ਸੰਯੁਕਤ ਕਿਸਾਨ ਮੋਰਚੇ ਵੱਲੋਂ ਸਵਾਲਾਂ ਦੀ ਸੂਚੀ ਤਿਆਰ
ਪੱਤਰ ਪ੍ਰੇਰਕ
ਬੋਹਾ, 10 ਅਪਰੈਲ
ਸੰਯੁਕਤ ਕਿਸਾਨ ਮੋਰਚਾ ਨੇ ਲੋਕ ਸਭਾ ਚੋਣਾਂ ਲਈ ਭਾਜਪਾ ਤੋਂ ਪੁੱਛੇ ਜਾਣ ਵਾਲੇ 11 ਸੁਆਲਾਂ ਦੀ ਸੂਚੀ ਤਿਆਰ ਕੀਤੀ ਹੈ। ਭਾਵੇਂ ਭਾਜਪਾ ਵੱਲੋਂ ਅਜੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਸੰਯੁਕਤ ਮੋਰਚਾ ਨੇ ਆਪਣੀ ਤਿਆਰ ਕਰ ਲਈ ਹੈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਲਛਮਣ ਸਿੰਘ ਚੱਕ ਅਲੀਸ਼ੇਰ ਨੇ ਦੱਸਿਆ ਪਿੰਡਾਂ ਵਿੱਚ ਆਉਣ ਵਾਲੇ ਭਾਜਪਾ ਆਗੂਆਂ ਜਾਂ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਵਾਲਾਂ ’ਚ ਅੰਦੋਲਨ ਸਮੇਂ ਸੜਕਾਂ ’ਤੇ ਕਿੱਲ ਗੱਡਣ, ਬੈਰੀਕੇਡ ਲਾਉਣ, ਅਥਰੂ ਗੈਸ ਦੇ ਗੋਲੇ ਸੁੱਟਣ, ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰ, ਐੱਮਐੱਸਪੀ ਦੀ ਕਾਨੂੰਨੀ ਗਰੰਟੀ ਦੇਣ ਦਾ ਵਾਅਦਾ ਕਰ ਕੇ ਮੁੱਕਰਨ, ਲਖਮੀਰਪੁਰ ਖੀਰੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਤੇ ਕਾਰਪੋਰੇਟਾਂ ਦਾ ਕਰਜ਼ਾ ਮੁਆਫ਼ ਕਰਨ ਤੇ ਕਿਸਾਨਾਂ ਨੂੰ ਅਣਗੌਲਿਆਂ ਕਰਨ, ਬਿਜਲੀ ਸੋਧ ਬਿੱਲ ਦੀ ਵਾਅਦਾਖ਼ਿਲਾਫ਼ੀ ਕਰਨ, ਪ੍ਰਦੂਸ਼ਣ ਕਾਨੂੰਨ ਵਿੱਚੋਂ ਖੇਤੀ ਨੂੰ ਬਾਹਰ ਕੱਢਣ ਸਬੰਧੀ ਤੇ ਚੋਣ ਬਾਂਡਾਂ ਦੇ ਭ੍ਰਿਸ਼ਟਾਚਾਰ ਰਾਹੀਂ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਦਾ ਮੁੱਦਾ ਉਠਾਇਆ ਜਾਵੇਗਾ।
ਇਸੇ ਤਰ੍ਹਾਂ ਭਾਖੜਾ ਤੇ ਪੌਂਗ ਡੈਮਾਂ ਤੋਂ ਪੰਜਾਬ ਦੇ ਹੱਕ ਖੋਹਣ ਅਤੇ ਸਾਇਲੋਜ਼ ਬਹਾਨੇ ਪੰਜਾਬ ਦੀਆਂ ਮੰਡੀਆਂ ਤੋੜਨ ਬਾਰੇ ਸਾਵਲ ਕੀਤੇ ਜਾਣਗੇ।