ਅਨੁਸ਼ਾਸਨ ਦਾ ਸਬਕ
ਭਾਰਤ ’ਚ ਅਨੁਸ਼ਾਸਨ ਬਦਲਾਅ ਦੇ ਦੌਰ ’ਚੋਂ ਲੰਘ ਰਿਹਾ ਹੈ। ਪੰਜਾਬ ਦੇ ਫ਼ਰੀਦਕੋਟ ’ਚ ਖਰੂਦੀ ਵਿਦਿਆਰਥੀਆਂ ਦੇ ਇੱਕ ਗਰੁੱਪ ਨੂੰ ਪੁਲੀਸ ਨੇ ਅਨੋਖੀ ਸਜ਼ਾ ਸੁਣਾਈ ਹੈ: ਸਕੂਲ ਤੋਂ ਬਾਅਦ ਉਹ ਰੋਜ਼ਾਨਾ ਦੋ ਘੰਟਿਆਂ ਲਈ ਇੱਕ ਹਫ਼ਤੇ ਤੱਕ ਟਰੈਫਿਕ ਪੁਲੀਸ ਦੀ ਸਹਾਇਤਾ ਕਰਨਗੇ। ਦਰਅਸਲ, ਇਨ੍ਹਾਂ ਵਿਦਿਆਰਥੀਆਂ ਨੇ ਇੱਕ ਝਗੜੇ ਦੌਰਾਨ ਉਨ੍ਹਾਂ ਨੂੰ ਰੋਕਣ ਆਏ ਪੁਲੀਸ ਅਧਿਕਾਰੀਆਂ ਦੀ ਜਾਨ ਨੂੰ ਵੀ ਕਥਿਤ ਤੌਰ ’ਤੇ ਖ਼ਤਰੇ ਵਿੱਚ ਪਾ ਦਿੱਤਾ ਸੀ। ਪੁਲੀਸ ਵੱਲੋਂ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਕਰਨ ਲਈ ਕੱਢੀ ਨਵੀਂ ਕਾਢ ਦਾ ਮਕਸਦ ਉਨ੍ਹਾਂ ਨੂੰ ਨਾਗਰਿਕ ਜ਼ਿੰਮੇਵਾਰੀ ਦਾ ਸਬਕ ਦੇਣਾ ਅਤੇ ਭਵਿੱਖ ’ਚ ਇਸ ਤਰ੍ਹਾਂ ਦੇ ਦੁਰਵਿਹਾਰ ਦੀ ਰੋਕਥਾਮ ਹੈ। ਸ੍ਰੀਨਗਰ ਵਿੱਚ ਨਵੰਬਰ ਵਿੱਚ ਹੀ ਵਾਪਰੇ ਖ਼ੌਫ਼ਨਾਕ ਕਾਰ ਹਾਦਸੇ, ਜਿਸ ’ਚ ਨਾਬਾਲਗ ਡਰਾਈਵਰ ਸ਼ਾਮਿਲ ਸਨ, ਨੇ ਉਲੰਘਣਾ ਵਿਰੁੱਧ ਸਖ਼ਤੀ ਕਰਨ ’ਤੇ ਜ਼ੋਰ ਦਿੱਤਾ ਸੀ। ਪ੍ਰਸ਼ਾਸਨ ਨੇ ਵਾਹਨ ਜ਼ਬਤ ਕੀਤੇ ਸਨ ਤੇ ਸਖ਼ਤ ਲਾਇਸੈਂਸਿੰਗ ਨੀਤੀਆਂ ਲਾਗੂ ਕੀਤੀਆਂ ਹਨ। ਇਸ ਦੇ ਨਾਲ ਹੀ ਕਾਹਲੇ ਵਿਹਾਰ ਦਾ ਹੱਲ ਤਲਾਸ਼ਣ ਲਈ ਮਾਪਿਆਂ ਤੇ ਵਿਦਿਆਰਥੀਆਂ ਨੂੰ ਸੁਝਾਅ ਵੀ ਦਿੱਤੇ ਜਾ ਰਹੇ ਹਨ। ਇਹ ਸੰਪੂਰਨ ਰਣਨੀਤੀ ਮਹਿਜ਼ ਸਜ਼ਾ ਦੇਣ ਦੀ ਬਜਾਏ ਵਿਹਾਰਕ ਸੁਧਾਰਾਂ ਦੀ ਲੋੜ ਉੱਤੇ ਜ਼ੋਰ ਦਿੰਦੀ ਹੈ। ਸਕੂਲਾਂ ਵਿੱਚ ਹੁਣ ਨਵੇਂ ਢੰਗ-ਤਰੀਕੇ ਅਪਣਾਏ ਜਾ ਰਹੇ ਹਨ। ਉਦਾਹਰਨ ਦੇ ਤੌਰ ’ਤੇ ਉੱਤਰ ਪ੍ਰਦੇਸ਼ ਦੇ ਸਕੂਲਾਂ ਵਿੱਚ ਹੁੱਲੜਬਾਜ਼ ਵਿਦਿਆਰਥੀਆਂ ਨੂੰ ਕਿਤਾਬਾਂ ਟਿਕਾਉਣ ਜਾਂ ਆਪਣੇ ਸਾਥੀਆਂ ਦੀ ਮਦਦ ਕਰਨ ਵਰਗੇ ਕੰਮ ਦਿੱਤੇ ਜਾ ਰਹੇ ਹਨ। ਇਸ ਦੌਰਾਨ, ਸਜ਼ਾ ਦੇਣ ਦੇ ਰਚਨਾਤਮਕ ਤਰੀਕੇ, ਜਿਵੇਂ ਕਿ ਪਾਠ ਨੂੰ ਦੁਬਾਰਾ ਲਿਖਣਾ ਜਾਂ ਤਰਕ-ਵਿਤਰਕ ਵਿੱਚ ਹਿੱਸਾ ਲੈਣਾ ਊਰਜਾ ਨੂੰ ਉਸਾਰੂ ਪਾਸੇ ਲਾਉਂਦੇ ਹਨ ਤੇ ਸਜ਼ਾ ਨਾਲੋਂ ਸੁਧਾਰ ’ਤੇ ਵੱਧ ਜ਼ੋਰ ਦਿੰਦੇ ਹਨ।
