ਪਿੰਡ ਹੁਸੈਨਪੁਰ ਵਿੱਚ ਸਾਹਿਤਕ ਸ਼ਾਮ ਸਜਾਈ
ਨਿੱਜੀ ਪੱਤਰ ਪ੍ਰੇਰਕ
ਨਵਾਂ ਸ਼ਹਿਰ, 20 ਅਕਤੂਬਰ
ਪਿੰਡ ਹੁਸੈਨਪੁਰ ਵਿੱਚ ‘ਨਰੋਆ ਪੰਜਾਬ’ ਦੇ ਸੰਸਥਾਪਕ ਅਤੇ ਸਮਾਜ ਸੇਵੀ ਬਰਜਿੰਦਰ ਸਿੰਘ ਹੁਸੈਨਪੁਰ ਦੇ ਵਿਹੜੇ ‘ਸਾਹਿਤਕ ਸ਼ਾਮ’ ਸਜਾਈ ਗਈ। ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਸਜਾਈ ਗਈ ਇਸ ਸ਼ਾਮ ਵਿੱਚ ਨਾਮਵਰ ਸ਼ਾਇਰਾਂ ਨੇ ਗੀਤ, ਗ਼ਜ਼ਲ ਤੇ ਕਵਿਤਾਵਾਂ ਦੀ ਛਹਿਬਰ ਲਾਈ। ਸਮੂਹ ਹਾਜ਼ਰੀਨ ਦਾ ਸਵਾਗਤ ਕਰਦਿਆਂ ਸ੍ਰੀ ਹੁਸੈਨਪੁਰ ਨੇ ਕਿਹਾ ਕਿ ਸਮਾਜ ਦਾ ਮਾਰਗਦਰਸ਼ਨ ਕਰਨ ਅਤੇ ਨਵੀਆਂ ਪੀੜ੍ਹੀਆਂ ਨੂੰ ਜਨਜੀਵਨ ਦੇ ਯਥਾਰਥ ਨਾਲ ਜੋੜਨ ਲਈ ਸਾਹਿਤ ਮੋਹਰੀ ਭੂਮਿਕਾ ਨਿਭਾਉਂਦਾ ਹੈ।
ਮੰਚ ਤੋਂ ਪੇਸ਼ ਹੋਏ ਸ਼ਾਇਰਾਂ ਵਿੱਚ ਗੁਰਦੀਪ ਸੈਣੀ, ਰਜਨੀ ਸ਼ਰਮਾ, ਕੁਲਵਿੰਦਰ ਕੁੱਲਾ, ਸਤਪਾਲ ਸਾਹਲੋਂ, ਨੀਰੂ ਜੱਸਲ, ਤਰਸੇਮ ਸਾਕੀ, ਜੋਗਿੰਦਰ ਸਿੰਘ ਕੁੱਲੇਵਾਲ, ਰੇਸ਼ਮ ਕਰਨਾਣਵੀ, ਚਮਨ ਮੱਲਪੁਰੀ, ਦਵਿੰਦਰ ਸਕੋਹਪੁਰੀ, ਹਰਮਿੰਦਰ ਹੈਰੀ, ਬਲਵਿੰਦਰ ਕੌਰ ਮੁਬਾਰਕਪੁਰ, ਦੇਸ ਰਾਜ ਬਾਲੀ, ਹਰੀ ਕਿਸ਼ਨ ਪਟਵਾਰੀ, ਦਵਿੰਦਰ ਬੇਗਮਪੁਰੀ, ਬਲਵਿੰਦਰ ਸਿੰਘ, ਰਾਮ ਨਾਥ ਕਟਾਰੀਆ ਤੇ ਸੁੱਚਾ ਰਾਮ ਜਾਡਲਾ ਆਦਿ ਸ਼ਾਮਲ ਸਨ। ਇਸ ਦੌਰਾਨ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਨ 1947 ਦੀ ਵੰਡ ਅਤੇ ਹੁਣ ਤੱਕ ਸਾਹਿਤਕ ਸਫ਼ਰ ਦੇ ਪਾਂਧੀਆਂ ਨੂੰ ਯਾਦ ਕੀਤਾ। ਨਵਜੋਤ ਸਾਹਿਤ ਸੰਸਥਾ ਵੱਲੋਂ ਇਸ ਮੌਕੇ ਸ੍ਰੀ ਹੁਸੈਨਪੁਰ ਅਤੇ ਉਨ੍ਹਾਂ ਦੀ ਪਤਨੀ ਹਰਜੀਤ ਕੌਰ ਨੂੰ ਸਾਂਝੇ ਤੌਰ ’ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਨੇ ਸੰਸਥਾ ਦੀਆਂ ਬਹੁਪੱਖੀ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ, ਸਹਿਯੋਗੀਆਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।