ਚੋਰੀਆਂ ਤੋਂ ਪ੍ਰੇਸ਼ਾਨ ਵਪਾਰੀਆਂ ਵੱਲੋਂ ਡੀਐੱਸਪੀ ਨਾਲ ਮੁਲਾਕਾਤ
ਪੱਤਰ ਪ੍ਰੇਰਕ
ਦਸੂਹਾ, 21 ਸਤੰਬਰ
ਇੱਥੇ ਨਿੱਤ ਵਾਪਰ ਰਹੀਆਂ ਚੋਰੀਆਂ ਤੇ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਵਪਾਰੀਆਂ ਨੇ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਡੀਐੱਸਪੀ ਜਤਿੰਦਰ ਪਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪ੍ਰਧਾਨ ਸ੍ਰੀ ਠੁਕਰਾਲ ਨੇ ਕਿਹਾ ਕਿ ਚੋਰਾਂ ਵੱਲੋਂ ਦੁਕਾਨਾਂ ਅਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਝਪਟਮਾਰਾਂ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਰਾਤ ਵੇਲੇ ਬਾਜ਼ਾਰਾਂ ’ਚ ਗਸ਼ਤ ਵਧਾਉਣ ਤੇ ਮੁੱਖ ਚੌਕਾਂ ਵਿੱਚ ਨਾਕਾਬੰਦੀ ਕਰਨ ਦੀ ਮੰਗ ਕੀਤੀ। ਵਫ਼ਦ ਵੱਲੋਂ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਦੀ ਮੰਗ ਲਈ ਡੀਐੱਸਪੀ ਨੂੰ ਮੰਗ ਪੱਤਰ ਦਿੱਤਾ ਗਿਆ। ਡੀਐੱਸਪੀ ਜਤਿੰਦਰ ਪਾਲ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਵਪਾਰੀਆਂ ਤੇ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਯੋਗ ਰਣਨੀਤੀ ਬਣਾਉਣਗੇ। ਇਸ ਮੌਕੇ ਐੱਸਐੱਚਓ ਦਸੂਹਾ ਹਰਪ੍ਰੇਮ ਸਿੰਘ, ਨਿਰਮਲ ਸਿੰਘ ਤਲਵਾੜ, ਜਸਵਿੰਦਰ ਸਿੰਘ, ਕੇਵਲ ਕ੍ਰਿਸ਼ਨ ਤੇ ਇਕਬਾਲ ਸਿੰਘ ਅਰੋੜਾ ਮੌਜੂਦ ਸਨ।