For the best experience, open
https://m.punjabitribuneonline.com
on your mobile browser.
Advertisement

ਪਾਖੰਡਵਾਦ ਦੀ ਦਲਦਲ ’ਚ ਉਲਝਿਆ ਮਨੁੱਖ

10:09 AM Jul 22, 2023 IST
ਪਾਖੰਡਵਾਦ ਦੀ ਦਲਦਲ ’ਚ ਉਲਝਿਆ ਮਨੁੱਖ
Advertisement

ਡਾ. ਗੁਰਤੇਜ ਸਿੰਘ

ਅੱਜ ਪੰਜਾਬ ਦੇ ਬਹੁਤੇ ਘਰਾਂ ਦਾ ਮਾਹੌਲ ਵਿਗੜਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਸ਼ਰਾਬ ਪੀਣਾ ਜਾਂ ਹੋਰ ਨਸ਼ੇ ਕਰਨਾ ਹੈ। ਨਸ਼ੇ ਅੱਜ ਪੰਜਾਬ ਨੂੰ ਅਜਿਹੇ ਘੁਣ ਵਾਂਗ ਲੱਗ ਗਏ ਹਨ ਕਿ ਪਰਿਵਾਰਾਂ ਦੇ ਪਰਿਵਾਰ ਟੁੱਟ ਰਹੇ ਹਨ। ਕਿਸੇ ਘਰ ਦਾ ਇੱਕੋ-ਇੱਕ ਕਮਾਉਣ ਵਾਲਾ ਨਸ਼ੇ ਦਾ ਆਦੀ ਹੋ ਜਾਂਦਾ ਹੈ ਤੇ ਅੰਤ ਇਸੇ ਵਿਚ ਗ਼ਲਤਾਨ ਹੋਇਆ ਦਮ ਤੋੜ ਜਾਂਦਾ ਹੈ ਤੇ ਪਰਿਵਾਰ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਜਾਂਦਾ ਹੈ, ਜਾਂ ਕਿਸੇ ਦੀ ਔਲਾਦ ਨਸ਼ੇ ਦੀ ਆਦੀ ਹੋ ਕੇ ਭਰ ਜਵਾਨੀ ਵਿਚ ਸਿਵਿਆਂ ਦੇ ਰਾਹ ਪੈ ਜਾਂਦੀ ਹੈ। ਸਮੱਸਿਆ ਦਾ ਅਸਲ ਕਾਰਨ ਤੇ ਉਸ ਦੇ ਹੱਲ ਲਈ ਯਤਨ ਕਰਨ ਨਾਲੋਂ ਲੋਕ ਫ਼ਾਲਤੂ ਚੀਜ਼ਾਂ ਦਾ ਸਹਾਰਾ ਲੈ ਰਹੇ ਹਨ। ਘਰ ਵਿਚ ਅਜਿਹਾ ਕੁਝ ਹੋਣ ’ਤੇ ਇਹ ਸਮਝਿਆ ਜਾਂਦਾ ਹੈ ਕਿ ਘਰ ਉੱਪਰ ਕਿਸੇ ਓਪਰੀ ਛਾਇਆ ਦਾ ਅਸਰ ਹੈ ਜਾਂ ਕਿਸੇ ਨੇ ਕਾਲਾ ਜਾਦੂ ਕਰਵਾ ਦਿੱਤਾ ਹੈ। ਇਨ੍ਹਾਂ ਕਾਲਪਨਿਕ ਬਲਾਵਾਂ ਤੋਂ ਪਿੱਛਾ ਛੁਡਵਾਉਣ ਲਈ ਫਿਰ ਤਾਂਤਰਿਕਾਂ, ਅਖੌਤੀ ਬਾਬਿਆਂ ਆਦਿ ਦਾ ਸਹਾਰਾ ਲਿਆ ਜਾਂਦਾ ਹੈ। ਅਜਿਹੇ ਅਖੌਤੀ ਬਾਬੇ ਜਾਂ ਆਪਣੇ ਆਪ ਨੂੰ ਤਾਂਤਰਿਕ ਦੱਸਣ ਵਾਲੇ ਇਹ ਲੋਕ ਗ਼ਲਤ ਤੇ ਫ਼ਾਲਤੂ ਦੀਆਂ ਗੱਲਾਂ ਵਿਚ ਆਮ ਲੋਕਾਂ ਨੂੰ ਫਸਾ ਲੈਂਦੇ ਹਨ, ਜਿਵੇਂ ਘਰ ਦੇ ਕਿਸੇ ਚਾਰ ਪੰਜ ਸਾਲ ਦੇ ਬੱਚੇ ਦੇ ਅੰਗੂਠੇ ਵਿਚ ਫੋਟੋ ਦਿਖਾ ਕੇ ਪਰਿਵਾਰ ਨੂੰ ਭਰਮਾ ਲਿਆ ਜਾਂਦਾ ਹੈ (ਇਸ ਵਿਚ ਅੰਗੂਠੇ ਦੇ ਨਹੁੰ ਉੱਪਰ ਤੇਲ ਲਗਾ ਦਿੱਤਾ ਜਾਂਦਾ ਹੈ ਤੇ ਉਸ ਤੇਲ ਵਿਚ ਆਲੇ-ਦੁਆਲੇ ਹੋਣ ਵਾਲਾ ਸਭ ਕੁਝ ਦਿਖਾਈ ਦਿੰਦਾ ਹੈ ਜਿਸ ਨੂੰ ਛੋਟਾ ਬੱਚਾ ਸੱਚ ਮੰਨ ਲੈਂਦਾ ਹੈ)। ਇਸ ਸਭ ਤੋਂ ਤਾਂਤਰਿਕ ਗੱਲਾਂ ਗੱਲਾਂ ਵਿਚ ਤਾਂਤਰਿਕ ਇਹ ਜਾਣ ਲੈਂਦਾ ਹੈ ਕਿ ਘਰ ਵਾਲਿਆਂ ਦੇ ਮਨ ਵਿਚ ਕਿਸ ਵਿਅਕਤੀ ਪ੍ਰਤੀ ਸ਼ੱਕ ਹੈ। ਇਹ ਜਾਣਨ ਤੋਂ ਬਾਅਦ ਉਹ ਮਨਘੜਤ ਕਹਾਣੀ ਬਣਾ ਕੇ ਸਾਰਾ ਦੋਸ਼ ਉਸ ਵਿਅਕਤੀ ਸਿਰ ਮੜ੍ਹ ਦਿੰਦਾ ਹੈ। ਇਸ ਦੇ ਇਲਾਜ ਲਈ ਕਾਗ਼ਜ਼ ਉੱਤੇ ਪੁੱਠੇ ਸਿੱਧੇ ਅੱਖਰ ਵਾਹ ਕੇ ਤਵੀਤ ਬਣਾ ਕੇ ਦਿੱਤੇ ਜਾਂਦੇ ਹਨ ਜੋ ਘਰ ਦੇ ਦਰਵਾਜ਼ੇ ਨਾਲ ਬੰਨ੍ਹਣ ਤੇ ਪਾਣੀ ਵਿਚ ਘੋਲ ਕੇ ਪੀਣ ਆਦਿ ਲਈ ਕਿਹਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਸਮਾਜ ’ਚ ਆਮ ਹਨ ਤੇ ਜਿ਼ਆਦਾਤਰ ਲੋਕਾਂ ਨਾਲ ਸਬੰਧਿਤ ਹਨ। ਕੁਝ ਚਲਾਕ ਲੋਕ ਅੱਜ ਪਾਖੰਡਵਾਦ ਅਤੇ ਲੋਕਾਂ ਦੀ ਅਗਿਆਨਤਾ ਦਾ ਲਾਹਾ ਲੈ ਕੇ ਆਪਣਾ ਤੋਰੀ-ਫੁਲਕਾ ਚਲਾ ਰਹੇ ਹਨ।
ਹਰ ਪਿੰਡ ਸ਼ਹਿਰ ਵਿਚ ਇਨ੍ਹਾਂ (ਤਾਂਤਰਿਕਾਂ) ਦੇ ਅੱਡੇ ਹਨ ਜਿੱਥੇ ਇਹ ਆਪਣਾ ਗੋਰਖਧੰਦਾ ਚਲਾਉਂਦੇ ਹਨ। ਇਨ੍ਹਾਂ ਦੇ ਜਾਲ ਦੇ ਤੰਦ ਇੰਨੇ ਬਾਰੀਕ ਹੁੰਦੇ ਹਨ, ਅਨਪੜ੍ਹ ਤਾਂ ਕੀ, ਪੜ੍ਹੇ ਲਿਖੇ ਲੋਕ ਵੀ ਇਸ ਵਿਚ ਫਸ ਜਾਂਦੇ ਹਨ ਜਿੱਥੇ ਇਹ ਲੋਕਾਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਤੱਕ ਵੀ ਕਰਦੇ ਹਨ। ਭੂਤ ਕੱਢਣ ਦੇ ਨਾਮ ਉੱਤੇ ਇਹ ਰੋਗੀ ਦੀ ਬੇਰਹਿਮੀ ਨਾਲ ਮਾਰ-ਕੁਟਾਈ ਕਰਦੇ ਹਨ ਤੇ ਖ਼ਤਰਨਾਕ ਤਸੀਹੇ ਤੱਕ ਦਿੰਦੇ ਹਨ ਜਿਸ ਨਾਲ ਕਈ ਵਾਰ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ। ਇਸ ਦੀਆਂ ਤਾਜ਼ਾ ਉਦਾਹਰਨਾਂ ਦਿੱਲੀ ਅਤੇ ਕੇਰਲ ’ਚ ਇੱਕੋ ਪਰਿਵਾਰ ਦੇ ਸਾਰੇ ਜੀਆਂ ਦਾ ਭੇਤਭਰੀ ਹਾਲਤ ਵਿਚ ਛੱਤ ਨਾਲ ਲਟਕਦੇ ਮਿਲਣਾ ਹੈ। ਕੁਝ ਸਾਲ ਪਹਿਲਾਂ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੀ ਮਹਿਲਾ ਤਾਂਤਰਿਕ ਨੇ ਅੱਠ-ਦਸ ਸਾਲ ਦੀ ਬੱਚੀ ਨੂੰ ਭੂਤ ਕੱਢਣ ਦੇ ਨਾਂ ’ਤੇ ਚਿਮਟੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਹੈਰਾਨੀ ਦੀ ਗੱਲ ਇਹ ਕਿ ਉਹ ਉਸ ਸਮੇਂ ਪਿੰਡ ਦੀ ਸਰਪੰਚ ਸੀ ਅਤੇ ਸ਼ਰੇਆਮ ਭੀੜ ’ਚ ਇਸ ਘਨਿੌਣੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਸੀ। ਰੋਗੀ ਕੁੜੀ ਲੋਕਾਂ ਤੋਂ ਪਾਣੀ ਮੰਗਦੀ ਰਹੀ ਪਰ ਤਮਾਸ਼ਬੀਨ ਭੀੜ ਨੇ ਪਾਣੀ ਦੀ ਘੁੱਟ ਉਸ ਨੂੰ ਨਹੀਂ ਦਿੱਤੀ ਸੀ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਫੱਤਾ ’ਚ ਅੱਠ ਮਾਰਚ 2017 ਨੂੰ ਵਾਪਰੀ ਮੰਦਭਾਗੀ ਘਟਨਾ ਹੈ ਜਿਸ ਵਿਚ ਅੰਧਵਿਸ਼ਵਾਸੀ ਕਲਯੁਗੀ ਦਾਦੀ ਅਤੇ ਪਿਤਾ ਨੇ ਕਿਸੇ ਕਾਮਨਾ ਦੀ ਪੂਰਤੀ ਲਈ ਆਪਣੇ ਦੋ ਬੱਚਿਆਂ ਦੀ ਬਲੀ ਦੇ ਦਿੱਤੀ ਸੀ। ਬੱਚਿਆਂ ਨੂੰ ਬਚਾਉਣ ਆਈ ਉਨ੍ਹਾਂ ਦੀ ਮਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬੀਤੀ 14 ਜੁਲਾਈ 2023 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੂਧਲ ਵਿਚ ਦਸ ਸਾਲ ਦੀ ਬੱਚੀ ਦੀ ਬਲੀ ਉਸ ਦੇ ਆਪਣੇ ਰਿਸ਼ਤੇਦਾਰਾਂ ਨੇ ਕਿਸੇ ਤਾਂਤਰਿਕ ਦੇ ਕਹਿਣ ’ਤੇ ਦਿੱਤੀ ਸੀ। ਦਰਅਸਲ ਉਸ ਪਰਿਵਾਰ ਦਾ ਕਾਰੋਬਾਰ ਠੱਪ ਹੋ ਗਿਆ ਸੀ ਤੇ ਉਸ ਨੂੰ ਚਲਾਉਣ ਲਈ ਉਕਤ ਤਾਂਤਰਿਕ ਨੇ ਪਰਿਵਾਰ ਨੂੰ ਬੱਚੀ ਦੀ ਬਲੀ ਦੇਣ ਲਈ ਉਕਸਾਇਆ ਸੀ।
ਅਜੋਕੇ ਵਿਗਿਆਨਕ ਅਤੇ ਅਗਾਂਹਵਧੂ ਯੁੱਗ ’ਚ ਅਜਿਹੀਆਂ ਘਟਨਾਵਾਂ ਵਾਪਰਨਾ ਮੰਦਭਾਗਾ ਹੈ। ਲੋਕਾਂ ਦੀ ਸੌੜੀ ਮਾਨਸਿਕਤਾ ਦਾ ਇਹ ਪਾਖੰਡੀ ਖ਼ੂਬ ਫ਼ਾਇਦਾ ਉਠਾਉਂਦੇ ਹਨ। ਮੁੰਡੇ ਦੀ ਲਾਲਸਾ ਰੱਖਣ ਵਾਲੇ ਲੋਕਾਂ ਨੂੰ ਗੋਲੀ (ਦਵਾਈ) ਦਿੰਦੇ ਹਨ ਤੇ ਦਾਅਵਾ ਕਰਦੇ ਹਨ ਕਿ ਇਸ ਨਾਲ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਹੋਵੇਗੀ। ਅਸਲ ਵਿਚ ਜੋ ਇਹ ਦਵਾਈ ਦਿੰਦੇ ਹਨ, ਉਸ ਵਿਚ ਟੈਸਟੋਸਟਰੋਨ (ਆਦਮੀ ਦਾ ਸੈਕਸ ਹਾਰਮੋਨ) ਦੀ ਮਾਤਰਾ ਕਾਫ਼ੀ ਹੁੰਦੀ ਹੈ ਜਿਸ ਕਾਰਨ ਕਈ ਵਾਰ ਬੱਚੇ ਅਸਾਧਾਰਨ ਪੈਦਾ ਹੁੰਦੇ ਹਨ। ਔਰਤ ਨੂੰ ਇਕੱਲਿਆਂ ਦਵਾਈ ਦੇਣ ਦੇ ਬਹਾਨੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਅਗਰ ਉਹ ਔਰਤ ਬਾਹਰ ਆ ਕੇ ਆਪਣੇ ਪਰਿਵਾਰਕ ਜੀਆਂ ਨੂੰ ਉਸ ਪਾਖੰਡੀ ਦੀ ਕਰਤੂਤ ਦੱਸਦੀ ਵੀ ਹੈ ਤਾਂ ਵੀ ਉਹ ਪਰਿਵਾਰ ਅੰਨ੍ਹੀ ਸ਼ਰਧਾ ਵੱਸ ਯਕੀਨ ਨਹੀਂ ਕਰਦਾ ਜੋ ਉਸ ਪਾਖੰਡੀ ਦੀ ਢਾਲ ਹੋ ਨਿੱਬੜਦੀ ਹੈ। ਅਗਰ ਉਹ ਔਰਤ ਇਸ ਸ਼ੋਸ਼ਣ ਖਿਲਾਫ਼ ਮੂੰਹ ਖੋਲਦੀ ਹੈ ਤਾਂ ਇਹ ਚਲਾਕ ਲੋਕ ਉਸ ਦੇ ਪਰਿਵਾਰ ਦੇ ਦਿਮਾਗ ’ਚ ਇਹ ਕੂੜ ਭਰਨ ਵਿਚ ਸਫ਼ਲ ਹੋ ਜਾਂਦੇ ਹਨ ਕਿ ਤੁਹਾਡੇ ਲੇਖਾਂ ’ਚ ਪੁੱਤਰ ਤਾਂ ਹੈ ਪਰ ਇਹ ਔਰਤ ਪੁੱਤਰ ਨੂੰ ਜਨਮ ਨਹੀਂ ਦੇ ਸਕਦੀ ਹੈ। ਮੈਡੀਕਲ ਸਾਇੰਸ ਅਨੁਸਾਰ ਬੱਚੇ ਦੇ ਲਿੰਗ ਨਿਰਧਾਰਨ ਵਿਚ ਔਰਤ ਦੀ ਥਾਂ ਮਰਦ ਦਾ ਰੋਲ ਅਹਿਮ ਹੈ। ਇਸ ਪ੍ਰਕਿਰਿਆ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ- ਪੁਰਸ਼ ਵਿਚ ਐਕਸ ਵਾਈ ਕਰੋਮੋਸੋਮ ਹੁੰਦੇ ਹਨ ਜਦਕਿ ਔਰਤ ਵਿਚ ਸਿਰਫ਼ ਐਕਸ ਐਕਸ ਕਰੋਮੋਸੋਮ ਹੁੰਦੇ ਹਨ। ਸਪੱਸ਼ਟ ਹੈ ਕਿ ਔਰਤ ਨੇ ਸਿਰਫ਼ ਐਕਸ ਕਰੋਮੋਸੋਮ ਦੇਣਾ ਹੈ ਜਦ ਕਿ ਮਰਦ ਐਕਸ ਜਾਂ ਫਿਰ ਵਾਈ ਕਰੋਮੋਸੋਮ ਦੇਵੇਗਾ। ਜਦੋਂ ਪੁਰਸ਼ ਅਤੇ ਇਸਤਰੀ ਦੇ ਕਰੋਮੋਸੋਮ ਮਿਲਦੇ ਹਨ ਤਾਂ ਪੰਜਾਹ ਫ਼ੀਸਦੀ ਸੰਭਾਵਨਾ ਹੁੰਦੀ ਹੈ ਹੈ ਕਿ ਬੱਚਾ ਲੜਕਾ ਹੋਵੇਗਾ ਜਾਂ ਫਿਰ ਪੰਜਾਹ ਫ਼ੀਸਦੀ ਸੰਭਾਵਨਾ ਹੁੰਦੀ ਹੈ ਕਿ ਬੱਚਾ ਲੜਕੀ ਹੋਵੇਗੀ। ਜੇ ਪੁਰਸ਼ ਦਾ ਐਕਸ ਕਰੋਮੋਸੋਮ ਇਸਤਰੀ ਦੇ ਐਕਸ ਕਰੋਮੋਸੋਮ ਨਾਲ ਮਿਲਦਾ/ਲੱਗਦਾ ਹੈ ਤਾਂ ਬੱਚਾ ਲੜਕੀ ਹੋਵੇਗੀ। ਇਸੇ ਤਰ੍ਹਾਂ ਜੇ ਪੁਰਸ਼ ਦਾ ਵਾਈ ਕਰੋਮੋਸੋਮ ਇਸਤਰੀ ਦੇ ਐਕਸ ਕਰੋਮੋਸੋਮ ਨਾਲ ਮਿਲਦਾ/ਲੱਗਦਾ ਹੈ ਤਾਂ ਬੱਚਾ ਲੜਕਾ ਹੱਵੇਗਾ। ਇਉਂ ਬੱਚੇ ਦੇ ਲਿੰਗ ਨਿਰਧਾਰਨ ਵਿਚ ਮਰਦ ਦਾ ਹੀ ਰੋਲ ਅਹਿਮ ਹੈ। ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਭਾਵੇਂ ਬੱਚੇ ਦੇ ਲਿੰਗ ਨਿਰਧਾਰਨ ਵਿਚ ਮਰਦ ਦਾ ਰੋਲ ਬਹੁਤ ਅਹਿਮ ਹੈ ਪਰ ਪੁਰਸ਼ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿਹੜਾ ਕਰੋਮੋਸੋਮ ਇਸਤਰੀ ਦੇ ਐਕਸ ਕਰੋਮੋਸੋਮ ਨਾਲ ਜਾ ਕੇ ਲੱਗੇਗਾ।
