ਇੰਦਰਜੀਤ ‘ਇਮਰੋਜ਼’ ਦੀ ਇਕ ਯਾਦ
ਪ੍ਰਿੰ. ਸਰਵਣ ਸਿੰਘ
ਇਮਰੋਜ਼ ਦਾ ਅਸਲੀ ਨਾਂ ਇੰਦਰਜੀਤ ਸਿੰਘ ਸੀ। ਉਹ ਲਾਇਲਪੁਰ ਦੇ ਚੱਕਾਂ ਦਾ ਜੰਮਪਲ ਸੀ ਅਤੇ ਅੰਮ੍ਰਿਤਾ ਪ੍ਰੀਤਮ ਤੋਂ ਸੱਤ ਸਾਲ ਛੋਟਾ ਸੀ। ਅੰਮ੍ਰਿਤਾ ਪ੍ਰੀਤਮ ਤੇ ਜਸਵੰਤ ਸਿੰਘ ਕੰਵਲ ਜਲ੍ਹਿਆਂਵਾਲੇ ਬਾਗ ਵਿਚ ਹੋਏ ਸਾਕੇ ਸਮੇਂ ਭਾਵ 1919 ’ਚ ਜਨਮੇ ਸਨ। ਮੈਂ ਕੰਵਲ ਦਾ ਨਾਵਲ ‘ਪੂਰਨਮਾਸ਼ੀ’ ਪੜ੍ਹ ਕੇ 1958 ’ਚ ਕੰਵਲ ਦਾ ਮੁਰੀਦ ਬਣ ਗਿਆ ਸਾਂ। ਅੰਮ੍ਰਿਤਾ ਪ੍ਰੀਤਮ ਨੇ ‘ਪੂਰਨਮਾਸ਼ੀ’ ਦਾ ਮੁੱਖ ਬੰਦ ਲਿਖਿਆ ਸੀ ਜਿਸ ਨਾਲ ਮੈਂ ਅੰਮ੍ਰਿਤਾ ਪ੍ਰੀਤਮ ਦੀਆਂ ਲਿਖਤਾਂ ਵੀ ਪੜ੍ਹਨ ਲੱਗ ਪਿਆ ਸਾਂ। 1962 ਵਿਚ ਮੈਂ ਦਿੱਲੀ ਦੇ ਖਾਲਸਾ ਕਾਲਜ ਵਿਚ ਪੜ੍ਹਨ ਲੱਗਾ ਤਾਂ ਅੰਮ੍ਰਿਤਾ ਤੇ ਇਮਰੋਜ਼ ਨੂੰ ਮਿਲਣ ਦੇ ਮੌਕੇ ਵੀ ਮਿਲਣ ਲੱਗੇ। ਮੈਂ 1967 ਤਕ ਦਿੱਲੀ ਰਿਹਾ ਜਿੱਥੇ ਪੰਜਾਬੀ ਦੇ ਬਹੁਤ ਸਾਰੇ ਲੇਖਕਾਂ ਨੂੰ ਮਿਲਣ-ਗਿਲਣ ਦੇ ਸਬੱਬ ਬਣਦੇ ਰਹੇ।
ਇਹ ਯਾਦ 1966-67 ਦੀ ਹੈ। ਮੈਂ ਆਪਣੀ ਕਹਾਣੀ ‘ਉਡਦੀ ਧੂੜ ਦਿਸੇ’ ਬਲਵੰਤ ਗਾਰਗੀ ਨੂੰ ਸੁਣਾਉਣ ਲਈ ਫੋਨ ਕੀਤਾ। ਉਸ ਨੇ ਕਿਹਾ, “ਇੰਡੀਅਨ ਕੌਫੀ ਹਾਊਸ ਆ ਜਾ, ਮੈਂ ਓਥੇ ਆ ਜਾਂਨਾ।” ਉਹਦਾ ਟਿਕਾਣਾ ਕੌਫੀ ਹਾਊਸ ਦੇ ਨੇੜੇ ਹੀ ਸੀ। ਕੌਫੀ ਪੀਂਦਿਆਂ ਮੈਂ ਗਾਰਗੀ ਨੂੰ ਕਹਾਣੀ ਸੁਣਾਈ ਜੋ ਗੱਡੀਆਂ ਵਾਲੀ ਤੇ ਵਾਗੀ ਦੇ ਪਿਆਰ ਤੇ ਵਿਛੋੜੇ ਬਾਰੇ ਸੀ। ਗਾਰਗੀ ਨੇ ਕਹਾਣੀ ਦੀ ਰਸਮੀ ਸਲਾਹੁਤ ਕੀਤੀ ਤੇ ਨਾਲ ਹੀ ਮੱਤ ਦਿੱਤੀ, “ਗੱਡੀਆਂ ਵਾਲੀ ਤੇ ਵਾਗੀ ਨੇ ਇਕੋ ਗਲਾਸ ’ਚੋਂ ਘੁੱਟਾਂ ਭਰਦਿਆਂ ਚਾਹ ਤਾਂ ਪੀ ਲਈ। ਤੇਰਾ ਫਿਕਰਾ, ‘ਚਾਹ ਮੁੱਕਦੀ ਗਈ ਪਿਆਰ ਵਧਦਾ ਗਿਆ’ ਵੀ ਠੀਕ ਐ। ਪਰ ਕਹਾਣੀ ਪੜ੍ਹਨ ਸੁਣਨ ਵਾਲੀ ਤਦ ਬਣੂੰ ਜੇ ਉਨ੍ਹਾਂ ਤੋਂ ਕੁਝ ਕਲੋਲਾਂ-ਕਲਾਲਾਂ ਵੀ ਕਰਾਵੇਂ!” ਪਰ ਮੈਂ ਗਾਰਗੀ ਵਾਂਗ ਆਪਣੀਆਂ ਲਿਖਤਾਂ ’ਚ ਕਲੋਲਾਂ-ਕਲਾਲਾਂ ਕਰਨ ਤੋਂ ਬਚਿਆ ਹੀ ਰਿਹਾ।
ਮੈਂ ਆਖਿਆ, “ਮੈਂ ਦੋਵੇਂ ਕੰਮ ਕਰ ਸਕਦਾਂ। ਜਿਵੇਂ ਆਖੋ ਕਰ ਦਿੰਨਾਂ।” ਪਰ ਉਦੋਂ ਹੀ ਡੈਲੀਗੇਸ਼ਨ ਘਰ ’ਚ ਪ੍ਰਵੇਸ਼ ਕਰ ਗਿਆ। ਉਨ੍ਹਾਂ ਦੀ ਚੰਗੀ ਭਰਵੀਂ ਆਉਭਗਤ ਹੋ ਗਈ। ਪੇਟਿੰਗਾਂ ਵੱਲ ਧਿਆਨ ਹੀ ਨਾ ਗਿਆ। ਫਿਰ ਕਵਿਤਾਵਾਂ ਤੇ ਗੀਤਾਂ ਦਾ ਦੌਰ ਚੱਲ ਪਿਆ। ਮੈਂ ਮਾਹੀਆ ਸੁਣਾਇਆ ਤੇ ਦਲਜੀਤ ਨੇ ਭੰਗੜਾ ਪਾਇਆ। ਡੈਲੀਗੇਸ਼ਨ ਦੇ ਮੈਂਬਰ ਵੀ ਨਾਲ ਹੀ ਨੱਚਣ ਲੱਗੇ। ਬੜਾ ਅਨੰਦ ਆਇਆ। ਖਾ ਪੀ ਕੇ ਤੇ ਨੱਚ ਗਾ ਕੇ ਡੈਲੀਗੇਸ਼ਨ ਵਿਦਾ ਹੋਇਆ ਤਾਂ ਅੰਮ੍ਰਿਤਾ ਪ੍ਰੀਤਮ ਤੇ ਇਮਰੋਜ਼ ਨੇ ਸਾਡਾ ਉਚੇਚਾ ਧੰਨਵਾਦ ਕੀਤਾ ਕਿ ਆਹ ਤਾਂ ਤੁਸੀਂ ਰੰਗ ਭਾਗ ਹੀ ਲਾ ਦਿੱਤੇ! 