ਸੰਸਦ ਵਿੱਚ ਜ਼ੋਰਦਾਰ ਹੰਗਾਮਾ; 14 ਮੈਂਬਰ ਮੁਅੱਤਲ
* ਇਜਲਾਸ ਦੇ ਰਹਿੰਦੇ ਅਰਸੇ ਲਈ ਸਦਨ ’ਚੋਂ ਕੱਢੇ ਗਏ ਡੈਰੇਕ ਤੇ ਕੰਨੀਮੋੜੀ ਸਣੇ ਹੋਰ ਮੈਂਬਰ
* ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਬਿਆਨ ਦਿੱਤੇ ਜਾਣ ਦੀ ਮੰਗ ’ਤੇ ਅੜੀਆਂ ਵਿਰੋਧੀ ਧਿਰਾਂ
ਨਵੀਂ ਦਿੱਲੀ, 14 ਦਸੰਬਰ
ਵਿਰੋਧੀ ਧਿਰਾਂ ਨੇ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ਨੂੰ ਲੈ ਕੇ ਅੱਜ ਸੰਸਦ ਦੇ ਦੋਵਾਂ ਸਦਨਾਂ ਵਿੱਚ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓ’ਬ੍ਰਾਇਨ ਤੇ ਡੀਐੱਮਕੇ ਦੀ ਕੰਨੀਮੋੜੀ ਸਣੇ 14 ਸੰਸਦ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਲਈ ‘ਮਾੜੇ ਰਵੱਈਏ’ ਤੇ ‘ਦੁਰਵਿਹਾਰ’ ਦੇ ਹਵਾਲੇ ਨਾਲ ਸਰਦ ਰੁੱਤ ਇਜਲਾਸ ਦੇ ਬਾਕੀ ਰਹਿੰਦੇ ਅਰਸੇ ਲਈ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ਵਿਚੋਂ 13 ਮੈਂਬਰ ਲੋਕ ਸਭਾ ਤੇ ਇਕ ਰਾਜ ਸਭਾ ਦਾ ਹੈ। ਵਿਰੋਧੀ ਪਾਰਟੀਆਂ ਦੇ ਮੈਂਬਰ ਜਿੱਥੇ ਸਰਕਾਰ ਵੱਲੋਂ ਸੰਸਦ ਵਿੱਚ ਬਿਆਨ ਦਿੱਤੇ ਜਾਣ ਦੀ ਮੰਗ ’ਤੇ ਬਜ਼ਿੱਦ ਰਹੀਆਂ, ਉਥੇ ਸਰਕਾਰ ਨੇ ਕਿਹਾ ਕਿ ਵਿਰੋਧੀ ਧਿਰਾਂ ‘ਗੰਭੀਰ ਕੌਮੀ ਮੁੱਦੇ’ ਦਾ ਸਿਆਸੀਕਰਨ ਨਾ ਕਰਨ। ਰੌਲੇ-ਰੱਪੇ ਕਰਕੇ ਦੋਵਾਂ ਸਦਨਾਂ ਦੀ ਕਾਰਵਾਈ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਮੁਅੱਤਲੀ ਦੇ ਬਾਵਜੂਦ ਓ’ਬ੍ਰਾਇਨ ਰਾਜ ਸਭਾ ਵਿਚ ਹੀ ਬੈਠੇ ਰਹੇ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੇ ਆਗੂ ਪਿਊਸ਼ ਗੋਇਲ ਵੱਲੋਂ ਪੇਸ਼ ਮਤੇ ’ਤੇ ਮਸਲਾ ਮਰਿਆਦਾ ਕਮੇਟੀ ਹਵਾਲੇ ਕਰਦਿਆਂ ਤਿੰਨ ਮਹੀਨਿਆਂ ’ਚ ਰਿਪੋਰਟ ਮੰਗ ਲਈ। ਪਹਿਲਾਂ ਮੁਅੱਤਲ ਮੈਂਬਰਾਂ ਦੀ ਗਿਣਤੀ 15 ਦੱਸੀ ਗਈ ਸੀ ਪਰ ਬਾਅਦ ’ਚ ਆਖਿਆ ਿਗਆ ਕਿ ਇਕ ਮੈਂਬਰ ਦਾ ਨਾਮ ਭੁਲੇਖੇ ਨਾਲ ਸ਼ਾਮਲ ਕੀਤਾ ਗਿਆ ਹੈ ਜਦਕਿ ਉਹ ਸਦਨ ਹਾਜ਼ਰ ਨਹੀਂ ਸੀ। ਲੰਘੇ ਦਿਨ ਲੋਕ ਸਭਾ ਦੀ ਸੁਰੱਖਿਆ ਵਿੱਚ ਲੱਗੀ ਸੰਨ੍ਹ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਕੀਤੀ ਜਾ ਰਹੀ ਮੰਗ ਦਰਮਿਆਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵੱਖ ਵੱਖ ਮੌਕਿਆਂ ’ਤੇ ਦੋ ਮਤੇ ਰੱਖੇ। ਉਂਜ ਮੁਅੱਤਲੀ ਤੋਂ ਪਹਿਲਾਂ ਇਨ੍ਹਾਂ ਸੰਸਦ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਸਰਕਾਰ ਵੱਲੋਂ ਬਿਆਨ ਜਾਰੀ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਇਸ ਦਰਮਿਆਨ ਆਰਐੱਲਪੀ ਦੇ ਇਕਲੌਤੇ ਸੰਸਦ ਮੈਂਬਰ ਹਨੂਮਾਨ ਬੇਨੀਵਾਲ, ਜੋ ਸਕੱਤਰ ਜਨਰਲ ਦੀ ਚੇਅਰ ਕੋਲ ਖੜ੍ਹੇ ਸਨ, ਨੇ ਕਈ ਫੁੱਟ ਉੱਚੇ ਸਪੀਕਰ ਦੇ ਆਸਣ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ।
ਬਾਅਦ ਦੁਪਹਿਰ ਦੋ ਵਜੇ ਜੋਸ਼ੀ ਨੇ ਸਰਕਾਰ ਵੱਲੋਂ ਇਕ ਬਿਆਨ ਪੜ੍ਹਦਿਆਂ ਕਿਹਾ ਕਿ ਸੰਸਦ ਦੀ ਅੰਦਰੂਨੀ ਸੁਰੱਖਿਆ ਸਪੀਕਰ ਦੇ ਅਧਿਕਾਰ ਖੇਤਰ ’ਚ ਆਉਂਦੀ ਹੈ। ਇਸ ਮਗਰੋਂ ਜੋਸ਼ੀ ਨੇ ਵਿਰੋਧੀ ਧਿਰਾਂ ਵੱਲੋਂ ਪਾਏ ਰੌਲੇ-ਰੱਪੇ ਦਰਮਿਆਨ ਪੰਜ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਸਬੰਧੀ ਮਤਾ ਰੱਖਿਆ। ਮਤੇ ਵਿੱਚ ਕਿਹਾ ਗਿਆ, ‘‘ਮੈਂ ਇਹ ਮਤਾ ਰੱਖਦਾ ਹਾਂ ਕਿ ਸਦਨ ਨੇ ਸੰਸਦ ਮੈਂਬਰਾਂ ਟੀ.ਐੱਨ.ਪ੍ਰਤਾਪਨ, ਹਬਿੀ ਐਡਨ, ਜੋਤੀਮਣੀ, ਰਾਮਿਆ ਹਰੀਦਾਸ ਤੇ ਡੀਨ ਕੁਰੀਆਕੋਸੇ ਦੇ ਦੁਰਵਿਹਾਰ ਨੂੰ ਸਦਨ ਤੇ ਚੇਅਰ ਦੇ ਨਿਰਾਦਰ ਵਜੋਂ ਲਿਆ ਗਿਆ ਹੈ। ਚੇਅਰ ਨੇ ਜਿਨ੍ਹਾਂ ਮੈਂਬਰਾਂ ਦੇ ਨਾਮ ਲਏ ਹਨ, ਉਨ੍ਹਾਂ ਨੂੰ ਇਜਲਾਸ ਦੇ ਬਾਕੀ ਰਹਿੰਦੇ ਅਰਸੇ ਲਈ ਸਦਨ ’ਚੋਂ ਮੁਅੱਤਲ ਕੀਤਾ ਜਾਵੇ।’’ ਇਸ ਮਗਰੋਂ ਸਦਨ ਦੀ ਕਾਰਵਾਈ 3 ਵਜੇ ਤੱਕ ਮੁਅੱਤਲ ਕਰ ਦਿੱਤੀ ਗਈ। ਸਦਨ ਤਿੰਨ ਵਜੇ ਮੁੜ ਜੁੜਿਆ ਤਾਂ ਜੋਸ਼ੀ ਨੇ ਇਕ ਹੋਰ ਮਤਾ ਰੱਖਿਆ, ਜਿਸ ਵਿੱਚ ਵੀ.ਕੇ.ਸ੍ਰੀਕੰਦਨ (ਕਾਂਗਰਸ), ਬੈਨੀ ਬਹਿਨਾਨਨ (ਕਾਂਗਰਸ), ਮੁਹੰਮਦ ਜਾਵੇਦ (ਕਾਂਗਰਸ), ਪੀ.ਆਰ. ਨਟਰਾਜਨ (ਸੀਪੀਐੱਮ), ਕੰਨੀਮੋੜੀ (ਡੀਐੱਮਕੇ), ਕੇ.ਸੁੱਬਾਰਾਇਨ (ਸੀਪੀਆਈ), ਐੱਸ.ਆਰ.ਪ੍ਰਤੀਬਾਨ (ਡੀਐੱਮਕੇ), ਐੱਸ.ਵੈਂਕਟੇਸ਼ਨ (ਸੀਪੀਆਈ-ਐੱਮ) ਤੇ ਮਨੀਕਮ ਟੈਗੋਰ (ਕਾਂਗਰਸ) ਨੂੰ ਮੁਅੱਤਲ ਕੀਤੇ ਜਾਣ ਦੀ ਗੱਲ ਕਹੀ ਗਈ। ਇਕ ਸੰਸਦ ਮੈਂਬਰ ਨੇ ਹਾਲਾਂਕਿ ਮਗਰੋਂ ਦਾਅਵਾ ਕੀਤਾ ਕਿ ਪ੍ਰਤੀਬਾਨ ਦਾ ਨਾਮ ਮੁਅੱਤਲ ਸੰਸਦ ਮੈਂਬਰਾਂ ਵਿੱਚ ਸ਼ੁਮਾਰ ਹੈ, ਹਾਲਾਂਕਿ ਉਹ ਦਿੱਲੀ ਵਿੱਚ ਨਹੀਂ ਬਲਕਿ ਚੇਨੱਈ ਵਿੱਚ ਮੌਜੂਦ ਸੀ। ਸਦਨ ਨੂੰ ਮਗਰੋਂ ਸ਼ੁੱਕਰਵਾਰ ਤੱਕ ਲਈ ਮੁਅੱਤਲ ਕਰ ਦਿੱਤਾ ਗਿਆ। ਉਧਰ ਉਪਰਲਾ ਸਦਨ ਸ਼ੁਰੂਆਤੀ ਮੁਅੱਤਲੀ ਮਗਰੋਂ ਦੁਪਹਿਰ 12 ਵਜੇ ਜੁੜਿਆ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਓ’ਬ੍ਰਾਇਨ ਦਾ ਨਾਮ ਲੈ ਕੇ ਉਨ੍ਹਾਂ ਨੂੰ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਤੋਂ ਵਰਜਿਆ। ਇਸ ਤੋਂ ਪਹਿਲਾਂ ਅੱਜ ਸਵੇਰੇ ਵੀ ਚੇਅਰਮੈਨ ਨੇ ‘ਮਾੜੇ ਰਵੱਈਏ’ ਲਈ ਓ’ਬ੍ਰਾਇਨ ਦਾ ਨਾਮ ਲਿਆ ਸੀ। ਚੇਅਰਮੈਨ ਨੇ ਉਦੋਂ ਟੀਐੱਮਸੀ ਮੈਂਬਰ ਨੂੰ ਸਦਨ ’ਚੋਂ ਬਾਹਰ ਜਾਣ ਲਈ ਵੀ ਕਿਹਾ, ਪਰ ਉਹ ਸਦਨ ਵਿਚ ਹੀ ਬੈਠੇ ਰਹੇ। ਓ’ਬ੍ਰਾਇਨ ਨੂੰ ਮੁਅੱਤਲ ਕੀਤੇ ਜਾਣ ਸਬੰਧੀ ਮਤਾ ਸਦਨ ਦੇ ਆਗੂ ਪਿਊਸ਼ ਗੋਇਲ ਨੇ ਰੱਖਿਆ, ਜਿਸ ਨੂੰ ਜ਼ੁਬਾਨੀ ਵੋਟ ਨਾਲ ਸਵੀਕਾਰ ਕਰ ਲਿਆ ਗਿਆ। ਇਸ ਦੌਰਾਨ ਵਿਰੋਧੀ ਧਿਰਾਂ ਨੇ ‘ਤਾਨਾਸ਼ਾਹੀ ਨਹੀਂ ਚਲੇਗੀ’ ਤੇ ‘ਡੈਰੇਕ ਦਾ ਸਸਪੈਂਸ਼ਨ ਨਹੀਂ ਸਹੇਂਗੇ’ ਦੇ ਨਾਅਰੇ ਜਾਰੀ ਰੱਖੇ। ਪ੍ਰਸ਼ਨ ਕਾਲ ਦੌਰਾਨ ਵੀ ਨਾਅਰੇਬਾਜ਼ੀ ਜਾਰੀ ਰਹੀ ਤਾਂ ਚੇਅਰਮੈਨ ਨੇ ਕਾਰਵਾਈ ਦੋ ਵਜੇ ਤੱਕ ਮੁਅੱਤਲ ਕਰ ਦਿੱਤੀ। ਸਦਨ ਮੁੜ ਜੁੜਿਆ ਤਾਂ ਮੈਂਬਰ ਸੰਸਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਵਿਚਾਰ ਚਰਚਾ ਦੀ ਮੰਗ ’ਤੇ ਅੜੇ ਰਹੇ। ਇਸ ਦੌਰਾਨ ਮੁਅੱਤਲੀ ਦੇ ਬਾਵਜੂਦ ਓ’ਬ੍ਰਾਇਨ ਸਦਨ ਵਿਚ ਹੀ ਬੈਠੇ ਦਿਸੇ ਤਾਂ ਚੇਅਰਮੈਨ ਧਨਖੜ ਨੇ ਉਨ੍ਹਾਂ ਨੂੰ ਹੁਕਮਾਂ ਦੀ ਪਾਲਣਾ ਕਰਦਿਆਂ ਫੌਰੀ ਸਦਨ ਵਿਚੋਂ ਬਾਹਰ ਜਾਣ ਲਈ ਕਿਹਾ। ਧਨਖੜ ਨੇ ਕਿਹਾ ਕਿ ਓ’ਬ੍ਰਾਇਨ ਦਾ ਸਦਨ ਵਿੱਚ ਮੌਜੂਦ ਰਹਿਣਾ ਗੰਭੀਰ ਉਲੰਘਣਾ ਹੈ। ਇਸ ਮਗਰੋਂ ਸਦਨ ਦੇ ਆਗੂ ਪਿਊਸ਼ ਗੋਇਲ ਨੇ ਰੂਲ 192 ਤਹਿਤ ਇਸ ਮਸਲੇ ਨੂੰ ਰਾਜ ਸਭਾ ਦੀ ਮਰਿਆਦਾ ਕਮੇਟੀ ਹਵਾਲੇ ਕਰਨ ਦਾ ਮਤਾ ਰੱਖਿਆ। ਚੇਅਰਮੈਨ ਨੇ ਮਤੇ ’ਤੇ ਫੌਰੀ ਕਾਰਵਾਈ ਕੀਤੀ ਤੇ ਮੈਂਬਰਾਂ ਨੇ ਜ਼ੁਬਾਨੀ ਵੋਟ ਨਾਲ ਇਸ ਨੂੰ ਪਾਸ ਕਰ ਦਿੱਤਾ। ਚੇਅਰਮੈਨ ਨੇ ਸਦਨ ਦੀ ਕਾਰਵਾਈ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ। -ਪੀਟੀਆਈ
ਓ’ਬ੍ਰਾਇਨ ਵੱਲੋਂ ਸੰਸਦੀ ਅਹਾਤੇ ’ਚ ਮੌਨ ਰੋਸ
ਨਵੀਂ ਦਿੱਲੀ: ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਉਪਰਲੇ ਸਦਨ ਵਿਚੋਂ ਆਪਣੀ ਮੁਅੱਤਲੀ ਮਗਰੋਂ ਅੱਜ ਇਥੇ ਸੰਸਦੀ ਅਹਾਤੇ ਵਿੱਚ ਮੌਨ ਰਹਿ ਕੇ ਆਪਣਾ ਰੋਸ ਜਤਾਇਆ। ਓ’ਬ੍ਰਾਇਨ ਸੰਸਦੀ ਇਮਾਰਤ ਵਿਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਗਲ਼ ਵਿੱਚ ਤਖ਼ਤੀ ਲਟਕ ਰਹੀ ਸੀ, ਜਿਸ ’ਤੇ ਲਿਖਿਆ ਸੀ ‘ਮੌਨ ਰੋਸ’। ਉਨ੍ਹਾਂ ਇਸ ਮੁੱਦੇ ’ਤੇ ਬੋਲਣ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ
ਮੈਂਬਰਾਂ ਦੀ ਮੁਅੱਤਲੀ ‘ਜਮਹੂਰੀਅਤ ਦਾ ਕਤਲ’: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ‘ਜਮਹੂਰੀਅਤ ਦਾ ਕਤਲ’ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੰਸਦ ਨੂੰ ‘ਰਬੜ ਸਟੈਂਪ’ (ਮੋਹਰ) ਤੱਕ ਸੀਮਤ ਕਰ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਲੰਘੇ ਦਿਨ ਸੰਸਦ ਦੀ ਸੁਰੱਖਿਆ ਵਿੱਚ ਲੱਗੀ ਸੰਨ੍ਹ ਬਾਰੇ ਸਰਕਾਰ ਤੋਂ ਜਵਾਬ ਮੰਗਣ ਵਾਲੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੀ ਪੇਸ਼ਕਦਮੀ ਭਿਆਨਕ ਤੇ ਗੈਰਜਮਹੂਰੀ ਹੈ।’’ ਵੇਣੂਗੋਪਾਲ ਨੇ ਕਿਹਾ, ‘‘ਇਕ ਪਾਸੇੇ ਪੰਜ ਸੰਸਦ ਮੈਂਬਰਾਂ ਨੂੰ ਜਵਾਬਦੇਹੀ ਦੀ ਮੰਗ ਲਈ ਮੁਅੱਤਲ ਕੀਤਾ ਗਿਆ ਹੈ ਜਦੋਂਕਿ ਦੂਜੇ ਪਾਸੇ ਸ਼ਰਾਰਤੀ ਅਨਸਰਾਂ ਦੀ ਲੋਕ ਸਭਾ ਚੈਂਬਰ ਵਿਚ ਦਾਖਲੇ ’ਚ ਮਦਦ ਕਰਨ ਵਾਲੇ ਭਾਜਪਾ ਸੰਸਦ ਮੈਂਬਰ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।’’ ਉਨ੍ਹਾਂ ਕਿਹਾ, ‘‘ਇਹ ਜਮਹੂਰੀਅਤ ਦਾ ਕਤਲ ਹੈ। ਭਾਜਪਾ ਸਰਕਾਰ ਨੇ ਸੰਸਦ ਨੂੰ ਰਬੜ ਸਟੈਂਪ ਤੱਕ ਸੀਮਤ ਕਰ ਛੱਡਿਆ ਹੈ। ਜਮਹੂਰੀ ਅਮਲ ਦਾ ਆਡੰਬਰ ਤੱਕ ਨਹੀਂ ਬਚਿਆ।’’ ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਮੋਦੀ ਸਰਕਾਰ ਸੁਰੱਖਿਆ ’ਚ ਸੰਨ੍ਹ ਦੇ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ
ਚਾਰ ਮੁਲਜ਼ਮਾਂ ਖਿਲਾਫ਼ ਯੂਏਪੀਏ ਤਹਿਤ ਕੇਸ ਦਰਜ
ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਸੰਸਦ ਦੀ ਸੁਰੱਖਿਆ ਵਿਚ ਸੰਨ੍ਹ ਤੋਂ ਇਕ ਦਿਨ ਮਗਰੋਂ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਚਾਰ ਵਿਅਕਤੀਆਂ ਖਿਲਾਫ਼ ਅੱਜ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ, ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ, ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ। ਪੰਜਵਾਂ ਮੁਲਜ਼ਮ ਵਿਸ਼ਾਲ ਕੁਮਾਰ ਉਰਫ਼ ਵਿੱਕੀ ਪੁਲੀਸ ਦੀ ਹਿਰਾਸਤ ’ਚ ਹੈ। ਕੇਸ ਦੇ ਛੇਵੇਂ ਮੁਲਜ਼ਮ ਤੇ ਮੁੱਖ ਸਾਜ਼ਿਸ਼ਘਾੜੇ ਮੰਨੇ ਜਾਂਦੇ ਲਲਿਤ ਝਾਅ ਨੂੰ ਕੌਮੀ ਰਾਜਧਾਨੀ ’ਚੋਂ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਯੂਏਪੀਏ ਤਹਿਤ ਆਉਂਦੇ ਸਜ਼ਾਯੋਗ ਅਪਰਾਧ ਗੈਰਜ਼ਮਾਨਤੀ ਹਨ। ਉਧਰ ਸੰਸਦ ਦੇ ਸੁਰੱਖਿਆ ਅਮਲੇ ਵਿਚ ਸ਼ਾਮਲ ਅੱਠ ਵਿਅਕਤੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਸਾਰੇ ਵੱਖ ਵੱਖ ਏਜੰਸੀਆਂ ਨਾਲ ਸਬੰਧਤ ਹਨ ਤੇ ਸੰਸਦ ਦੀ ਸੁਰੱਖਿਆ ਲਈ ਡੈਪੂਟੇਸ਼ਨ ’ਤੇ ਸਨ। ਇਨ੍ਹਾਂ ਦਾ ਕੰਮ ਵਿਜ਼ਿਟਰਾਂ ਤੇ ਮੀਡੀਆ ਕਰਮੀਆਂ ਦੀ ਤਲਾਸ਼ੀ ਲੈਣਾ ਸੀ। ਸੂਤਰਾਂ ਨੇ ਇਨ੍ਹਾਂ ਦੀ ਪਛਾਣ ਰਾਮਪਾਲ, ਅਰਵਿੰਦ, ਵੀਰ ਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿੱਟ ਤੇ ਨਰੇਂਦਰ ਵਜੋਂ ਦੱਸੀ ਹੈ।
ਪੁਲੀਸ ਨੇ ਚਾਰਾਂ ਮੁਲਜ਼ਮਾਂ- ਮਨੋਰੰਜਨ ਡੀ(34)., ਸਾਗਰ ਸ਼ਰਮਾ(26), ਅਮੋਲ ਸ਼ਿੰਦੇ(25) ਤੇ ਨੀਲਮ ਦੇਵੀ (37) ਨੂੰ ਵਿਸ਼ੇਸ਼ ਐੱਨਆਈਏ ਕੋਰਟ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਸੱਤ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਨੇ ਵਿਸ਼ੇਸ਼ ਜੱਜ ਹਰਦੀਪ ਕੌਰ ਕੋਲੋਂ 15 ਦਿਨਾਂ ਦਾ ਰਿਮਾਂਡ ਮੰਗਿਆ ਸੀ। ਮੁਲਜ਼ਮਾਂ ਦਾ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ’ਚੋਂ ਮੈਡੀਕਲ ਕਰਵਾਇਆ ਗਿਆ ਸੀ। ਮੁਲਜ਼ਮਾਂ ਤੋਂ ਪੰਚਾਰੀਪੁਰੀ ਸਥਿਤ ਡਿਪਲੋਮੈਟਿਕ ਸਕਿਓਰਿਟੀ ਫੋਰਸ (ਡੀਐੱਸਐੱਫ) ਦੇ ਦਫ਼ਤਰ ਵਿੱਚ ਪੁੱਛ-ਪੜਤਾਲ ਕੀਤੀ ਗਈ ਸੀ। ਉਂਜ ਪਹਿਲਾਂ ਇਨ੍ਹਾਂ ਨੂੰ ਸੰਸਦ ਮਾਰਗ ਪੁਲੀਸ ਥਾਣੇ ਲਿਜਾਇਆ ਗਿਆ ਸੀ।
ਇਕ ਅਧਿਕਾਰੀ ਨੇ ਕਿਹਾ ਕਿ ਵਿਸ਼ੇਸ਼ ਸੈੱਲ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਦੋ ਜਥੇਬੰਦੀਆਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਵਲੋਂ ਜਾਂਚ ਟੀਮ ਨੂੰ ਇਕੋ ਜਿਹੇ ਜਵਾਬ ਦਿੱਤੇ ਜਾ ਰਹੇ ਹਨ। ਅਧਿਕਾਰੀ ਮੁਤਾਬਕ ਲਲਿਤ, ਸਾਗਰ ਤੇ ਮਨੋਰੰਜਨ ਸਾਲ ਪਹਿਲਾਂ ਮੈਸੂਰੂ ’ਚ ਮਿਲੇ ਸਨ, ਜਿੱਥੇ ਉਨ੍ਹਾਂ ਸੰਸਦ ਵਿਚ ਦਾਖਲ ਹੋਣ ਦੀ ਯੋਜਨਾ ਬਣਾਈ ਸੀ। ਮਗਰੋਂ ਉਨ੍ਹਾਂ ਨੀਲਮ ਤੇ ਅਮੋਲ ਨੂੰ ਯੋਜਨਾ ਵਿਚ ਸ਼ਾਮਲ ਕੀਤਾ। ਲਲਿਤ ਇਸ ਪਲਾਨ ’ਚ ਮੋਹਰੇ ਲੱਗਾ ਤੇ ਉਸ ਨੇ ਮਨੋਰੰਜਨ ਨੂੰ ਮੌਨਸੂਨ ਇਜਲਾਸ ਦੌਰਾਨ ਸੰਸਦ ਦੇ ਸਾਰੇ ਦਾਖਲਾ ਪੁਆਇੰਟਾਂ ਦੀ ਰੇਕੀ ਕਰਨ ਲਈ ਕਿਹਾ। ਅਧਿਕਾਰੀ ਨੇ ਕਿਹਾ, ‘‘ਮਨੋਰੰਜਨ ਜੁਲਾਈ ਵਿੱਚ ਦਿੱਲੀ ਆਇਆ ਤੇ ਉਹ ਇਕ ਐੱਮਪੀ ਦੇ ਨਾਂ ’ਤੇ ਜਾਰੀ ਵਿਜ਼ਿਟਰ ਪਾਸ ਜ਼ਰੀਏ ਸੰਸਦ ਦੇ ਅੰਦਰ ਗਿਆ। ਉਥੇ ਉਸ ਨੂੰ ਪਤਾ ਲੱਗਾ ਕਿ ਬੂਟਾਂ ਦੀ ਤਲਾਸ਼ੀ ਨਹੀਂ ਲਈ ਜਾਂਦੀ।’’
ਕੋਰਟ ਵਿਚ ਪੇਸ਼ ਕਰਨ ਮੌਕੇ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਕਿ ਮੁਲਜ਼ਮ ਦਹਿਸ਼ਤੀ ਕਾਰਵਾਈ ਵਿਚ ਸ਼ਾਮਲ ਸਨ ਤੇ ਉਨ੍ਹਾਂ ਖੌਫ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਕਿਹਾ ਕਿ ਇਹ ਸੰਸਦ ’ਤੇ ਕੀਤਾ ਯੋਜਨਾਬੱਧ ਹਮਲਾ ਸੀ। ਦਿੱਲੀ ਪੁਲੀਸ ਨੇ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਮੁਲਜ਼ਮਾਂ ਖਿਲਾਫ਼ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਦੀਆਂ ਧਾਰਾਵਾਂ 16 ਤੇ 18 ਜੋੜੀਆਂ ਹਨ, ਜੋ ਅਤਿਵਾਦ ਤੇ ਅਤਿਵਾਦ ਦੀ ਸਾਜ਼ਿਸ਼ ਨਾਲ ਸਬੰਧਤ ਹਨ। ਪੁਲੀਸ ਨੇ ਕਿਹਾ, ‘‘ਉਨ੍ਹਾਂ ਦਾ ਦਾਖ਼ਲਾ ਦਰਸ਼ਕ ਗੈਲਰੀ ਤੱਕ ਸੀਮਤ ਸੀ। ਉਨ੍ਹਾਂ ਵਿਜ਼ਿਟਰ ਗੈਲਰੀ ਤੋਂ ਲੋਕ ਸਭਾ ਚੈਂਬਰ ਵਿੱਚ ਛਾਲ ਮਾਰੀ, ਜੋ ਗੈਰਕਾਨੂੰਨੀ ਦਾਖ਼ਲਾ ਸੀ। ਉਨ੍ਹਾਂ ਆਪਣੇ ਬੂਟਾਂ ਵਿੱਚ ਧੂੰਏਂ ਵਾਲੇ ਕੈਨਿਸਟਰ ਲੁਕੋਏ ਹੋਏ ਸਨ। ਪੁਲੀਸ ਨੇ ਕੋਰਟ ਨੂੰ ਦੱਸਿਆ, ‘‘ਵਿਸ਼ੇਸ਼ ਬੂਟ ਲਖਨਊ ਵਿੱਚ ਬਣੇ ਸਨ, ਜਿਸ ਦੀ ਜਾਂਚ ਕਰਨ ਦੀ ਲੋੜ ਹੈ। ਉਨ੍ਹਾਂ (ਮੁਲਜ਼ਮਾਂ) ਨੂੰ ਜਾਂਚ ਲਈ ਮੁੰਬਈ, ਮੈਸੂਰੂ ਤੇ ਲਖਨਊ ਲਿਜਾਣ ਦੀ ਲੋੜ ਹੈ।’’ ਇਸ ਦੌਰਾਨ ਕੋਰਟ ਨੇ ਮੁਲਜ਼ਮਾਂ ਦੀ ਕਾਨੂੰਨੀ ਸਹਾਇਤਾ ਲਈ ਵਕੀਲ ਵੀ ਨਿਯੁਕਤ ਕੀਤਾ ਹੈ। -ਪੀਟੀਆਈ
ਸੰਸਦੀ ਕੰਪਲੈਕਸ ਦੇ ਅੰਦਰ ਤੇ ਬਾਹਰ ਸੁਰੱਖਿਆ ਵਧਾਈ
ਨਵੀਂ ਦਿੱਲੀ: ਸੁਰੱਖਿਆ ’ਚ ਸੰਨ੍ਹ ਤੋਂ ਇਕ ਦਿਨ ਮਗਰੋਂ ਨਵੀਂ ਸੰਸਦੀ ਇਮਾਰਤ ਦੇ ਅੰਦਰ ਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲੀਸ ਤੇ ਸੰਸਦ ਦੇ ਸੁਰੱਖਿਆ ਸਟਾਫ਼ ਵੱਲੋਂ ਸੰਸਦੀ ਅਹਾਤੇ ਵਿੱਚ ਆਉਣ ਵਾਲਿਆਂ ਦੇ ਪਛਾਣ-ਪੱਤਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸੰਸਦੀ ਅਹਾਤੇ ਅੰਦਰ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਨਵੀਂ ਇਮਾਰਤ ਵਿੱਚ ਮਕਰ ਦਵਾਰ ਰਾਹੀਂ ਦਾਖ਼ਲ ਹੋਣ ਤੋਂ ਰੋਕਿਆ ਗਿਆ। ਸੰਗਮਾ ਆਪਣੀ ਕਾਰ ਵਿਚ ਬੈਠ ਕੇ ਸ਼ਰਦੁਲ ਦਵਾਰ ਰਾਹੀਂ ਇਮਾਰਤ ’ਚ ਦਾਖ਼ਲ ਹੋਏ। -ਪੀਟੀਆਈ
ਮਨੋਰੰਜਨ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ: ਪੁਲੀਸ ਸੂਤਰ
ਮੈਸੂਰ/ਛੱਤਰਪਤੀ ਸਾਂਭਾਜੀਨਗਰ: ਪੁਲੀਸ ਸੂਤਰਾਂ ਨੇ ਕਿਹਾ ਕਿ ਵਿਜ਼ਿਟਰ ਗੈਲਰੀ ਤੋਂ ਲੋਕ ਸਭਾ ਚੈਂਬਰ ਵਿੱਚ ਕੁੱਦਣ ਵਾਲੇ ਦੋ ਵਿਅਕਤੀਆਂ ’ਚ ਸ਼ਾਮਲ ਮਨੋਰੰਜਨ ਡੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਹ ਸੋਸ਼ਲ ਮੀਡੀਆ ਪੇਜ ‘ਭਗਤ ਸਿੰਘ ਫੈਨ ਕਲੱਬ’ ਨਾਲ ਜੁੜਿਆ ਹੋਇਆ ਸੀ ਤੇ ‘ਕ੍ਰਾਂਤੀਕਾਰੀ ਕਿਸਮ’ ਦਾ ਜਾਪਦਾ ਹੈ। ਉਧਰ ਸੰਸਦ ਦੇ ਬਾਹਰ ਰੋਸ ਪ੍ਰਗਟਾਉਣ ਵਾਲੇ ਮਹਾਰਾਸ਼ਟਰ ਦੇ ਲਾਤੂਰ ਵਾਸੀ ਅਮੋਲ ਸ਼ਿੰਦੇ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਹਮੇਸ਼ਾ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਤੇ ਉਸ ਨੇ ਦਿਹਾੜੀਦਾਰ ਵਜੋਂ ਵੀ ਕੰਮ ਕੀਤਾ ਸੀ। -ਪੀਟੀਆਈ