ਸੁਨਿਆਰਿਆਂ ਨੂੰ ‘ਕਾਗਜ਼ ਦੇ ਨੋਟਾਂ’ ਨਾਲ ਠੱਗਣ ਵਾਲੇ ਗਰੋਹ ਦਾ ਮੈਂਬਰ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਜੁਲਾਈ
ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਸ਼ਹਿਰ ਦੇ ਸੁਨਿਆਰਿਆਂ ਨੂੰ ਠੱਗਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਗਰੋਹ ਦੇ 2 ਮੁਲਜ਼ਮ ਹਾਲੇ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਬੀਕਾਨੇਰ ਸਥਿਤ ਤੇਜਰਾਸਰ, ਰਾਜਸਥਾਨ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 5-5 ਲੱਖ ਦੇ ਬਣਾਏ ਗਏ ਛੇ ਬੰਡਲ ਬਰਾਮਦ ਕੀਤੇ ਹਨ, ਜਿਸ ’ਚ ਇੱਕ-ਇੱਕ ਅਸਲੀ ਨੋਟ ਅਤੇ ਵਿੱਚ ਕਾਗਜ਼ ਲੱਗਿਆ ਹੋਇਆ ਸੀ। ਬੰਡਲਾਂ ’ਤੇ ਕੋਟਕ ਮਹਿੰਦਰਾ ਬੈਂਕ ਦੀ ਫੋਟੋ ਸਟੇਟ ਸਲਿੱਪ ਲੱਗੀ ਸੀ, ਨਾਲ ਹੀ ਇੱਕ ਬੈਗ ਤੇ 2 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਪੁਲੀਸ ਮੁਲਜ਼ਮ ਤੋਂ ਪੁੱਛ-ਪੜਤਾਲ ਕਰਨ ’ਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਉਸਦੇ ਫ਼ਰਾਰ ਚੱਲ ਰਹੇ ਸਾਥੀ ਕਨ੍ਹੱਈਆ ਤੇ ਗੁਜਰਾਤ ਦੇ ਸੂਰਤ ਵਾਸੀ ਰਾਮ ਕਿਸ਼ਨ ਸ਼ਰਮਾ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਕੁਝ ਲੋਕ ਸੁਨਿਆਰਿਆਂ ਦੀ ਦੁਕਾਨ ਵਿੱਚ ਗਹਿਣੇ ਖਰੀਦਣ ਬਦਲੇ ਉਨ੍ਹਾਂ ਨੂੰ ਅਸਲੀ ਨੋਟਾਂ ਦੀ ਥਾਂ ਬੰਡਲਾਂ ਦੇ ਰੂਪ ਵਿੱਚ ਉਪਰ-ਥੱਲੇ ਅਸਲੀ ਨੋਟ ਅਤੇ ਵਿਚਕਾਰ ਕਾਗਜ਼ ਪਾ ਕੇ ਠੱਗੀ ਮਾਰਦੇ ਹਨ। ਮੁਲਜ਼ਮਾਂ ਦੇ ਜਾਣ ਤੋਂ ਬਾਅਦ ਜਦੋਂ ਸੁਨਿਆਰਾ ਪੈਸੇ ਚੈੱਕ ਕਰਦਾ ਹੈ, ਉਦੋਂ ਤੱਕ ਮੁਲਜ਼ਮ ਗਾਇਬ ਹੋ ਜਾਂਦੇ ਹਨ। ਮੁਲਜ਼ਮ ਹੁਣ ਤੱਕ ਇਸ ਤਰ੍ਹਾਂ ਕਈਆਂ ਨੂੰ ਚੂਨਾ ਲਾ ਚੁੱਕੇ ਹਨ। ਪੁਲੀਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਅਸ਼ੋਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।