ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿੱਕੀ ਜਿਹੀ ਬੱਦਲੀ ਨੇ ਕਿਣ-ਮਿਣ ਲਾਈ ਆ...

11:32 AM Aug 17, 2024 IST

ਬਹਾਦਰ ਸਿੰਘ ਗੋਸਲ

ਮਨੁੱਖੀ ਜੀਵਨ ਵਿੱਚ ਕੁਝ ਵਸਤਾਂ ਅਜਿਹੀਆਂ ਹਨ ਜੋ ਸਦੀਆਂ ਤੋਂ ਮਨੁੱਖ ਦਾ ਸਾਥ ਦਿੰਦੀਆਂ ਆਈਆਂ ਹਨ। ਭਾਵੇਂ ਇਹ ਗੱਲ ਠੀਕ ਹੈ ਕਿ ਰੋਟੀ-ਕੱਪੜਾ ਅਤੇ ਮਕਾਨ ਮਨੁੱਖਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਹਨ, ਪਰ ਕੁਝ ਵਸਤਾਂ ਦੀ ਜ਼ਰੂਰਤ ਮਨੁੱਖ ਨੂੰ ਕਿਸੇ ਸੰਕਟ ਦੇ ਸਮੇਂ ਮਹਿਸੂਸ ਹੁੰਦੀ ਹੈ। ਅਜਿਹੀਆਂ ਵਸਤਾਂ ਬਹੁਤ ਛੋਟੀਆਂ ਹੋਣ ਦੇ ਕਾਰਨ ਭਾਵੇਂ ਹਰ ਵੇਲੇ ਵਰਤੋਂ ਵਿੱਚ ਨਹੀਂ ਆਉਂਦੀਆਂ, ਪਰ ਉਨ੍ਹਾਂ ਦੀ ਮਹੱਤਤਾ ਸਮੇਂ ਅਨੁਸਾਰ ਹੀ ਹੁੰਦੀ ਹੈ।
ਪੁਰਾਣੇ ਬਜ਼ੁਰਗ ਜਦੋਂ ਕਿਤੇ ਬਾਹਰ ਯਾਤਰਾ ਆਦਿ ’ਤੇ ਜਾਂਦੇ ਸਨ ਤਾਂ ਉਹ ਆਪਣੇ ਕੋਲ ਸੋਟੀ, ਗੜਵੀ ਅਤੇ ਛੱਤਰੀ ਲੈ ਕੇ ਚੱਲਦੇ ਸਨ। ਸੋਟੀ ਕਈ ਤਰ੍ਹਾਂ ਨਾਲ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੀ ਮਦਦ ਕਰਦੀ ਸੀ ਅਤੇ ਇਸੇ ਤਰ੍ਹਾਂ ਗੜਵੀ ਪਾਣੀ ਆਦਿ ਦੀ ਵਰਤੋਂ ਦੇ ਕੰਮ ਆਉਂਦੀ। ਧੁੱਪ, ਮੀਂਹ ਤੋਂ ਬਚਣ ਲਈ ਉਹ ਬਜ਼ੁਰਗ ਆਪਣੇ ਨਾਲ ਛੱਤਰੀ ਵੀ ਲੈ ਲੈਂਦੇ। ਇੱਕ ਸਾਧਾਰਨ ਛੱਤਰੀ ਬਹੁਤੀ ਮਹਿੰਗੀ ਨਹੀਂ ਸੀ ਹੁੰਦੀ ਅਤੇ ਇਸੇ ਕਰਕੇ ਪੁਰਾਣੇ ਸਮਿਆਂ ਵਿੱਚ ਹਰ ਘਰ ਵਿੱਚ ਛੱਤਰੀ ਰੱਖੀ ਮਿਲਦੀ ਸੀ। ਜਦੋਂ ਇਸ ਦੀ ਲੋੜ ਨਹੀਂ ਸੀ ਹੁੰਦੀ ਤਾਂ ਘਰ ਵਿੱਚ ਕਿਸੇ ਕੋਨੇ ਕਿੱਲੇ ਨਾਲ ਟੰਗੀ ਰਹਿੰਦੀ, ਪਰ ਮੀਂਹ ਸਮੇਂ ਜਾਂ ਧੁੱਪ ਵਿੱਚ ਬਾਹਰ ਜਾਣ ਸਮੇਂ ਬਜ਼ੁਰਗ ਇਸ ਛੱਤਰੀ ਦਾ ਫਾਇਦਾ ਉਠਾਉਂਦੇ। ਲੋਹੇ ਦੀਆਂ ਕੁਝ ਤਾਰਾਂ, ਕਾਲੇ ਕੱਪੜੇ ਅਤੇ ਲੱਕੜ ਦੀ ਖੁੰਡੀ ਵਾਲੀ ਛੱਤਰੀ ਯਾਤਰੂਆਂ ਦੀ ਸਹਿਯੋਗੀ ਮਿੱਤਰ ਬਣ ਜਾਂਦੀ ਸੀ।
ਇੰਨਾ ਹੀ ਨਹੀਂ ਇਹ ਛੱਤਰੀ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਗਈ। ਪਤਾ ਨਹੀਂ ਕਿੰਨੇ ਕੁ ਗੀਤ, ਲੋਕ ਗੀਤ, ਕਵਿਤਾਵਾਂ, ਕਹਾਣੀਆਂ ਜਾਂ ਨਾਵਲਾਂ ਦਾ ਇਹ ਛੱਤਰੀ ਸ਼ਿੰਗਾਰ ਬਣ ਗਈ। ਇੱਥੋਂ ਤੱਕ ਕੇ ਜਦੋਂ ਕਿਸੇ ਭੈਣ ਨੂੰ ਆਪਣੇ ਭਰਾ ਦੀ ਯਾਦ ਆਉਂਦੀ ਹੈ ਤਾਂ ਉਹ ਕਹਿ ਉੱਠਦੀ ਹੈ;
ਉਹ ਵੀਰ ਮੇਰਾ ਕੁੜੀਓ
ਹੱਥ ਛੱਤਰੀ ਨਹਿਰ ਦੀ ਪਟੜੀ ਜਾਵੇ।
ਪੰਜਾਬੀ ਬੋਲੀਆਂ ਵਿੱਚ ਜਦੋਂ ਦਿਓਰ-ਭਰਜਾਈ ਦੇ ਰਿਸ਼ਤੇ ਦੀ ਗੱਲ ਛਿੜਦੀ ਹੈ ਤਾਂ ਛੱਤਰੀ ਵੀ ਆਪਣਾ ਨਿਵੇਕਲਾ ਜਿਹਾ ਰੋਲ ਅਦਾ ਕਰ ਜਾਂਦੀ ਹੈ। ਇੱਕ ਬੋਲੀ ਅਨੁਸਾਰ;
ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਚਾਂਦੀ
ਦਿਓਰਾ ਕਰ ਛੱਤਰੀ, ਭਾਬੀ ਅੰਬ ਚੂਪਦੀ ਜਾਂਦੀ।
ਇਸੇ ਤਰ੍ਹਾਂ 40-50 ਸਾਲ ਪਹਿਲਾਂ ਪੰਜਾਬ ਦੇ ਪੇਂਡੂ ਖੇਤਰ ਵਿੱਚ ਜਿਨ੍ਹਾਂ ਪੰਜਾਬੀ ਗੀਤਾਂ ਦੀ ਭਰਮਾਰ ਹੁੰਦੀ ਸੀ, ਉਨ੍ਹਾਂ ਵਿੱਚ ਕਿਸੇ ਪੱਖੋ ਛੱਤਰੀ ਦੀ ਗੱਲ ਜ਼ਰੂਰ ਕੀਤੀ ਜਾਂਦੀ ਸੀ। ਇਸ ਤਰ੍ਹਾਂ ਇੱਕ ਪੰਜਾਬੀ ਗੀਤ ਜੋ ਪੰਜਾਬੀਆਂ ਦੇ ਦਿਲਾਂ ਨੂੰ ਖ਼ੁਸ਼ ਕਰ ਗਿਆ ਸੀ ਅਤੇ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਹੀ ਮਿਠਾਸ ਘੋਲ ਗਿਆ ਸੀ, ਉਸ ਦੀਆਂ ਇਹ ਸਤਰਾਂ ਮਨ ਨੂੰ ਮੋਹ ਲੈਂਦੀਆਂ ਸਨ;
ਸੁਣ ਵੇ ਚੀਰੇ ਵਾਲਿਆ, ਮੈਂ ਕਹਿੰਦੀ ਆ
ਕਰ ਛੱਤਰੀ ਦੀ ਛਾਂ, ਮੈਂ ਛਾਵੇਂ ਬਹਿੰਦੀ ਆ।
ਇਸ ਤਰ੍ਹਾਂ ਇਹ ਛੱਤਰੀ, ਪੰਜਾਬੀਆਂ ਦੇ ਹਰ ਰੰਗ, ਦੁੱਖ, ਸੁੱਖ ਵਿੱਚ ਸਹਾਈ ਹੁੰਦੀ ਸੀ ਅਤੇ ਇਹ ਸਾਡੇ ਵਿਰਸੇ ਦੀ ਇੱਕ ਅਹਿਮ ਕੜੀ ਬਣੀ ਹੋਈ ਸੀ। ਪੰਜਾਬ ਦੇ ਪਿੰਡਾਂ ਵਿੱਚ ਵਿਆਹਾਂ ਵਿੱਚ ਵੀ ਛੱਤਰੀ ਨਹੀਂ ਸੀ ਭੁੱਲਦੀ। ਜਦੋਂ ਜੰਝ ਰਥਾਂ, ਗੱਡਿਆਂ ਅਤੇ ਊਠਾਂ- ਘੋੜਿਆਂ ’ਤੇ ਜਾਇਆ ਕਰਦੀ ਸੀ ਤਾਂ ਲਾੜੇ ਦੇ ਰਥ ਨੂੰ ਸ਼ਿੰਗਾਰ ਕੇ ਉਸ ਉੱਪਰ ਸ਼ਗਨਾਂ ਦੇ ਤੌਰ ’ਤੇ ਛੱਤਰੀ ਲਗਾਈ ਜਾਂਦੀ ਸੀ। ਜਿਸ ਤਰ੍ਹਾਂ ਇਸ ਬੋਲੀ ਵਿੱਚ ਸੁਣਨ ਨੂੰ ਮਿਲਦਾ ਹੈ;
ਵਿਆਂਦੜ ਗੱਭਰੂ ਰਥ ਵਿੱਚ ਬਹਿ ਗਿਆ
ਉੱਪਰ ਛੱਤਰੀ ਲਾ ਕੇ
ਵੀਰ ਉਹਦੇ ਚੜ੍ਹ ਗਏ ਊਠਾਂ ’ਤੇ
ਪੈਰੀ ਝਾਂਜਰਾਂ ਪਾ ਕੇ
ਚਾਚੇ, ਤਾਏ, ਮਾਮੇ, ਦੋਸਤ ਜੰਝ ਚੜ੍ਹਗੇ ਹੁੰਮ ਹੁੰਮਾ ਕੇ
ਭੰਗੜਾ ਖ਼ੂਬ ਪਿਆ, ਜਦ ਜੰਝ ਢੁੱਕੀ ਦਰਵਾਜ਼ੇ।
