For the best experience, open
https://m.punjabitribuneonline.com
on your mobile browser.
Advertisement

ਅਨਾਜ ਮੰਡੀ ਦੀਆਂ ਸਮੱਸਿਆਵਾਂ ਸਬੰਧੀ ਚੇਅਰਮੈਨ ਨੂੰ ਲਿਖਿਆ ਪੱਤਰ

08:59 AM Aug 20, 2024 IST
ਅਨਾਜ ਮੰਡੀ ਦੀਆਂ ਸਮੱਸਿਆਵਾਂ ਸਬੰਧੀ ਚੇਅਰਮੈਨ ਨੂੰ ਲਿਖਿਆ ਪੱਤਰ
ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਤੇ ਹੋਰ।
Advertisement

ਬੀਰਬਲ ਰਿਸ਼ੀ
ਧੂਰੀ, 19 ਅਗਸਤ
ਇੱਥੋਂ ਦੀ ਆੜ੍ਹਤੀਆ ਐਸੋਸੀਏਸ਼ਨ ਨੇ ਧੂਰੀ ਦੀ ਅਨਾਜ ਮੰਡੀ ਨਾਲ ਸਬੰਧਤ ਮੰਗਾਂ ਮਸਲਿਆਂ ਸਬੰਧੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਕੋਲ ਉਠਾਉਣ ਦਾ ਫੈਸਲਾ ਲਿਆ ਹੈ। ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੀਆਂ ਸਾਂਝੀਆਂ ਸਮੱਸਿਆਵਾਂ ਸਬੰਧੀ ਗੰਭੀਰ ਵਿਚਾਰਾਂ ਕਰਨ ਮਗਰੋਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ, ਆਗੂ ਜਾਗ ਸਿੰਘ ਭੁੱਲਰਹੇੜੀ ਅਤੇ ਵਿਨੋਦ ਕੁਮਾਰ ਨੇ ਚੇਅਰਮੈਨ ਨੂੰ ਲਿਖੇ ਪੱਤਰ ਸਬੰਧੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਸ਼ਹਿਰ ਦੀ ਵਿਸ਼ਾਲ ਦਾਣਾ ਮੰਡੀ ਜੋ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦਾ ਕੇਂਦਰ ਬਿੰਦੂ ਹੈ, ਵਿੱਚ ਚਾਰਦੀਵਾਰੀ ਦੀ ਅਣਹੋਂਦ ਹੈ। ਆਗੂਆਂ ਅਨੁਸਾਰ ਚਾਰਦੀਵਾਰੀ ਦੀ ਘਾਟ ਕਾਰਨ ਬੇਸਹਾਰਾ ਪਸ਼ੂ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਸੀਜਨ ਦੇ ਦਿਨਾਂ ਵਿੱਚ ਚੋਰਾਂ ਵੱਲੋਂ ਫਸਲ ਚੋਰੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਕਰਕੇ ਚਾਰਦੀਵਾਰੀ ਲਈ ਗਰਾਂਟ ਦੀ ਮੰਗ ਕੀਤੀ ਗਈ। ਪ੍ਰਧਾਨ ਸ੍ਰੀ ਸਮਰਾ ਨੇ ਨਾਜਾਇਜ਼ ਕਬਜ਼ਿਆਂ ਕਾਰਨ ਫੜ੍ਹਾਂ ਦੀ ਘਾਟ ਦਾ ਜ਼ਿਕਰ ਕਰਦਿਆਂ ਸਦਰ ਬਾਜ਼ਾਰ ਧੂਰੀ ਤੋਂ ਦੋਹਲਾ ਦਰਵਾਜ਼ਾ ਅਧੂਰੀ ਰੋਡ ਦਾ ਕੰਮ ਕਰਵਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਸਾਨਾਂ ਦੀ ਸਹੂਲਤ ਲਈ ਖਰੀਦ ਕੇਂਦਰ ਵਿੱਚ ‘ਕਿਸਾਨ ਅਰਾਮ ਘਰ’ ਬਣਾਉਣ ਅਤੇ ਮੰਡੀ ਵਿੱਚ ਪਖਾਨਿਆਂ ਦੀ ਘਾਟ ਪੂਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਸਬੰਧੀ ਮੰਡੀ ਬੋਰਡ ਦੇ ਚੇਅਰਮੈਨ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਇਹ ਸਮੱਸਿਆਵਾਂ ਜਲਦੀ ਹੱਲ ਕਰਨ ਦੀ ਅਪੀਲ ਕੀਤੀ।

Advertisement

Advertisement
Advertisement
Author Image

joginder kumar

View all posts

Advertisement