ਮਜ਼ਦੂਰ ਜਥੇਬੰਦੀ ਵੱਲੋਂ ਡੀਸੀ ਨਾਲ ਮੁਲਾਕਾਤ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਨਵੰਬਰ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਾਰਕੁਨਾਂ ਨੇ ਅੱਜ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਕੀਤੀ ਅਤੇ ਮਜ਼ਦੂਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਧਿਆਨ ਵਿੱਚ ਲਿਆਂਦਾ। ਮੀਟਿੰਗ ਦੀ ਜਾਣਕਾਰੀ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਮੰਗ ਪੱਤਰ ’ਤੇ ਲਿਖੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲਾਗੂ ਕਰਵਾਉਣ ਦਾ ਵਿਸ਼ਵਾਸ਼ ਦਿਵਾਇਆ ਹੈ। ਮਜ਼ਦੂਰ ਮੰਗਾਂ ਵਿੱਚ 10-10 ਮਰਲੇ ਦੇ ਪਲਾਟ, ਕੱਚੇ ਘਰਾਂ ਲਈ ਗ੍ਰਾਂਟ, ਰਹਿੰਦੇ ਲੋੜਵੰਦਾਂ ਦੇ ਨਵੇਂ ਫਾਰਮ ਭਰਵਾਉਣ , ਲਾਲ ਲਕੀਰ ਅੰਦਰ ਰਹਿੰਦੇ ਘਰਾਂ ਦੇ ਵਿੱਚ ਮਜ਼ਦੂਰਾਂ ਨੂੰ ਮਾਲਕਾਨਾ ਹੱਕ , ਮਗਨਰੇਗਾ ਕਾਨੂੰਨ ਨੂੰ ਸਹੀ ਤਰ੍ਹਾਂ ਲਾਗੂ ਕਰਵਾਉਣ, ਸਿਆਸੀ ਦਖਲਅੰਦਾਜ਼ੀ ਬੰਦ ਕਰਵਾਉਣ ਤੇ ਦਿਹਾੜੀ 700 ਰੁਪਏ ਕਰਵਾਉਣ, ਰਾਸ਼ਨ ਕਾਰਡਾਂ ਵਿੱਚੋਂ ਕੱਟੇ ਲੋੜਵੰਦਾਂ ਦੇ ਨਾਂ ਬਹਾਲ ਕਰਵਾਉਣ ਤੇ ਨਵੇਂ ਰਾਸ਼ਨ ਕਾਰਡ ਬਣਾਉਣ, ਮਜ਼ਦੂਰਾਂ ਦੇ ਹਰੇਕ ਤਰ੍ਹਾਂ ਦੇ ਕਰਜ਼ੇ ਮੁਆਫ਼ ਲਈ, ਸਹਿਕਾਰੀ ਸਭਾਵਾਂ ਦਾ ਬਿਨਾਂ ਸ਼ਰਤ ਮੈਂਬਰ ਬਣਾ ਕੇ ਸਬਸਿਡੀ ਤਹਿਤ ਕਰਜ਼ੇ ਦੇਣਾ ਯਕੀਨੀ ਬਣਾਉਣ ਲਈ, ਬੁਢਾਪਾ ਪੈਨਸ਼ਨ ਦੀ ਉਮਰ ਮਰਦਾਂ ਦੀ 58 ਸਾਲ ਅਤੇ ਔਰਤਾਂ ਦੀ 55 ਸਾਲ ਕਰਵਾਉਣ, ਇਹ ਪੈਨਸ਼ਨ 10 ਹਜਾਰ ਰੁਪਏ ਪ੍ਰਤੀ ਮਹੀਨਾ ਲੈਣ ਸਮੇਤ ਹੋਰ ਮੰਗਾਂ ਸ਼ਾਮਲ ਸਨ।