1967 ’ਚ ਮੈਂ ਦਿੱਲੀ ਦੀ ਲੈਕਚਰਾਰੀ ਛੱਡ ਕੇ ਢੁੱਡੀਕੇ ਆ ਗਿਆ ਤੇ ਦਲਜੀਤ ਸਿੰਘ ਵੀ ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਭਲਾਈ ਡਾਇਰੈਕਟਰ ਬਣ ਗਿਆ। ਮੁੜ ਮੇਰਾ ਕਦੇ ਅੰਮ੍ਰਿਤਾ ਜਾਂ ਇਮਰੋਜ਼ ਨਾਲ ਮੇਲ ਨਾ ਹੋ ਸਕਿਆ। 2007 ਵਿਚ ਜਦ ਮੇਰਾ ਸਫ਼ਰਨਾਮਾ ‘ਫੇਰੀ ਵਤਨਾਂ ਦੀ’ ਲਾਹੌਰ ਬੁੱਕ ਸ਼ਾਪ ਵਾਲੇ ਛਾਪਣ ਲੱਗੇ ਤਾਂ ਮੇਰੀ ਇੱਛਾ ਅਨੁਸਾਰ ਉਨ੍ਹਾਂ ਨੇ ਇਕ ਹਜ਼ਾਰ ਰੁਪਏ ਦੀ ਮਾਨ ਭੇਟਾ ਨਾਲ ਇਮਰੋਜ਼ ਤੋਂ ਉਹਦਾ ਟਾਈਟਲ ਬਣਵਾਇਆ। ਇਮਰੋਜ਼ ਬੇਸ਼ੱਕ ਚਲਾ ਗਿਆ ਪਰ ਉਹਦਾ ਟਾਈਟਲ ਮੈਨੂੰ ਜਿਊਂਦੇ ਜੀਅ ਉਹਦੀ ਯਾਦ ਤਾਜ਼ਾ ਕਰਾਉਂਦਾ ਰਹੇਗਾ।
ਈ-ਮੇਲ: principalsarwansingh@gmail.com
ਅੰਮ੍ਰਿਤਾ
ਕਦੇ-ਕਦੇ
ਖ਼ੂਬਸੂਰਤ ਸੋਚਾਂ
ਖ਼ੂਬਸੂਰਤ ਬਦਨ ਵੀ
ਅਖ਼ਤਿਆਰ ਕਰ ਲੈਂਦੀਆਂ ਹਨ।
ਤੇਰੇ ਨਾਲ ਜੀਵੇ
ਉਹ ਸਾਰੇ ਖ਼ੂਬਸੂਰਤ
ਦਿਨ ਰਾਤ
ਹੁਣ ਆਪਣੇ ਆਪ
ਮੇਰੀਆਂ ਕਵਿਤਾਵਾਂ
ਬਣਦੇ ਜਾ ਰਹੇ ਹਨ... - ਇਮਰੋਜ਼
ਮੋਹਨਜੀਤ ਦੇ ਕਾਵਿ-ਰੇਖਾ-ਚਿੱਤਰ ‘ਲੀਕਾਂ ਰੰਗਾਂ ਦੀ ਧੁੱਪ ਛਾਂ/ ਇਮਰੋਜ਼ ਉਰਫ਼ ਜੈਕ ਲੰਡਨ’ ’ਚੋਂ ਕੁਝ ਹਿੱਸੇ
ਜੈਕ ਲੰਡਨ ਦਾ ਘਰ ਸੜ ਰਿਹਾ ਸੀ- ਉਹ ਹੱਸ ਰਿਹਾ ਸੀ
ਕਿਸੇ ਪੁੱਛਿਆ, “ਭਲਿਆ! ਘਰ ਸੜ ਰਿਹਾ ਏ ਤੂੰ ਹੱਸ ਰਿਹਾ ਏਂ?”
