘ਵੀਰ ਜੀ, ਇਹ ਤਾਂ ਫਿਰ ਕਿਸਾਨੀ ਅੰਦੋਲਨ ਰਾਹੀਂ ਇੱਕ ਤਰ੍ਹਾਂ ਦਾ ਸਮਾਜਿਕ ਵਿਕਾਸ ਹੋ ਰਿਹਾ ਹੈ। ਨਸ਼ਾ -ਮੁਕਤੀ, ਗਿਆਨ ਦਾ ਸੰਚਾਰ, ਭਾਈਚਾਰੇ ਦੀਆਂ ਪੀਡੀਆਂ ਗੰਢਾਂ, ਨਾ ਵੈਰ-ਵਿਰੋਧ, ਨਾ ਊਚ-ਨੀਚ, ਉੱਚੀ ਸੁੱਚੀ ਸੋਚ ਦਾ ਪ੍ਰਵਾਹ। ਇਹ ਤਾਂ ਮੈਨੂੰ ਕੋਈ ਸੁਰਗੀ ਨਜ਼ਾਰਾ ਲੱਗਦਾ ਜੇ ਭਰਾ ਜੀ।’’ ਅਫ਼ਸੋਸ ਹੈ ਕਿ ਖ਼ੁਦਕੁਸ਼ੀਆਂ ਦੀਆਂ ਦੁਖਾਂਤਕ ਪ੍ਰਸਥਿਤੀਆਂ ਵਿੱਚ ਵੀ ਵੋਟਾਂ ਦੀ ਰਾਜਨੀਤੀ ਜਿਉਂ ਦੀ ਤਿਉਂ ਕਾਇਮ ਰਹਿੰਦੀ ਹੈ। ਕਿਸਾਨ ਸਾਧੂ ਸਿੰਘ ਦੀ ਹੋਈ ਮੌਤ ਉਪਰੰਤ ਆਮ ਲੋਕਾਂ ਦੀ ਬਣੀ ਸਮਝ ਅਤੇ ਇਲਾਕੇ ਦੇ ਵਿਧਾਇਕ ਦੀ ਰਾਜਨੀਤੀ ਕਿਵੇਂ ਅੰਦਰੂਨੀ ਟਕਰਾਓ ਵਾਲਾ ਮਾਹੌਲ ਪੈਦਾ ਕਰਦੀ ਹੈ, ‘ਮੁਜ਼ਾਹਰਾ’ ਕਹਾਣੀ ਵਿੱਚ ਰੂਪਮਾਨ ਹੁੰਦਾ ਤੱਥ ਹੈ।
ਗੁਰਚਰਨ ਦੀ ਲੇਖਣੀ ਬਾਰੇ ਮੈਂ ਨਿੱਜੀ ਤੌਰ ’ਤੇ ਕਹਿ ਸਕਦਾ ਹਾਂ ਕਿ ਉਸ ਦੀ ਸਿਰਜਣਸ਼ੀਲਤਾ ਦੇ ਵਿਭਿੰਨ ਥੀਮਿਕ ਪਾਸਾਰ ਕੇਵਲ ਮਨੁੱਖੀ ਕਦਰਾਂ- ਕੀਮਤਾਂ ਨੂੰ ਹੀ ਤਰਜੀਹ ਨਹੀਂ ਦਿੰਦੇ ਸਗੋਂ ਸਮੇਂ- ਸਮੇਂ ਅਨੁਸਾਰ ਆਪਣੇ ਆਧੁਨਿਕ ਪਰਿਪੇਖ ਨੂੰ ਵੀ ਆਪਣਾ ਕੇਂਦਰ- ਬਿੰਦੂ ਮਿੱਥਦੇ ਹਨ। ਉਸ ਦੀਆਂ ਮੌਲਿਕ ਰਚਨਾਵਾਂ ਦੀ ਖ਼ੂਬਸੂਰਤੀ ਵੀ ਇਹੋ ਹੈ ਕਿ ਇਹ ਮਨੁੱਖੀ ਜਗਤ ਦੀ ਹੂਬਹੂ ਰੂਪ ਵਿੱਚ ਫੋਟੋਗ੍ਰਾਫ਼ੀ ਨਹੀਂ ਕਰਦੀ ਜਾਂ ਇਤਿਹਾਸਕ ਪ੍ਰਕਰਣਾਂ ਨੂੰ ਇਤਿਹਾਸ ਦੇ ਪੰਨਿਆਂ/ਤੱਥਾਂ ਦੀ ਤਰ੍ਹਾਂ ਨਹੀਂ ਸਿਰਜਦੀ ਸਗੋਂ ਸਬੰਧਿਤ ਵਿਸ਼ਾਗਤ ਧਰਾਤਲ ਦੇ ਮੱਦੇਨਜ਼ਰ ਉਸ ਪ੍ਰਤੀ ਆਪਣੀ ਠੋਸ ਰਾਇ ਵੀ ਦਿੰਦੀ ਹੈ। ਹਥਲੇ ਕਹਾਣੀ- ਸੰਗ੍ਰਹਿ ਵਿੱਚ ਵੀ ਅਜਿਹੇ ਗੰਭੀਰ ਸਵਾਲ ਉਠਾਏ ਹਨ; ਜਿਵੇਂ ਆਰੀਆ-ਅਨਾਰੀਆ ਦਾ ਨਿਖੇੜ, ਜਾਤਪਾਤ/ ਊਚ-ਨੀਚ ਦੀ ਅਜੋਕੀ ਦਸ਼ਾ, ਖ਼ਾਲਿਸਤਾਨ ਹੱਦਬੰਦੀ/ ਸੀਮਾ-ਰੇਖਾ ਤੇ ਸੰਭਾਵਨਾਵਾਂ, ਵਿਦੇਸ਼ੀ ਵਿਦਿਆਰਥੀਆਂ ਦੇ ਤ੍ਰਾਸਦਿਕ ਮਸਲੇ, ਵਿਦੇਸ਼ੀ ਮਾਪਿਆਂ ਦੀ ਨਿੱਘਰਦੀ ਹਾਲਤ, ਕਿਸਾਨੀ ਅੰਦੋਲਨ ਦਾ ਭਵਿੱਖ, ਆਤਮ ਹੱਤਿਆਵਾਂ ਕਿਉਂ? ਨਸ਼ਿਆਂ ’ਤੇ ਪ੍ਰਤੀਕਰਮ ਅਤੇ ਬਾਲ ਮਨੋਵਿਗਿਆਨ ਦੀਆਂ ਪਰਤਾਂ ਆਦਿ ਵਿਸ਼ੇਸ਼ ਪਹਿਲੂਆਂ ਬਾਰੇ ਨਿੱਠ ਕੇ ਚਰਚਾ ਕੀਤੀ ਹੈ।
ਹਕੀਕਤ ਤਾਂ ਇਹ ਹੈ ਕਿ ਇਹ ਸਵਾਲ ਉਸ ਦੀ ਸੰਵੇਦਨਸ਼ੀਲਤਾ ਤੇ ਸਮਝ ਦੀ ਉਪਜ ਹਨ ਜੋ ਸਾਹਿਤਕਾਰੀ ਖੇਤਰ ਦੇ ਬੁਨਿਆਦੀ ਸਿਧਾਂਤ/ਉਦੇਸ਼ ਬਣਦੇ ਹਨ। ਉਸ ਦੇ ਅਜਿਹੇ ਮੂਲ ਉਦੇਸ਼ਾਂ ਦਾ ਹੀ ਪ੍ਰਤੀਕਰਮ ਹੈ ਕਿ ਉਸ ਨੇ ਮਨੁੱਖੀ ਜੀਵਨ ਦੀਆਂ ਚੁਭਦੀਆਂ ਸੂਲਾਂ ਨੂੰ ਖੁੰਢੀਆਂ ਕਰਨ ਦਾ ਬੀੜਾ ਚੁੱਕਿਆ ਹੈ ਤੇ ਆਪਣੇ ਮਾਨਵ-ਪੱਖੀ ਦ੍ਰਿਸ਼ਟੀਕੋਣ ਰਾਹੀਂ ਸਮਕਾਲੀ ਇਤਿਹਾਸ ਨੂੰ ਇਤਿਹਾਸਕ ਚੇਤਨਾ ਦੇ ਬੋਲ ਦਿੱਤੇ ਹਨ। ਕਿੰਨਾ ਚੰਗਾ ਹੋਵੇ! ਸੂਲਾਂ ਦਾ ਅਜਿਹਾ ਅਹਿਸਾਸ ਹਰ ਸਾਹਿਤਕਾਰ ਦੇ ਹਿੱਸੇ ਆਵੇ ਤਾਂ ਕਿ ਸ਼ਬਦ- ਸੱਭਿਆਚਾਰ ਰਾਹੀਂ ਚੰਗੇਰੇ ਸਮਾਜ ਦੇ ਭਵਿੱਖ ਲਈ ਅਸੀਂ ਆਪਣਾ ਆਪਣਾ ਯੋਗਦਾਨ ਪਾ ਸਕੀਏ।
ਸੰਪਰਕ: 94639-89639

Advertisement

Advertisement
Advertisement
Author Image

joginder kumar

View all posts

Advertisement