ਅੱਜ ਮੈਂ ਜਿਸ ਛੱਤਰੀ ਦੀ ਗੱਲ ਦੱਸਣ ਲੱਗਿਆ ਹਾਂ ਉਹ ਛੱਤਰੀ ਮੇਰੇ ਦਿਲ-ਦਿਮਾਗ਼ ’ਤੇ ਪਿਛਲੇ ਚਾਰ ਦਹਾਕਿਆ ਤੋਂ ਛਾਈ ਹੋਈ ਹੈ। ਗੱਲ ਉਸ ਸਮੇਂ ਦੀ ਹੈ ਜਦੋਂ 1964 ਵਿੱਚ ਮੈਂ ਆਪਣੇ ਪਿੰਡ ਦੇ ਨਾਲ ਦੇ ਪਿੰਡ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਸਤੰਬਰ ਦੇ ਮਹੀਨੇ ਸਕੂਲ ਵਿੱਚ ਪੇਪਰ ਚੱਲ ਰਹੇ ਸਨ ਅਤੇ ਇੱਕ ਦਿਨ ਛੁੱਟੀ ਜਲਦੀ ਹੋ ਗਈ। ਉਦੋਂ ਸਾਨੂੰ ਪਤਾ ਲੱਗਿਆ ਕਿ ਉਸ ਪਿੰਡ ਵਿੱਚ ਗਾਉਣ ਵਾਲੀ ਦਾ ਅਖਾੜਾ ਹੈ ਤਾਂ ਅਸੀਂ ਸਕੂਲ ਤੋਂ ਸਿੱਧੇ ਉਸ ਅਖਾੜੇ ਵਿੱਚ ਪਹੁੰਚ ਗਏ। ਉੱਥੇ ਲੋਕਾਂ ਦਾ ਭਾਰੀ ਇਕੱਠ ਸੀ ਅਤੇ ਅਸੀਂ ਵੀ ਇੱਕ ਕੋਨੇ ਵਿੱਚ ਜਾ ਖੜ੍ਹੇ ਹੋਏ। ਬੱਦਲ ਜਿਹੇ ਛਾਏ ਹੋਏ ਸਨ ਅਤੇ ਇਸ ਤਰ੍ਹਾਂ ਮੌਸਮ ਵੀ ਬੜਾ ਖ਼ੁਸ਼ਗਵਾਰ ਸੀ। ਲੋਕ ਗਾਇਕ ਜੋੜੀ ਵੱਲੋਂ ਗਾਏ ਜਾ ਰਹੇ ਗੀਤਾਂ ਦਾ ਭਰਪੂਰ ਆਨੰਦ ਲੈ ਰਹੇ ਸਨ। ਗਾਈਕ ਜੋੜੀ ਨੇ ਵੀ ਚੰਗੇ ਗੀਤਾਂ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਸਭ ਦੇ ਮਨਾਂ ਨੂੰ ਵਸ ਕਰ ਲਿਆ ਸੀ। ਲੋਕ ਹਿੱਲਣ ਦਾ ਨਾ ਨਹੀਂ ਸਨ ਲੈਂਦੇ, ਪਰ ਅਚਾਨਕ ਹੀ ਬੱਦਲਾਂ ਵਿੱਚੋਂ ਬੂੰਦਾ-ਬਾਂਦੀ ਜਿਹੀ ਹੋਣ ਲੱਗੀ ਅਤੇ ਸਰੋਤਿਆਂ ਵਿੱਚ ਵੀ ਘੁਸਰ-ਮੁਸਰ ਜਿਹੀ ਦੇਖੀ ਜਾਣ ਲੱਗੀ, ਪਰ ਉਸ ਗਾਇਕ ਜੋੜੀ ਦੀ ਗਾਇਕਾ ਨੇ ਤੁਰੰਤ ਮੌਕਾ ਸੰਭਾਲਿਆ ਅਤੇ ਇਹ ਗੀਤ ਗਾਉਣਾ ਸ਼ੁਰੂ ਕਰ ਦਿੱਤਾ;
ਨਿੱਕੀ ਜਿਹੀ ਬੱਦਲੀ ਨੇ ਕਿਣ-ਮਿਣ ਲਾਈ ਆ
ਤਾਣ ਛੱਤਰੀ ਵੇ ਜਿਹੜੀ ਲੰਡਨੋਂ ਮੰਗਾਈ ਆ
ਤਾਣ ਛੱਤਰੀ ਵੇ ਜਿਹੜੀ...
