ਵਿਰਸੇ ਨਾਲ ਜੁੜਨ ਦਾ ਸੁਨੇਹਾ
ਡਾ. ਸਤਨਾਮ ਸਿੰਘ ਜੱਸਲ
ਸੰਜੀਵਨ ਸਿੰਘ ਪੰਜਾਬੀ ਸਾਹਿਤ ਅਤੇ ਵਿਸ਼ੇਸ਼ ਕਰਕੇ ਨਾਟਕ ਦੇ ਖੇਤਰ ਦਾ ਸਥਾਪਤ ਹਸਤਾਖ਼ਰ ਹੈ ਜਿਹੜਾ ਰੰਗਮੰਚ ਨਾਲ ਪ੍ਰਤਿਬੱਧ ਰੂਪ ਵਿੱਚ ਜੁੜਿਆ ਹੋਇਆ ਹੈ।
ਹੱਥਲੀ ਪੁਸਤਕ ‘ਸਰਦਾਰ (ਪੰਜਾਬੀ ਨਾਟਕ)’ (ਕੀਮਤ: 300 ਰੁਪਏ; ਯੂਨੀਸਟਾਰ ਬੁੱਕਸ ਪ੍ਰਾਈਵੇਟ ਲਿਮਿਟਡ, ਚੰਡੀਗੜ੍ਹ) ਦੇਸ਼ ਦੀ ਆਜ਼ਾਦੀ ਲਈ ਆਪਾ ਕੁਰਬਾਨ ਕਰਨ ਵਾਲੇ ਪ੍ਰਵਾਨਿਆਂ ਨੂੰ ਸਮਰਪਿਤ ਹੈ। ਇਸ ਨਾਟਕ ਸਬੰਧੀ ਦੋ ਸ਼ਖ਼ਸੀਅਤਾਂ ਦੇ ਵਿਚਾਰਾਂ ਤੋਂ ਜਾਣੂ ਕਰਵਾਉਣਾ ਜ਼ਰੂਰੀ ਹੈ। ਪ੍ਰੋਫੈਸਰ ਜਗਮੋਹਨ ਸਿੰਘ ਨੇ ਲਿਖਿਆ ਹੈ ਕਿ ‘ਸੰਜੀਵਨ ਸਿੰਘ ਇੱਕ ਨਿਸ਼ਠਾ ਵਾਲਾ ਤੇ ਨਾਟ ਕਲਾ ਦਾ ਖ਼ੂਬ ਮਾਸਟਰ ਹੈ, ਉਸ ਨੇ ਇਸ ਨਾਟਕ ‘ਸਰਦਾਰ’ ਨੂੰ ਬਹੁਤ ਹੀ ਖ਼ੂਬ ਅਤੇ ਵਧੀਆ ਤਰੀਕੇ ਨਾਲ ਬੁਣਿਆ ਹੈ। ਇਸ ਵਿੱਚ ਤਿੰਨ ਪੁਸ਼ਤਾਂ ਦਾ ਸੰਵਾਦ ਹੈ ਅਤੇ ਬਹੁਤ ਹੀ ਖ਼ੂਬਸੂਰਤੀ ਨਾਲ ਨਵੀਂ ਪੀੜ੍ਹੀ ਨੂੰ ਭਗਤ ਸਿੰਘ ਅਤੇ ਉਨ੍ਹਾਂ ਦਾ ਸਾਥੀਆਂ ਨਾਲ ਇੱਕ ਚੱਲਦੇ ਫਿਰਦੇ ਹੱਸਦੇ ਖੇਡਦੇ ਪਰ ਆਪਣੇ ਉਦੇਸ਼ ਲਈ ਪ੍ਰਤੀਬਧ ਦੇ ਤੌਰ ’ਤੇ ਜਾ ਦਿਖਾਇਆ ਹੈ ਅਤੇ ਇਹ ਸਭ ਅਸਲੀਅਤ ’ਤੇ ਆਧਾਰਿਤ ਹੈ। ਭਗਤ ਸਿੰਘ ਨੂੰ ਬੁੱਤ ਨਾ ਬਣਾ ਕੇ, ਇੱਕ ਇਨਸਾਨੀ ਵੇਸ ਵਿੱਚ ਪੇਸ਼ ਕੀਤਾ ਹੈ’। ਪ੍ਰਸਿੱਧ ਨਾਟਕਕਾਰ ਅਤੇ ਅਦਾਕਾਰ ਦਵਿੰਦਰ ਦਮਨ ਨੇ ਇਸ ਨਾਟਕ ਬਾਰੇ ਕਿਹਾ ਹੈ ਕਿ ‘ਭਗਤ ਸਿੰਘ ਦੇ ਜੀਵਨ ’ਤੇ ਸੈਂਕੜੇ ਨਾਟਕ ਲਿਖੇ ਗਏ ਹੋਣਗੇ, ਪਰ ਜਿਸ ਢੰਗ ਨਾਲ ਇਹ ਨਾਟਕ ਸਾਡੀ ਅਗਲੀ ਪੀੜ੍ਹੀ ਨੂੰ ਸੰਬੋਧਤ ਹੁੰਦਾ ਹੈ ਇਸ ਤਰ੍ਹਾਂ ਦੀ ਝਲਕ ਹੋਰ ਨਾਟਕਾਂ ਵਿੱਚ ਨਜ਼ਰ ਨਹੀਂ ਆਉਂਦੀ’। ਇਨ੍ਹਾਂ ਦੋਵਾਂ ਦੇ ਵਿਚਾਰ ਇਸ ਨਾਟਕ ਦੀ ਗੁਣਵੱਤਾ ਨਾਲ ਜੁੜੇ ਹੋਏ ਹਨ। ਸਰੋਕਾਰ ਤੇ ਤਕਨੀਕ ਪੱਖੋਂ ਨਾਟਕ ‘ਸਰਦਾਰ’ ਵਿੱਚ ਵਿਸ਼ੇਸ਼ ਵਿਲੱਖਣਤਾ ਮਿਲਦੀ ਹੈ। ਇਸ ਦਾ ਭਾਵ ਇਹ ਵੀ ਨਹੀਂ ਕਿ ਸ਼ਹੀਦ ਭਗਤ ਸਿੰਘ ਸਬੰਧੀ ਸਿਰਜੇ ਹੋਰ ਨਾਟਕਾਂ ਦਾ ਪੰਜਾਬੀ ਨਾਟ-ਸਾਹਿਤ ਵਿੱਚ ਸਥਾਨ ਨਹੀਂ ਹੈ।
ਸੰਜੀਵਨ ਸਿੰਘ ਨੇ ਇਸ ਨਾਟਕ ਦੀ ਸਿਰਜਣ ਪ੍ਰਕਿਰਿਆ ਸਬੰਧੀ ਲਿਖਿਆ ਹੈ ਕਿ ਸਾਹਿਤ ਦੀਆਂ ਵੱਖੋ ਵੱਖ ਵਿਧਾਵਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਬਾਰੇ ਕਾਫ਼ੀ ਸਮੱਗਰੀ ਮਿਲਦੀ ਹੈ। ਜ਼ਿਆਦਾਤਰ ਭਗਤ ਸਿੰਘ ਦੀ ਪਿਸਤੌਲ ਵਾਲੀ ਤਸਵੀਰ ਹੀ ਸਾਡੇ ਦਿਲੋ-ਦਿਮਾਗ਼ ’ਤੇ ਛਾਈ ਹੋਈ ਹੈ, ਪਰ ਭਗਤ ਸਿੰਘ ਦੀ ਸ਼ਖ਼ਸੀਅਤ ਨਿਰੀ-ਪੁਰੀ ਉਹੀ ਨਹੀਂ ਜੋ ਸਾਡੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ, ਉਨ੍ਹਾਂ ਦੀ ਸ਼ਖ਼ਸੀਅਤ ਬਹੁਪੱਖੀ ਤੇ ਬਹੁਪਰਤੀ ਸੀ। ਨਾਟਕਕਾਰ ਨੇ ਇਸ ਪੱਖ ਨੂੰ ਧਿਆਨ ਵਿੱਚ ਰੱਖ ਕੇ ਨਾਟਕ ਦੀ ਸਿਰਜਣਾ ਕੀਤੀ। ਨਾਟਕਕਾਰ ਨੇ ਭਗਤ ਸਿੰਘ ਦੇ ਉਨ੍ਹਾਂ ਪੱਖਾਂ ਤੋਂ ਜਾਣੂ ਕਰਵਾਉਣ ਦਾ ਯਤਨ ਕੀਤਾ ਹੈ ਜਿਹੜੇ ਅਜੇ ਤੱਕ ਨਾਟਕ ਜਾਂ ਫਿਲਮਾਂ ਵਿੱਚ ਨਹੀਂ ਆਏ। ਇਸ ਪ੍ਰਸੰਗ ਵਿੱਚ ਨਾਟਕਕਾਰ ਨੇ ਭਗਤ ਸਿੰਘ ਦੀ ਭਤੀਜੀ ਵਰਿੰਦਰ ਕੌਰ ਵੱਲੋਂ ਲਿਖੀ ਕਿਤਾਬ ਲੱਭੀ, ਜਿਸ ਵਿੱਚੋਂ ਉਹ ਸਮੱਗਰੀ ਇਕੱਤਰ ਕੀਤੀ ਜੋ ਭਗਤ ਸਿੰਘ ਨੂੰ ਇੱਕ ਮਹਾਨ ਮਨੁੱਖ ਵਜੋਂ ਨਾ ਪੇਸ਼ ਕਰਕੇ ਇੱਕ ਆਮ ਇਨਸਾਨ ਦਰਸਾਉਂਦੀ ਸੀ ਕਿਉਂਕਿ ਨਾਟਕਕਾਰ ਸਮਝਦਾ ਹੈ ਕਿ ਆਪਾਂ ਆਪਣੇ ਮਸਲਿਆਂ ਦੇ ਹੱਲ ਕਰਨ ਲਈ ਭਗਤ ਸਿੰਘ ਨੂੰ ਹਾਕਾਂ ਮਾਰਨ ਦੀ ਥਾਂ ਖ਼ੁਦ ਭਗਤ ਸਿੰਘ ਬਣੀਏ। ਨਾਟਕਕਾਰ ਇਹ ਵੀ ਮਹਿਸੂਸ ਕਰਦਾ ਹੈ ਕਿ ਭਗਤ ਸਿੰਘ ਤੇ ਅਣਗਿਣਤ ਦੇਸ਼ਭਗਤਾਂ ਨੇ ਆਪਣੀਆਂ ਜਾਨਾਂ ਦੇਸ਼ ਦੀ ਆਜ਼ਾਦੀ ਖਾਤਰ ਹੱਸ ਹੱਸ ਕੇ ਕੁਰਬਾਨ ਕੀਤੀਆਂ। ਕੀ ਅੱਜ ਦਾ ਭਾਰਤ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਹੀ ਹੈ? ਜੇਕਰ ਨਹੀਂ, ਤਾਂ ਕੀ ਕਾਰਨ ਹੈ? ਕੀ ਅਸੀਂ ਉਨ੍ਹਾਂ ਦੇ, ਉਨ੍ਹਾਂ ਦੀ ਸੋਚ ਦੇ ਵਾਰਿਸ ਨਹੀਂ ਬਣ ਸਕੇ? ਜੇਕਰ ਨਹੀਂ, ਤਾਂ ਕੀ ਵਜ੍ਹਾ ਹੈ, ਕਿੱਥੇ ਗੜਬੜ ਹੋਈ ਹੈ? ਇਨ੍ਹਾਂ ਸਵਾਲਾਂ ਵਿੱਚੋਂ ਨਾਟਕਕਾਰ ਨੇ ਇਸ ਨਾਟਕ ਦੀ ਤਕਨੀਕ ਨੂੰ ਉਸਾਰਿਆ ਹੈ।
