ਮਜ਼ਦੂਰ ਵਫ਼ਦ ਵੱਲੋਂ ਖੇਤੀ ਮੰਤਰੀ ਨਾਲ ਮੁਲਾਕਾਤ
ਇਕਬਾਲ ਸਿੰਘ ਸ਼ਾਂਤ
ਲੰਬੀ, 11 ਅਗਸਤ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ‘ਆਪ’ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਅਤੇ ਹੱਕੀ ਮਜ਼ਦੂਰ ਮੰਗਾਂ ਬਾਰੇ 21 ਅਗਸਤ ਤੋਂ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਦਿੱਤਾ ਜਾਵੇਗਾ। ਉਸ ਤੋਂ ਪਹਿਲਾਂ ਅੱਜ ਜਥੇਬੰਦੀ ਦਾ ਵਫ਼ਦ ਸੂਬਾ ਜਨਰਲ ਸਕੱਤਰ ਲਛਮਣ ਸੇਵੇਵਾਲਾ ਦੀ ਅਗਵਾਈ ਹੇਠ ਖੇਤੀ ਮੰਤਰੀ ਖੁੱਡੀਆਂ ਨੂੰ ਮਿਲਿਆ।
ਵਫਦ ਨੇ ਖੇਤੀ ਮੰਤਰੀ ਕੋਲ ‘ਆਪ’ ਸਰਕਾਰ ਦਾ ਅੱਧਾ ਕਾਰਜਕਾਲ ਲੰਘਣ ਦੇ ਬਾਵਜੂਦ ਅਧੂਰੇ ਚੋਣ ਵਾਅਦਿਆਂ ’ਤੇ ਸਖ਼ਤ ਰੋਸ ਪ੍ਰਗਟਾਇਆ। ਵਫਦ ਦੀ ਖੇਤੀ ਮੰਤਰੀ ਨਾਲ ਘੰਟਾ ਭਰ ਮਜ਼ਦੂਰ ਮਸਲਿਆਂ ’ਤੇ ਚਰਚਾ ਹੋਈ। ਲਛਮਣ ਸੇਵੇਵਾਲਾ ਨੇ ਪਿੰਡ ਦਿਉਣ (ਬਠਿੰਡਾ) ਵਿਖੇ 1988 ਤੋਂ ਘਰ ਬਣਾ ਕੇ ਰਹਿੰਦੇ ਇੱਕ ਦਰਜਨ ਪਰਿਵਾਰਾਂ ’ਤੇ ਉਜਾੜੇ ਜਾਣ ਤੋਂ ਪਹਿਲਾਂ ਤਤਕਾਲੀ ਡਿਪਟੀ ਕਮਿਸ਼ਨਰ ਦੇ ਸਮਝੌਤੇ ਮੁਤਾਬਕ ਰਿਹਾਇਸ਼ ਦੇ ਬਦਲਵੇਂ ਪ੍ਰਬੰਧਾਂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਾਲਜਾਂ ਵਿੱਚ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਦੇ ਨਵੇਂ ਫੁਰਮਾਨ ਨੂੰ ਰੱਦ ਕਰਨ ਦੀ ਮੰਗ ਕੀਤੀ।
ਗੁਰਜੰਟ ਸਾਉਂਕੇ ਤੇ ਮਨਦੀਪ ਸਿਵੀਆਂ ਨੇ ਮੁੱਖ ਮੰਤਰੀ ਦੇ ਵਾਅਦੇ ਮੁਤਾਬਕ ਹੱਕੀ ਸੰਘਰਸ਼ਾਂ ਦੌਰਾਨ ਬਣੇ ਮੁਕੱਦਮੇ ਵਾਪਸ ਲੈਣ ਦਾ ਵਾਅਦੇ ਵਫਾ ਨਾ ਹੋਣ ਅਤੇ ਮਗਨਰੇਗਾ ਤਹਿਤ ਰੋਜ਼ਾਨਾ ਦੋ ਵਾਰ ਹਾਜ਼ਰੀ ਬਾਰੇ ਨਾਰਾਜਗੀ ਜਤਾਈ। ਮਜਦੂਰ ਆਗੂਆਂ ਮੁਤਾਬਕ ਮੰਤਰੀ ਨੇ ਐਲਾਨੇ ਧਰਨੇ ਦੇ ਮੱਦੇਨਜ਼ਰ ਛੇਤੀ ਮੁੱਖ ਮੰਤਰੀ ਨਾਲ਼ ਮੀਟਿੰਗ ਦਾ ਭਰੋਸਾ ਦਿੱਤਾ। ਮੰਤਰੀ ਨਾਲ ਮੀਟਿੰਗ ਮਗਰੋਂ ਯੂਨੀਅਨ ਨੇ 21 ਅਗਸਤ ਤੋਂ ਖੇਤੀ ਮੰਤਰੀ ਦੇ ਘਰ ਅੱਗੇ ਧਰਨੇ ਦਾ ਐਲਾਨ ਮੁੜ ਦੁਹਰਾਇਆ। ਵਫ਼ਦ ਵਿੱਚ ਸੰਗਤ ਬਲਾਕ ਦੇ ਸਬੰਧਤ ਆਗੂਆਂ ਨੇ ਸਰਕਾਰੀ ਹਸਪਤਾਲਾਂ ਵਿੱਚ ਖਾਲੀ ਅਸਾਮੀਆਂ ਦਾ ਮੁੱਦਾ ਉਠਾਇਆ। ਅਸ਼ਵਨੀ ਘੁੱਦਾ ਅਤੇ ਜਸਕਰਨ ਕੋਟਗੁਰੂ ਨੇ ਸਰਕਾਰੀ ਹਸਪਤਾਲ ਘੁੱਦਾ ਵਿਖੇ ਇੱਕ ਬਾਹਰੀ ਵਿਅਕਤੀ ਵੱਲੋਂ ਸਿਆਸੀ ਸ਼ਹਿ ’ਤੇ ਸਿਹਤ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਦਾ ਮਾਮਲਾ ਖੇਤੀ ਮੰਤਰੀ ਦੇ ਧਿਆਨ ਲਿਆਂਦਾ।