ਧਰਮ ਅਤੇ ਅੰਨ੍ਹੀ ਆਸਥਾ ਦਾ ਸਬੰਧ ਦਿਲ ਅਤੇ ਧੜਕਣ ਵਾਂਗ ਪੇਚੀਦਾ ਹੈ ਜਿਸ ਦੀ ਆੜ ਵਿਚ ਪਾਖੰਡੀ ਆਪਣਾ ਸਾਮਰਾਜ ਚਲਾ ਰਹੇ ਹਨ। ਬਹੁਤ ਸਾਰੀਆਂ ਸੰਸਥਾਵਾਂ ਇਨ੍ਹਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦੀਆਂ ਹਨ ਪਰ ਉਨ੍ਹਾਂ ਉੱਪਰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਮੜ੍ਹ ਦਿੱਤੇ ਜਾਂਦੇ ਹਨ। ਜੋ ਲੋਕ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਤੇ ਪਾਖੰਡਾਂ ਤੋਂ ਲੋਕਾਂ ਨੂੰ ਮੁਕਤ ਕਰਵਾਉਣ ਲਈ ਤਤਪਰ ਹਨ, ਉਨ੍ਹਾਂ ਨੂੰ ਸਹਿਯੋਗ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਅਖ਼ਬਾਰ, ਨਿਊਜ਼ ਚੈਨਲ ਇਨ੍ਹਾਂ ਪਾਖੰਡੀਆਂ ਦੇ ਹੱਥੋਂ ਬਰਬਾਦ ਹੋਏ ਲੋਕਾਂ ਦੀ ਦਾਸਤਾਨ ਤਾਂ ਜ਼ਰੂਰ ਪੇਸ਼ ਕਰਦੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਇਨਾਂ੍ਹ ਨੇ ਹੀ ਉਨ੍ਹਾਂ ਪਾਖੰਡੀਆਂ ਦੇ ਪਾਖੰਡ ਦੇ ਪ੍ਰਚਾਰ-ਪ੍ਰਸਾਰ ’ਚ ਅਹਿਮ ਰੋਲ ਨਿਭਾਇਆ ਹੁੰਦਾ ਹੈ ਤੇ ਨਿਭਾਉਂਦੇ ਹਨ। ਮੰਨਿਆ ਕਿ ਵਪਾਰਕ ਪੱਖ ਤੋਂ ਇਸ਼ਤਿਹਾਰ ਲਾਜ਼ਮੀ ਹਨ ਪਰ ਮੀਡੀਆ ਨੂੰ ਇੰਨਾ ਵੀ ਮਤਲਬੀ ਨਹੀਂ ਹੋਣਾ ਚਾਹੀਦਾ ਕਿ ਸਮਾਜ ਨੂੰ ਜਿਸ ਦਾ ਖ਼ਮਿਆਜ਼ਾ ਭੁਗਤਣਾ ਪਵੇ। ਅਜਿਹੇ ਇਸ਼ਤਿਹਾਰਾਂ ’ਤੇ ਪਾਬੰਦੀ ਜ਼ਰੂਰੀ ਹੈ ਜੋ ਸਮਾਜ ਨੂੰ ਗੁਮਰਾਹ ਕਰਦੇ ਹੋਣ। ਲੋਕਾਂ ਨੂੰ ਜਾਗਰੂਕ ਕਰਨਾ ਅਜੋਕੇ ਸਮੇਂ ਦੀ ਲੋੜ ਹੈ। ਜਦੋਂ ਲੋਕ ਜਾਗਰੂਕ ਹੋ ਜਾਣਗੇ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਪਾਖੰਡੀਆਂ ਦਾ ਸਾਮਰਾਜ ਖੇਰੂੰ-ਖੇਰੂੰ ਨਾ ਹੋਵੇ।
ਸੰਪਰਕ: 95173-96001

Advertisement

Advertisement
Advertisement
Author Image

joginder kumar

View all posts

Advertisement