ਇੰਨੀ ਮਿੱਠੀ ਆਵਾਜ਼, ਮੌਕੇ ਦੀ ਨਜ਼ਾਕਤ ਅਤੇ ਗਾਉਣ ਦੀ ਕਲਾ ਨੇ ਜਿਵੇਂ ਲੋਕ ਕੀਲ ਹੀ ਦਿੱਤੇ ਹੋਣ, ਸਭ ਆਪਣੀ ਆਪਣੀ ਥਾਂ ’ਤੇ ਕਿਣ-ਮਿਣ ਨੂੰ ਭੁੱਲ ਕੇ ਸ਼ਾਂਤ ਹੋ ਕੇ ਬੈਠ ਗਏ। ਅੱਜ ਵੀ ਜਦੋਂ ਕਦੇ ਮੈਨੂੰ ਮੀਂਹ ਵਿੱਚ ਬਾਹਰ ਜਾਣ ਦਾ ਮੌਕਾ ਮਿਲਦਾ ਹੈ ਤਾਂ ਮਨ ਆਪਣੇ ਆਪ ਹੀ ਇਹ ਗੀਤ ਗੁਣਗੁਣਾਉਣ ਲੱਗ ਜਾਂਦਾ ਹੈ ਅਤੇ ਅੱਖਾਂ ਸਾਹਮਣੇ ਆ ਜਾਂਦਾ ਹੈ, ਪਿੰਡ ਦੇ ਉਸ ਅਖਾੜੇ ਦਾ ਦ੍ਰਿਸ਼।
ਸਾਡੇ ਸਮਾਜ ਵਿੱਚ ਛੱਤਰੀ ਦੀ ਸਦੀਆਂ ਤੋਂ ਹੀ ਮਹੱਤਤਾ ਰਹੀ ਹੈ। ਇੱਥੋਂ ਤੱਕ ਕਿ ਇਸ ਨੂੰ ਸਜਾਵਟੀ ਰੂਪ ਦੇ ਕੇ ਸ਼ਾਨ ਦਾ ਪ੍ਰਤੀਕ ਬਣਾਇਆ ਜਾਂਦਾ ਰਿਹਾ ਹੈ। ਪੁਰਾਣੇ ਬਾਦਸ਼ਾਹ ਜਦੋਂ ਹਾਥੀਆਂ ’ਤੇ ਬੈਠ ਕੇ ਆਪਣੀ ਖਲਕਤ ਵਿੱਚ ਜਾਂਦੇ ਸਨ ਤਾਂ ਛੱਤਰੀ ਨੂੰ ਵੱਡਾ ਕਰਕੇ ਸਜਾ ਕੇ ਵੱਡਾ ਛੱਤਰ ਬਣਾਇਆ ਜਾਂਦਾ ਅਤੇ ਉਹ ਬਾਦਸ਼ਾਹ ਦੇ ਸਿਰ ਉੱਪਰ ਸ਼ਾਹੀ ਠਾਠ ਦਾ ਨਜ਼ਾਰਾ ਦੇਣ ਲਈ ਝੁਲਾਇਆ ਜਾਂਦਾ। ਦੂਜੇ ਪਾਸੇ ਗਰੀਬਾਂ ਕੋਲ ਉਹੀ ਕਾਲੇ ਕੱਪੜੇ ਵਾਲੀ ਹੱਥ ਖੁੰਡੀ ਵਾਲੀ ਛੱਤਰੀ ਹੀ ਹੁੰਦੀ ਸੀ ਜਿਸ ਨੂੰ ਉਹ ਆਪਣੇ ਕੋਲ ਰੱਖ ਕੇ ਆਪਣੀ ਸ਼ਾਨ ਸਮਝਦੇ ਸਨ।
ਜਿਉਂ-ਜਿਉਂ ਸਮਾਂ ਬਦਲਦਾ ਗਿਆ ਇਹ ਛੱਤਰੀ ਵੀ ਨਵਾਂ ਰੰਗ-ਰੂਪ ਅਪਣਾਉਣ ਲੱਗੀ। ਫੈਸ਼ਨਾਂ ਦੀ ਬਦਲਦੀ ਦੁਨੀਆ ਵਿੱਚ ਇਸ ਕਾਲੀ ਛੱਤਰੀ ਨੂੰ ਰੰਗ ਚੜ੍ਹਨ ਲੱਗੇ। ਸ਼ਹਿਰਾਂ ਵਿੱਚ ਇਨ੍ਹਾਂ ਛੱਤਰੀਆਂ ਦੇ ਡਿਜ਼ਾਇਨਾਂ ਦੀ ਹੋੜ ਜਿਹੀ ਲੱਗ ਗਈ। ਸ਼ਹਿਰੀ ਮੁਟਿਆਰਾਂ ਲਈ ਛੱਤਰੀ ਨਵਾਂ ਫੈਸ਼ਨ ਬਣਨ ਲੱਗੀ। ਇਹ ਮੁਟਿਆਰਾਂ ਧੁੱਪ ਵਿੱਚ ਕਦੇ ਵੀ ਛੱਤਰੀ ਤੋਂ ਬਿਨਾਂ ਬਾਹਰ ਨਾ ਨਿਕਲਦੀਆਂ। ਸ਼ਹਿਰਾਂ ਵਿੱਚ ਕੰਮਕਾਜੀ ਔਰਤਾਂ ਤਾਂ ਆਪਣੇ ਪਹਿਰਾਵੇ ਨਾਲ ਮੈਚ ਕਰਦੀਆਂ, ਰੰਗਦਾਰ ਛੱਤਰੀਆਂ ਵੀ ਖਰੀਦ ਦੀਆਂ ਦੇਖੀਆਂ ਜਾਂਦੀਆਂ ਹਨ। ਛੋਟੇ ਬੱਚਿਆਂ ਲਈ ਰੰਗਦਾਰ ਛੋਟੀਆਂ-ਛੋਟੀਆਂ ਛੱਤਰੀਆਂ ਤੋਂ ਦੁਕਾਨਦਾਰ ਖ਼ੂਬ ਲਾਭ ਕਮਾਉਣ ਲੱਗੇ ਹਨ। ਬੱਚੇ ਵੀ ਸੋਹਣੀ ਤੋਂ ਸੋਹਣੀ ਛੱਤਰੀ ਲੈਣ ਦੀ ਜ਼ਿੱਦ ਕਰਦੇ ਹਨ। ਇੱਥੋਂ ਤੱਕ ਕਿ ਬੱਚਿਆਂ ਲਈ ਤਾਂ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਨਾਲ ਨਾਲ ਉਨ੍ਹਾਂ ਦੇ ਪਸੰਦੀਦਾ ਕਾਰਟੂਨ ਕਰੈਕਟਰਾਂ ਦੀਆਂ ਤਸਵੀਰਾਂ ਵਾਲੀਆਂ ਵੀ ਛੱਤਰੀਆਂ ਆਉਣ ਲੱਗੀਆਂ ਹਨ।
ਇਹੀ ਕਾਰਨ ਹੈ ਕਿ ਅੱਜ ਬਾਜ਼ਾਰਾਂ ਵਿੱਚ ਨਵੀਆਂ-ਨਵੀਆਂ ਕਿਸਮਾਂ ਦੀਆਂ ਛੱਤਰੀਆਂ ਆ ਰਹੀਆਂ ਹਨ। ਸ਼ਹਿਰਾਂ ਵਿੱਚ ਤਾਂ ਮੁਟਿਆਰਾਂ ਧੁੱਪ ਤੋਂ ਬਚਾਉਣ ਲਈ ਸੁਰੱਖਿਆ ਕਵਚ ਦੇ ਤੌਰ ’ਤੇ ਛੱਤਰੀ ਲੈ ਕੇ ਚੱਲਦੀਆਂ ਹਨ। ਧੁੱਪ ਭਾਵੇਂ ਥੋੜ੍ਹੀ ਹੋਵੇ ਜਾਂ ਬਹੁਤੀ ਉਨ੍ਹਾਂ ਵੱਲੋਂ ਛੱਤਰੀ ਲੈਣਾ ਠੀਕ ਸਮਝਿਆ ਜਾਂਦਾ ਹੈ। ਕਈ ਵਾਰ ਤਾਂ ਦਸਬੰਰ ਦੇ ਮਹੀਨੇ ਵਿੱਚ ਜਦੋਂ ਧੁੱਪ ਚਮਕਦੀ ਹੈ ਤਾਂ ਵੀ ਉਹ ਛੱਤਰੀ ਲੈਣ ਨੂੰ ਤਰਜੀਹ ਦਿੰਦੀਆਂ ਹਨ। ਅਜਿਹੀਆਂ ਮੁਟਿਆਰਾਂ ਨੂੰ ਦੇਖ ਕੇ ਤਾਂ ਕਿਸੇ ਨੇ ਲਿਖਿਆ ਹੋਵੇਗਾ;
ਮੇਰੀ ਜੁਗਨੀ ਆ ਇੱਕ ਨੰਬਰ ਦੀ
ਧੁੱਪ ਸਹਿ ਨਾ ਸਕੇ ਦਸੰਬਰ ਦੀ।
ਇਸ ਤਰ੍ਹਾਂ ਹੀ ਛੱਤਰੀ ਦੇ ਗੁਣ ਦੇਖ ਕੇ ਪਿੰਡਾਂ ਵਿੱਚ ਬਹੁਤੇ ਨੌਜਵਾਨ ਜੋ ਕਬੂਤਰ ਪਾਲਣ ਦੇ ਸ਼ੌਕੀਨ ਹਨ, ਉਹ ਆਪਣੇ ਘਰਾਂ ਦੀਆਂ ਛੱਤਾਂ ’ਤੇ ਕਬੂਤਰਾਂ ਦੇ ਬੈਠਣ ਲਈ ਛੱਤਰੀ ਲਗਵਾ ਲੈਂਦੇ ਹਨ। ਕਬੂਤਰ ਵੀ ਅਜਿਹੇ ਆਦੀ ਹੋ ਜਾਂਦੇ ਹਨ ਕਿ ਲੰਬਾ ਸਮਾਂ ਦੂਰ-ਦੂਰ ਘੁੰਮ ਕੇ ਉਸ ਛੱਤਰੀ ’ਤੇ ਆ ਕੇ ਬੈਠ ਜਾਂਦੇ ਹਨ। ਇਸ ਤਰ੍ਹਾਂ ਬਹੁਤ ਸਾਰੇ ਚੀਨੇ ਕਬੂਤਰ ਉਸ ਛੱਤਰੀ ’ਤੇ ਆ ਬੈਠਦੇ ਹਨ ਅਤੇ ਨੌਜਵਾਨ ਉਨ੍ਹਾਂ ਨੂੰ ਪਾਲਤੂ ਬਣਾ ਲੈਂਦੇ ਹਨ। ਕਿੰਨੇ ਹੀ ਗੀਤ ਅਤੇ ਬੋਲੀਆਂ ਕੋਠੇ ’ਤੇ ਲੱਗੀ ਇਸ ਛੱਤਰੀ ਬਾਰੇ ਲਿਖੇ ਗਏ ਹਨ;
ਨੀਂ ਸੁਣ ਚੀਨੀ ਕਬੂਤਰੀ ਏ
ਤੂੰ ਨਿੱਤ ਮੇਰੀ ਛੱਤਰੀ ’ਤੇ ਆ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਛੱਤਰੀ ਸਾਡੇ ਸੱਭਿਆਚਾਰਕ ਜੀਵਨ ਵਿੱਚ ਸ਼ਿੰਗਾਰ ਰਸ ਦਾ ਕਾਰਨ ਬਣਦੀ ਹੈ। ਬਹੁਤ ਛੋਟੀ ਵਸਤੂ ਹੋਣ ਦੇ ਬਾਵਜੂਦ ਇਹ ਸਾਡੇ ਵੱਡੇ ਕੰਮ ਦੀ ਚੀਜ਼ ਹੈ।
ਸੰਪਰਕ: 98764-52223

Advertisement

Advertisement
Advertisement