ਨਕਾਬਪੋਸ਼ ਲੁਟੇਰੇ ਮਨੀ ਚੇਂਜਰ ਦੀ ਦੁਕਾਨ ਤੋਂ ਦੋ ਲੱਖ ਰੁਪਏ ਲੁੱਟ ਕੇ ਫ਼ਰਾਰ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 8 ਅਗਸਤ
ਸਥਾਨਕ ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਸਥਿਤ ਅੱਡਾ ਸਤਨੌਰ ਵਿੱਚ ਅੱਜ ਸ਼ਾਮ ਕਰੀਬ ਛੇ ਵਜੇ ਉਦੋਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਅੱਡੇ ਵਿਚ ਮਨੀ ਚੇਂਜਰ ਦੀ ਦੁਕਾਨ ਚਲਾ ਰਹੇ ਇਕ ਵਿਅਕਤੀ ਦੀ ਦੁਕਾਨ ਵਿਚ ਦਾਖਲ ਹੋਏ ਨਕਾਬਪੋਸ਼ ਲੁਟੇਰਿਆਂ ਨੇ ਮਨੀ ਚੇਂਜਰ ਨੂੰ ਡਰਾ ਕੇ ਦੋ ਲੱਖ ਰੁਪਏ ਦੀ ਨਕਦੀ ਲੁੱਟ ਲਈ। ਇਸ ਬਾਰੇ ਗੱਲ ਕਰਦਿਆਂ ਪੀੜਤ ਦੁਕਾਨਦਾਰ ਹਰਦੀਪ ਕੁਮਾਰ ਸੋਨੂੰ ਪੁੱਤਰ ਪ੍ਰੇਮ ਦੱਤ ਵਾਸੀ ਪਿੰਡ ਪਦਰਾਣਾ ਨੇ ਦੱਸਿਆ ਕਿ ਸ਼ਾਮ ਕਰੀਬ ਛੇ ਵਜੇ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਲੁਟੇਰੇ ਅਚਾਨਕ ਦੁਕਾਨ ਅੰਦਰ ਦਾਖਲ ਹੋ ਗਏ ਜਿਨ੍ਹਾਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਦੇ ਗੱਲੇ ਵਿਚ ਪਈ ਕਰੀਬ ਦੋ ਲੱਖ ਰੁਪਏ ਦੀ ਨਕਦੀ ਲੁੱਟ ਲਈ। ਦੁਕਾਨਦਾਰ ਨੇ ਇਕ ਲੁਟੇਰੇ ਦੀ ਪਛਾਣ ਕਰ ਲੈਣ ਦਾ ਵੀ ਦਾਅਵਾ ਕੀਤਾ ਹੈ। ਗੜ੍ਹਸ਼ੰਕਰ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿਸਤੌਲ ਦਿਖਾ ਕੇ ਕਾਰ ਲੁੱਟੀ
ਜਲੰਧਰ (ਪੱਤਰ ਪ੍ਰੇਰਕ): ਇਥੋਂ ਦੇ ਪੌਸ਼ ਇਲਾਕੇ ਮਾਡਲ ਟਾਊਨ ਵਿਚ ਸਥਿਤ ਗੁਰੂ ਅਮਰਦਾਸ ਸਕੂਲ ਦੇ ਬਾਹਰ ਲੁਟੇਰੇ ਕਾਰ ਲੁੱਟ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪੀੜਤ ਲਕਸ਼ੇ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਦੱਸਿਆ ਕਿ ਉਹ ਸਬਜ਼ੀ ਲੈਣ ਲਈ ਜਾ ਰਿਹਾ ਸੀ ਜੱਦ ਉਹ ਗੁਰਦੁਆਰਾ ਸਾਹਿਬ ਦੇ ਨਾਲ ਵਾਲੀ ਗਲੀ ਵਿਚ ਪਹੁੰਚਿਆ ਤਾਂ ਤਿੰਨ ਲੁਟੇਰੇ ਉਸ ਦੀ ਕਾਰ ਦੇ ਅੱਗੇ ਖੜ੍ਹੇ ਹੋ ਗਏ ਤੇ ਉਸ ਨੂੰ ਕਾਰ ਵਿਚੋਂ ਬਾਹਰ ਆਉਣ ਲਈ ਕਿਹਾ। ਜਦ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਇੱਕ ਨੇ ਪਿਸਤੌਲ ਕੱਢ ਕੇ ਕਿਹਾ ਕਿ ਚੁੱਪਚਾਪ ਬਾਹਰ ਆ ਜਾ ਨਹੀਂ ਤਾਂ ਉਸ ਦੇ ਗੋਲੀ ਮਾਰ ਦੇਣੀ ਹੈ। ਇਸ ਤੋਂ ਬਾਅਦ ਉਹ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਹੈ। ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਸੀਸੀਟਵੀ ਕੈਮਰਿਆਂ ਦੀ ਫੁਟੇਜ ਚੈਕ ਕਰ ਰਹੇ ਹਨ।