ਇਜ਼ਰਾਈਲ ਵੱਲੋਂ ਵੈਸਟ ਬੈਂਕ ਵਿੱਚ ਵੱਡੀ ਫੌਜੀ ਕਾਰਵਾਈ
ਅਲ-ਫ਼ਰਾ ਸ਼ਰਨਾਰਥੀ ਕੈਂਪ (ਵੈਸਟ ਬੈਂਕ), 28 ਅਗਸਤ
ਇਜ਼ਰਾਈਲ ਨੇ ਆਪਣੇ ਕਬਜ਼ੇ ਵਾਲੇ ਪੱਛਮੀ ਕੰਢੇ (ਵੈਸਟ ਬੈਂਕ) ਉੱਤੇ ਵੱਡੀ ਫੌਜੀ ਕਾਰਵਾਈ ਕਰਦਿਆਂ 9 ਫ਼ਲਸਤੀਨੀਆਂ ਦੀ ਹੱਤਿਆ ਕਰ ਦਿੱਤੀ ਹੈ। ਇਜ਼ਰਾਇਲੀ ਫੌਜ ਮੁਤਾਬਕ ਇਹ ਸਾਰੇ ਦਹਿਸ਼ਤਗਰਦ ਸਨ। ਸਲਾਮਤੀ ਦਸਤਿਆਂ ਨੇ ਜਨੀਨ ਸ਼ਹਿਰ ਦੀ ਘੇਰਾਬੰਦੀ ਕਰਕੇ ਹਸਪਤਾਲਾਂ ਨੂੰ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਹਨ। ਇਹ ਦਾਅਵਾ ਫ਼ਲਸਤੀਨੀ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ। ਹਮਾਸ ਵੱਲੋਂ ਪਿਛਲੇ ਸਾਲ 7 ਅਕਤੂੁਬਰ ਨੂੰ ਗਾਜ਼ਾ ਦੇ ਬਾਹਰੋਂ ਕੀਤੇ ਹਮਲਿਆਂ ਮਗਰੋਂ ਇਜ਼ਰਾਈਲ ਵੱਲੋਂ ਰੋਜ਼ਾਨਾ ਪੱਛਮੀ ਕੰਢੇ ’ਤੇ ਛਾਪੇ ਮਾਰੇ ਜਾਂਦੇ ਹਨ।
ਇਜ਼ਰਾਇਲੀ ਫੌਜ ਦੇ ਤਰਜਮਾਨ ਲੈਫਟੀਨੈਂਟ ਕਰਨਲ ਨਾਦਵ ਸ਼ੋਸ਼ਾਨੀ ਨੇ ਕਿਹਾ ਕਿ ਸਲਾਮਤੀ ਦਸਤਿਆਂ ਦਾ ਵੱਡਾ ਦਸਤਾ ਜਨੀਨ ਸ਼ਹਿਰ, ਜੋ ਲੰਮੇ ਸਮੇਂ ਤੱਕ ਦਹਿਸ਼ਤਗਰਦਾਂ ਦਾ ਮਜ਼ਬੂਤ ਗੜ੍ਹ ਰਿਹਾ ਹੈ, ਦੇ ਨਾਲ ਤੁਲਕਾਰਮ ਤੇ ਅਲ-ਫ਼ਰਾ ਸ਼ਰਨਾਰਥੀ ਕੈਂਪ ਵਿਚ ਦਾਖ਼ਲ ਹੋ ਗਿਆ ਹੈ। ਇਹ ਸਾਰੇ ਟਿਕਾਣੇ ਪੱਛਮੀ ਕੰਢੇ ਦੇ ਉੱਤਰੀ ਹਿੱਸੇ ਵਿਚ ਪੈਂਦੇ ਹਨ। ਅਲ-ਫ਼ਰਾ ਸ਼ਰਨਾਰਥੀ ਕੈਂਪ 1948 ਦੀ ਮੱਧ ਪੂਰਬ ਜੰਗ ਤੋਂ ਇਥੇ ਹੈ। ਤਰਜਮਾਨ ਨੇ ਕਿਹਾ ਕਿ ਮਾਰੇ ਗਏ ਨੌਂ ਵਿਅਕਤੀ ਦਹਿਸ਼ਤਗਰਦ ਹਨ। ਇਨ੍ਹਾਂ ਵਿਚੋਂ ਤਿੰਨ ਜਣੇ ਤੁਲਕਾਰਮ ’ਚ ਤੇ ਚਾਰ ਹੋਰ ਅਲ-ਫ਼ਰਾ ਵਿਚ ਹਵਾਈ ਹਮਲਿਆਂ ਦੌਰਾਨ ਮਾਰੇ ਗਏ। ਤਰਜਮਾਨ ਨੇ ਕਿਹਾ ਕਿ ਛਾਪੇ ਇਕ ਵੱਡੀ ਕਾਰਵਾਈ ਦਾ ਪਹਿਲਾ ਪੜਾਅ ਹੈ, ਜਿਸ ਦਾ ਮੁੱਖ ਮਕਸਦ ਇਜ਼ਰਾਇਲੀ ਸਿਵਲੀਅਨਾਂ ’ਤੇ ਹਮਲਿਆਂ ਨੂੰ ਰੋਕਣਾ ਹੈ। ਉਧਰ ਜਨੀਨ ਦੇ ਗਵਰਨਰ ਕਾਮਲ ਅਬੂ ਅਲ-ਰਬ ਨੇ ਫ਼ਲਸਤੀਨੀ ਰੇਡੀਓ ’ਤੇ ਕਿਹਾ ਕਿ ਇਜ਼ਰਾਈਲੀ ਫੌਜਾਂ ਨੇ ਸ਼ਹਿਰ ਨੂੰ ਘੇਰ ਕੇ ਅੰਦਰ-ਬਾਹਰ ਜਾਣ ਵਾਲੇ ਰਸਤਿਆਂ ਤੇ ਹਸਪਤਾਲ ਤੱਕ ਰਸਾਈ ਬੰਦ ਕਰ ਦਿੱਤੀ ਹੈ। ਵੈਸਟ ਬੈਂਕ ਵਿਚ ਫ਼ਲਸਤੀਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਇਲੀ ਬਲਾਂ ਨੇ ਹਸਪਤਾਲ ਨੂੰ ਜਾਣ ਵਾਲੇ ਰਸਤੇ ਰੋਕਾਂ ਲਾ ਕੇ ਬੰਦ ਕਰ ਦਿੱਤੇ ਹਨ ਤੇ ਜਨੀਨ ਵਿਚ ਹੋਰ ਹਸਪਤਾਲਾਂ ਦੀ ਘੇਰਾਬੰਦੀ ਕੀਤੀ ਹੈ। ਸ਼ੋਸ਼ਾਨੀ ਨੇ ਕਿਹਾ ਕਿ ਫੌਜ ਦਹਿਸ਼ਤਗਰਦਾਂ ਨੂੰ ਹਸਪਤਾਲਾਂ ਵਿਚ ਪਨਾਹ ਲੈਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਕੈਟਜ਼ ਨੇ ਗਾਜ਼ਾ ਨਾਲ ਤੁਲਨਾ ਕਰਦਿਆਂ ਕਿਹਾ ਕਿ ਪੱਛਮੀ ਕੰਢੇ ਵਿਚ ਵੀ ਮਿਲਦੇ ਜੁਲਦੇ ਉਪਰਾਲਿਆਂ ਦੀ ਲੋੜ ਹੈ। ਉਂਜ ਸ਼ੋਸ਼ਾਨੀ ਨੇ ਸਾਫ਼ ਕਰ ਦਿੱਤਾ ਕਿ ਸਿਵਲੀਅਨਾਂ ਨੂੰ ਉਥੋਂ ਬਾਹਰ ਕੱਢਣ ਦਾ ਕੋਈ ਇਰਾਦਾ ਨਹੀਂ ਹੈ। ਪਿਛਲੇ 10 ਮਹੀਨਿਆਂ ਤੋਂ ਗਾਜ਼ਾ ਵਿਚ ਜਾਰੀ ਜੰਗ ਦੌਰਾਨ ਇਜ਼ਰਾਇਲੀ ਹਮਲਿਆਂ ਵਿਚ ਵੈਸਟ ਬੈਂਕ ਵਿਚ 652 ਫ਼ਲਸਤੀਨੀਆਂ ਦੀ ਜਾਨ ਜਾਂਦੀ ਰਹੀ ਹੈ। -ਏਪੀ