ਇਹ ਨਾਟਕ ਭਗਤ ਸਿੰਘ ਦੀ ਸੋਚ ਨੂੰ ਕੇਂਦਰ ਵਿੱਚ ਰੱਖ ਕੇ ਤਿੰਨ ਪੀੜ੍ਹੀਆਂ ਨਾਲ ਜੁੜਿਆ ਹੋਇਆ ਹੈ ਅਤੇ ਨਾਟਕ ਤੇਰਾਂ ਦ੍ਰਿਸ਼ਾਂ ਵਿੱਚ ਹੈ। ਛੇ ਦ੍ਰਿਸ਼, ਤਿੰਨ ਪੀੜ੍ਹੀਆਂ ਦੀ ਮਨੋਦਸ਼ਾ ਨਾਲ ਜੁੜੇ ਹੋਏ ਅਤੇ ਸੱਤ ਦ੍ਰਿਸ਼ ਆਜ਼ਾਦੀ ਦੇ ਪ੍ਰਵਾਨਿਆਂ ਦੀ ਆਮ ਜ਼ਿੰਦਗੀ ਨਾਲ ਸਿੱਧੇ ਤੌਰ ’ਤੇ ਜੁੜੇ ਹਨ। ਪਹਿਲੀ ਪੀੜ੍ਹੀ ਦੇ ਪ੍ਰਕਾਸ਼ ਸਿੰਘ ਵਰਗੇ ਵਿਅਕਤੀ ਦੇਸ਼ ਦੇ ਪ੍ਰਵਾਨਿਆਂ ਦੀ ਕੁਰਬਾਨੀ ਨਾਲ ਅੰਦਰੋਂ ਜੁੜੇ ਹੋਏ ਹਨ। ਦੂਜੀ ਪੀੜ੍ਹੀ ਵਿਰਸੇ ਤੋਂ ਅਵੇਸਲੀ ਹੋਈ ਸੁਆਰਥ ਹਿੱਤ ਸਰਮਾਏਦਾਰੀ ਸਮਾਜ ਦੇ ਪ੍ਰਭਾਵ ਅਧੀਨ ਅਤੇ ਅਖੌਤੀ ਨਵੀਨਤਾ ਨੂੰ ਅਪਣਾਉਂਦੀ ਹੋਈ ਮਾਨਸਿਕ ਅਤੇ ਆਰਥਿਕ ਪੱਖੋਂ ਸੰਕਟਗ੍ਰਸਤ ਹੈ ਜਿਸ ਦੇ ਸਿੱਟੇ ਵਜੋਂ ਨਵੀਂ ਪੀੜ੍ਹੀ ਵਿਰਸੇ ਤੋਂ ਕੋਰੀ ਤੇ ਅਣਜਾਣ ਹੈ। ਨਾਟਕਕਾਰ ਨੇ ਇਸ ਸਥਿਤੀ ਨੂੰ ਬਾਖ਼ੂਬੀ ਇਸ ਦੇ ਕਾਰਨਾਂ ਅਤੇ ਪ੍ਰਤਿਕਰਮਾਂ ਸਹਿਤ ਵਿਚਾਰ-ਵਟਾਂਦਰੇ ਨੂੰ ਆਧਾਰ ਬਣਾ ਕੇ ਪੇਸ਼ ਕੀਤਾ ਹੈ। ਨਾਟਕਕਾਰ ਇਹ ਸਵਾਲ ਉਠਾਉਂਦਾ ਹੈ ਕਿ ਕੀ ਅਸੀਂ ਜ਼ਮਾਨੇ ਦੇ ਮਗਰ ਲੱਗਣਾ ਹੈ ਜਾਂ ਅਸੀਂ ਮਾਨਵੀ-ਕਦਰਾਂ ਕੀਮਤਾਂ ਦੇ ਸਨਮੁੱਖ, ਜ਼ਮਾਨੇ ਜਾਂ ਸਮਾਜ ਨੂੰ ਉਸ ਦੇ ਅਨੁਕੂਲ ਬਣਾਉਣਾ ਹੈ। ਨਾਟਕਕਾਰ ਨੇ ਚੰਦਰ ਪਾਤਰ ਦੀ ਸਿਰਜਣਾ ਕਰਕੇ ਇਸ ਗੱਲ ਨੂੰ ਦ੍ਰਿੜ੍ਹ ਕਰਵਾਇਆ ਹੈ ਕਿ ਜੇ ਸਾਡੀ ਨਵੀਂ ਪੀੜ੍ਹੀ ਵਿਰਸੇ ਅਤੇ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਬਾਰੇ ਨਹੀਂ ਜਾਣਦੀ ਤਾਂ ਇਸ ਦੇ ਕਸੂਰਵਾਰ ਅਸੀਂ ਆਪ ਹਾਂ ਜਿਹੜੇ ਉਨ੍ਹਾਂ ਨੂੰ ਨਹੀਂ ਦੱਸਦੇ। ਚੰਦਰ ਵਰਗੇ ਲੋਕਾਂ ਦਾ ਵਿਰਸੇ ਨਾਲ ਜੁੜੇ ਰਹਿਣ ਦਾ ਕਾਰਨ ਉਸ ਦੇ ਪੁਰਖਿਆਂ ਵੱਲੋਂ ਦਿੱਤੀ ਅਮੁੱਲ ਜਾਣਕਾਰੀ ਹੈ। ਚੰਦਰ ਇੱਕ ਕੜੀ ਵਜੋਂ ਨਵੀਂ ਪੀੜ੍ਹੀ ਨੂੰ ਜਾਣਕਾਰੀ ਹੀ ਨਹੀਂ ਦਿੰਦਾ ਸਗੋਂ ਉਨ੍ਹਾਂ ਵਿੱਚ ਉਤਸੁਕਤਾ ਵੀ ਪੈਦਾ ਕਰਦਾ ਹੈ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਸਬੰਧੀ ਕੁਝ ਨਵੇਂ ਵੇਰਵੇ ਵੀ ਨਾਟਕ ਪ੍ਰਤੀ ਖਿੱਚ ਦਾ ਕਾਰਨ ਬਣਦੇ ਹਨ।ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਦੀ ਸੋਚ ਜਿਉਂਦੀ ਰੱਖਣ ਅਤੇ ਉਸ ਉੱਤੇ ਪਹਿਰਾ ਦੇਣ ਦੀ ਲੋੜ ਹੈ। ਨਾਟਕਕਾਰ ਸਮਝਦਾ ਹੈ ਕਿ ਜੇਕਰ ਪਹਿਰਾ ਨਾ ਦਿੱਤਾ ਤਾਂ ਹੁਣ ਵਾਲੀ ਗ਼ੁਲਾਮੀ ਪਹਿਲਾਂ ਵਾਲੀ ਗ਼ੁਲਾਮੀ ਨਾਲੋਂ ਕਿਤੇ ਖ਼ਤਰਨਾਕ ਅਤੇ ਖ਼ੌਫ਼ਨਾਕ ਹੋਵੇਗੀ ਕਿਉਂਕਿ ਸੱਤਾ ਦੇ ਸੁਆਰਥੀ ਮਨਸੂਬੇ ਆਪਣੇ ਹਿੱਤਾਂ ਨਾਲ ਹੀ ਜੁੜੇ ਹੁੰਦੇ ਹਨ। ਲੋਕ-ਪੱਖੀ ਸਮਾਜ ਲਈ ਨਿੱਗਰ ਸੋਚ ਦੀ ਲੋੜ ਹੈ। ਆਸ ਹੈ ਕਿ ਇਹ ਨਾਟਕ ਆਪਣੇ ਮਨੋਰਥ ਦੀ ਪੂਰਤੀ ਕਰੇਗਾ।
ਸੰਪਰਕ: 94172-25942