ਸੀਟੂ ਤੇ ਆਂਗਣਵਾੜੀ ਯੂਨੀਅਨ ਆਗੂਆਂ ਦੀ ਮੀਟਿੰਗ ਹੋਈ
ਖੇਤਰੀ ਪ੍ਰਤੀਨਿਧ
ਬਰਨਾਲਾ, 6 ਜੁਲਾਈ
ਸੀਟੂ ਤੇ ਆਂਗਨਵਾੜੀ ਯੂਨੀਅਨ ਆਗੂਆਂ ਦੀ ਮੀਟਿੰਗ ਬਰਨਾਲਾ ਵਿੱਚ ਹਰਪਾਲ ਕੌਰ ਬਰਨਾਲਾ ਦੀ ਪ੍ਰਧਾਨਗੀ ਹੇਠ ਇੱਥੇ ਹੋਈ। ਜਿਸ ਵਿੱਚ ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ ਸਮੇਤ ਸੂਬਾ ਕਮੇਟੀ ਮੈਂਬਰਾਂ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ। ਬੁਲਾਰੇ ਕਾ. ਸ਼ੇਰ ਸਿੰਘ ਫਰਵਾਹੀ ਤੇ ਬੀਬੀ ਬਰਨਾਲਾ ਨੇ ਭਗਵੰਤ ਮਾਨ ਸਰਕਾਰ ਨੂੰ ਜਲੰਧਰ ਜ਼ਿਮਨੀ ਚੋਣ ਦੌਰਾਨ ਆਪਣੀਆਂ ਮੰਗਾਂ/ਸਮੱਸਿਆਵਾਂ ਦੱਸਣ ਪ੍ਰਤੀ ਆਵਾਜ਼ ਉਠਾਉਣੋਂ ਰੋਕਣ ਤੇ ਐਲਾਨੀ ਰੈਲੀ ਨੂੰ ਜਬਰਨ ਫੇਲ੍ਹ ਕਰਨ ਲਈ ਆਂਗਣਵਾੜੀ ਯੂਨੀਅਨ ਆਗੂਆਂ ਦੇ ਘਰੀਂ ਸਰਕਾਰ ਵੱਲੋਂ ਪੁਲੀਸ ਪਹਿਰੇ ਲਗਾਉਣ ਦੀ ਜ਼ੋਰਦਾਰ ਨਿੰਦਾ ਕੀਤੀ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਲੋਕ ਮਸਲਿਆਂ ਦੇ ਹੱਲ ‘ਸਰਕਾਰ ਲੋਕਾਂ ਦੇ ਦੁਆਰ’ ਜਾ ਕੇ ਕਰਨ ਦੀਆਂ ਭਗਵੰਤ ਸਰਕਾਰ ਵੱਲੋਂ ਟਾਹਰਾਂ ਮਾਰੀਆਂ ਜਾ ਰਹੀਆਂ ਹਨ, ਦੂਜੇ ਪਾਸੇ ਆਪਣੇ ਦੁੱਖੜੇ ਦੱਸਣ ਸਰਕਾਰ ਦੇ ਪਾਸ ਜਾ ਰਹੀਆਂ ਆਂਗਣਵਾੜੀ ਵਰਕਰਾਂ ਨੂੰ ਦੁਰਕਾਰਿਆ ਜਾ ਰਿਹਾ ਹੈ। ਇਸ ਨਾਲ ਮਾਨ ਸਰਕਾਰ ਦਾ ਅਸਲ ਲੋਕ ਵਿਰੋਧੀ ਕਿਰਦਾਰ ਨੰਗਾ ਹੋਇਆ ਹੈ। ਬੁਲਾਰਿਆਂ ਕਿਹਾ ਕਿ ਆਂਗਣਵਾੜੀ, ਆਸ਼ਾ ਵਰਕਰਾਂ, ਮਿੱਡ ਡੇਅ ਮੀਲ ਕੁੱਕ ਬੀਬੀਆਂ ਸਮੇਤ ਸਮੂਹ ਕੱਚੇ ਕਾਮਿਆਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਵਾਅਦਿਆਂ ਦੀ ਪੋਲ ਸੱਥਾਂ ਵਿੱਚ ਜਾ ਕੇ ਖੋਲ੍ਹੀ ਜਾਵੇਗੀ। ਮੀਟਿੰਗ ਦੌਰਾਨ ਸੂਬੇ ਭਰ ਵਿੱਚ 10 ਜੁਲਾਈ ਨੂੰ ਜ਼ਿਲ੍ਹਾ ਪੱਧਰੀ ਰੋਸ ਧਰਨੇ ਦੇਣ ਦਾ ਫ਼ੈਸਲਾ ਲਿਆ ਗਿਆ।
ਸੀਟੂ ਦੇ ਸੂਬਾਈ ਮੈਂਬਰ ਮਾਨ ਸਿੰਘ ਗੁਰਮ, ਜ਼ਿਲ੍ਹਾ ਆਗੂ ਸ਼ੀਲਾ ਦੇਵੀ ਫਰਵਾਹੀ ਤੇ ਨਿਰਮਲ ਜਲੂਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਵਿੱਚ ਕਰਮਜੀਤ ਕੌਰ, ਸਾਬਕਾ ਪੰਚ ਸੁਦਾਗਰ ਸਿੰਘ, ਮੱਘਰ ਉੱਪਲੀ ,ਗੁਰਪ੍ਰੀਤ ਕੌਰ ਜੁਮਲਾ ਮਾਲਕਾਨ, ਰਾਜ ਕੌਰ ਬਰਨਾਲਾ, ਦਾਰਾ ਸਿੰਘ, ਲਾਭ ਚੀਮਾ, ਲਛਮਣ ਤੇ ਗੁਰਜੰਟ ਕੱਟੂ ਆਦਿ ਹਾਜ਼ਰ ਸਨ।