ਪੱਤੜ ਕਲਾਂ ’ਚ ਪਾਤਰ ਦੀ ਯਾਦ ਵਿੱਚ ਬਣਾਈ ਜਾਵੇਗੀ ਲਾਇਬ੍ਰੇਰੀ: ਸੌਂਦ
ਸਤਵਿੰਦਰ ਬਸਰਾ
ਲੁਧਿਆਣਾ, 6 ਨਵੰਬਰ
ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਵਿੱਚ ਡਾ. ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ ‘ਵਲਵਲੇ-2024’ ਕਰਵਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਸੌਂਦ ਨੇ ਐਲਾਨ ਕੀਤਾ ਕਿ ਡਾ. ਪਾਤਰ ਦੇ ਜੱਦੀ ਪਿੰਡ ਪੱਤੜ ਕਲਾਂ ਵਿੱਚ ਉਨ੍ਹਾਂ ਦੀ ਯਾਦ ਵਿੱਚ ਸ਼ਾਨਦਾਰ ਲਾਇਬ੍ਰੇਰੀ ਬਣਾਈ ਜਾਵੇਗੀ। ਬੀਤੀ ਸ਼ਾਮ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਪੰਜਾਬ ਦੇ ਸੱਭਿਆਚਾਰਕ ਮਾਮਲੇ ਵਿਭਾਗ ਦਾ ਸਮਰੱਥ ਅਦਾਰਾ ਹੈ ਜਿਸ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਵਿੱਚ ਇਕ ਬੋਲਦਾ ਅਜਾਇਬ ਘਰ ਵੀ ਵਿਕਸਮ ਕੀਤਾ ਜਾਵੇਗਾ। ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੇ ਮਹਿਕਮੇ ਨੂੰ ਸਿਫ਼ਾਰਿਸ਼ ਕਰ ਕੇ ਡਾ. ਪਾਤਰ ਦੇ ਘਰ ਵੱਲ ਜਾਂਦੀ ਸੜਕ ਦਾ ਨਾਮਕਰਨ ਵੀ ਡਾ. ਸੁਰਜੀਤ ਪਾਤਰ ਮਾਰਗ ਵਜੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾ. ਪਾਤਰ ਨੇ ਅਨੇਕਾਂ ਕੌਮੀ ਤੇ ਕੌਮਾਂਤਰੀ ਸਨਮਾਨ ਪੰਜਾਬੀ ਮਾਂ ਬੋਲੀ ਦੀ ਝੋਲੀ ਪਏ ਹਨ। ਡਾ. ਪਾਤਰ ਨੇ ਲੰਮਾ ਸਮਾਂ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਵਜੋਂ ਅਗਵਾਈ ਕਰਕੇ ਕਲਾ ਜਗਤ ਨੂੰ ਯਾਦਗਾਰੀ ਸੇਵਾਵਾਂ ਦਿੱਤੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਦੀ ਸੋਚ ਨੂੰ ਵਿਸ਼ਵ ਪੱਧਰ ਉੱਤੇ ਲਿਜਾਇਆ ਜਾਵੇਗਾ ਕਿਉਂਕਿ ਇਸ਼ਮੀਤ ਸਿੰਘ ਪੰਜਾਬ ਦਾ ਪੁੱਤਰ ਆਪਣੇ ਆਪ ਵਿੱਚ ਇੱਕ ਹੀਰਾ ਸੀ ਪਰ ਬਦਕਿਸਮਤੀ ਨਾਲ ਉਹ ਸਾਡੇ ਵਿੱਚ ਨਹੀਂ ਰਿਹਾ। ਉਨ੍ਹਾਂ ਨੇ ਇਸ਼ਮੀਤ ਅਤੇ ਡਾ. ਸੁਰਜੀਤ ਪਾਤਰ ਨੂੰ ਯਾਦ ਕਰਨ ਲਈ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਪੰਜਾਬੀ ਸਾਹਿੱਤ ਅਕਾਡਮੀ ਸਮੇਤ ਪ੍ਰੋ. ਗੁਰਭਜਨ ਸਿੰਘ ਗਿੱਲ, ਮਨਦੀਪ ਕੌਰ ਭਮਰਾ ਤੇ ਡਾ. ਹਰੀ ਸਿੰਘ ਜਾਚਕ ਸਮੇਤ ਹੋਰ ਕਈ ਸਖਸ਼ੀਅਤਾਂ ਦਾ ਸਨਮਾਨ ਕੀਤਾ। ਸਮਾਗਮ ਦੌਰਾਨ ਅਕਾਡਮੀ ਦੇ ਕਲਾਕਾਰਾਂ ਨੇ ਸੰਗੀਤਕ ਪੇਸ਼ਕਾਰੀਆਂ ਵੀ ਦਿੱਤੀਆਂ। ਇਸ ਮੌਕੇ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਰਨਕੰਵਲ ਸਿੰਘ, ਪੰਜਾਬੀ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਰਜੀਤ ਪਾਤਰ ਦੇ ਪੁੱਤਰ ਮਨਰਾਜ ਪਾਤਰ ਤੇ ਸੰਗੀਤ ਜਗਤ, ਕਲਾ ਜਗਤ ਅਤੇ ਸਾਹਿੱਤ ਸੱਭਿਆਚਾਰ ਨਾਲ ਜੁੜੀਆਂ ਉੱਚ ਕੋਟੀ ਦੀਆਂ ਸ਼ਖ਼ਸੀਅਤਾਂ ਮੌਜੂਦ ਸਨ।