ਅਨੁਸ਼ਾਸਨ ਸਿਰਫ਼ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਜੋ ਸਿੱਟਿਆਂ ਨੂੰ ਥੋਪਦਾ ਹੋਵੇ, ਬਲਕਿ ਇਹ ਜਵਾਨ ਰੌਸ਼ਨ ਦਿਮਾਗ਼ਾਂ ਨੂੰ ਸਵੈ-ਚੇਤਨਤਾ ਤੇ ਸਮਾਜਿਕ ਹਿੱਸੇਦਾਰੀ ਲਈ ਪ੍ਰੇਰਿਤ ਕਰਨ ਵਾਲਾ ਹੋਣਾ ਚਾਹੀਦਾ ਹੈ। ਸੁਧਾਰਕ ਨਿਆਂ, ਸਮਾਜ ਸੇਵਾ ਤੇ ਕਾਊਂਸਲਿੰਗ ਹੁਣ ਮਿਆਦ ਪੁਗਾ ਚੁੱਕੇ ਸਜ਼ਾ ਦੇ ਤੌਰ-ਤਰੀਕਿਆਂ ਦੀ ਥਾਂ ਲੈ ਰਹੇ ਹਨ। ਪੁਰਾਣੇ ਤੌਰ-ਤਰੀਕੇ ਅਕਸਰ ਵਿਦਿਆਰਥੀਆਂ ਨੂੰ ਭਾਵਨਾਤਮਕ ਤੌਰ ’ਤੇ ਠੇਸ ਪਹੁੰਚਾਉਂਦੇ ਸਨ। ਫਿਰ ਵੀ ਇਨ੍ਹਾਂ ਸੁਧਾਰਾਂ ਲਈ ਸਾਂਝੀ ਵਚਨਬੱਧਤਾ ਲੋੜੀਂਦੀ ਹੈ। ਨੀਤੀਘਾੜਿਆਂ ਨੂੰ ਇਸ ਕਿਸਮਾਂ ਦੇ ਢੰਗ ਤਰੀਕਿਆਂ ਨੂੰ ਸੰਸਥਾਈ ਰੂਪ ਦੇਣ ਦੀ ਲੋੜ ਹੈ, ਅਧਿਆਪਕਾਂ ਨੂੰ ਇਸ ਪਹੁੰਚ ਨੂੰ ਧਾਰਨ ਕਰਨਾ ਚਾਹੀਦਾ ਹੈ ਅਤੇ ਮਾਪਿਆਂ ਨੂੰ ਇਨ੍ਹਾਂ ਉਪਰਾਲਿਆਂ ਦੀ ਹਮਾਇਤ ਕਰਨੀ ਚਾਹੀਦੀ ਹੈ। ਮਾਹਿਰਾਂ ਨੇ ਘਰ ਵਿੱਚ ਲਾਡ ਪਿਆਰ ਦੇ ਮਾਹੌਲ ਨੂੰ ਸਾਵਾਂ ਕਰਨ ਲਈ ਸਕੂਲਾਂ ਵਿੱਚ ਅਜਿਹੇ ਉਪਰਾਲੇ ਸ਼ੁਰੂ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ ਹੈ। ਰਚਨਾਤਮਿਕ ਅਨੁਸ਼ਾਸਨ ਸਮਾਜ ਦੀ ਇਸ ਮਾਨਤਾ ਨੂੰ ਦਰਸਾਉਂਦਾ ਹੈ ਕਿ ਨੌਜਵਾਨਾਂ ਦਾ ਅਜਿਹਾ ਵਿਹਾਰ ਅਮੂਮਨ ਕਿਸੇ ਮੰਦਭਾਵਨਾ ’ਚੋਂ ਨਹੀਂ ਸਗੋਂ ਅਪ੍ਰਪੱਕਤਾ ’ਚੋਂ ਉਪਜਦਾ ਹੈ। ਉਨ੍ਹਾਂ ਨੂੰ ਆਪਣੀਆਂ ਗ਼ਲਤੀਆਂ ਸੁਧਾਰਨ ਦਾ ਮੌਕਾ ਦੇ ਕੇ ਨਾ ਕੇਵਲ ਉਨ੍ਹਾਂ ਦਾ ਅਨੁਭਵ ਗਹਿਰਾ ਹੋਵੇਗਾ ਸਗੋਂ ਉਨ੍ਹਾਂ ਨੂੰ ਬਿਹਤਰ ਇਨਸਾਨ ਬਣਨ ਦਾ ਮੌਕਾ ਵੀ ਮਿਲੇਗਾ। ਨੌਜਵਾਨਾਂ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਜਗਾਉਣ ਲਈ ਸਮੂਹਿਕ ਸੂਝ-ਬੂਝ ਪੈਦਾ ਕਰਨਾ ਜ਼ਿਆਦਾ ਸਾਰਥਕ ਪਹਿਲ ਹੋ ਸਕਦੀ ਹੈ।