ਸਫਾਈ ਵਿਵਸਥਾ ਦੇ ਮੁੱਦੇ ’ਤੇ ਸੰਸਦ ਮੈਂਬਰ ਔਜਲਾ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 20 ਅਗਸਤ
ਸ਼ਹਿਰ ਵਿੱਚ ਫੈਲੀ ਗੰਦਗੀ ਨੂੰ ਲੈ ਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਨਿਗਮ ਕਮਿਸ਼ਨਰ ਅਤੇ ਸੀਵਰੇਜ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸ਼ਹਿਰ ਵਿੱਚ ਫੈਲੀ ਗੰਦਗੀ ਅਤੇ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲਣ ਦੀਆਂ ਸ਼ਿਕਾਇਤਾਂ ’ਤੇ ਚਰਚਾ ਕੀਤੀ ਗਈ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਿਗਮ ਅਤੇ ਅਵਾਰਦਾ ਕੰਪਨੀ ਵਿਚਾਲੇ ਚੱਲ ਰਹੇ ਵਿਵਾਦ ਵਿੱਚ ਦੋਵੇਂ ਧਿਰਾਂ ਇੱਕ-ਦੂਜੇ ’ਤੇ ਦੋਸ਼ ਲਗਾ ਰਹੀਆਂ ਹਨ ਪਰ ਲੋਕ ਪ੍ਰੇਸ਼ਾਨ ਹੋ ਰਹੇ ਹਨ। ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਅਵਾਰਦਾ ਕੰਪਨੀ ਵੱਲੋਂ ਟਿਪਿੰਗ ਫੀਸ ਵਧਾਉਣ ਅਤੇ ਕੂੜਾ ਪ੍ਰਬੰਧਨ ਸਮੇਤ ਭਗਤਾਂਵਾਲਾ ਡੰਪ ਨੂੰ ਸਾਫ਼ ਕਰਨ ਸਬੰਧੀ ਸੂਬਾ ਪੱਧਰੀ ਕਮੇਟੀ ਬਣਾਈ ਗਈ ਹੈ, ਜੋ ਸ਼ਹਿਰ ਦੇ ਕੂੜਾ ਪ੍ਰਬੰਧਨ ਸਬੰਧੀ ਆਪਣੀ ਰਿਪੋਰਟ ਦੇਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁੱਖ ਸਕੱਤਰ ਨਾਲ ਵੀ ਗੱਲ ਕੀਤੀ ਹੈ ਅਤੇ ਉਹ ਵੀ ਇਸ ਮੁੱਦੇ ਦੀ ਸਮੀਖਿਆ ਕਰ ਰਹੇ ਹਨ। ਸੂਬਾ ਪੱਧਰੀ ਕਮੇਟੀ ਤੈਅ ਕਰੇਗੀ ਕਿ ਭਗਤਾਂਵਾਲਾ ਡੰਪ ਨੂੰ ਕਿਵੇਂ ਖਾਲੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਵਿੱਚ ਛੇਹਰਟਾ, ਸੁਲਤਾਨਵਿੰਡ, 88 ਫੀਟ ਰੋਡ, ਗੁਮਟਾਲਾ, ਮਾਹਲ, ਸ਼ਰਮਾ ਕਲੋਨੀ, ਅੰਨਗੜ੍ਹ ਅਤੇ ਹੋਰ ਇਲਾਕੇ ਗੰਦਗੀ ਨਾਲ ਭਰੇ ਪਏ ਹਨ। ਪੌਸ਼ ਇਲਾਕੇ ਵਿੱਚ ਵੀ ਥਾਂ-ਥਾਂ ਕੂੜਾ ਫੈਲਿਆ ਹੋਇਆ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲ ਰਿਹਾ ਹੈ।
ਮੀਟਿੰਗ ਵਿੱਚ ਸ਼ਹਿਰ ਵਿਚ ਪੌਦੇ ਲਗਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੰਸਦ ਮੈਂਬਰ ਨੇ ਕਿਹਾ ਕਿ ਜੀ-20 ਸੰਮੇਲਨ ਦੌਰਾਨ ਇੰਪਰੂਵਮੈਂਟ ਟਰੱਸਟ ਨਾਲ ਬੂਟੇ ਲਗਾਉਣ ਲਈ 3.5 ਕਰੋੜ ਰੁਪਏ ਦਾ ਇਕਰਾਰਨਾਮਾ ਕੀਤਾ ਗਿਆ ਸੀ। ਜਿਸ ਵਿੱਚ ਇਨ੍ਹਾਂ ਪੌਦਿਆਂ ਦੀ ਸੰਭਾਲ ਵੀ ਕੀਤੀ ਜਾਣੀ ਸੀ ਪਰ ਇੱਕ ਵੀ ਬੂਟਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਫੁਟਪਾਥਾਂ ’ਤੇ ਸਜਾਵਟੀ ਪੌਦੇ ਲਗਾਉਣ ਲਈ ਕਿਹਾ ਹੈ, ਜਿਸ ਵਿਚ ਸੀਜ਼ਨ ਅਨੁਸਾਰ ਫੁੱਲਾਂ ਦੇ ਬੂਟੇ ਲਗਾਏ ਜਾਣ।
ਉਨ੍ਹਾਂ ਕਿਹਾ ਕਿ ਕਾਰਸੇਵਾ ਸੰਪਰਦਾ ਦੇ ਬਾਬਾ ਕਸ਼ਮੀਰ ਸਿੰਘ ਅਤੇ ਪਾਰਲੀਮੈਂਟਰੀ ਫੰਡ ਦੇ ਸਹਿਯੋਗ ਨਾਲ ਵੱਲਾ ਨਹਿਰ ’ਤੇ ਪ੍ਰਾਜੈਕਟ ਚੱਲ ਰਿਹਾ ਹੈ। ਇਸ ਦੇ ਨਾਲ ਹੀ ਤਾਰਾਂਵਾਲਾ ਪੁਲ ਤੋਂ ਵੱਲਾ ਤੱਕ ਨਹਿਰ ਦੇ ਦੋਵੇਂ ਪਾਸੇ ਸੜਕ ਨੂੰ ਲੈ ਕੇ ਜਾਣ ਲਈ ਰੇਲਵੇ ਲਾਈਨ ’ਤੇ ਅੰਡਰਪਾਸ ਬਣਾਉਣ ਦਾ ਪ੍ਰਾਜੈਕਟ ਬਣਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਵੱਲਾ ਵਿੱਚ ਉਸਾਰੀ ਅਧੀਨ ਵਾਟਰ ਟਰੀਟਮੈਂਟ ਪਲਾਂਟ ਬਾਰੇ ਵੀ ਗੱਲਬਾਤ ਕੀਤੀ ਹੈ।