ਕਹਿਣ ਲੱਗਾ- ‘‘ਇਸ ਲਈ ਕਿ ਮੈਂ ਸਾੜਨ ਵਾਲਿਆਂ ’ਚੋਂ ਨਹੀਂ”
ਇਹ ਗੱਲ ਉਹ ਅਕਸਰ ਸੁਣਾਉਂਦਾ
ਏਨੀ ਵਾਰ ਕਿ ਅਸੀਂ ਉਸ ਨੂੰ ਜੈਕ ਲੰਡਨ ਕਹਿਣ ਲੱਗ ਪਏ
ਦੀਦ ਜਦ ਵੀ ਆਉਂਦਾ, ਕਹਿੰਦਾ- ਚਲ ਜੈਕ ਨੂੰ ਮਿਲੀਏ!
ਮੇਰੇ ਮੂੰਹੋਂ ਨਿਕਲਦਾ- ਕੱਲ੍ਹ ਚਲਾਂਗੇ
ਤੇਰਾ ਮਤਲਬ ਏ ਬਾਕੀ ਦਾ ਵੀ ਸੜ ਜਾਏ!
ਉਹਦੀ ਆਵਾਜ਼ ਤਣੀ ਜਾਪਦੀ
... ... ...
ਪਤਾ ਨਹੀਂ ਇਮਰੋਜ਼ ਦੀ ਬਿਰਤੀ ਕੈਸੀ ਸੀ
ਰੰਗ ਲਾਉਂਦਾ ਰਸੋਈ ਜਾਂ ਮਾਰਕਿਟ ਨੂੰ ਤੁਰ ਪੈਂਦਾ
ਰੰਗ ਉਹਦਾ ਰਾਹ ਵਿੰਹਦੇ, ਲੀਕਾਂ ਉਡੀਕਦੀਆਂ
ਆਉਂਦਾ
ਉੱਥੋਂ ਈ ਜਿੱਥੋਂ ਛੱਡ ਕੇ ਗਿਆ ਹੁੰਦਾ ਫਿਰ ਸ਼ੁਰੂ ਕਰਦਾ
ਸੋਚਦਾਂ- ਰੰਗ ਤੇ ਲੀਕਾਂ ਇਹਦੇ ਲਹੂ ’ਚ ਨੇ
ਨਹੀਂ ਤਾਂ ਘੰਟੀ, ਰਸੋਈ ਤੇ ਫੋਟੋਕਾਪੀਆਂ ’ਚ ਗੁਆਚਾ ਬੰਦਾ
ਬੰਦਾ ਤਾਂ ਹੋ ਸਕਦਾ ਹੈ, ਸਿਰਜਕ ਨਹੀਂ
... ... ...
ਦਰਅਸਲ ਉਹ ਜਿਸ ਜਾਦੂਈ ਕਿਲ੍ਹੇ ਵਿਚ ਰਹਿੰਦਾ ਸੀ
ਉਹਦੇ ਕਿਵਾੜ ਬਾਹਰ ਨੂੰ ਨਹੀਂ, ਅੰਦਰ ਨੂੰ ਖੁੱਲ੍ਹਦੇ ਸਨ
ਤੇ ਅੰਦਰ ਇਕੋ ਆਵਾਜ਼ ਗੂੰਜਦੀ ਸੀ
ਅੰਮ੍ਰਿਤਾ ਦੀ ਆਵਾਜ਼
ਅੰਮ੍ਰਿਤਾ ਉਹਦਾ ਇਸ਼ਟ ਸੀ
ਉਹ ਨੱਚ ਕੇ ਯਾਰ ਮਨਾ ਰਿਹਾ ਸੀ
ਹੁਣ ਜਦੋਂ ਫ਼ਸੀਲ ਟੁੱਟੀ ਹੈ
ਬਾਹਰ ਅੰਦਰ ’ਚ ਘੁਲ਼ ਗਿਆ ਹੈ
ਨਾਚ ਰੁਕ ਗਿਆ ਹੈ
ਅੱਧੀ ਤੋਂ ਬਹੁਤੀ ਰਾਤ ਲੰਘ ਗਈ ਹੈ
ਚੁੱਪ ਦੀ ਸ਼ੂਕਦੀ ਨਦੀ
ਜੈਕ ਕੁਰਸੀ ’ਤੇ ਬੈਠਾ ਹੈ
ਜਿਹੜੀ ਵੀ ਲੀਕ ਖਿੱਚਦਾ ਹੈ- ਖ਼ਾਸ ਚਿਹਰਾ ਬਣਦਾ ਹੈ
ਦੂਰ ਕਿਤਿਓਂ ਹੂਕ ਸੁਣਦੀ ਹੈ-
ਬਹੁੜੀ ਵੇ ਤਬੀਬਾ! ਮੇਰੀ ਜਿੰਦ ਗਈ ਆ...
