ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀਆਂ ਦੀ ਲੰਮੀ ਘਾਲਣਾ

07:34 AM Oct 17, 2023 IST

ਵਿਜੈ ਬੰਬੇਲੀ
ਅੱੱਜ ਕੈਨੇਡੀਅਨ ਸਮਾਜ ਵਿੱਚ ਭਾਰਤੀ ਪਿਛੋਕੜ ਦੇ ਲੋਕਾਂ ਦਾ ਬਹੁਤ ਸਨਮਾਨ ਵਾਲਾ ਸਥਾਨ ਹੈ ਅਤੇ ਇਹ ਉਸ ਕੈਨਡੀਅਨ ਸਮਾਜ ਦੇ ਹਰ ਹਿੱਸੇ ਵਿੱਚ ਪੂਰੀ ਤਰ੍ਹਾਂ ਰਚੇ-ਮਿਚੇ ਹੋਏ ਹਨ। ਇਹ ਸਭ ਐਵੇਂ ਹੀ ਨਹੀਂ ਵਾਪਰਿਆ, ਇਸ ਪਿੱਛੇ ਕੈਨੇਡੀਅਨ ਭਾਰਤੀ ਭਾਈਚਾਰੇ, ਖ਼ਾਸਕਰ ਪੰਜਾਬੀਆਂ ਵੱਲੋਂ ਅਗਾਂਹਵਧੂ ਵਿਚਾਰਧਾਰਾ ਦੇ ਆਧਾਰ ’ਤੇ ਕੀਤੀਆਂ ਜੱਦੋ-ਜਹਿਦਾਂ ਦਾ ਵੱਡਾ ਹੱਥ ਹੈ।
ਪੁਸਤਕ ‘ਇਨ ਬਾਸਕਟ ਕੰਟਰੀ’, ਕਰਤਾ; ਮਿਸ. ਹੈਦਰ ਮਿਲਰ, ਜਿਹੜੀ ਗੋਲਡਨ ਡਿਸਟ੍ਰਿਕਟ ਹਿਸਟੋਰੀਕਲ ਸੁਸਾਇਟੀ ਵੱਲੋਂ ਛਾਪੀ ਗਈ ਸੀ, ਅਨੁਸਾਰ ਸਭ ਤੋਂ ਪਹਿਲਾਂ ਪੰਜਾਬੀ 1880ਵਿਆਂ ਵਿੱਚ ਬ੍ਰਿਟਿਸ਼ ਕੋਲੰਬੀਆਂ ਵਿੱਚ ਆਏ ਸਨ। ਬਹੁਤੇ ਇਤਿਹਾਸਕਾਰਾਂ ਅਨੁਸਾਰ 1897 ਵਿੱਚ ਜਦੋਂ ਮਹਾਰਾਣੀ ਵਿਕਟੋਰੀਆ ਦੀ ਲੰਡਨ ਵਿੱਚ ਡਾਇਮੰਡ ਜੁਬਲੀ ਮਨਾਈ ਗਈ ਉਸ ਸਮੇਂ ਭਾਰਤ ਤੋਂ ਕੁਝ ਸਿੱਖ ਜਵਾਨ ਜੁਬਲੀ ਜਸ਼ਨਾਂ ਦੀ ਸ਼ਾਨ ਵਿੱਚ ਵਾਧਾ ਕਰਨ ਲਈ ਆਏ। ਉਨ੍ਹਾਂ ਵਿੱਚੋਂ ਕੁਝ ਨੂੰ ਇੱਥੋਂ ਦੀ ਆਬੋ-ਹਵਾ, ਸਹੂਲਤਾਂ ਅਤੇ ਰੋਜ਼ੀ-ਰੋਟੀ ਦੇ ਜ਼ਿਆਦਾ ਸਾਧਨਾਂ ਅਤੇ ਫ਼ੌਜੀ ਨੌਕਰੀ ਨਾਲੋਂ ਜ਼ਿਆਦਾ ਪੈਸਾ ਕਮਾਉਣ ਦੀ ਲਾਲਸਾ ਨੇ ਇੱਥੇ ਰਹਿਣ ਲਈ ਪ੍ਰੇਰਿਆ। ਮਗਰੋਂ ਕਈ ਪੰਜਾਬੀ ਕੈਨੇਡਾ ਪੁੱਜੇ।
ਦਰਅਸਲ, ਬਹੁਤੇ ਹਿੰਦੁਸਤਾਨੀ ਵੀਹਵੀਂ ਸਦੀ ਦੇ ਆਰੰਭ ਵਿੱਚ ਆਉਣੇ ਸ਼ੁਰੂ ਹੋਏ। 1908 ਤੱਕ ਕਰੀਬ ਪੰਜ ਹਜ਼ਾਰ ਤੋਂ ਜ਼ਿਆਦਾ ਹਿੰਦੂ-ਸਿੱਖ-ਮੁਸਲਿਮ ਕੈਨੇਡਾ ਪੁੱਜ ਚੁੱਕੇ ਸਨ। ਬਹੁਤੇ ਸਿੱਧੇ-ਸਾਦੇ ਪੰਜਾਬੀ ਸਨ ਜੋ ਖੇਤਾਂ ਵਿੱਚ ਕੰਮ ਕਰਦੇ ਜਾਂ ਅੰਗਰੇਜ਼ੀ ਫ਼ੌਜ ਦੀਆਂ ਨੌਕਰੀਆਂ ਕਰਕੇ ਆਏ ਸਨ। ਸ਼ੁਰੂ ਵਿੱਚ ਇਨ੍ਹਾਂ ਦੀ ਸਿਆਸੀ-ਸਮਾਜਿਕ ਸੂਝ ਘੱਟ ਸੀ ਅਤੇ ਉਹ ਹਿੰਦੁਸਤਾਨ ਵਿੱਚ ਅੰਗਰੇਜ਼ੀ ਰਾਜ ਨੂੰ ਮਾੜਾ ਨਹੀਂ ਸੀ ਸਮਝਦੇ। ਕੈਨੇਡੀਆਈ ਮਾਹੌਲ ਅਤੇ ਨਿੱਜੀ ਸੰਘਰਸ਼ ਨੇ ਇਨ੍ਹਾਂ ਅੰਦਰ ਰਾਜਨੀਤਿਕ ਜਾਗਰੂਕਤਾ ਅਤੇ ਆਪਸੀ ਭਰੱਪਣ ਬੜੀ ਤੇਜ਼ੀ ਨਾਲ ਭਰਿਆ। ਇਹ ਧਰਮ ਅਤੇ ਸੂਬਿਆਂ ਦੇ ਵਖਰੇਵਿਆਂ ਨੂੰ ਭੁਲਾ ਕੇ ਆਪਣੇ ਆਪ ਨੂੰ ਸਿਰਫ਼ ਹਿੰਦੁਸਤਾਨੀ ਸਮਝਣ ਲੱਗੇ ਅਤੇ ਇਹ ਵੀ ਕਿ ਕੈਨੇਡਾ ਵਿੱਚ ਉਨ੍ਹਾਂ ਦੀ ਦੁਰਦਸ਼ਾ ਦੀ ਜ਼ਿੰਮੇਵਾਰ ਸਿਰਫ਼ ਕੈਨੇਡਾ ਦੀ ਨਸਲਵਾਦੀ ਸਰਕਾਰ ਹੀ ਨਹੀਂ ਸਗੋਂ ਇਸ ਦੀ ਮੂਲ ਜੜ੍ਹ ਇੰਗਲੈਂਡ ਦੀ ਸਾਮਰਾਜੀ ਸਰਕਾਰ ਹੈ ਜੋ ਹਿੰਦੁਸਤਾਨ ਨੂੰ ਗ਼ੁਲਾਮ ਬਣਾਈ ਬੈਠੀ ਹੈ।
ਸਾਲ 1906 ਵਿੱਚ ਬ੍ਰਿਟਿਸ਼ ਕੋਲੰਬੀਆਂ ਦੇ ਸਿੱਖਾਂ ਨੇ ਖਾਲਸਾ ਦੀਵਾਨ ਸੁਸਾਇਟੀ ਬਣਾਈ। ਇਹ ਭਾਵੇਂ ਸਿੱਖਾਂ ਦੀ ਧਾਰਮਿਕ ਜਥੇਬੰਦੀ ਸੀ, ਪਰ ਇਸ ਨੇ ਰਾਜਨੀਤਿਕ ਮਾਮਲਿਆਂ ਵਿੱਚ ਵੀ ਬੜਾ ਸਰਗਰਮ ਰੋਲ ਨਿਭਾਇਆ। ਇਸ ਦੇ ਬਹੁਤੇ ਮੈਂਬਰ ਅਗਾਂਹਵਧੂ ਵਿਚਾਰਾਂ ਵਾਲੇ ਬਣ ਚੁੱਕੇ ਸਨ ਕਿਉਂਕਿ ਸੋਸ਼ਲਿਸਟਾਂ ਦੇ ਪ੍ਰਚਾਰ ਸਦਕਾ ਇਸ ਜਥੇਬੰਦੀ ਦੇ ਆਗੂਆਂ ਦੀ ਸਿਆਸੀ ਸੂਝ ਸਮਾਜਵਾਦੀ ਬਣ ਚੁੱਕੀ ਸੀ। ਉਹ ਸਿੱਖ ਵਿਚਾਰਧਾਰਾ ਅਤੇ ਸੋਸ਼ਲਿਸਟ ਫ਼ਿਲਾਸਫ਼ੀ ਵਿੱਚ ਕੋਈ ਫ਼ਰਕ ਨਹੀਂ ਸਨ ਸਮਝਦੇ। ਇਸੇ ਲਈ ਖਾਲਸਾ ਦੀਵਾਨ ਸੁਸਾਇਟੀ ਦੇ ਬਹੁਤੇ ਮੈਂਬਰ ਸੋਸ਼ਲਿਸਟ ਵਿਚਾਰਧਾਰਾ ਵਾਲੀ ਹਿੰਦੁਸਤਾਨ ਐਸੋਸੀਏਸ਼ਨ ਦੇ ਵੀ ਮੈਂਬਰ ਸਨ। ਇਸ ਤੋਂ ਪਹਿਲਾਂ ਅਤੇ ਮਗਰੋਂ ਵੀ ਬਹੁਤ ਸਾਰੀਆਂ ਪਰਵਾਸੀ ਭਾਰਤੀ ਲਹਿਰਾਂ ਬਣ ਚੁੱਕੀਆਂ ਸਨ ਜਿਹੜੀਆਂ ਨਾ ਸਿਰਫ਼ ਹਿੰਦੁਸਤਾਨੀ ਸਮੂਹ ਦੇ ਹਿੱਤਾਂ ਨੂੰ ਸੰਬੋਧਿਤ ਸਨ, ਸਗੋਂ ਸਿਆਸੀ ਮੁਕਾਮ ਵੱਲ ਵੀ ਵਧ ਰਹੀਆਂ ਸਨ। ਸਿਆਸੀ ਚੇਤੰਨਤਾ ਤਹਿਤ ਉਨ੍ਹਾਂ ਨਾ ਸਿਰਫ਼ ਕੈਨੇਡਾ ਵਿੱਚ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਘੋਲ ਲੜੇ ਸਗੋਂ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਉਣ ਵੱਲ ਅਹੁਲ ਪਏ। ਜਦੋਂ ਗ਼ਦਰ ਪਾਰਟੀ ਬਣੀ ਤਾਂ ਕੈਨੇਡਾ ਦੇ ਹਿੰਦੁਸਤਾਨੀ ਵੀ ਆਪਣੀਆਂ ਜਾਇਦਾਦਾਂ ਅਤੇ ਕੰਮਾਂ ਕਾਰਾਂ ਅਤੇ ਸੁੱਖ-ਭਰੀ ਜ਼ਿੰਦਗੀ ਤਿਆਗ ਜੰਗ-ਏ-ਆਜ਼ਾਦੀ ਵਿੱਚ ਕੁੱਦ ਪਏ। ਭਾਈ ਸੇਵਾ ਸਿੰਘ ਲੋਪੋਕੇ ਜਨਿ੍ਹਾਂ ਨੂੰ ਆਪਣਿਆਂ ਦੀ ਗੱਦਾਰੀ ਕਾਰਨ 1915 ਵਿੱਚ ਫਾਂਸੀ ਦਿੱਤੀ ਗਈ ਸੀ, ਉਹ ਕੈਨੇਡਾ ਦਾ ਪਹਿਲਾ ਅਤੇ ਆਖਰੀ ਸ਼ਹੀਦ ਹੈ। ਭਾਈ ਸੇਵਾ ਸਿੰਘ ਦੀ ਸ਼ਹੀਦੀ ਕੈਨੇਡਾ ਦੇ ਸੰਦਰਭ ’ਚ ਹੀ ਨਹੀਂ ਸਗੋਂ ਹਿੰਦੂ, ਸਿੱਖ ਅਤੇ ਮੁਸਲਿਮਾਂ ਦੀ ਸਾਂਝੀ ਜੱਦੋ-ਜਹਿਦ ਦੇ ਸੰਦਰਭ ’ਚ ਵੀ ਗੌਲਣਯੋਗ ਹੈ।
1908 ਤੋਂ 1913 ਤੱਕ ਹਿੰਦੁਸਤਾਨੀ ਲਹਿਰਾਂ ਨੇ ਮਹੱਤਵਪੂਰਨ ਘੋਲ ਲੜੇ। ਪਹਿਲਾਂ-ਪਹਿਲ ਜਦੋਂ ਪੰਜਾਬੀਆਂ ਨੇ ਕੈਨੇਡਾ ਦੇ ਸੂਬੇ ਬੀ.ਸੀ. ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਕੋਲ ਵੋਟ ਦਾ ਹੱਕ ਸੀ ਜੋ 1907 ਵਿੱਚ ਖੋਹ ਲਿਆ ਗਿਆ। ਆਪਣੀ ਹਿੰਮਤ ਨਾਲ ਅਤੇ ਬਿਨਾ ਕਿਸੇ ਬਾਹਰਲੀ ਇਮਦਾਦ ਦੇ ਕੈਨੇਡਾ ਵਿੱਚ ਵੱਸਦੇ ਪੰਜਾਬੀ ਲਗਾਤਾਰ ਇਸ ਹੱਕ ਖਾਤਰ ਜੱਦੋ-ਜਹਿਦ ਕਰਦੇ ਰਹੇ। ਵੋਟ ਹੱਕ ਪ੍ਰਾਪਤੀ ਦਾ ਘੋਲ 1942-1947 ਵਿੱਚ ਆਪਣੀ ਸਿਖਰ ਉੱਤੇ ਸੀ ਜਿਸ ਦੇ ਚੱਲਦਿਆਂ ਅਪਰੈਲ 1947 ਨੂੰ ਫਤਿਹ ਪ੍ਰਾਪਤ ਹੋਈ। ਬੀ.ਸੀ. ਸਰਕਾਰ ਨੇ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ, ਚੀਨੀਆਂ ਅਤੇ ਜਪਾਨੀਆਂ ਨੂੰ ਵੋਟ ਦਾ ਹੱਕ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ।
1950 ਤੋਂ 1970 ਤੱਕ ਦਾ ਸਮਾਂ ਕੈਨੇਡਾ ਦੇ ਪੰਜਾਬੀ ਭਾਈਚਾਰੇ ਦਾ ਆਪਣੇ ਆਪ ਨੂੰ ਕਾਇਮ ਰੱਖਣ ਅਤੇ ਹੌਲੀ ਸਵੈ-ਵਿਕਾਸ ਦਾ ਸਮਾਂ ਸੀ। ਇਸ ਭਾਈਚਾਰੇ ਦੇ ਦੋ ਅਹਿਮ ਮਸਲੇ 1947 ਵਿੱਚ ਹੱਲ ਹੋ ਗਏ ਸਨ। ਅਪਰੈਲ ਵਿੱਚ ਉਨ੍ਹਾਂ ਨੂੰ ਚਾਲੀ ਸਾਲਾਂ ਦੇ ਸੰਘਰਸ਼ ਉਪਰੰਤ ਵੋਟ ਦੇਣ ਦਾ ਹੱਕ ਮੁੜ ਪ੍ਰਾਪਤ ਹੋ ਗਿਆ ਸੀ। ਅਗਸਤ 1947 ਵਿੱਚ ਭਾਰਤ ਨੂੰ ਆਜ਼ਾਦੀ ਮਿਲ ਗਈ ਸੀ। ਇਨ੍ਹਾਂ ਦੋ ਮਸਲਿਆਂ ਤੋਂ ਬਾਅਦ ਭਾਰਤੀਆਂ ਦੇ ਕੈਨੇਡਾ ਆਉਣ ਉੱਤੇ ਲੱਗੀਆਂ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੀਆਂ ਪਾਬੰਦੀਆਂ ਨੂੰ ਹਟਾਉਣਾ ਵੱਡਾ ਮਸਲਾ ਸੀ। ਉਂਜ ਛੇਵੇਂ ਦਹਾਕੇ (1950-60) ਦੌਰਾਨ ਦੋ ਕਾਰਨਾਂ ਕਰਕੇ ਇਸ ਦੀ ਅਹਿਮੀਅਤ ਨਹੀਂ ਸੀ ਰਹੀ। ਇੱਕ ਤਾਂ ਉਸ ਵੇਲੇ ਦੂਜੀ ਸੰਸਾਰ ਜੰਗ ਕਾਰਨ ਯੂਰਪ ਦੀ ਤਬਾਹੀ ਤੋਂ ਬਾਅਦ ਮੁੜ ਉਸਾਰੀ ਸ਼ੁਰੂ ਹੋ ਚੁੱਕੀ ਸੀ। ਬਹੁਤ ਸਾਰੇ ਪੰਜਾਬੀ ਇੰਗਲੈਂਡ ਆਉਣੇ ਸ਼ੁਰੂ ਹੋ ਗਏ ਸਨ। ਜਿਸ ਨਾਲ ਪੰਜਾਬ ਦੇ ਲੋਕਾਂ ਲਈ ਬਾਹਰ ਜਾਣ ਦੀ ਲੋੜ ਕਾਫ਼ੀ ਹੱਦ ਤੱਕ ਪੂਰੀ ਹੋ ਰਹੀ ਸੀ, ਦੂਜੇ ਪਾਸੇ ਕੈਨੇਡਾ ਨੇ ਵੀ ਆਪਣੀਆਂ ਨੀਤੀਆਂ ਵਿੱਚ ਕੁਝ ਨਰਮੀ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ।
ਕੈਨੇਡਾ ਦੇ ਆਵਾਸ ਸਬੰਧੀ ਕਾਨੂੰਨਾਂ ਵਿੱਚ ਹੋਈਆਂ ਤਬਦੀਲੀਆਂ ਦੇ ਆਧਾਰ ਉੱਤੇ ਸੱਤਰਵਿਆਂ ਦੇ ਸ਼ੁਰੂ ਦੇ ਕੁਝ ਸਾਲਾਂ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀ ਕੈਨੇਡਾ ਆਏ। ਇਨ੍ਹਾਂ ਦੇ ਇੱਥੇ ਆਉਣ ਨਾਲ ਦੋ ਗੱਲਾਂ ਵਾਪਰੀਆਂ ਪਹਿਲੀ ਪੰਜਾਬੀ ਭਾਈਚਾਰੇ ਵਿਚਲਾ ਲੰਮੇ ਸਮੇਂ ਤੋਂ ਸਥਾਪਿਤ ਹੋਇਆ ਸਮਾਜਿਕ-ਸਿਆਸੀ ਢਾਂਚਾ ਬਹੁਤ ਤੇਜ਼ੀ ਨਾਲ ਟੁੱਟਣ ਲੱਗਾ। ਆਉਣ ਵਾਲਿਆਂ ਵਿੱਚ ਬਹੁਗਿਣਤੀ ਆਜ਼ਾਦ ਹਿੰੰਦੁਸਤਾਨ ਵਿੱਚ ਪੈਦਾ ਹੋਏ ਪੜ੍ਹੇ-ਲਿਖੇ ਅਤੇ ਨਵੀਂ ਸਿਆਸੀ ਚੇਤਨਾ ਵਾਲੇ ਲੋਕ ਸਨ। ਇਨ੍ਹਾਂ ਨੇ ਪਹਿਲੇ ਪੰਜਾਬੀ ਕੈਨੇਡੀਅਨਾਂ ਵੱਲੋਂ ਸਥਾਪਿਤ ਕਦਰਾਂ ਕੀਮਤਾਂ ਨੂੰ ਸਮਝਣ-ਮੰਨਣ ਤੋਂ ਇਨਕਾਰ ਕਰ ਦਿੱਤਾ। ਦੂਜੀ ਪੰਜਾਬੀ ਵੈਨਕੂਵਰ ਤੇ ਬ੍ਰਿਟਿਸ਼ ਕੋਲੰਬੀਆ ਤੋਂ ਨਿਕਲ ਕੈਨੇਡਾ ਦੇ ਦੂਜੇ ਹਿੱਸਿਆਂ ਵੱਲ ਵਧਣੇ ਸ਼ੁਰੂ ਹੋਏ। ਛੇਤੀ ਹੀ ਟੋਰਾਂਟੋ, ਮੌਂਟਰੀਅਲ, ਵਨਿੀਪੈਗ, ਐਡਮਿੰਟਨ ਤੇ ਕੈਲਗਰੀ ਆਦਿ ਸ਼ਹਿਰਾਂ ਵਿੱਚ ਇਨ੍ਹਾਂ ਦੀ ਗਿਣਤੀ ਵਧਣ ਲੱਗੀ। ਕੈਨੇਡਾ ਦੇ ਵੱਖ-ਵੱਖ ਭਾਗਾਂ ਵਿੱਚ ਪੰਜਾਬੀ ਵਸੋਂ ਵਿੱਚ ਤੇਜ਼ੀ ਨਾਲ ਹੋਏ ਵਾਧੇ ਅਤੇ ਉਸ ਕਾਰਨ ਹੋਣ ਵਾਲੀਆਂ ਤਬਦੀਲੀਆਂ ਨੇ ਪੰਜਾਬੀ ਭਾਈਚਾਰੇ ਵਾਸਤੇ ਬਹੁਤ ਸਾਰੀਆਂ ਨਵੀਆਂ ਸਮੱਸਿਆਵਾਂ ਵੀ ਖੜ੍ਹੀਆਂ ਕੀਤੀਆਂ।
ਕੈਨੇਡੀਅਨ ਪੰਜਾਬੀ ਭਾਈਚਾਰੇ ਵਿੱਚ ਜਿਸ ਦਾ ਕੇਂਦਰ ਵੈਨਕੂਵਰ ਸੀ, ਪਹਿਲਾਂ ਸਥਾਪਿਤ ਸੰਸਥਾਵਾਂ ਮੁੱਖ ਰੂਪ ਵਿੱਚ ਧਾਰਮਿਕ ਹੀ ਸਨ। ਇਹ ਸੰਸਥਾਵਾਂ ਨਵੇਂ ਆਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਨਜਿੱਠਣ ਤੋਂ ਅਸਮਰੱਥ ਰਹੀਆਂ। ਇਨ੍ਹਾਂ ਜਥੇਬੰਦੀਆਂ ਉੱਤੇ ਉਸ ਵੇਲੇ ਆਰਥਿਕ ਅਤੇ ਵਪਾਰਕ ਪੱਖੋਂ ਸਥਾਪਿਤ ਲੋਕਾਂ ਦਾ ਕਬਜ਼ਾ ਸੀ। ਇਨ੍ਹਾਂ ਵਿੱਚ ਪਹਿਲੇ ਪੰਜਾਬੀਆਂ ਵੱਲੋਂ ਕੀਤੀਆਂ ਜੱਦੋ-ਜਹਿਦਾਂ ਵਾਲਾ ਜਜ਼ਬਾ ਕੁਝ ਹੱਦ ਤੱਕ ਕਾਇਮ ਸੀ, ਪਰ ਸਰਮਾਏਦਾਰੀ ਸਮਾਜ ਦਾ ਹਿੱਸਾ ਹੁੰਦਿਆਂ ਇਨ੍ਹਾਂ ਵਿੱਚ ਬਹੁਤਿਆਂ ਨੇ ਹੌਲੀ-ਹੌਲੀ ਸਰਮਾਏਦਾਰੀ ਸੋਚ ਤੇ ਢੰਗ ਅਪਣਾ ਲਏ ਸਨ। ਨਤੀਜੇ ਵਜੋਂ ਸੱਤਰਵਿਆਂ ਦੇ ਸ਼ੁਰੂ ਵਿੱਚ ਵੱਡੀ ਗਿਣਤੀ ਵਿੱਚ ਆਏ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ’ਚ ਪਹਿਲਿਆਂ ’ਚੋਂ ਬਹੁਤੇ ਆਗੂ ਅਸਮਰੱਥ ਰਹੇ।
ਨਵੀਆਂ ਮੁਸ਼ਕਿਲਾਂ ਨੂੰ ਸਮਝਣ ਅਤੇ ਸੁਲਝਾਉਣ ਵਾਸਤੇ ਨਵੇਂ ਆਏ ਲੋਕਾਂ ਦੀਆਂ ਆਪਣੀਆਂ ਕੋਸ਼ਿਸ਼ਾਂ ਨਾਲ ਅਨੇਕਾਂ ਕਿਸਮ ਦੀਆਂ ਸਮਾਜਿਕ, ਧਾਰਮਿਕ ਅਤੇ ਸਿਆਸੀ ਨੁਮਾ ਜਥੇਬੰਦੀਆਂ ਹੋਂਦ ਵਿੱਚ ਆਉਣ ਲੱਗੀਆਂ। ਕੁਝ ਭਾਰਤੀ ਕਾਰਨਾਂ ਕਰਕੇ ਭਾਵੇਂ ‘ਵੱਖਵਾਦੀ ਅਤੇ ਧਾਰਮਿਕ ਕੱਟੜਪੰਥੀ’ ਵੀ ਉੱਥੇ ਸਰਗਰਮ ਹੋਏ, ਪਰ ਸਿਵਾਏ ਰੌਲੇ ਦੇ ਉਨ੍ਹਾਂ ਦੀ ਉੱਥੇ ਖ਼ਾਸ ਕਰਕੇ ਭਾਰਤੀ ਭਾਈਚਾਰੇ ਵਿੱਚ ਬਹੁਤੀ ਪੁਗਤੀ ਨਹੀਂ ਹੋਈ।
ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਾਪਿਤ ਹੋਈਆਂ ਪੰਜਾਬੀਆਂ ਦੀਆਂ ਇਨ੍ਹਾਂ ਨਵੀਆਂ ਜਥੇਬੰਦੀਆਂ ਨੂੰ ਜਨਮ ਦੇਣ ਵਾਲੀ ਅਤੇ ਅੱਗੇ ਤੋਰਨ ਵਾਲੀ ਸ਼ਕਤੀ ਉਹ ਮਸਲੇ ਸਨ ਜਨਿ੍ਹਾਂ ਦੀ ਇਨ੍ਹਾਂ ਵੱਲੋਂ ਨਿਸ਼ਾਨਦੇਹੀ ਕੀਤੀ ਗਈ। ਇਹ ਮਸਲੇ ਮੁੱਖ ਤੌਰ ’ਤੇ ਦੋ ਤਰ੍ਹਾਂ ਦੇ ਸਨ: (ੳ) ਹਿੰਦੁਸਤਾਨ ਨਾਲ ਸਬੰਧਿਤ ਮਸਲੇ। (ਅ) ਕੈਨੇਡਾ ਵਿੱਚ ਸਥਾਪਤੀ ਦੀਆਂ ਸਮੱਸਿਆਵਾਂ ਨਾਲ ਸਬੰਧਿਤ ਮਸਲੇ। ਸਾਰੀਆਂ ਜਥੇਬੰਦੀਆਂ ਨੇ ਕੈਨੇਡਾ ਦੇ ਧਰਾਤਲ ਤੋਂ ਭਾਰਤੀਆਂ ਨੂੰ ਸਿਆਸੀ ਤੌਰ ’ਤੇ ਵੀ ਪੱਕੇ-ਪੈਰੀਂ ਕਰਨ ਵਿੱਚ ਮਹੱਤਵਪੂਰਨ ਰੋਲ ਨਿਭਾਇਆ। ਭਾਵੇਂ ਖਾਲਸਾ ਦੀਵਾਨ ਅਤੇ ਗ਼ਦਰ ਲਹਿਰ ਦਾ ਰੋਲ ਵਿਰਾਸਤੀ ਹੈ, ਪਰ ਨਵੀਆਂ ਜਥੇਬੰਦੀਆਂ ਦੇ ਜ਼ਿਆਦਾ ਸਰਗਰਮ ਜਾਂ ਉੱਭਰਵੇਂ ਆਗੂ ਕੈਨੇਡਾ ਦੀਆਂ ਹੋਰ ਜਾਂ ਨਵੀਆਂ ਸਿਆਸੀ/ਸਮਾਜਿਕ ਧਿਰਾਂ ਵਿੱਚ ਸਰਗਰਮ ਹੋਣ ਲੱਗੇ।
ਵੋਟ ਦੇਣ ਦਾ ਹੱਕ ਪ੍ਰਾਪਤ ਕਰਨ ਉਪਰੰਤ ਚੋਣ ਲੜਨ ਤੱਕ ਬੇਹੱਦ ਮਹੱਤਵਪੂਰਨ ਸਰਗਰਮੀਆਂ ਚੱਲੀਆਂ। ਨਿੱਜੀ ਪੱਧਰ ’ਤੇ ਵੀ, ਜਥੇਬੰਦੀ ਅਤੇ ਪਾਰਟੀ ਵਿਸ਼ੇਸ਼ ਦੇ ਥੜ੍ਹੇ ਤੋਂ ਵੀ। ਸਥਾਨਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਵੀ ਸ਼ਹਿਰ, ਰਾਜ ਅਤੇ ਮੁਲਕ ਪੱਧਰੀ ਟਿਕਟਾਂ ਅਤੇ ਨਾਮਜ਼ਦਗੀਆਂ ਵੀ ਪੰਜਾਬੀਆਂ ਨੂੰ ਪ੍ਰਾਪਤ ਹੋਈਆਂ। ਪੰਜਾਬੀ ਅੱਡ-ਅੱਡ ਥਾਵਾਂ ਤੋਂ ਇੱਕ-ਦੂਜੇ ਵਿਰੁੱਧ ਚੋਣ ਵੀ ਲੜੇ, ਹਾਰੇ ਵੀ ਅਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ। ਇਤਿਹਾਸ ਤੋਂ ਨਾ-ਵਾਕਫ਼ ਕੁਝ ਲੋਕ ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਨੂੰ ਉਨ੍ਹਾਂ ਦੇ ਨਿੱਜੀ ਤੇ ਭਾਈਚਾਰਕ ਸੰਘਰਸ਼ਾਂ ਦੀ ਬਜਾਏ ਸਿਰਫ਼ ਵਿਸ਼ੇਸ਼ ਖਿੱਤਾ, ਧਰਮ, ਜਾਤ ਅਤੇ ਇੱਕ ਖ਼ਾਸ ਵਿਚਾਰਧਾਰਾ ਜਾਂ ਸ਼ਖ਼ਸੀਅਤ ਵਿਸ਼ੇਸ਼ ਦੀ ਪ੍ਰਾਪਤੀ ਦਾ ਹੀ ਭਰਮ ਪਾਲਦੇ/ਪ੍ਰਚਾਰਦੇੇ ਹਨ। ਪ੍ਰਾਪਤੀਆਂ ਅੰਬਰੋਂ ਨਹੀਂ ਡਿੱਗਦੀਆਂ। ਮੱਲਾ ਮਾਰਨ ਵਾਲੇ ਆਧਾਰ ਪਿੱਛੇ ਇੱਕ ਲੰਬਾ ਇਤਿਹਾਸ ਅਤੇ ਪੁਰਖਿਆਂ ਦਾ ਕਠੋਰ ਸੰਘਰਸ਼ ਪਿਆ ਹੁੰਦਾ ਹੈ।
ਕੈਨੇਡਾ ਵਿੱਚ ਭਾਰਤੀਆਂ ਦੀਆਂ ਪ੍ਰਾਪਤੀਆਂ ਦਾ ਇਤਿਹਾਸ ਡੇਢ-ਦੋ ਦਹਾਕੇ ਦੀਆਂ ਸਰਗਰਮੀਆਂ ਅਤੇ ਮਿਹਨਤਾਂ ਤੋਂ ਹੀ ਨਹੀਂ ਸ਼ੁਰੂ ਹੁੰਦਾ, ਸਗੋਂ ਇਸ ਦੀਆਂ ਜੜ੍ਹਾਂ ਇੱਕ ਸਦੀ ਤੋਂ ਵੀ ਵੱਧ ਸਮੇਂ ਦੀਆਂ ਉਨ੍ਹਾਂ ਦੀਆਂ ਸਖ਼ਤ ਘਾਲਣਾਵਾਂ, ਕੁਰਬਾਨੀਆਂ, ਉਸਾਰੂ ਸਰਗਰਮੀਆਂ ਅਤੇ ਸਿਰੜ ’ਚ ਲੁਕਿਆ ਹੋਇਆ ਹੈ ਜਨਿ੍ਹਾਂ ਸਾਨੂੰ ਤਖ਼ਤੇ ਤੋਂ ਤਖ਼ਤ ਤੱਕ ਪਹੁੰਚਾਉਣ ਵਿੱਚ ਨਿਰੰਤਰ ਅਤੇ ਅਹਿਮ ਹਿੱਸਾ ਪਾਇਆ।
ਸੰਪਰਕ: 94634-39075
Advertisement

Advertisement