ਆਂਦਰਾਂ ਵਿੱਚ ਬਚਿਆ ਰਹਿਣ ਦੇ ਮੌਲ਼ਾ ਥੋੜ੍ਹਾ ਜਿਹਾ ਮੋਹ
ਪ੍ਰੋ. ਕੁਲਵੰਤ ਔਜਲਾ
ਦੁਆ
ਸਹੂਲਤ ਅਜੋਕੇ ਯੁੱਗ ਦੀ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ। ਹਰ ਬੰਦਾ ਸੋਚਦਾ ਹੈ, ਮੇਰੇ ਕੋਲ ਆਹ ਹੋਵੇ ਮੇਰੇ ਕੋਲ ਅਹੁ ਹੋਵੇ। ਸੋਚ-ਸੋਚ ਕੇ ਅਤੇ ਭੋਗ ਭੋਗ ਕੇ ਬੰਦਾ ਨਿਰਜਿੰਦ ਤੇ ਨਕਾਰਾ ਹੋਣ ਨੂੰ ਫਿਰਦਾ ਹੈ। ਸਹੂਲੀਅਤ ਨੇ ਮਨੁੱਖ ਕੋਲੋਂ ਸਾਦਗੀ, ਸੰਘਰਸ਼, ਸਾਇਸਤਗੀ ਤੇ ਸਬਰ-ਸੰਤੋਖ ਵਰਗੀਆਂ ਮੁੱਲਵਾਨ ਨਿਆਮਤਾਂ ਖੋਹ ਲਈਆਂ ਹਨ। ਅਸੀਂ ਹੁਣ ਨਿੱਕੇ-ਨਿੱਕੇ ਨਹੀਂ ਸਗੋਂ ਵੱਡੇ ਵੱਡੇ ਸੁਪਨੇ ਲੈਣ ਦੇ ਆਦੀ ਹੋ ਗਏ ਹਾਂ। ‘ਰੱਬਾ ਸਾਡੇ ਘਰ ਦਾ ਚੁੱਲ੍ਹਾ ਸਦਾ ਬਲਦਾ ਰਹੇ’ ਵਰਗੀਆਂ ਅਰਜ਼ੋਈਆਂ ਤੇ ਦੁਆਵਾਂ ਹੁਣ ਸਾਡਾ ਸੁਭਾਅ ਤੇ ਸੁਭਾਗ ਨਹੀਂ ਰਹੀਆਂ। ਸਹੂਲਤਾਂ ਨੇ ਸਾਨੂੰ ਆਵਾਜ਼ਾਰ ਤੇ ਆਤੰਕੀ ਬਣਾ ਦਿੱਤਾ ਹੈ। ਅਸੀਂ ਆਕਰਮਣ ਕਰਨਾ ਚਾਹੁੰਦੇ ਹਾਂ। ਇਸੇ ਕਰਕੇ ‘ਸਿੱਧ ਗੋਸਟਿ’ ਵਿਚਲਾ ਸੰਵਾਦ ਸਾਡੀਆਂ ਰੂਹਾਂ ਵਿੱਚੋਂ ਮਨਫ਼ੀ ਹੋ ਗਿਆ ਹੈ। ਸਾਡੇ ਸੰਵਾਦ ਵਿੱਚ ਸਿਆਸਤ ਦਾ ਦਖ਼ਲ ਵਧ ਗਿਆ ਹੈ। ਸਹੂਲਤਾਂ ਲਈ ਅਸੀਂ ਮਨਮਰਜ਼ੀ ਦੀ ਸਿਆਸਤ ਕਰਦੇ ਹਾਂ। ਸਹੂਲਤਾਂ ਦਾ ਚਸਕਾ ਸਾਡੇ ਹੱਡਾਂ ਦਾ ਰੋਗ ਬਣ ਗਿਆ ਹੈ। ਧਾਰਮਿਕ ਅਸਥਾਨਾਂ ਉੱਤੇ ਹੁਣ ਅਸੀਂ ਸ਼ਰਧਾ ਲਈ ਘੱਟ ਤੇ ਸੁਆਦ ਲਈ ਵੱਧ ਜਾਂਦੇ ਹਾਂ। ਜੇ ਏਅਰਕੰਡੀਸ਼ਨਡ ਕਮਰਾ ਨਾ ਮਿਲੇ ਤਾਂ ਪ੍ਰਬੰਧਕਾਂ ਨੂੰ ਮੰਦਾ-ਚੰਗਾ ਬੋਲਦੇ ਹਾਂ। ਜੇ ਲੰਗਰ ਵਿੱਚ ਘਾਟ ਰਹਿ ਜਾਵੇ ਤਾਂ ਅਸੀਂ ਬੁਰੀ ਤਰ੍ਹਾਂ ਤੜਪਦੇ ਹਾਂ। ਮੋਟਰਾਂ ਕਾਰਾਂ ਦੀ ਸਹੂਲਤ ਕਰਕੇ ਧਾਰਮਿਕ ਅਸਥਾਨਾਂ ਵਿੱਚ ਭੀੜਾਂ ਵਧ ਜਾਂਦੀਆਂ ਹਨ। ਭੀੜ ਵਿੱਚ ਸਾਥੋਂ ਖੜੋ ਨਹੀਂ ਹੁੰਦਾ। ਅਸੀਂ ਕਿਸੇ ਨਾ ਕਿਸੇ ਤਰੀਕੇ ਹਰ ਸਹੂਲਤ ਪ੍ਰਾਪਤ ਕਰਨਾ ਚਾਹੁੰਦੇ ਹਾਂ। ਪੈਸੇ ਦੇ ਪਾਸਾਰ ਨਾਲ ਸਹੂਲਤਾਂ ਵੀ ਬਹੁਤ ਹੋ ਗਈਆਂ ਹਨ, ਪਰ ਇਨ੍ਹਾਂ ਨਾਲ ਸਾਨੂੰ ਰੱਜ ਨਹੀਂ ਆਉਂਦਾ। ਅਸੀਂ ਵਿਸ਼ੇਸ਼ ਭਾਂਤ ਦੀਆਂ ਸਹੂਲਤਾਂ ਦੀ ਮੰਗ ਕਰਦੇ ਹਾਂ। ਸਹੂਲਤਾਂ ਨੇ ਸਾਨੂੰ ਸਹਿਜ ਨਹੀਂ ਰਹਿਣ ਦਿੱਤਾ। ਸਹੂਲਤ ਚਾਹਤ ਨਹੀਂ ਚਸਕਾ ਬਣ ਗਈ ਹੈ। ਸਹੂਲਤ ਲੋੜ ਨਹੀਂ ਲਾਲਚ ਹੋ ਗਈ ਹੈ। ਪੈਸੇ ਦੇ ਨਿਜ਼ਾਮ ਵੱਲੋਂ ਥੋਪਿਆ ਗਿਆ ਸਹੂਲਤਾਂ ਦਾ ਜਾਲ ਮਨੁੱਖ ਨੂੰ ਹੌਲੀ-ਹੌਲੀ ਆਪਣਾ ਗ਼ੁਲਾਮ ਬਣਾ ਲੈਂਦਾ ਹੈ ਅਤੇ ਸਹੂਲਤਾਂ ਦੀ ਗ਼ੁਲਾਮੀ ਭੋਗਦਾ-ਭੋਗਦਾ ਬੰਦਾ ਸਰੀਰਕ ਤੇ ਮਾਨਸਿਕ ਤੌਰ ’ਤੇ ਰੋਗੀ ਹੋ ਜਾਂਦਾ ਹੈ। ਨਿਜ਼ਾਮ ਰੋਗੀਆਂ ਦੇ ਸੁਭਾਅ ਅਨੁਕੂਲ ਆਧੁਨਿਕ ਸਹੂਲਤਾਂ ਵਾਲੇ ਹਸਪਤਾਲ ਖੋਲ੍ਹਦਾ ਹੈ। ਭਾਂਤ-ਭਾਂਤ ਦੀਆਂ ਸਹੂਲਤਾਂ ਦੇ ਆਦੀ ਹੋ ਕੇ ਅਨੇਕਾਂ ਜਿਸਮਾਨੀ ਤੇ ਭਾਵੁਕ ਅਲਾਮਤਾਂ ਸਹੇੜ ਲਈਆਂ ਜਾਂਦੀਆਂ ਹਨ। ਕੰਢੀ ਇਲਾਕੇ ਦੇ ਪ੍ਰਸਿੱਧ ਲੇਖਕ ਧਰਮਪਾਲ ਸਾਹਿਲ ਨੇ ਆਪਣੇ ਇੱਕ ਲੇਖ ਵਿੱਚ ਬਹੁਤ ਮਹੱਤਵਪੂਰਨ ਤੱਥ ਪੇਸ਼ ਕੀਤਾ ਹੈ ਕਿ ਕੰਢੀ ਇਲਾਕੇ ਦੇ ਲੋਕ ਖ਼ੁਦਕੁਸ਼ੀਆਂ ਨਹੀਂ ਕਰਦੇ ਕਿਉਂਕਿ ਉਹ ਕੰਮ ਕਰਦੇ ਹਨ। ਮਿਹਨਤ ਨਾਲ ਰੋਟੀ ਕਮਾਉਂਦੇ ਹਨ ਅਤੇ ਜੀਰ ਜੀਰ ਕੇ ਖਾਂਦੇ ਹਨ। ਕੀ ਪੰਜਾਬ ਦੇ ਬੁੱਧੀਜੀਵੀਆਂ ਨੂੰ ਇਹ ਤੱਥ ਸਮਝ ਆਏਗਾ? ਕੀ ਉਹ ਫੋਕੇ ਸਿਧਾਂਤਾਂ ਦੀ ਥਾਂ ਜ਼ਮੀਨੀ ਗਲਪ ਨੂੰ ਪੜ੍ਹਨ ਦਾ ਯਤਨ ਕਰਨਗੇ? ਅਸਲ ਵਿੱਚ ਪੰਜਾਬ ਦਾ ਲਗਪਗ ਸਾਰਾ ਬੁੱਧੀਜੀਵੀ ਤਬਕਾ ਸਹੂਲਤ ਸੁਆਦਾਂ ਨਾਲ ਰਚ ਮਿਚ ਗਿਆ ਹੈ। ਥੁੜਾਂ ਤੇ ਲੋੜਾਂ ਨਾਲ ਜੂਝ ਰਹੇ ਘਰਾਂ ਵਿੱਚੋਂ ਜਨਮ ਲੈਣ ਵਾਲੇ ਲੋਕ ਅੰਤ ਸਹੂਲਤ ਸਿਧਾਂਤਾਂ ਤੇ ਸਮਝੌਤਿਆਂ ਦੀ ਪਕੜ ਵਿੱਚ ਵਿਲੀਨ ਹਨ। ਜ਼ਿੰਦਗੀ ਲਈ ਸੱਚੀ-ਮੁੱਚੀ ਕੁਝ ਕਰਨਾ ਬਹੁਤ ਔਖਾ। ਫੋਕੀ ਅਕਾਦਮਿਕਤਾ ਤੇ ਲਿਖਤਕਾਰੀ ਸਾਡੇ ਵਿਦਵਾਨਾਂ ਤੇ ਲੇਖਕਾਂ ਦੇ ਲੀਹੋਂ ਭਟਕ ਜਾਣ ਦਾ ਸਿੱਟਾ ਹੈ।
ਅਸੀਂ ਕਾਰਾਂ ਤੇ ਹੈਲੀਕਾਪਟਰਾਂ ਵਿੱਚ ਬਹਿ ਕੇ ਰੰਗਲੇ ਪੰਜਾਬ ਦੇ ਸੁਪਨੇ ਲੈਣ ਦਾ ਨਵਾਂ ਅੰਦਾਜ਼ ਉਗਾ ਰਹੇ ਹਾਂ। ਸਹੂਲਤਾਂ ਮਾੜੀਆਂ ਨਹੀਂ ਹੁੰਦੀਆਂ। ਲੇਕਿਨ ਸਹੂਲਤਾਂ ਨਾਲ ਚਿੰਬੜ ਜਾਣਾ ਤੇ ਸਹੂਲਤਾਂ ਖ਼ਾਤਰ ਸਫ਼ਾਈ ਦੇਈ ਜਾਣਾ ਸ਼ੋਭਦਾ ਨਹੀਂ। ਇਸੇ ਕਰਕੇ ਹੁਣ ਘਰ ਘਰਾਂ ਵਰਗੇ ਨਹੀਂ ਰਹੇ। ਸਿੱਖਿਆ ਸੰਸਥਾਵਾਂ ਸਹੂਲਤੀ ਸੰਸਥਾਨ ਬਣ ਗਈਆਂ ਹਨ। ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਹੁਣ ਸਮਾਜ ਬਦਲਣ ਦਾ ਹੋਕਾ ਦੇਣ ਵਾਲਿਆਂ ਦੇ ਘਰ ਤੇ ਦਫ਼ਤਰ ਵੀ ਆਪਣੇ-ਆਪਣੇ ਲਗਣੋਂ ਹਟ ਗਏ ਹਨ। ਪੱਬਾਂ ਭਾਰ ਹੋ ਕੇ ਲੋਕ ਸਹੂਲਤਾਂ ਨੂੰ ਖਰੀਦ ਤੇ ਵੇਚ ਰਹੇ ਹਨ। ਅਧਿਆਪਕਾਂ ਦੇ ਕਮਰਿਆਂ ਅਤੇ ਦਾਨਿਸ਼ਵਰਾਂ ਦੀਆਂ ਮਹਿਫ਼ਿਲਾਂ ਵਿੱਚ ਸੰਵਾਦ ਦੀ ਥਾਂ ਸਹੂਲਤਾਂ, ਸਜਾਵਟਾਂ ਤੇ ਸਿਫ਼ਾਰਸ਼ਾਂ ਦੀ ਵਕਤ ਅਨੁਕੂਲ ਚਰਚਾ ਹੁੰਦੀ ਹੈ। ਸਹੂਲਤਾਂ ਨੇ ਸਾਡੇ ਚਿੰਤਨ ਤੇ ਚੇਤਨਾ ਨੂੰ ਬਾਜ਼ਾਰ ਦਾ ਗ਼ੁਲਾਮ ਬਣਾ ਦਿੱਤਾ ਹੈ। ਬਾਹਰੀ ਸਜਾਵਟ ਦੇ ਜਨੂੰਨ ਨੇ ਸਾਨੂੰ ਪਾਰਲਰ ਦੇ ਮਰੀਜ਼ ਬਣਾ ਦਿੱਤਾ ਹੈ ਅਤੇ ਸਿਫ਼ਾਰਸ਼ਾਂ ਦੀ ਸਿਆਸਤ ਨੇ ਇਲਮ ਤੇ ਅਕਲ ਨੂੰ ਜਿਉਂਦੇ ਨਹੀਂ ਰਹਿਣ ਦਿੱਤਾ। ਸਭ ਕੁਝ ਵਿਕਣ ਲੱਗ ਪਿਆ ਹੈ। ਸੁਪਨੇ ਤੇ ਸਿਧਾਂਤ ਥਿੜਕ ਗਏ ਹਨ।
ਕੋਈ ਮੰਗਤਾ, ਕੋਈ ਮੁਫਤਖੋਰਾ, ਕਈ ਮਤਾਹਿਤ
ਰੱਬ ਜੀ ਕਰਿਓ ਥੋੜ੍ਹੀ ਜਿਹੀ ਇਨਾਇਤ
ਪਹਿਲਾਂ ਲੋਕ ਰੱਬ ਦੇ ਬੰਦੇ ਹੁੰਦੇ ਸੀ। ਹੁਣ ਵੀ ਹੁੰਦੇ ਹੋਣਗੇ। ਇਨ੍ਹਾਂ ਲੋਕਾਂ ਦੀ ਰੂਹ ਰੱਬ ਵਰਗੀ ਸੀ, ਪਰ ਇਹ ਰੱਬ ਬਾਰੇ ਬਹੁਤਾ ਜਾਣਦੇ ਨਹੀਂ ਸੀ। ਅਜੋਕਾ ਯੁੱਗ ਰੱਬ ਬਾਰੇ ਮੋਬਾਈਲ ਬਹਿਸ ਵਿੱਚ ਮਸਰੂਫ਼ ਹੈ ਅਤੇ ਰੱਬ ਨੂੰ ਸਹੂਲਤ ਦੀ ਸਿਆਸਤ ਵਿੱਚ ਫਿੱਟ ਕਰਨਾ ਲੋਚਦਾ ਹੈ। ਮੇਰੇ ਬਾਪ ਕੋਲ ਇੱਕ ਝੱਗਾ ਘਰ ਪਾਉਣ ਵਾਲਾ ਸੀ ਅਤੇ ਇੱਕ ਕੰਮ ਵੇਲੇ ਪਾਉਣ ਵਾਲਾ ਹੁੰਦਾ ਸੀ। ਬਹੁਤੇ ਝੱਗਿਆਂ ਦੀ ਸਹੂਲਤ ਉਦੋਂ ਵਿਰਲੇ ਲੋਕਾਂ ਕੋਲ ਵੀ ਨਹੀਂ ਸੀ, ਪਰ ਉਹ ਬਹੁਤਿਆਂ ਲਈ ਤੜਫ਼ਦੇ ਨਹੀਂ ਸਨ। ਘਰਾਂ ਨੂੰ ਚਲਾਉਣਾ ਤੇ ਬੱਚਿਆਂ ਅੰਦਰ ਨਿੱਕੇ-ਨਿੱਕੇ ਸੁਪਨੇ ਬੀਜਣਾ ਉਨ੍ਹਾਂ ਦਾ ਜੀਵਨ ਸਿਧਾਂਤ ਤੇ ਸ਼ੈਲੀ ਸੀ। ਅੱਜ ਲੋਕਾਂ ਦਾ ਸਿਧਾਂਤ ਹੋਰ ਹੈ, ਸ਼ੈਲੀ ਹੋਰ ਹੈ। ਕਿਰਤੀ ਕਿਰਸਾਨਾਂ ਦੀ ਸਾਡੇ ਵਰਗੀ ਔਲਾਦ ਕੋਲ ਵੀ ਪੜ੍ਹਨ ਵੇਲੇ ਅਤਿ ਸੀਮਿਤ ਸਹੂਲਤਾਂ ਸਨ। ਮੇਲੇ ਜਾਣ ਲਈ ਪੰਜਾਹ ਪੈਸਿਆਂ ਵਾਸਤੇ ਤਰਸ ਜਾਈਦਾ ਸੀ। ਸਰਮਾਏਦਾਰੀ ਨਿਜ਼ਾਮ ਨੇ ਨਿਰਸੰਦੇਹ ਬਹੁਤ ਕੁਝ ਦਿੱਤਾ ਸਾਨੂੰ। ਪਾਣੀ ਬਿਜਲੀ ਦੀ ਸਹੂਲਤ ਆਈ। ਮਸ਼ੀਨਰੀ ਆਈ। ਉਪਜ ਵਧੀ। ਪੈਸੇ ਦਾ ਪਾਸਾਰ ਹੋਇਆ। ਪਰ ਸਾਡੇ ਤਨ ਤੇ ਤਾਸੀਰ ਵਿਚਲੀਆਂ ਤਮਾਮ ਨਿਆਮਤਾਂ ਮੰਡੀ ਅਨੁਕੂਲ ਢਾਲਣ ਦੇ ਰਾਹ ਤੋਰ ਲਈਆਂ। ਕਰਜ਼ੇ, ਨਸ਼ੇ, ਸਹੂਲਤਾਂ, ਬੇਰੁਜ਼ਗਾਰੀ, ਖ਼ੁਦਕੁਸ਼ੀ ਤੇ ਰੀਸੋ-ਰੀਸ ਨੇ ਸਾਡੇ ਜੀਵਨ ਮਾਡਲ ਤੇ ਮੁਹਾਂਦਰੇ ਨੂੰ ਬੁਰੀ ਤਰ੍ਹਾਂ ਝੰਬ ਦਿੱਤਾ। ਵਿਕਾਸਸ਼ੀਲ ਦੇਸ਼ਾਂ ਵਾਲੀਆਂ ਸਹੂਲਤਾਂ ਤੇ ਸਜਾਵਟਾਂ ਦਾ ਲਾਹਾ ਲੈ ਰਹੇ ਮਨੁੱਖ ਹਾਂ ਅਸੀਂ। ਅਸੀਂ ਸੁੰਦਰ ਪਹਿਰਾਵਿਆਂ ਵਾਲੇ ਗੁਰਮੁਖ। ਕਰਮ ਕਿਰਦਾਰ ਮਨਮੁਖਾਂ ਵਾਲੇ। ਸਾਡੇ ਕੋਲ ਸਹੂਲਤਾਂ ਦਾ ਵੱਡਾ ਭੰਡਾਰ ਹੈ। ਦਵਾਈਆਂ ਦੇ ਨਸ਼ਾਵਰਧਕ ਕਾਰਖਾਨੇ ਹਨ। ਵਿਦਿਆ ਦੀਆਂ ਫੈਸ਼ਨਪ੍ਰਸਤ ਸੰਸਥਾਵਾਂ ਹਨ। ਕੱਪੜਿਆਂ ਦੇ ਪੰਜ ਤਾਰਾ ਸ਼ੋਅਰੂਮ ਹਨ। ਵੱਖ-ਵੱਖ ਮਾਡਲਾਂ ਦੀਆਂ ਸਵੈ-ਚਾਲਤ ਗੱਡੀਆਂ ਦੇ ਜ਼ਖੀਰੇ ਹਨ। ਸਾਰਾ ਕੁਝ ਸਾਡੇ ਕੋਲ ਹੈ। ਬੈਂਕਾਂ ਕਰਜ਼ਾ ਦਿੰਦੀਆਂ ਹਨ। ਲੁੱਟਾਂ-ਖੋਹਾਂ ਕਰ ਸਕਦੇ ਹਾਂ। ਸਾਡੇ ਕੋਲ ਧਾਰਮਿਕ ਤੇ ਰਾਜਸੀ ਸਰਪ੍ਰਸਤੀ ਹੈ। ਫਿਰ ਵੀ ਅਸੀਂ ਪੀੜਤ, ਪਾਖੰਡੀ ਤੇ ਪਤਿਤ ਹਾਂ। ਸਾਡੇ ਅੰਦਰ ਨਕਲੀ ਗਿਆਨ ਦੀਆਂ ਮਸ਼ੀਨਾਂ ਹਨ। ਨੰਗੇਜ਼, ਚਰਿੱਤਰਹੀਣਤਾ, ਰਿਸ਼ਵਤਖੋਰੀ, ਗੈਂਗਵਾਰ ਅਤੇ ਹੇਰਾਫੇਰੀ ਸਾਡੇ ਕਿੱਤਾਮੁਖੀ ਕਰਮ ਹਨ। ਸਹੂਲਤੀ ਯੁੱਗ ਨੇ ਕੀ ਕੁਝ ਨਹੀਂ ਦਿੱਤਾ ਸਾਨੂੰ। ਨਕਲੀ ਬੀਜ, ਨਕਲੀ ਲਿਆਕਤ, ਨਕਲੀ ਸੂਰਤ, ਨਕਲੀ ਅੰਦਾਜ਼। ਏਨੀਆਂ ਉਪਲਬੱਧੀਆਂ ਕੀ ਘੱਟ ਹਨ? ਸਾਡੇ ਬੱਚੇ ਨਿਪੁੰਸਕ ਹੋ ਰਹੇ ਹਨ।
ਹਵਾ, ਮਿੱਟੀ ਤੇ ਪਾਣੀ ਤੜਪ ਰਹੇ ਹਨ। ਦਾਨ ਪੁੰਨ, ਕਾਰ ਵਿਹਾਰ, ਕੁਕਰਮ, ਸੌਦੇਬਾਜ਼ੀ ਅਤੇ ਝੂਠ ਦੀ ਆਨਲਾਈਨ ਸਹੂਲਤ ਹੈ। ਨਿੱਕੇ-ਨਿੱਕੇ ਕਾਰਨਾਮਿਆਂ ਦੀ ਵੱਡੀ ਇਸ਼ਤਿਹਾਰਬਾਜ਼ੀ ਕਰਨ ਦੀ ਪੇਸ਼ਾਵਰ ਸਹੂਲਤ ਹੈ ਸਾਡੇ ਕੋਲ। ਪੂਰੇ ਪੰਜਾਬ ਨੂੰ ਠੱਗਣ ਦੀ ਸਮਰੱਥਾ ਰੱਖਦੇ ਹਾਂ। ਰੱਬ ਨੇ ਬਹੁਤ ਕੁਝ ਦਿੱਤਾ ਹੈ ਸਾਨੂੰ। ਜਾਤਾਂ, ਧਰਮਾਂ, ਡੇਰਿਆਂ, ਖਾਨਗਾਹਾਂ ਦੀ ਬੇਅੰਤ ਸਹੂਲਤ ਹੈ। ਕੁਝ ਵੀ ਬਚਿਆ ਨਹੀਂ ਜੋ ਇਸ ਕਾਰਪੋਰੇਟ ਯੁੱਗ ਨੇ ਸਾਨੂੰ ਦਿੱਤਾ ਨਹੀਂ। ਅਜੋਕੀ ਸਿਆਸਤ ਨੇ ਇਸ ਯੁੱਗ ਦਾ ਖ਼ੂਬ ਫਾਇਦਾ ਉਠਾਇਆ ਹੈ। ਸਿਆਸਤ ਨੇ ਸਾਡੀ ਨੀਅਤ ਤੇ ਨਜ਼ਰ ਨੂੰ ਟੋਹ ਕੇ ਸਾਨੂੰ ਸਹੂਲਤਾਂ ਦੇ ਮਸਨੂਈ ਤੇ ਮਸਾਲੇਦਾਰ ਪਦਾਰਥਾਂ ਨਾਲ ਬੁਰੀ ਤਰ੍ਹਾਂ ਵਿੰਨ੍ਹ ਦਿੱਤਾ ਹੈ। ਸਹੂਲਤ ਹੁਣ ਸਾਡਾ ਜੱਦੀ-ਪੁਸ਼ਤੀ ਅਧਿਕਾਰ ਹੋ ਗਿਆ ਹੈ। ਸੱਤਾ ਨੂੰ ਅਜਿਹਾ ਕੁਝ ਹੀ ਚਾਹੀਦਾ ਸੀ। ਪੰਜਾਬ ਭਾਵੇਂ ਕਰਜ਼ੇ ਵਿੱਚ ਡੁੱਬ ਜਾਵੇ, ਪਰ ਜਨਤਾ ਨੂੰ ਸਹੂਲਤਾਂ ਨਾਲ ਰਜਾ ਦਿਆਂਗੇ। ਪੰਜਾਬ ਨੂੰ ਰੰਗਲਾ ਬਣਾ ਦਿਆਂਗੇ। ਕਣਕ ਦੀ ਸਹੂਲਤ, ਬਿਜਲੀ ਦੀ ਸਹੂਲਤ, ਦਾਲ ਦੀ ਸਹੂਲਤ। ਸਹੂਲਤਾਂ ਦਿਉ ਤੇ ਵੋਟਾਂ ਲਵੋ। ਮੁਫ਼ਤਖੋਰੇੇ ਤੇ ਮੰਗਤੇ ਬਣਾ ਦੇਣਾ ਕਾਰਪੋਰੇਟ ਸਿਆਸਤ ਦੀ ਗਹਿਰੀ ਸਾਜ਼ਿਸ਼ ਹੈ। ਹਰ ਇੱਕ ਨੂੰ ਸਹੂਲਤਾਂ ਮਿਲਣ। ਸਹੂਲਤਾਂ ਦੇਣੀਆਂ ਸਰਕਾਰਾਂ ਦਾ ਕੰਮ ਹੈ। ਸਹੂਲਤਾਂ ਸਿਹਤਮੰਦ ਹੋਣ। ਨੌਕਰੀਆਂ ਦੀ ਸਹੂਲਤ ਮਿਲੇ। ਸੁਪਨੇ ਸਾਕਾਰ ਹੋਣ। ਦੁਆਵਾਂ ਦਾ ਦਵਾਖਾਨਾ ਔਸ਼ਧੀਆਂ ਵੰਡੇ। ਪਿੰਡਾਂ ਦੀ ਸਿਆਸਤੀ ਵੰਡ ਦਾ ਵਣਜ ਬੰਦ ਹੋਵੇ। ਲੋਕ ਦਿਲੋਂ ਬੋਲਣ। ਐਕਟ ਤੇ ਆਰਡੀਨੈਂਸ ਲੋਕ-ਪੱਖੀ ਹੋਣ। ਬੰਦੇ ਨੂੰ ਮਾਨਵ ਹੋਣ ਦਾ ਮਾਣ ਮਿਲੇ। ਮੋਬਾਈਲਾਂ, ਚੈਨਲਾਂ, ਅਖ਼ਬਾਰਾਂ ਤੇ ਇਸ਼ਤਿਹਾਰਾਂ ਦੀ ਭਾਸ਼ਾ ਤੇ ਦਿਲ ਦੀ ਭਾਸ਼ਾ ਦਾ ਸਹਿਜ ਸੁਮੇਲ ਹੋਵੇ। ਕਾਮਨਾਵਾਂ ਤੇ ਸ਼ੁਭ ਕਾਮਨਾਵਾਂ ਦੀ ਸ਼ਾਇਰਾਨਾ ਸਹੂਲਤ ਵਕਤ ਨੂੰ ਚੰਗੇ ਦਿਨਾਂ ਦੇ ਸੁਨੇਹੇ ਦੇਵੇ। ਹਰੇ ਭਰੇ ਦਿਨਾਂ ਦੀ ਉਮੀਦ ਤੇ ਊਰਜਾ ਸਾਡੀ ਸ਼ਾਇਰੀ, ਸਿੱਖਿਆ ਤੇ ਸਿਆਸਤ ਨੂੰ ਸਿੰਜੇ ਤੇ ਸੰਭਾਲੇ। ਜਿਉਣ ਦੀ ਚਾਹਤ ਤੇ ਚੇਤਨਾ ਮਰਨੀ ਨਹੀਂ ਚਾਹੀਦੀ। ਅਜਿਹਾ ਕੁਝ ਹਰ ਹਾਲਤ ਹੋਣਾ ਚਾਹੀਦਾ ਹੈ। ਵੋਟਾਂ ਲਈ ਸਹੂਲਤਾਂ ਦੇ ਗੱਫੇ ਵੰਡਣਾ ਅਕਲਮੰਦੀ ਨਹੀਂ। ਅਕਲਮੰਦੀ ਸੁਪਨਿਆਂ ਨੂੰ ਜਿਉਂਦੇ ਰੱਖਣ ਵਿੱਚ ਹੈ।
