ਬਜਟ ਵਿੱਚ ਕਿਸਾਨਾਂ ਲਈ ਬਹੁਤ ਕੁਝ: ਰਾਣਾ
ਦਵਿੰਦਰ ਸਿੰਘ
ਯਮੁਨਾਨਗਰ, 1 ਫਰਵਰੀ
ਹਰਿਆਣਾ ਦੇ ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਹਰਿਆਣਾ ਵਿੱਚ ਨਾ ਤਾਂ ਕੋਈ ਵਿਧਾਇਕ ਅਤੇ ਨਾ ਹੀ ਕੋਈ ਮੰਤਰੀ ਨਾਰਾਜ਼ ਹੈ, ਜਿਸ ਵਿਅਕਤੀ ਬਾਰੇ ਚਰਚਾ ਹੋ ਰਹੀ ਹੈ, ਉਨ੍ਹਾਂ ਦਾ ਪੂਰੇ ਸੂਬੇ ਵਿੱਚ ਸਤਿਕਾਰ ਕੀਤਾ ਜਾਂਦਾ ਹੈ। ਉਹ ਅੱਜ ਇੱਥੇ ਜਗਾਧਰੀ ਸਥਿਤ ਸਿਵਲ ਹਸਪਤਾਲ ਵਿੱਚ ਖੂਨਦਾਨ ਕੈਂਪ ਵਿੱਚ ਹਿੱਸਾ ਲੈਣ ਆਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੀ ਵਿਜ ਸਾਡੇ ਮਾਰਗ ਦਰਸ਼ਕ ਹਨ, ਉਨ੍ਹਾਂ ਨੂੰ ਕਿਵੇਂ ਨਾਰਾਜ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀ ਸਰਕਾਰ ਬਣਾਉਣ ਬਾਰੇ ਦਾਅਵਾ ਤਾਂ ਕੀ ਕਰੇਗੀ, ਜਦੋਂਕਿ ਉਹ ਆਪਣਾ ਵਿਰੋਧੀ ਧਿਰ ਦਾ ਆਗੂ ਵੀ ਨਹੀਂ ਚੁਣ ਸਕਦੀ। ਉਨ੍ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਉਦੈ ਭਾਨ ਦੇ ਇਨ੍ਹਾਂ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ ਕਿ ਹਰਿਆਣਾ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਠੀਕ ਨਹੀਂ ਹੈ। ਉਨ੍ਹਾਂ ‘ਆਪ’ ਪਾਰਟੀ ਦੇ ਕਨਵੀਨਰ ਕੇਜਰੀਵਾਲ ਨੂੰ ਕਿਹਾ ਕਿ ਉਹ ਦੱਸਣ ਕਿ ਜ਼ਹਿਰ ਕਿੱਥੇ ਮਿਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪਾਣੀ ਵਿੱਚ ਜ਼ਹਿਰ ਨਹੀਂ ਮਿਲਾ ਸਕਦਾ। ਉਨ੍ਹਾਂ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿੱਚ ਕਿਸਾਨਾਂ ਲਈ ਬਹੁਤ ਕੁਝ ਹੈ । ਹਰਿਆਣਾ ਦੇ ਬਜਟ ਤੋਂ ਕਿਸਾਨਾਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਹੋਵੇਗਾ, ਜਿਸ ਵਿੱਚ ਸਮਾਜ ਦੇ ਹੋਰ ਵਰਗਾਂ ਦਾ ਵੀ ਧਿਆਨ ਰੱਖਿਆ ਜਾਵੇਗਾ। ਖੂਨਦਾਨ ਕੈਂਪ ਵਿੱਚ 125 ਵਿਅਕਤੀਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ 65 ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਇਲੈਕਟ੍ਰਾਨਿਕ ਵ੍ਹੀਲ ਚੇਅਰ ਅਤੇ ਸਾਧਾਰਨ ਵ੍ਹੀਲ ਚੇਅਰ ਵੰਡੀਆਂ ਗਈਆਂ ਅਤੇ ਇਸ ਦੇ ਨਾਲ ਹੀ ਸਮਾਜ ਭਲਾਈ, ਸਮਾਜ ਸੇਵੀ ਸੰਸਥਾ ਯਮੁਨਾਨਗਰ, ਸਾਂਝਾ ਰੇਡੀਓ ਵਿੱਚ ਕੰਮ ਕਰ ਰਹੇ ਜਨ ਕਲਿਆਣ ਪ੍ਰੀਸ਼ਦ ਦੇ ਐੱਮਡੀ ਰਾਹੁਲ ਸਿੰਘ, ਸਮਾਜ ਸੇਵਕ ਨਰਿੰਦਰ ਕੁਮਾਰ ਦੇ ਨਾਲ ਸਿਵਲ ਸਰਜਨ ਯਮੁਨਾਨਗਰ ਡਾ. ਮਨਜੀਤ ਸਿੰਘ ਅਤੇ ਉਪ-ਜ਼ਿਲ੍ਹਾ ਸਿਵਲ ਹਸਪਤਾਲ ਜਗਾਧਰੀ ਦੇ ਮੈਡੀਕਲ ਸੁਪਰਡੈਂਟ ਡਾ. ਅਨੁਜ ਮੰਗਲਾ ਨੂੰ ਉਨ੍ਹਾਂ ਦੇ ਸਮਾਜਿਕ ਵਿਕਾਸ ਕਾਰਜਾਂ ਲਈ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦਿੱਤੇ ਗਏ ।