... ... ...
ਉਹ ਪਿੰਡੋਂ ਤੁਰਿਆ-
ਸਾਦਾ
ਖਰਾ
ਨਿਕੋਰ
ਤੇ ਮਹਾਂਨਗਰ ’ਚ ਘੁਲ਼ ਗਿਆ
ਜਿਵੇਂ ਰੰਗ ਲੀਕਾਂ ‘ਚ ਘੁਲ਼ਦਾ ਹੈ
ਖ਼ੁਸ਼ਬੂ ਹਵਾ ’ਚ
ਸਾਹ ਧੁਨੀ ’ਚ
ਤੇ ਮਹੌਲ ਬਣ ਗਿਆ
ਐਸਾ ਮਾਹੌਲ
ਜੋ ਹੋਰ ਕਿਧਰੇ ਨਾ ਹੋਏ- ਅਨੋਖਾ, ਇਕੱਲਾ, ਆਪਣੇ ਜਿਹਾ
... ... ...
ਹੂਕ ਫਿਰ ਸੁਣਦੀ ਏ...
ਤੇਰੇ ਇਸ਼ਕ ਨਚਾਇਆ... ਕਰ ਥੱਈਆ ਥੱਈਆ...
ਇਕ ਦਰਗਾਹ ਸੀ
ਜ਼ਿਆਰਤ ਲਈ ਆਇਆ ਤਾਂ ਮੁੜਿਆ ਨਾ ਗਿਆ
ਦਰਗਾਹ ’ਚ ਪਰੀ ਸੀ
ਬੋਲਦੀ ਤਾਂ ਜਲਤਰੰਗ ਵੱਜਦੇ
ਹੱਸਦੀ ਤਾਂ ਦਿਨ ਚੜ੍ਹਦਾ
ਤੁਰਦੀ ਤਾਂ ਹਵਾ ਚੱਲਦੀ
ਚੁੱਪ ਹੁੰਦੀ ਤਾਂ ਦਿਨ ਢਲਦਾ
ਪਰੀ ਉੱਡੀ ਤਾਂ ਸਾਧਕ ਦੀ ਚੁੱਪ ਟੁੱਟੀ
ਚੁੱਪ ਟੁੱਟੀ ਤਾਂ ਵਰ੍ਹਿਆਂ ਦੇ ਵਰ੍ਹੇ ਕਾਵਿ-ਚਸ਼ਮੇ ਬਣ ਕੇ ਵਹਿ ਤੁਰੇ
ਅਸਲੇ ਤੇ ਉਹਲੇ
ਸਿਮਰਤੀਆਂ ਤੇ ਸੁਪਨੇ
ਸ਼ਬਦਾਂ ਦੀ ਰੰਗ-ਲੀਲ੍ਹਾ
ਚਿਹਰਾ ਉਹੀ ਹੈ
ਅੱਖਰਾਂ ਵਾਲੀ ਪਰੀ ਦਾ ਚਿਹਰਾ।
(ਸੰਪਰਕ: 98113-98223)