For the best experience, open
https://m.punjabitribuneonline.com
on your mobile browser.
Advertisement

ਸਿੱਖ ਗੁਰੂਆਂ ਦੀਆਂ ਯਾਦਾਂ ਸੰਭਾਲਣ ਲਈ ਪਿਪਲੀ ਨੇੜੇ ਬਣੇਗੀ ਯਾਦਗਾਰ: ਖੱਟਰ

08:01 AM Feb 01, 2024 IST
ਸਿੱਖ ਗੁਰੂਆਂ ਦੀਆਂ ਯਾਦਾਂ ਸੰਭਾਲਣ ਲਈ ਪਿਪਲੀ ਨੇੜੇ ਬਣੇਗੀ ਯਾਦਗਾਰ  ਖੱਟਰ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਸਨਮਾਨ ਕਰਦੇ ਹੋਏ ਮੰਤਰੀ ਸੰਦੀਪ ਸਿੰਘ ਤੇ ਹੋਰ।
Advertisement

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 31 ਜਨਵਰੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਇੱਥੇ ਕਿਹਾ ਕਿ ਸਿੱਖ ਗੁਰੂਆਂ ਦੀਆਂ ਪਰੰਪਰਾਵਾਂ ਅਤੇ ਯਾਦਾਂ ਸੰਭਾਲਣ ਲਈ ਜ਼ਿਲ੍ਹੇ ਵਿੱਚ ਪਿਪਲੀ ਨੇੜੇ ਇੱਕ ਵਿਸ਼ਾਲ ਯਾਦਗਾਰ ਬਣਾਈ ਜਾਵੇਗੀ, ਜਿਸ ਵਿੱਚ ਸਾਰੇ ਸਿੱਖ ਗੁਰੂਆਂ ਦੀਆਂ ਯਾਦਾਂ ਅਤੇ ਯਾਦਗਾਰਾਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਅਜਾਇਬ ਘਰ ਯਕੀਨੀ ਤੌਰ ’ਤੇ ਸੈਲਾਨੀ ਕੇਂਦਰ ਬਣੇਗਾ। ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ‘ਹਰਿਆਣਾ ਦੇ ਸਿੱਖਾਂ ਦੀ ਸੇਵਾ ਵਿੱਚ ਖੱਟਰ’ ਨਾਮੀ ਕਿਤਾਬ ਨੂੰ ਰਿਲੀਜ਼ ਕਰਨ ਤੋਂ ਬਾਅਦ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਲੇਖਕ ਅਤੇ ਪ੍ਰਕਾਸ਼ਕ ਨੂੰ ਇਸ ਪੁਸਤਕ ਦਾ ਸਿਰਲੇਖ ਬਦਲਣ ਦੀ ਸਲਾਹ ਵੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੁਸਤਕ ਵਿੱਚ ਪਿਛਲੇ ਸਾਢੇ 9 ਸਾਲਾਂ ਵਿੱਚ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਸੰਭਾਲਣ ਲਈ ਕੀਤੇ ਗਏ ਅਨੇਕਾਂ ਕਾਰਜਾਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਪੁਸਤਕ ਦੇ ਲੇਖਕ ਡਾ. ਪ੍ਰਭਲੀਨ ਸਿੰਘ ਅਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ ਦੀ ਪੁਸਤਕ ਪ੍ਰਕਾਸ਼ਿਤ ਕਰਨ ਲਈ ਸ਼ਲਾਘਾ ਕੀਤੀ। ਇਹ ਪੁਸਤਕ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ’ਚ ਉਪਲਬਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਲੋਹਗੜ੍ਹ, ਜ਼ਿਲ੍ਹਾ ਯਮੁਨਾਨਗਰ ਵਿੱਚ ਯਾਦਗਾਰ ਬਣਾਈ ਜਾਵੇਗੀ। ਇਸ ਲਈ 20 ਏਕੜ ਜ਼ਮੀਨ ਲੋਹਗੜ੍ਹ ਟਰੱਸਟ ਨੂੰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਵੱਖਰਾ ਚੋਣ ਕਮਿਸ਼ਨ ਬਣਾਇਆ ਗਿਆ ਹੈ। ਉਮੀਦ ਹੈ ਕਿ ਚੋਣ ਪ੍ਰੋਗਰਾਮ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ ਤਾਂ ਜੋ ਚੁਣੀ ਗਈ ਕਮੇਟੀ ਗੁਰੂ ਘਰਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕਰ ਸਕੇ। ਸੰਸਦ ਮੈਂਬਰ ਸੰਜੈ ਭਾਟੀਆ ਨੇ ਲੇਖਕ ਡਾ. ਪ੍ਰਭਲੀਨ ਸਿੰਘ ਅਤੇ ਡੀਜੀਆਈਪੀਆਰ ਮਨਦੀਪ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਹਰਿਆਣਾ ਦੇ ਰਾਜ ਮੰਤਰੀ ਸੰਦੀਪ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਐਚਐਸਜੀਪੀਸੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਜਨਰਲ ਸਕੱਤਰ ਰਮਣੀਕ ਸਿੰਘ ਮਾਨ, ਵਾਤਾਵਰਨ ਪ੍ਰੇਮੀ ਸਤਿੰਦਰ ਸਿੰਘ ਬੰਗਾ, ਸਮਾਜ ਸੇਵੀ ਹਰਪ੍ਰੀਤ ਕੌਰ, ਅਗਾਂਹਵਧੂ ਕਿਸਾਨ ਸੁਰਿੰਦਰ ਸਿੰਘ ਬੈਦਵਾਲਾ, ਡਾ. ਕੁਲਦੀਪ ਸਿੰਘ, ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ, ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਤੇ ਹੋਰ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×