ਗੁਰਸ਼ਰਨ ਭਾਅ ਜੀ ਦੀ ਪਤਨੀ ਨਮਿੱਤ ਸ਼ਰਧਾਂਜਲੀ ਸਮਾਗਮ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 13 ਅਕਤੂਬਰ
ਪੰਜਾਬੀ ਰੰਗਮੰਚ ਦੇ ਨਵੇਂ ਰਾਹਾਂ ਦੀ ਸਿਰਜਕ ਅਤੇ ਸ਼੍ਰੋਮਣੀ ਨਾਟਕਕਾਰ ਮਰਹੂਮ ਗੁਰਸ਼ਰਨ ਸਿੰਘ ਭਾਅ ਜੀ ਦੀ ਪਤਨੀ ਕੈਲਾਸ਼ ਕੌਰ ਦੀ ਯਾਦ ਵਿੱਚ ਅੱਜ ਇਮਾਰ ਮੁਹਾਲੀ ਵਿੱਚ ਨਿਵੇਕਲੇ ਅੰਦਾਜ਼ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਸਮਾਗਮ ਦਾ ਆਗਾਜ਼ ਕਰਦਿਆਂ ਕੈਲਾਸ਼ ਕੌਰ ਦੀ ਦੋਹਤੀ ਨਾਦੀਆ ਸਿੰਘ ਬੁੱਕੂ ਦਾ ਇੰਗਲੈਂਡ ਤੋਂ ਭੇਜਿਆ ਭਾਵੁਕ ਅਤੇ ਲਿਖਤੀ ਸੁਨੇਹਾ ਡਾ. ਨਵਸ਼ਰਨ ਨੇ ਪੜ੍ਹ ਕੇ ਸੁਣਾਇਆ।
ਗੁਰਸ਼ਰਨ ਭਾਅ ਜੀ ਦੇ ਹੱਥੀਂ ਲਾਏ ਬੂਟੇ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ), ਲੋਕ ਕਲਾ ਸਲਾਮ ਕਾਫ਼ਲਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਤੀਨਿਧ ਅਮੋਲਕ ਸਿੰਘ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਲੱਗਦਾ ‘ਮੇਲਾ ਗ਼ਦਰੀ ਬਾਬਿਆਂ ਦਾ’ ਅਤੇ ਪਲਸ ਮੰਚ ਦੀਆਂ ਸਰਗਰਮੀਆਂ ਵਿੱਚ ਕੈਲਾਸ਼ ਕੌਰ ਦੀ ਸੋਚ ਅਤੇ ਅਮਲ ਦਾ ਝਲਕਾਰਾ ਪੈਂਦਾ ਹੈ। ਕੈਲਾਸ਼ ਕੌਰ ਦੀ ਧੀ ਤੇ ਨਾਮਵਰ ਵਿਦਵਾਨ, ਲੇਖਕ, ਸਮਾਜਿਕ ਤੇ ਜਮਹੂਰੀ ਕਾਰਕੁਨ ਡਾ. ਨਵਸ਼ਰਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਾਂ ਰੰਗਮੰਚ ਦੀ ਬਿਹਤਰੀਨ ਅਦਾਕਾਰਾ ਦੇ ਨਾਲ-ਨਾਲ ਬਹੁਤ ਹੀ ਗੁਣਵੰਤੀ ਸ਼ਖ਼ਸੀਅਤ ਸੀ। ਇਸ ਮੌਕੇ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ‘ਮਸ਼ਾਲਾਂ ਬਾਲ ਕੇ ਚੱਲਣਾ’ ਕੋਰੀਓਗਰਾਫੀ ਪੇਸ਼ ਕੀਤੀ ਗਈ।
ਸਮਾਗਮ ਮੌਕੇ ਗੁਰਸ਼ਰਨ ਸਿੰਘ, ਪ੍ਰੋ. ਰਣਧੀਰ ਸਿੰਘ ਹੋਰਾਂ ਦੇ ਪਰਿਵਾਰ, ਡਾ. ਅਰੀਤ ਕੌਰ, ਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਪਟਿਆਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਨੌਜਵਾਨ ਭਾਰਤ ਸਭਾ ਲਲਕਾਰ ਦੇ ਪੁਸ਼ਪਿੰਦਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੇ ਜਸਪਾਲ ਜੱਸੀ ਤੇ ਪਾਵੇਲ ਕੁੱਸਾ, ਪੱਤਰਕਾਰ ਚਰਨਜੀਤ ਭੁੱਲਰ ਤੇ ਜਸਵੀਰ ਸਮਰ, ਸੀਪੀਆਈ ਦੇ ਦੇਵੀ ਦਿਆਲ ਸ਼ਰਮਾ, ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ ਦੇ ਦਰਸ਼ਨ ਖਟਕੜ, ਇਨਕਲਾਬੀ ਕੇਂਦਰ ਦੇ ਕੰਵਲਜੀਤ ਖੰਨਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਰਾਜਿੰਦਰ ਸਿੰਘ ਭਦੌੜ, ਅਰਵਿੰਦਰ ਕੌਰ ਕਾਕੜਾ, ਗੁਰਪ੍ਰੀਤ ਭੰਗੂ, ਅਜਾਇਬ ਸਿੰਘ ਟਿਵਾਣਾ, ਪ੍ਰੋ. ਜਗਤਾਰ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਾਥੀ, ਸਾਹਿਤ ਚਿੰਤਨ ਚੰਡੀਗੜ੍ਹ ਦੇ ਕਨਵੀਨਰ ਸਰਦਾਰਾ ਸਿੰਘ ਚੀਮਾ, ਆਰਐੱਮਪੀਆਈ ਦੇ ਪ੍ਰੋ. ਜੈਪਾਲ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਅਸ਼ਵਨੀ, ਤੇਰਾ ਸਿੰਘ ਚੰਨ ਦਾ ਪਰਿਵਾਰ, ਪ੍ਰਗਤੀਸ਼ੀਲ ਲੇਖਕ ਸੰਘ ਦੇ ਡਾ. ਸੁਖਦੇਵ ਸਿਰਸਾ ਤੇ ਡਾ. ਕੁਲਦੀਪ ਦੀਪ, ਡਾ. ਸਤੀਸ਼ ਵਰਮਾ, ਦਲਜੀਤ ਅਮੀ, ਸ਼ਬਦੀਸ਼, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਦੇ ਹਰਕੇਸ਼ ਚੌਧਰੀ ਅਤੇ ਸਾਥੀ ਹਾਜ਼ਰ ਸਨ।
ਰੰਗਕਰਮੀ ਕੈਲਾਸ਼ ਕੌਰ ਦੀਆਂ ਅਸਥੀਆਂ ਹੁਸੈਨੀਵਾਲਾ ’ਚ ਜਲ ਪ੍ਰਵਾਹ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਮੋਢੀ ਅਦਾਕਾਰਾ ਅਤੇ ਪੰਜਾਬੀ ਰੰਗਮੰਚ ਦੇ ਵਿਹੜੇ ਦਾ ਕੁੜੀਆਂ ਲਈ ਦਰਵਾਜ਼ਾ ਖੋਲ੍ਹਣ ਵਾਲੀ ਕੈਲਾਸ਼ ਕੌਰ ਦੀਆਂ ਅਸਥੀਆਂ ਉਨ੍ਹਾਂ ਦੇ ਪਰਿਵਾਰ ਵੱਲੋਂ ਬੀਤੇ ਦਿਨ ਇੱਥੇ ਹੁਸੈਨੀਵਾਲਾ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਪਰਿਵਾਰ ਕਾਫ਼ਲੇ ਦੇ ਰੂਪ ਵਿੱਚ ਚੰਡੀਗੜ੍ਹ ਸਣੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਹੁਸੈਨੀਵਾਲਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦਗਾਰ ਵਿਖੇ ਪੁੱਜਿਆ। ਕਲਾਪੀਠ ਸੰਸਥਾ ਦੇ ਅਹੁਦੇਦਾਰਾਂ ਨੇ ਕੈਲਾਸ਼ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ। ਨਾਟਕਕਾਰ ਕੇਵਲ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੰਗਮੰਚ ਦਾ ਵਿਹੜਾ ਇੱਕ ਵਾਰ ਸੱਖਣਾ ਹੋ ਗਿਆ ਹੈ, ਜਿਸ ਨੂੰ ਭਰਨ ਲਈ ਹੌਸਲੇ ਨਾਲ ਸਫ਼ਰ ਜਾਰੀ ਰੱਖਣ ਦੀ ਲੋੜ ਹੈ। ਡਾ. ਅਰੀਤ ਨੇ ਕਿਹਾ ਕਿ ਕੈਲਾਸ਼ ਕੌਰ ਨੇ ਗੁਰਸ਼ਰਨ ਭਾਅ ਜੀ ਨਾਲ ਜਮਹੂਰੀ ਲਹਿਰ ਵਿੱਚ ਡੱਟ ਕੇ ਸਾਥ ਦਿੱਤਾ। ਨਾਮਵਰ ਕਵੀ ਗੁਰਤੇਜ ਕੋਹਾਰਵਾਲਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਹਰੇਕ ਮੋੜ ’ਤੇ ਕਲਮ ਅਤੇ ਕਲਾ ਨੇ ਲੋਕ ਸਰੋਕਾਰਾਂ ਦੀ ਬਾਤ ਪਾਈ ਹੈ, ਇਸ ਕਾਫ਼ਲੇ ਵਿੱਚ ਕੈਲਾਸ਼ ਕੌਰ ਦਾ ਨਾਮ ਚੰਨ ਅਤੇ ਸੂਰਜ ਵਾਂਗ ਰੋਸ਼ਨੀ ਵੰਡਦਾ ਰਹੇਗਾ। ਪਰਿਵਾਰ ਵੱਲੋਂ ਅਮੋਲਕ ਸਿੰਘ ਨੇ ਕਿਹਾ ਕਿ ਭਵਿੱਖ ਚੁਣੌਤੀਆਂ ਭਰਿਆ ਹੈ ਅਤੇ ਉਨ੍ਹਾਂ ਦਾ ਕਾਫ਼ਲਾ ਹਮੇਸ਼ਾ ਕੈਲਾਸ਼ ਕੌਰ ਦੇ ਵਿਚਾਰਾਂ ਦੀ ਲੋਅ ਵਿੱਚ ਤੁਰਦਾ ਰਹੇਗਾ।
ਨਵੇਂ ਚਾਨਣ ਦੀ ਨਾਇਕਾ ਸੀ ਕੈਲਾਸ਼ ਕੌਰ: ਡਾ. ਸਵਰਾਜਬੀਰ
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਨਾਮਵਰ ਵਿਦਵਾਨ, ਲੇਖਕ, ਨਾਟਕਕਾਰ ਅਤੇ ਕਵੀ ਡਾ. ਸਵਰਾਜਬੀਰ ਨੇ ਕਿਹਾ ਕਿ ਕੈਲਾਸ਼ ਕੌਰ ਪੰਜਾਬੀ ਰੰਗਮੰਚ, ਸਮਾਜ ਅਤੇ ਭਵਿੱਖ ਲਈ ਨਵੇਂ ਚਾਨਣ ਦੀ ਨਾਇਕਾ ਹੈ। ਉਨ੍ਹਾਂ ਕਿਹਾ ਕਿ ਕੈਲਾਸ਼ ਕੌਰ ਨੇ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਬਹੁਪੱਖੀ ਸ਼ਖ਼ਸੀਅਤ ਦੀ ਸਿਰਜਣਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਹਰ ਖੇਤਰ ’ਚ ਪਹਿਲਕਦਮੀ ਕਰ ਕੇ ਪ੍ਰਮੁੱਖ ਸਥਾਨ ਮੱਲਣ ਦਾ ਸੁਨੇਹਾ ਦੇਣ ਸਬੰਧੀ ਕੈਲਾਸ਼ ਕੌਰ ਦੀ ਅਮਿੱਟ ਦੇਣ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਿਜਦਾ ਕਰਨਗੀਆਂ ਅਤੇ ਪ੍ਰੇਰਨਾ ਲੈ ਕੇ ਆਪਣੇ ਜੀਵਨ ਸਫ਼ਰ ਦੇ ਨਵੇਂ ਰਾਹ ਬਣਾਉਣਗੀਆਂ।