ਬਾਗ ਸਾਂਝਾਂ ਤੇ ਸੁਰਾਂ ਦੇ ਰਹਿਣ ਹਰੇ ਭਰੇ
ਜਿਉਣ ਦੀ ਚਾਹਤ ਐ ਮੌਲ਼ਾ ਕਦੇ ਨਾ ਮਰੇ
ਮੁੜ ਮੁੜ ਆਉਣ ਦਿਨ ਭੁੱਲਾਂ ਬਖ਼ਸ਼ਾਉਣ ਵਾਲੇ
ਸੁਧਰੇ ਕੋਈ ਕੰਧਾਰੀ ਤੇ ਕੌਡਾ ਕੋਈ ਤਰੇ
ਚਾਹਤ ਨਿਰੋਈ ਤੇ ਨੇਕ ਹੋਵੇ ਤਾਂ ਸਹੂਲਤਾਂ ਰੱਬ ਦੀ ਦਾਤ ਵਰਗੀਆਂ ਲੱਗਣ ਲੱਗਦੀਆਂ ਹਨ। ਸਹੂਲਤਾਂ ਦੀ ਬਦਰੰਗ ਬਹੁਤਾਤ ਚੰਗੇ-ਭਲੇ ਲੋਕਾਂ ਨੂੰ ਅਪਾਹਜ ਕਰ ਦਿੰਦੀ ਹੈ। ਮੇਰਾ ਮਹਾਂਕਾਵਿਕ ਬਾਪ ਕਹਿੰਦਾ ਹੁੰਦਾ ਸੀ: ਸੁੱਖ-ਸਹੂਲਤਾਂ ਕੁਦਰਤ ਦੀ ਰਹਿਮਤ ਹਨ। ਇਨ੍ਹਾਂ ਨੂੰ ਸਬਰ ਸੰਤੋਖ ਨਾਲ ਵਰਤਣ ਦੀ ਸੋਝੀ ਚਾਹੀਦੀ ਹੈ। ਮਿਹਨਤ ਨਾਲ ਕਮਾਈਆਂ ਸਹੂਲਤਾਂ ਬੰਦੇ ਨੂੰ ਭੋਗੀ ਨਹੀਂ ਬਣਨ ਦਿੰਦੀਆਂ। ਪਾਣੀ ਦੀ ਸੀਰਤ ਤੇ ਸੁਰਤ ਵਿਗਾੜ ਕੇ ਫਿਲਟਰ ਦੀ ਸਹੂਲਤ ਲਾਹੇਵੰਦ ਵਰਤਾਰਾ ਨਹੀਂ। ਹਵਾਈ ਜਹਾਜ਼ਾਂ ਦੇ ਸਿਆਸਤੀ ਝੂਟੇ ਪੈਦਲ ਤੁਰਨ ਦੀ ਬਰਕਤ ਭੁਲਾ ਦਿੰਦੇ ਹਨ। ਰੱਜ-ਰੱਜ ਮਾਣੋ ਸਹੂਲਤਾਂ, ਪਰ ਇਨ੍ਹਾਂ ਦੀ ਅੰਦਰੂਨੀ ਸਿਆਸਤ ਵੀ ਸਮਝੋ। ਮਨੁੱਖ ਨੂੰ ਵੋਟ, ਵਣਜ ਤੇ ਵਸਤੂ ਬਣਾਉਣ ਦੀ ਸਿਆਸਤ ਹੀ ਅਜੋਕੇ ਸਹੂਲਤਨਾਮੇ ਦੀ ਜਨਨੀ ਹੈ। ਸਾਡੇ ਕੋਲੋਂ ਬਹੁਤ ਕੁਝ ਖੋਹ ਕੇ ਨਿੱਕੀਆਂ ਮੋਟੀਆਂ ਸਹੂਲਤਾਂ ਨਾਲ ਪਰਚਾਉਣਾ ਤੇ ਪਤਿਤ ਕਰਨਾ ਇਸ ਦਾ ਮਨੋਰਥ ਹੈ।
ਪਹਿਲਾਂ ਜਾਤੀਕੇ ਖੋਹ ਲਿਆ
ਹੁਣ ਕਪੂਰਥਲਾ ਨਾ ਖੋਹ
ਆਂਦਰਾਂ ਵਿੱਚ ਬਚਿਆ ਰਹਿਣ ਦੇ
ਮੌਲ਼ਾ ਥੋੜ੍ਹਾ ਜਿਹਾ ਮੋਹ
ਸੰਪਰਕ: 84377-88856